25 ਜਨਵਰੀ, 2023 – ਰੂੜੇਕੇ ਕਲਾਂ : ਪ੍ਰਾਇਮਰੀ ਸਿਹਤ ਕੇਂਦਰ ਰੂੜੇਕੇ ਕਲਾਂ ਨੂੰ ‘ਆਮ ਆਦਮੀ ਕਲੀਨਿਕ’ ਵਿੱਚ ਤਬਦੀਲ ਕਰਨ ਦਾ ਵਿਰੋਧ ਰਹੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਅੱਜ ਮੁੱਖ ਮੰਤਰੀ ਦੀ ਤਸਵੀਰ ਵਾਲਾ ‘ਆਮ ਆਦਮੀ ਕਲੀਨਿਕ’ ਦਾ ਬੋਰਡ ਉਤਾਰ ਕੇ 26 ਜਨਵਰੀ ਨੂੰ ਉਦਘਾਟਨ ਨਾ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸੀਪੀਆਈਐੱਮਐੱਲ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਪ੍ਰੀਤ ਸਿੰਘ, ਕਾਮਰੇਡ ਹਰਚਰਨ ਸਿੰਘ,ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਅਤੇ ਕਾਦੀਆਂ ਦੇ ਬਲਾਕ ਪ੍ਰਧਾਨ ਭੂਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਚਾਰ ਦਹਾਕੇ ਪੁਰਾਣੀ ਪੀਐੱਚਸੀ ਨੂੰ ‘ਆਮ ਆਦਮੀ ਕਲੀਨਿਕ’ ਵਿੱਚ ਤਬਦੀਲ ਕਰਨ ਨੂੰ ਬਦਲਾਅ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸੱਤ ਪਿੰਡਾਂ ਦੇ ਇਸ ਕੇਂਦਰ ਨੂੰ ਕਲੀਨਿਕ ਵਿੱਚ ਬਦਲ ਕੇ ਸਰਕਾਰ ਇਸ ਪੀਐੱਚਸੀ ਦੇ ਭਵਿੱਖ ਵਿੱਚ ਸੀਐੱਚਸੀ ਬਣ ਜਾਣ ਦੇ ਰਸਤੇ ਬੰਦ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਧਰ, ਜਦੋਂ ਇਸ ਦੀ ਭਿਣਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਈ ਤਾਂ ਐੱਸਡੀਐੱਮ ਬਰਨਾਲਾ ਗੋਪਾਲ ਸਿੰਘ, ਐੱਸਐੱਮਓ ਸਤਵੰਤ ਸਿੰਘ ਔਜਲਾ, ਮੈਡੀਕਲ ਅਫਸਰ ਜਤਿਨ, ਜਸਕਰਨ ਸਿੰਘ ਬਰਾੜ ਤਹਿਸੀਲਦਾਰ ਤਪਾ, ਕਾਨੂੰਨਗੋ ਇਕਬਾਲ ਸਿੰਘ ਅਤੇ ਐੱਸਡੀਓ ਸੰਦੀਪ ਸਿੰਘ ਮੌਕੇ ਤੇ ਪੁੱਜੇ। ਉਨ੍ਹਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਕੀਤੀ । ਗੱਲਬਾਤ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਥੇਬੰਦੀਆਂ ਨੂੰ ਲਿਖਤੀ ਵਿਸ਼ਵਾਸ ਦਿਵਾਇਆ ਕਿ ਇਸ ਪੀਐੱਚਸੀ ਦਾ ਬੋਰਡ ਪਹਿਲਾਂ ਵਾਲਾ ਹੀ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਪੀਐੱਚਸੀ ਦੀ ਪਹਿਲਾਂ ਵਾਲੀ ਕੋਈ ਅਸਾਮੀ ਖਤਮ ਕੀਤੀ ਜਾਵੇਗੀ। ਦੋਵਾਂ ਧਿਰਾਂ ਵਿੱਚ ਇਹ ਵੀ ਸਹਿਮਤੀ ਬਣੀ ਕਿ ਆਮ ਆਦਮੀ ਕਲੀਨਿਕ ਦਾ ਬੋਰਡ ਅਲੱਗ ਲਗਾਇਆ ਜਾਵੇਗਾ। ਇਸ ਮੌਕੇ ਰਘਵੀਰ ਸਿੰਘ ਕਾਲਾ ਅਤੇ ਮਨਪ੍ਰੀਤ ਸਿੰਘ ਕਿਸਾਨ ਆਗੂ ਹਾਜ਼ਰ ਸਨ।
ਸਿਹਤ ਕੇਂਦਰ ਵਿੱਚੋਂ ਸਹੂਲਤਾਂ ਖ਼ਤਮ ਕੀਤੇ ਜਾਣ ’ਤੇ ਰੋਸ ਪ੍ਰਗਟਾਇਆ
ਭੁੱਚੋ ਮੰਡੀ : ਪਿੰਡ ਲਹਿਰਾ ਖਾਨਾ ਦੇ ਵਾਸੀਆਂ ਨੇ ਪਿੰਡ ਵਿੱਚ ਚੱਲ ਰਹੇ ਸਬਸਿਡਰੀ ਹੈਲਥ ਸੈਂਟਰ ਵਿੱਚੋਂ ਮੈਡੀਕਲ ਸਹੂਲਤਾਂ ਖ਼ਤਮ ਕੀਤੇ ਜਾਣ ਦੇ ਸਰਕਾਰੀ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਰਕਾਰ ਨੇ ਪਿੰਡ ਲਹਿਰਾ ਖਾਨਾ ਦੇ ਮੈਡੀਕਲ ਸਟਾਫ ਨੂੰ ਕੱਲ੍ਹ ਤੱਕ ਪਿੰਡ ਲਹਿਰ ਮੁਹੱਬਤ ਵਿੱਚ ਖੁੱਲ੍ਹ ਰਹੇ ਮੁਹੱਲਾ ਕਲੀਨਿਕ ਵਿੱਚ ਤਬਦੀਲ ਹੋਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਨਾਲ ਪਿੰਡ ਲਹਿਰਾ ਖਾਨਾ ਵਿੱਚ ਮੈਡੀਕਲ ਸਹੂਲਤਾਂ ਮਿਲਣੀਆਂ ਬੰਦ ਹੋ ਜਾਣਗੀਆਂ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਲਗਪਗ 30 ਸਾਲਾਂ ਤੋਂ ਚੱਲ ਰਹੇ ਇਸ ਸੈਂਟਰ ਵਿੱਚ ਸਿਹਤ ਸਹੂਲਤਾਂ ਜਾਰੀ ਰੱਖੀਆਂ ਜਾਣ। ਸਬਸਿਡਰੀ ਹੈਲਥ ਸੈਂਟਰ ਲਹਿਰਾ ਖਾਨਾ ਦੇ ਡਾ. ਗੋਪਾਲ ਜੋਸ਼ੀ ਨੇ ਦੱਸਿਆ ਕਿ ਸਰਕਾਰ ਨੇ ਲਹਿਰਾ ਖਾਨਾ ਵਿੱਚੋਂ ਇੱਕ ਡਾਕਟਰ, ਫਾਰਮਾਸਿਸਟ ਅਤੇ ਇੱਕ ਚੌਥਾ ਦਰਜਾ ਮੁਲਾਜ਼ਮ ਨੂੰ ਕੱਲ੍ਹ ਤੱਕ ਲਹਿਰਾ ਮੁਹੱਬਤ ਵਿੱਚ ਤਬਦੀਲ ਹੋਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ, ਪਰ ਪੈਰਾ ਮੈਡੀਕਲ ਸਟਾਫ਼ ਵੈਕਸੀਨੇਸ਼ਨ ਸਬੰਧੀ ਸਹੂਲਤਾਂ ਉਸੇ ਤਰ੍ਹਾਂ ਜਾਰੀ ਰੱਖੇਗਾ।
ਇਸ ਮੌਕੇ ਸੰਤ ਬਾਬਾ ਵਧਾਵਾ ਸਿੰਘ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਹਰਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਲਹਿਰਾ ਖਾਨਾ ਅਤੇ ਬਲਾਕ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਪਿੰਡ ਵਿੱਚ ਸਿਹਤ ਸਹੂਲਤਾਂ ਜਾਰੀ ਨਾ ਰੱਖੀਆਂ ਗਈਆਂ, ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਸਮੇਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਸੀ। ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਪਿੰਡ ਵਿੱਚ ਸਿਹਤ ਸਹੂਲਤਾਂ ਬੰਦ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਸਬੰਧੀ ਵਿਧਾਇਕ ਜਗਸੀਰ ਸਿੰਘ ਦੇ ਪੀਏ ਰਸਟੀ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਬਠਿੰਡਾ ਦੇ ਸਿਵਲ ਸਰਜਨ ਨੂੰ ਫੋਨ ਕਰ ਦਿੱਤਾ ਹੈ। ਇਸ ਸਬੰਧੀ ਪੁੱਛਣ ਲਈ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੂੰ ਫੋਨ ਕੀਤਾ, ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।
ਸਰਕਾਰੀ ਹਸਪਤਾਲ ਵਿੱਚ ਲਿਫਟ ਨਾ ਚੱਲਣ ਕਾਰਨ ਮਰੀਜ਼ ਪ੍ਰੇਸ਼ਾਨ
ਮਲੋਟ : ਕਰੀਬ ਦੋ ਸਾਲ ਪਹਿਲਾਂ ਮਰੀਜ਼ਾਂ ਦੀ ਸਹੂਲਤ ਲਈ ਸਰਕਾਰੀ ਹਸਪਤਾਲ ਵਿੱਚ ਨਵੀਂ ਇਮਾਰਤ ਵਿੱਚ ਲਗਾਈ ਗਈ ਲਿਫਟ ਅੱਜ ਤੱਕ ਚਾਲੂ ਨਹੀਂ ਹੋ ਸਕੀ। ਇਸ ਕਰਕੇ ਮਰੀਜ਼, ਗਰਭਵਤੀ ਔਰਤਾਂ ਅਤੇ ਖਾਸ ਕਰ ਬਜ਼ੁਰਗਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜਿਸ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਮਲੋਟ ਆਏ ਸਨ, ਉਸ ਦਿਨ ਲਿਫਟ ਇਕ ਦਿਨ ਲਈ ਚਲਾਈ ਗਈ ਸੀ, ਤੋਂ ਇਲਾਵਾ ਲਿਫਟ ਬੰਦ ਹੀ ਰਹਿੰਦੀ ਹੈ। ਉਧਰ, ਐੱਸਐੱਮਓ ਡਾ. ਸੁਨੀਲ ਬਾਂਸਲ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਤੁਸੀਂ ਆਪ ਇਕ ਬੰਦਾ ਲਿਫਟ ਚਲਾਉਣ ਲਈ ਰੱਖ ਲਓ ,ਉਹ ਉਸ ਦੀ ਤਨਖਾਹ ਵਿਚ ਹਰ ਮਹੀਨੇ ਹਜ਼ਾਰ ਰੁਪਏ ਦਾ ਸਹਿਯੋਗ ਕਰ ਦਿਆ ਕਰਨਗੇ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਕੀ ਸਰਕਾਰ ਕੋਲ ਇਕ ਲਿਫਟ ਚਲਾਉਣ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਅਪੀਲ ਕੀਤੀ ਕਿ ਮਲੋਟ ਸਰਕਾਰੀ ਹਸਪਤਾਲ ਦੀ ਲਿਫਟ ਤੁਰੰਤ ਚਾਲੂ ਕਰਵਾਈ ਜਾਵੇ। ਇਸ ਸਬੰਧੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਉਚੇਚੀ ਤਵੱਜੋਂ ਦੇ ਕੇ ਲਿਫਟ ਚਾਲੂ ਕਰਵਾਉਣਗੇ।
Courtesy : Punjabi Tribune
test