ਇਕਬਾਲ ਸਿੰਘ ਲਾਲਪੁਰਾ
ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਡਰਦੀਆਂ ਇਹ ਹੁਕਮ 1710 ਈ ਵਿਚ ਦਿੱਤਾ , ਕਿ ਸਾਰੇ ਗ਼ੈਰ ਮੁਸਲਿਮ ਮੁਲਾਜ਼ਮ ਦਾੜੀ ਕੇਸ ਕਤਲ ਕਰਵਾ ਦੇਣ । ਪਰ ਖਾਲਸਾ ਨੇ ਖੋਪਰੀਆਂ ਲੁਹਾਣਿਆ ਮਨਜ਼ੂਰ ਕਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਤੇ ਨਾ ਹੋਣ ਦਿੱਤੀ ।
ਦਾੜੀ ਕੇਸ ਸਿੱਖ ਤੇ ਖਾਲਸੇ ਦੀ ਪਹਿਚਾਣ ਤੇ ਸ਼ਾਨ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਪਤਾ ਲਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਣ ਕਰਨ ਵਾਲਾ ਇਕ ਸਿੰਘ ਅਜੇ ਜ਼ਿੰਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸਦੇ ਦਰਸ਼ਨ ਕਰਨ ਤੇ ਸੇਵਾ ਕਰਨ ਦਾ ਉੱਦਮ ਕੀਤਾ, ਕਿਉਕੀਂ ਗੁਰੂ ਦੀ ਮਰਿਯਾਦਾ ਵਿੱਚ ਰਹਿੋਣ ਵਾਲੇ ਖਾਲਸਾ ਨੇ ਹੀ ਰਾਜ ਦਾ ਸੰਕਲਪ ਪੂਰਾ ਕੀਤਾ ਸੀ ! ਕੇਸ ਗੁਰੂ ਦੀ ਮੋਹਰ ਹਨ ਸਚੀਆਂ ਦਾੜੀਆਂ ਦੀ ਗੱਲ ਗੁਰਬਾਣੀ ਦੱਸਦੀ ਹੈ !
ਪਿਛਲੇ ਦਿਨੀ ਪੰਜਾਬ ਅਸੰਬਲੀ ਅੰਦਰ ਜਦੋਂ ਸੂਬੇ ਦਾ (ਗ਼ੈਰ ਸਿੱਖ) ਮੁੱਖ ਮੰਤਰੀ ਜੋ ਵਿਅਕਤੀ ਉੱਥੇ ਹਾਜਰ ਨਹੀਂ ਸੀ ,ਦੀ ਦਾੜੀ ਦਾ ਮਜ਼ਾਕ ਉੜਾ ਕੇ ਸਟੇਜ ਵਾਂਗ ਡਰਾਮਾ ਕਰ ਰਿਹਾ ਸੀ ,ਇਹ ਸਿੱਖ ਕੌਮ ਲਈ ਅਤਿ ਸ਼ਰਮ ਵਾਲੀ ਗੱਲ ਸੀ , ਇਸ ਤੋਂ ਵੀ ਅੱਗੇ ਸਭਾਪਤੀ ,ਜੋ ਖੁਦ ਗੁਰਮੁਖ ਹੋਣ ਦੀ ਦਿੱਖ ਪੇਸ਼ ਕਰਦਾ ਹੈ , ਉਸਨੂੰ ਰੋਕਣ ਦੀ ਥਾਂ ਮੁਸਕਰਾਉੰਦਾ ਹਾਂਮੀ ਭਰ ਰਿਹਾ ਸੀ । ਗ਼ੈਰ ਪਾਰਲੀਮੈਂਟਰੀ ਸ਼ਬਦ ਤਾਂ ਰਿਕਾਰਡ ਦਾ ਹਿਸਾ ਨਹੀਂ ਬਣਦੇ ਪਰ ਕੀ ਮਜਾਕੀਆ ਡਰਾਮੇਬਾਜੀ ਵੀ ਰਿਕਾਰਡ ਵਿੱਚ ਨਹੀਂ ਹੋਵੇਗੀ ? ਜੋ ਵਿਸ਼ਵ ਵੇਖ ਰਿਹਾ ਹੈ । ਦਰੋਪਦੀ ਦੇ ਚੀਰ ਹਰਨ ਸਮੇਂ ਵੱਡੇ ਮਹਾਰਥੀ ਕੰਸ ਤੋਂ ਡਰਦੇ ਖਮੋਸ਼ ਰਹੇ ਸਨ ਤੇ ਮਹਾਭਾਰਤ ਦਾ ਇਹ ਹੀ ਕਾਰਨ ਸੀ । ਇੱਥੇ ਵੀ ਬੈਠੇ ਲੋਕ ਧਰਿਤਰਾਸ਼ਟਰ ਦੀ ਰਾਜ ਸਭਾ ਦਾ ਨਜ਼ਾਰਾ ਪੇਸ਼ ਕਰ ਰਹੇ ਸਨ !
ਮੈ ਗ਼ੈਰ ਸਿੱਖ ਇਸ ਲ਼ਈ ਲਿਖਿਆ ਹੈ ਕਿਉਕੀਂ ,ਅਸੀਂ ਦਸਤਾਰ ਤੇ ਪੰਜ ਕਕਾਰਾਂ ਦੀ ਲੜਾਈ ਦੁਨੀਆ ਭਰ ਵਿੱਚ ਲੜ ਰਹੇ ਹਾਂ ਤੇ ਕਿਸੇ ਸਿੱਖ ਪਾਸੋਂ ਅਜਿਹੀ ਕੌਝੀ ਹਰਕਤ ਦੀ ਆਸ ਨਹੀਂ ਕੀਤੀ ਜਾ ਸਕਦੀ ,ਨਾ ਹੀ ਕੀ ਕੋਈ ਸਿੱਖ ਅਜਿਹਾ ਕੰਮ ਕਰ ਸਕਦਾ ਹੈ ?
ਗੁਰਬਾਣੀ ਪਰਸਾਚਣ ਰਾਹੀਂ ਪੈਸੇ ਕਮਾਉਣ ਦੇ ਦੋਸ਼ ਝੂਠੇ ਨਹੀਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਤੇ ਮਾੜਾ ਪ੍ਰਬੰਧ ਵੀ ਕਿਸੇ ਤੋਂ ਲੁਕਿਆ ਨਹੀਂ । ਜੁਮੇਵਾਰ ਕੌਣ ਹੈ ਇਹ ਹੈ ਕੀ ਇਸ ਵਾਰੇ ਕਿਸੇ ਨੂੰ ਪਤਾ ਨਹੀ ?
ਗੱਲਾਂ ਦੋ ਹਨ ਨੇਹਰੂ ਤਾਰਾ ਸਿੰਘ ਪੈਕਟ ਤੇ ਸਕੰਦਰ ਹਿਆਤ ਖਾਨ ਸਮਝੌਤੇ ਵਿੱਚ ਵੀ ,ਇਹ ਗੱਲ ਮਨੀ ਗਈ ਸੀ ,ਕਿ ਸਿੱਖ ਗੁਰਦਵਾਰਾ ਪ੍ਰਬੰਧ ਵਿੱਚ ਸਿੱਖਾਂ ਦੀ ਮਰਜ਼ੀ ਵਗੈਰ ਸਰਕਾਰ ਦਖਲ ਨਹੀਂ ਦੇਵੇਗੀ । ਕੀ ਪੰਜਾਬ ਸਰਕਾਰ ਉਸ ਸੰਸਥਾ ਦਾ ਨਾਂ ਉਜਾਗਰ ਕਰੇਗੀ ਜਿਸ ਨੇ ਸਰਕਾਰ ਨੂੰ ਇਸ ਦਖਲਅੰਦਾਜੀ ਲਈ ਬੇਨਤੀ ਕੀਤੀ ਹੈ ?
ਕੀ ਕਿਸੇ ਵੱਲੋਂ ਗੁਰਦਵਾਰਾ ਜੁਡੀਸ਼ਲ ਕਮਿਸ਼ਨ ਕੌਲ ਅਜਿਹੀ ਅਰਜ਼ੀ ਦਿੱਤੀ ਗਈ ਹੈ ?
ਦੂਜਾ ਕੀ ਗੁਰਮਿਤ ਪ੍ਰਚਾਰ ਦੀ ਕੇਵਲ ਇਹ ਹੀ ਪ੍ਰਵਾਨਿਤ ਵਿਧੀ ਹੈ ? ਜਾ ਉਸ ਲਈ ਸਿੱਖ ਚਰਿੱਤਰ ਨਿਰਮਾਣ ,ਆਪ ਇਕ ਮਿਸਾਲ ਪਾਰਸ ਨਹੀਂ ਬਨਣਾ ਪਵੇਗਾ ? ਗੋਲਕ ਚੌਰ ਤੇ ਪਤਿਤ ਜਾ ਗੈਰ ਸਿੱਖ ਕਿਸ ਨੂੰ ਨੋਜਵਾਨ ਪੀੜੀ ਰੋਲ ਮਾਡਲ ਜਾ ਹੀਰੋ ਮੰਨੇ ?
ਗੁਰਦਵਾਰਾ ਸਾਹਿਬਾਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਅੰਗਰੇਜ ਨੇ ਸਿੱਖ ਧਰਮ ਦੇ ਸਿਧਾਂਤ ਢਾਹੁਣ ਦਾ ਜੋ ਕੰਮ ਆਰੰਭਿਆ ਸੀ ਉਹ ਅੱਜ ਤੱਕ ਉਸੇ ਤਰਾਂ ਚਲ ਰਿਹਾ ਹੈ । ਡਾਇਰ ਨੂੰ ਸਨਮਾਨ ਦੇਣ ਵਾਲੇ ਸਰਵਰਾਹ ਤੇ ਗੁਰਮਿਤ ਵਿਰੋਧੀ ਜੀਵਨ ਵਾਲੇ ਵਿਅਕਤੀਆਂ ਨੂੰ ਪੰਥ ਰਤਨ ਦਾ ਸਨਮਾਨ ਦੇਣ ਵਾਲਿਆਂ ਦੀ ਸੋਚ ਤੇ ਕੰਮ ਵਿੱਚ ਕੀ ਅੰਤਰ ਹੈ ?
ਸਮੱਸਿਆ ਕਿਸੇ ਤੋਂ ਲੁਕੀ ਨਹੀਂ, ਗੱਲ ਹੱਲ ਕੀ ਹੈ ਇਹ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ ।
ਗੁਰਦਵਾਰਾ ਪ੍ਰਬੰਧ ਵਿੱਚੋਂ ਰਾਜਨੀਤੀ ਵਾਹਰ ਕਰਨੀ ਪਵੇਗੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿਸੇ ਮੁਹਿੰਮ ਮੌਰਚੇ ਦੀ ਅਰਦਾਸ ਤਾਂ ਹੋਣੀ ਚਾਹੀਦੀ ਹੈ, ਪਰ ਮੋਰਚਾ ਕਿਤੇ ਬਾਹਰ ਲੱਗੇ , ਰੋਟੀ ਤੇ ਰਹਾਇਸ਼ ਦਾ ਪ੍ਰਬੰਧ ਆਗੂ ਆਪ ਜਾ ਪਾਰਟੀ ਕਰੇ ।
ਗੁਰਦਵਾਰਾ ਮੁਲਾਜ਼ਮਤ ਕੇਂਦਰ ਨਾ ਬਣ ਸੇਵਾ ਤੇ ਸਿਮਰਣ ਦਾ ਕੇੰਦਰ ਬਣੇ ਜਿੱਥੇ ਪਿੰਡ ਵਾਰ ਲੋਕ ਆ ਕੇ ਸਫਾਈ ਤੇ ਲੰਗਰ ਦੀ ਜ਼ੁੰਮੇਵਾਰੀ ਲੈਣ, ਬਾਣੀ ਪੜ੍ਹਨ ਤੇ ਕੀਰਤਣ ਕਰਨ ਲਈ ਵੀ ਸੇਵਾਦਾਰ ਮਿਲ ਜਾਣ ਤਾਂ ਠੀਕ ਹੈ ਨਹੀਂ ਕੇਵਲ ਇਸ ਲਈ ਮੁਲਾਜ਼ਮ ਰੱਖੇ ਜਾਣ !
ਕੌਮੀ ਸਰਮਾਇਆ ਧਰਮ ਪ੍ਰਚਾਰ ਪਸਾਰ , ਵਿੱਦਿਆ , ਡਾਕਟਰੀ ਸਹੂਲਤਾਂ ਤੇ ਨੋਜਵਾਨੀ ਦੇ ਵਿਕਾਸ ਤੇ ਖਰਚ ਹੋਵੈ ।
ਪਿੰਡ ਪੱਧਰ ਤੇ ਸਿੰਘ ਸਭਾ ਬਣੇ ਤੇ ਧਰਮ ਦੇ ਪ੍ਰਚਾਰ ਲਈ ਜਾਤ ਪਾਤ ਰਹਿਤ ਗੁਰੂ ਕਾਲ ਦੀ ਮਰਿਯਾਦਾ ਲਾਗੂ ਹੋਵੈ ।
ਕੋਈ ਵੀ ਰਾਜਨੀਤਿਕ ਵਿਅਕਤੀ ਸੇਵਾ ਕਰੇ ਪਰ ਪ੍ਰਬੰਧਕ ਨਾ ਬਣੇ । ਪਿੰਡ ਵਿੱਚ ਇਹ ਸੇਵਾ ਨੌਜਵਾਨ ਤੇ ਤੁਜਰਬੇਕਾਰ ਬਜ਼ੁਰਗਾਂ ਨੂੰ ਦਿੱਤੀ ਜਾਵੇ ।
ਸਿੱਖਾਂ ਦੇ ਕਾਤਲ ਜਾ ਲੁਟੇਰੇ ਰਹੇ ਲੋਕ ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਜਾ ਕੇਂਦਰ ਦੇ ਅਗਿਲੀ ਚੋਣ ਜਿੱਤਣ ਲਈ ਏਜੰਟ ਰਹੇ ਜਾ ਉਨਾ ਦੇ ਵਿਦੇਸ਼ਾਂ ਵਿੱਚ ਵਸਦੇ ਸਾਥੀ ਜਿਨਾ ਭਰਾ ਮਾਰੂ ਜੰਗ ਸ਼ੁਰੂ ਕੀਤੀ ਹੋਈ ਹੈ , ਬਾਹਰਲੇ ਮੁਲਕ ਜਿੱਥੇ ਉਹ ਵਸਦੇ ਹਨ ਖਾਲਿਸਤਾਨ ਬਣਾ ਹਲੇਮੀ ਰਾਜ ਦਾ ਸੰਕਲਪ ਪੇਸ਼ ਕਰਨ ਜਾ ਖਾਲਸਾ ਰਾਜ ਦੀ ਰਾਜਧਾਨੀ ਲਹੌਰ ਤੇ ਨਨਕਾਣਾ ਸਾਹਿਬ ਆਦਿ ਗੁਰਦਵਾਰਾ ਸਾਹਿਬਾਨ ਅਜ਼ਾਦ ਕਰਾਉਣ ਲਈ ਉੱਦਮ ਕਰਨ , ਬਹੁਤ ਚੰਗਾ ਹੋਵੇਗਾ ਜੇ ਵੰਡ ਸਮੇਂ ਸਿੱਖ ਤੇ ਮੁਸਲਮਾਨ ਭਰਾਵਾਂ ਨੂੰ ਫੇਰ ਆਪਣੇ ਪਿਉ ਦਾਦੇ ਦੇ ਧਰਮ ਵਿੱਚ ਲੈ। ਕੇ ਆਉਣ ਦਾ ਯਤਨ ਕਰਨ ।
ਜੇਕਰ ਪੰਜਾਬ ਦੀ ਧਰਤੀ ਦਾ ਮੌਹ ਹੈ ਤਾਂ ਵਿਦੇਸ਼ੀ ਨਾਗਰਿਕਤਾ ਤੇ ਏਜੰਟ ਪਣਾ ਛੱਡ ਇੱਥੇ ਆ ਕੇ ਚੌਣ ਲੜ ਲਉ ਤੇ ਪੰਜਾਬ ਦੇ ਸੁਧਾਰ ਲਈ ਕੰਮ ਕਰੋ !
ਪੰਜਾਬ ਅਮਨ ਮੰਗਦਾ ਹੈ , ਸ਼ਾਂਤੀ ਤੇ ਸੁਰੱਖਿਆ ਹੀ ਆਰਥਿਕਤਾ ਨੂੰ ਅੱਗੇ ਤੌਰ ਸਕਦੀ ਹੈ ।
ਜਿਸ ਸੇਵਕ ਨੇ ਅਨੇਕਾਂ ਕੰਮ ਕਰ ਕੌਮ ਦੀ ਬਾਂਹ ਫੜੀ ਹੈ ਤੇ ਅੱਗੇ ਲ਼ਈ ਵੀ ਤਿਆਰ ਰਹਿੰਦਾ ਹੈ , ਦੇ ਪਹਿਲੇ ਕੀਤੇ ਕੰਮਾ ਦਾ ਧੰਨਵਾਦ ਕਰ , ਪੰਜਾਬ ਦੀ ਮੁੜ ਖ਼ੁਸ਼ਹਾਲੀ ਲਈ ਗੱਲ ਬਾਤ ਤੋਰੀਏ ? ਸਿੱਖ ਕੌਮ ਨਾ ਸ਼ੁਕਰੀ ਨਹੀਂ ਤੇ ਹਾਅ ਦਾ ਨਾਹਰਾ ਮਾਰਨ ਵਾਲਿਆਂ ਦੇ ਔਗੁਣ ਵਿਸਾਰ ਆਉਣ ਵਾਲੀਆਂ ਨਸਲਾਂ ਤੱਕ ਮਾਣ ਦਿੰਦੀ ਹੈ !
ਸ਼੍ਰੀ ਭਗਵੰਤ ਮਾਨ ਜੀ ਆਪ ਨੂੰ ਬੇਨਤੀ ਹੈ ਕਿ ਸਿੰਘ ਸਜ ਇਕ ਮਿਸਾਲ ਬਣੋ ਤੇ ਫੇਰ ਸਰਦਾਰ ਭਗਵੰਤ ਸਿੰਘ ਸਤੌਜ ਦਾ ਸਨਮਾਨ ਕਰ , ਗੱਲ ਸੁਣ ਤੇ ਉਸ ਤੇ ਚੱਲਣ ਦਾ ਦਿਲ ਮੇਰੇ ਸਮੇਤ ਬਹੁਤੇ ਪੰਜਾਬੀਆ ਦਾ ਕਰੇਗਾ , ਕਿਉਕੀ ਪੰਜਾਬ ਕੇਵਲ ਗੁਰਾਂ ਦੇ ਨਾ ਤੇ ਜਿਉਂਦਾ ਹੈ । ਗੁਰਦਵਾਰਾ ਪ੍ਰਬੰਧ ਵਿੱਚ ਲੁੱਟ ਦੇ ਦੋਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ , ਭੁੱਲ ਬਖਸ਼ਾ ਪਿੱਛੇ ਹੱਟ ਜਾਣ ਤੇ ਆਪਣੀ ਵਿਕਾਸ ਦੀ ਰਾਜਨੀਤੀ ਕਰਨ ।
ਵਿਦੇਸ਼ੀ ਬੈਠੇ ਵੀਰ ਸਾਡੇ ਭੈਣ, ਭਰਾ ਤੇ ਬੱਚੇ ਹਨ, ਕਿਸੇ ਦੀ ਕਠਪੁਤਲੀ ਬਨਣ ਦੀ ਥਾਂ ਗੁਰੂ ਕੇ ਸਿੱਖ ਬਣ ਪੰਜਾਬ ਦੇ ਵਿਕਾਸ ਵਿੱਚ ਸਹਾਈ ਬਣੋ । ਪਿਛਲੇ ਔਗੁਣ ਬਖ਼ਸ਼ਾਉਣ ਲਈ ਬੇਨਤੀ ਕਰੋ , ਇਹ ਸਰਕਾਰ ਸਿੱਖ ਕੌਮ ਦੀ ਚੜਦੀ ਕਲਾ , ਪੰਜਾਬ ਤੇ ਭਾਰਤ ਦੇ ਵਿਕਾਸ ਤੇ ਅਮਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ , ਹੱਥ ਅੱਗੇ ਕਰੋ !
ਸਿੱਖ ਵੀਰੋ ਤੇ ਭੈਣੋ ਸਾਡੇ ਗੁਰੂਆਂ ਨੇ ਸਾਨੂੰ ਅਣਖ ਤੇ ਅਨੰਦ ਦੀ ਗੁੜਤੀ ਦਿੱਤੀ , ਦਾੜੀਆਂ ਨੋਲਣ ਵਾਲਾ ਮੁਆਫ਼ੀ ਮੰਗੇ ਪਿੰਡ ਵਿੱਚ ਗੱਲ ਤਾਂ ਕਰੋ ! ਸਾਡੇ ਬਜ਼ੁਰਗਾਂ ਨੇ ਮੁਫ਼ਤ ਦੇ ਮਾਲ ਲਈ ਕਦੇ ਅਣਖ ਨਹੀਂ ਵੇਚੀ !! ਪਹਿਲਾਂ ਮਰਣ ਕਬੂਲ ਸਾਡੀ ਗੁੜਤੀ ਹੈ ਪਰ ਹੈ ਪ੍ਰੇਮ ਦਾ ਮਾਰਗ !!
ਇਹ ਬੇਨਤੀ ਚਰਚਾ ਲਈ ਤੁਹਾਡੇ ਦਰਬਾਰ ਵਿੱਚ ਕੌੜੇ ਮਿੱਠੇ ਹਰ ਤਰਾਂ ਦੇ ਵਿਚਾਰ ਸਿਰ ਮੱਥੇ । ਮੇਰੀ ਕਿਸੇ ਨਾਲ ਵਿਅਕਤੀਗਤ ਦੁਸ਼ਮਣੀ ਜਾ ਵਿਰੋਧ ਨਹੀਂ , ਪਰ ਚੁੱਪ ਰਹਿਣ ਦੀ ਆਦਤ ਨਹੀਂ ।
ਕਿਸੇ ਦਾ ਦਿਲ ਦੁਖੇ ਉਸ ਤੋਂ ਪਹਿਲਾਂ ਹੀ ਮੁਆਫ਼ੀ ਮੰਗਦਾ ਹਾਂ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ ।
test