ਖਾਲਿਸਤਾਨੀਆਂ ਤੇ ਗੈਂਗਸਟਰਾਂ ਦਾ ਗਠਜੋੜ ਪੰਜਾਬ ’ਚ ਵਧਾਉਂਦਾ ਰਿਹੈ ਪਰੇਸ਼ਾਨੀ
21 ਸਤੰਬਰ, 2023 – ਚੰਡੀਗੜ੍ਹ: ਕੈਨੇਡਾ ਨਾਲ ਭਾਰਤ ਦੇ ਰਿਸ਼ਤੇ ਵਿਗੜ ਗਏ ਹਨ। ਵਿਗੜੇ ਰਿਸ਼ਤਿਆਂ ਦਾ ਅਸਰ ਪੰਜਾਬ ’ਤੇ ਪੈਣਾ ਵੀ ਤੈਅ ਹੈ। ਇਹ ਵੀ ਸੱਚ ਹੈ ਕਿ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨੀਆਂ ਨੂੰ ਮਿਲਣ ਵਾਲੀ ਪਨਾਹ ਤੋਂ ਪੰਜਾਬ ਨੂੰ ਹਮੇਸ਼ਾ ਹੀ ਖਤਰਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ਵਿਚ ਖਾਲਿਸਤਾਨੀਆਂ ਤੇ ਗੈਂਗਸਟਰਾਂ ਦਾ ਗਠਜੋੜ ਸਾਹਮਣੇ ਆਇਆ ਜਿਸ ਕਾਰਨ ਪੰਜਾਬ ਵਿਚ ਅਸ਼ਾਂਤੀ ਵੀ ਪੈਦਾ ਹੋਈ। ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਵੀ 2017 ਵਿਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਏ ਗੈਂਗਸਟਰ ਸਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਕਰਵਾਈ। ਕੈਨੇਡਾ ਜਿਥੇ ਗੈਂਗਸਟਰਾਂ ਦਾ ਨਵਾਂ ਪਨਾਹਗਾਹ ਬਣ ਕੇ ਉੱਭਰ ਰਿਹਾ ਹੈ, ਉਥੇ ਹੀ 9 ਅੱਤਵਾਦੀ ਸੰਗਠਨਾਂ ਦੇ ਅੱਡੇ ਵੀ ਹਨ ਜਿਨ੍ਹਾਂ ਵਿਚ ਵਰਲਡ ਸਿੱਖ ਆਰਗੇਨਾਈਜੇਸ਼ਨ, ਖਾਲਿਸਤਾਨ ਟਾਈਗਰ ਫੋਰਸ, ਸਿੱਖ ਫਾਰ ਜਸਟਿਸ, ਬੱਬਰ ਖਾਲਸਾ ਇੰਟਰਨੈਸ਼ਨਲ ਆਦਿ ਪ੍ਰਮੁੱਖ ਹਨ।
ਖਾਲਿਸਤਾਨੀਆਂ ਤੇ ਗੈਂਗਸਟਰਾਂ ਦੇ ਗਠਜੋੜ ਨੂੰ ਲੈ ਕੇ ਸੁੱਰਖਿਆ ਏਜੰਸੀਆਂ ਲਗਾਤਾਰ ਕੈਨੇਡਾ ਸਰਕਾਰ ਨੂੰ ਆਗਾਹ ਕਰਦੀਆਂ ਰਹੀਆਂ। ਇਸ ਦੀ ਸ਼ੁਰੂਆਤ 2018 ਵਿਚ ਉਦੋਂ ਹੋ ਗਈ ਸੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੰਮ੍ਰਿਤਸਰ ਆਏ ਸਨ। ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੂਡੋ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ 9 ਅੱਤਵਾਦੀ ਜਿਹੜੇ ਕੈਨੇਡਾ ਵਿਚ ਵਸੇ ਹੋਏ ਸਨ, ਦੀ ਸੂਚੀ ਸੌਂਪੀ ਸੀ। ਕੈਪਟਨ ਨੇ ਇਸ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਵਰਲਡ ਸਿੱਖ ਸੰਗਠਨ ਨਾਲ ਜੁੜੇ ਸਨ ਤੇ ਇਸ ਸੰਗਠਨ ਦਾ ਭਾਰਤ ਪ੍ਰਤੀ ਰਿਕਾਰਡ ਚੰਗਾ ਨਹੀਂ ਸੀ। ਕੈਪਟਨ ਨੇ ਟਰੂਡੋ ਨੂੰ ਜਿਹੜੀ ਅੱਤਵਾਦੀਆਂ ਦੀ ਸੂਚੀ ਸੌਂਪੀ ਸੀ, ਉਸ ਵਿਚ ਗੁਰਜੀਤ ਸਿੰਘ ਚੀਮਾ, ਮਲਕੀਤ ਸਿੰਘ ਫੌਜੀ, ਗੁਰਜਿੰਦਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਵਰਗੇ ਅੱਤਵਾਦੀਆਂ ਦੇ ਨਾਂ ਸ਼ਾਮਿਲ ਸਨ ਪਰ ਟਰੂਡੋ ਨੇ ਇਸ ਸੂਚੀ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਦੇ ਬਾਅਦ ਤੋਂ ਹੀ ਪੰਜਾਬ ਦੇ ਗੈਂਗਸਟਰਾਂ ਨੇ ਕੈਨੇਡਾ ਵਿਚ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਪੰਜਾਬ ਵਿਚ 16 ਅਪਰਾਧਕ ਮਾਮਲਿਆਂ ਵਿਚ ਲੁੜੀਂਦਾ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਸਾਜ਼ਿਸ਼ ਰਚਣ ਵਾਲਾ ਗੋਲਡੀ ਬਰਾੜ ਵੀ ਸ਼ਾਮਿਲ ਹਨ। ਉਧਰ ਲਖਬੀਰ ਸਿੰਘ ਉਰਫ ਲੰਡਾ ਵੀ ਕੈਨੇਡਾ ਵਿਚ ਹੋਣ ਦਾ ਸ਼ੱਕ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਧਰਤੀ ’ਤੇ ਇਨ੍ਹਾਂ ਗੈੈਂਗਸਟਰਾਂ ਨੂੰ ਅੱਤਵਾਦੀਆਂ ਦੀ ਸ਼ਹਿ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਗੈਂਗਸਟਰਾਂ ਰਾਹੀਂ ਪੰਜਾਬ ਵਿਚ ਫਿਰੌਤੀ ਦਾ ਕਾਰੋਬਾਰ ਵਧਦਾ ਜਾ ਰਿਹਾ ਹੈ ਜੋ ਕਿ ਪੰਜਾਬ ਪੁਲਿਸ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਸਾਲ ਫਿਰੌਤੀ ਲਈ ਨਕੋਦਰ ਵਿਚ ਇਕ ਕੱਪੜਾ ਵਪਾਰੀ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ। ਇਸ ਗੋਲੀਬਾਰੀ ’ਚ ਇਕ ਪੁਲਿਸ ਮੁਲਾਜ਼ਮ ਵੀ ਸ਼ਹੀਤ ਹੋ ਗਿਆ ਸੀ। ਕੈਨੇਡਾ ਦੀ ਧਰਤੀ ’ਤੇ ਤਿਆਰ ਹੋਏ ਖਾਲਿਸਤਾਨੀਆਂ ਤੇ ਗੈਂਗਸਟਰਾਂ ਦਾ ਗਠਜੋੜ ਪੰਜਾਬ ਲਈ ਪਰੇਸ਼ਾਨੀਆਂ ਖੜ੍ਹੀਆਂ ਕਰ ਰਿਹਾ ਹੈ।
Courtesy : Punjabi Jagran
test