ਇਕਬਾਲ ਸਿੰਘ ਲਾਲਪੁਰਾ
2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ 5 ਸਿੰਘ ਸਾਹਿਬਾਨ ਦੀ ਇਕੱਤਰਤਾ ਨੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸਾਬਕਾ ਜੱਥੇਦਾਰ ਸਾਹਿਬਾਨ ਨੂੰ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਧਾਰਮਿਕ ਸੇਵਾ ਕਰਨ ਲਈ ਆਦੇਸ਼ ਦਿੱਤੇ ਹਨ।
ਸਾਲ 1920 ਦੀ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਅਕਾਲੀ ਦਲ ਦਾ ਜਨਮ ਹੋਇਆ ਸੀ ਅਤੇ ਮਹਾਨਕੋਸ਼ ਅਨੁਸਾਰ ‘‘ਅਕਾਲੀ ਉਹ ਹੈ ਜਿਸਦਾ ਅਕਾਲ ਨਾਲ ਸੰਬੰਧ ਹੈ, ਕਮਲ ਜਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ, ਚਾਲ, ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ, ਸ੍ਵਾਰਥ ਤੋਂ ਬਿਨਾ ਗੁਰਦ੍ਵਾਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ, ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ, ਸਿੱਖ ਦਸ਼ਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ।”
ਸਿੱਖ ਆਗੂਆਂ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਕੁਰਬਾਨੀਆਂ ਦੇਣ ਲਈ ਇਹ ਜੱਥੇਬੰਦੀ ਖੜੀ ਕੀਤੀ ਸੀ, ਇਸ ਜੱਥੇਬੰਦੀ ਨੇ ਗੁਰਦੁਆਰਾ ਸੁਧਾਰ ਲਈ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਗੁਰਦੁਆਰਾ ਸਾਹਿਬਾਨ ਨੂੰ, ਮਹੰਤਾਂ ਰਾਹੀਂ ਕੀਤੇ ਜਾ ਰਹੇ ਸਰਕਾਰੀ ਕਬਜੇ ਤੋਂ, ਮੁਕਤ ਕਰਵਾਇਆ ਸੀ। 1925 ਈ. ਵਿੱਚ ਸਿੱਖ ਗੁਰਦੁਆਰਾ ਐਕਟ ਬਣਨ ਨਾਲ ਗੁਰਦੁਆਰਾ ਪ੍ਰਬੰਧ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਸੀ, ਅਤੇ ਗੁਰਦੁਆਰਾ ਪ੍ਰਬੰਧ ਆਮ ਸਿੱਖਾਂ ਦੇ ਹੱਥ ਵਿੱਚ ਲੋਕਲ ਕਮੇਟੀਆਂ ਅਤੇ ਕੇਂਦਰੀ ਗੁਰਦੁਆਰਾ ਪ੍ਰਬੰਧ ਰਾਹੀਂ ਆ ਗਿਆ ਸੀ। ਪਹਿਲਾਂ ਗੁਰਦੁਆਰਾ ਪ੍ਰਬੰਧ ਕੇਵਲ ਲੋਕਲ ਕਮੇਟੀਆਂ ਪਾਸ ਸੀ। ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸਦੀ ਪ੍ਰਮੁੱਖਤਾ ਨਾਲ ਨਿਗਰਾਨੀ ਕਰਦੀ ਸੀ, ਪਰ ਹੌਲੀ ਹੌਲੀ ਸ੍ਰੋਮਣੀ ਗੁਰਦੁਆਰਾ ਐਕਟ ਦੀ ਧਾਰਾ 85 ਹੇਠ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ 78 ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ ਹੈ ਅਤੇ 300 ਦੇ ਕਰੀਬ ਗੁਰਦੁਆਰੇ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ ਜਿਨ੍ਹਾਂ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੋਲ ਹੈ।
ਗੁਰੂ ਕਾਲ ਤੋਂ ਬਾਅਦ ਸਿੱਖ ਆਗੂਆਂ ਦਾ ਕੇਂਦਰੀ ਸਥਾਨ, ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਬਣਿਆ, ਜਿੱਥੇ ਬੈਠ ਕੇ ਸਿੰਘ ਸਰਬਸੰਮਤੀ ਨਾਲ ਗੁਰਮਤੇ ਕਰਦੇ ਸਨ ਅਤੇ ਨੀਤੀ ਬਣਾਉਂਦੇ ਸਨ, ਫਿਰ ਉਸਨੂੰ ਨੇਪਰੇ ਚਾੜ੍ਹਨ ਲਈ ਜਾਨ ਵਾਰ ਦਿੰਦੇ ਸਨ। ਇਸ ਤਰਾਂ ਇਹਨਾਂ ਜੱਥੇਆਂ ਤੇ ਮਿਸਲਾਂ ਨੇ 18ਵੀਂ ਈਸਵੀ ਵਿੱਚ ਪੰਜਾਬ ਵਿੱਚ ਆਪਣਾ ਰਾਜਸੀ ਦਬਦਬਾ ਕਾਇਮ ਕੀਤਾ ਅਤੇ 19ਵੀਂ ਸਦੀ ਦੇ ਆਰੰਭ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਇਹ ਮਜ਼ਬੂਤ ਸਿੱਖ ਰਾਜ ਸਥਾਪਿਤ ਕਰ ਲਿਆ ਸੀ। ਅੱਜ ਵੀ ਦੁਨੀਆ ਭਰ ਵਿੱਚ ਵਸਦੇ ਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਦਿੱਤੇ ਆਦੇਸ਼ਾਂ ਤੇ ਨਿਰਦੇਸ਼ਾਂ ਨੂੰ ਮੰਨਦੇ ਹਨ। ਪੰਜ ਪਿਆਰਿਆਂ ਦੀ ਸੰਸਥਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੌਮ ਦੀ ਅਗੁਵਾਈ ਲਈ ਬਣਾਈ ਸੀ, ਨੂੰ ਹੁਣ ਪੰਜ ਤਖ਼ਤਾਂ ਦੇ ਜੱਥੇਦਾਰ ਭਾਵ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲੋੜ ਪੈਣ *ਤੇ ਪੰਜ ਪਿਆਰਿਆਂ ਵਝੋਂ ਮਿਲ ਬੈਠ, ਨੀਤੀਆਂ ਨਿਰਧਾਰਿਤ ਤੇ ਕੌਮੀ ਫੈਸਲੇ ਕਰਦੇ ਹਨ।
ਸੋ੍ਰਮਣੀ ਅਕਾਲੀ ਦਲ ਜੋ ਗੁਰਦੁਆਰਾ ਸੁਧਾਰ ਲਹਿਰ ਸਮੇਂ ਹੋਂਦ ਵਿੱਚ ਆਇਆ ਸੀ ਜਲਦੀ ਹੀ ਦੇਸ਼ ਦੀ ਆਜ਼ਾਦੀ ਲਈ ਕਾਂਗਰਸ ਦਾ ਸਾਥੀ ਬਣ ਗਿਆ ਅਤੇ ਸਰਗਮ ਰਾਜਨੀਤੀ ਵਿੱਚ ਹਿੱਸਾ ਲੈਣ ਲੱਗ ਪਿਆ। ਸ੍ਰੋਮਣੀ ਅਕਾਲੀ ਦਲ ਦੇ ਹੀ ਆਗੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣਦੇ ਸਨ। ਇਸ ਤਰ੍ਹਾਂ ਸਿੱਖ ਰਾਜਨੀਤੀ ਅਤੇ ਸਿੱਖ ਧਰਮ ਦਾ ਸੁਮੇਲ ਹੋ ਗਿਆ। ਦੇਸ਼ ਦੀ ਆਜਾਦੀ ਤੋਂ ਪਹਿਲਾਂ ਭਾਰਤ ਦੀ ਵੰਡ ਲਈ ਜੋ ਤਿੰਨ ਕੌਮੀ ਫਾਰਮੂਲਾ ਬਣਿਆ, ਉਸ ਵਿੱਚ ਸਿੱਖ ਕੌਮ ਦੀ ਅਗੁਵਾਈ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀਤੀ ਅਤੇ ਅੰਗ੍ਰੇਜ਼ ਨਾਲ ਗੱਲਬਾਤ ਵਿੱਚ ਸ਼ਾਮਿਲ ਹੋਏ ਮੁਸਲਮਾਨਾ ਦੀ ਅਗੁਵਾਈ ਮੁਹੰਮਦ ਅਲੀ ਜਿਨਾਹ ਦੀ ਮੁਸਲਿਮ ਲੀਗ ਨੇ ਕੀਤੀ ਸੀ। 1925 ਵਿੱਚ ਬਣੇ ਗੁਰਦੁਆਰਾ ਪ੍ਰਬੰਧਕ ਐਕਟ ਦਾ ਸੰਬੰਧ ਪੁਰਾਣੇ ਪੰਜਾਬ ਨਾਲ ਸੀ ਜਿਸ ਵਿੱਚ ਪਾਕਿਸਤਾਨ, ਹਰਿਆਣਾ ਤੇ ਦਿੱਲੀ ਦੀਆਂ ਕਮੇਟੀਆਂ ਬਣ ਚੁੱਕੀਆਂ ਹਨ। ਇਸ ਤਰ੍ਹਾਂ ਕੋਈ ਕੇਂਦਰੀ ਸਿੱਖ ਲੀਡਰਸ਼ਿੱਪ ਧਾਰਮਿਕ ਰੂਪ ਵਿੱਚ ਨਹੀਂ ਹੈ, 1956 ਤੋਂ 1998 ਤੱਕ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵੱਲੋਂ ਹੁੰਦੀ ਰਹੀ ਹੈ, ਇਹ ਮੰਗ 1985 ਦੇ ਰਾਜੀਵ—ਲੋਂਗੋਵਾਲ ਸਮਝੌਤੇ ਦਾ ਹਿੱਸਾ ਵੀ ਹੈ। ਪਰ ਜਦੋਂ ਇਸਦਾ ਖਰੜਾ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਨੇ ਤਿਆਰ ਕਰਕੇ ਭੇਜਿਆ ਤਾਂ ਐ.ਜੀ.ਪੀ.ਸੀ. ਵੱਲੋਂ ਇਸਨੂੰ ਪ੍ਰਵਾਨ ਕਰ ਅਮਲੀ ਰੂਪ ਦੇਣ ਦੀ ਥਾਂ, ਇਹ ਮੰਗ ਹੀ ਬੰਦ ਕਰ ਦਿੱਤੀ ਗਈ, ਸ਼ਾਇਦ ਕਿਸੇ ਨੂੰ ਇਹ ਗੱਲ ਸਮਝੀ ਹੋਵੇ, ਕਿ ਇਸ ਨਾਲ ਸਾਰੇ ਭਾਰਤ ਦੇ ਸਿੱਖ ਇਕੱਠੇ ਹੋਣਗੇ ਤੇ ਇੱਕ ਧੜੇ ਦਾ ਗਲਬਾ ਨਾ ਰਹਿ ਸਕੇਗਾ।
ਆਜਾਦੀ ਤੋਂ ਬਾਅਦ ਵੀ ਸ੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਹੀ ਸਿੱਧੇ ਤੌਰ *ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾ ਵਿੱਚ ਹਿੱਸਾ ਲੈਂਦੇ ਰਹੇ ਹਨ ਅਤੇ ਅੱਜ ਵੀ ਬਹੁਤ ਸਾਰੇ ਅਕਾਲੀ ਆਗੂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਆਹੁਦੇਦਾਰ ਹਨ। ਕਾਂਗਰਸ ਸਮੇਤ ਕਈ ਪਾਰਟੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਅਸਿੱਧੇ ਰੂਪ ਵਿੱਚ ਧੜੇ ਬਣਾ ਕੇ ਲੜੀਆਂ ਜਾਂਦੀਆਂ ਰਹੀਆਂ ਹਨ। ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰ, ਅਕਾਲੀ ਦਲ ਦੇ ਨਾਲ ਸੰਬੰਧਤ ਆਗੂ ਹੀ ਬਣਦੇ ਰਹੇ ਹਨ ਅਤੇ ਬਹੁਤੇ ਅਕਾਲੀ ਮੋਰਚੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਨਾਲ ਹੀ ਆਰੰਭ ਹੁੰਦੇ ਰਹੇ ਹਨ।
ਜਿਥੋਂ ਤੱਕ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੈ। ਇੱਕ ਤਕੜਾ ਉਪਰਾਲਾ 1936 ਵਿੱਚ ਹੋਇਆ ਸੀ, ਜਦੋਂ ਡਾ. ਭੀਮਰਾਓ ਅੰਬੇਦਕਰ ਜੀ ਦੀ ਪ੍ਰੇਰਣਾ ਸਕਦਾ ਸਿੱਖ ਆਗੂਆਂ ਨੇ ਦੇਸ਼ ਭਰ ਵਿੱਚ ਪ੍ਰਚਾਰ ਕੇਂਦਰ ਸਥਾਪਿਤ ਕਰਨ ਲਈ ਸਰਬਹਿੰਦ ਸਿੱਖ ਮਿਸ਼ਨ ਦੇ ਨਾਂ ਨਾਲ ਜੱਥੇਬੰਦੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਬਣਾਈ ਸੀ ਤੇ ਹਾਪੁੜ, ਅਲੀਗੜ੍ਹ (ਯੂ.ਪੀ.), ਬਰਹਾਨਪੁਰ (ਮੱਧਪ੍ਰਦੇਸ਼), ਨਾਗਪੁਰ (ਮਹਾਰਾਸ਼ਟਰ) ਅਤੇ ਇਰਨਾਕੁਲਮ ਅਤੇ ਰਾਨੀ (ਕੇਰਲਾ) ਆਦਿ ਥਾਵਾਂ ਤੇ ਕੇਂਦਰ ਸਥਾਪਿਤ ਕੀਤੇ ਸਨ, ਪਰ ਹੌਲੀ ਹੌਲੀ ਇਹ ਸੰਸਥਾਂ ਤੇ ਕੇਂਦਰ ਬੰਦ ਹੋਇਆਂ ਵਰਗੇ ਹਨ ਅਤੇ ਪ੍ਰਚਾਰ ਪ੍ਰਸਾਰ ਦਾ ਕੋਈ ਹੋਰ ਯਤਨ ਵੀ ਨਹੀਂ ਹੋ ਰਿਹਾ।
ਮਹਾਨਕੋਸ਼ ਅਨੁਸਾਰ ਸਿੱਖ ਦੀ ਪਰਿਭਾਸ਼ਾ ਹੈ ‘‘ਉਹ ਵਿਅਕਤੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਯਾਈ, ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮਗ੍ਰੰਥ ਮੰਨਦਾ ਹੈ, ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ, 10 ਗੁਰੂ ਸਾਹਿਬਾਨਾਂ ਅਤੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਸਿੱਖ ਅਖਵਾਉਂਦਾ ਹੈ। ਗੁਰਮਤਿ ਅਨੁਸਾਰ ‘‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ** ਸਿੱਖ ਦੀ ਜੀਵਨ ਜਾਂਚ ਹੈ। ਗੁਰੂ ਹੁਕਮ ਹੈ: ‘ਰਹਿਣੀ ਰਹੈ ਸੋਈ ਸਿੱਖ ਮੇਰਾ॥ ਉਹ ਠਾਕੁਰ ਮੈ ਉਸਕਾ ਚੇਰਾ॥* ਸੋ ਇਸ ਲਈ ਸਿੱਖ ਧਰਮ ਵਿੱਚ ਗੁਰਮਤਿ ਅਨੁਸਾਰ ਜੀਵਨ ਜੀਉਣਾ ਵੀ ਲਾਜ਼ਮੀ ਹੈ। ਜੋ ਵਿਅਕਤੀ ਗੁਰੂ ਆਦੇਸ਼ ਦੀ ਪਾਲਣਾ ਨਹੀਂ ਕਰਦਾ ਅਤੇ ਜੀਵਨ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਨਹੀਂ ਜਿਉਂਦਾ ਉਸਨੂੰ ਮਨਮੁੱਖ ਆਖਿਆ ਜਾਂਦਾ ਹੈ।
ਗੁਰੂ ਪਾਤਸ਼ਾਹ ਦਾ ਹੁਕਮ ਵੀ ਹੈ ‘‘ਰਹਿਤ ਬਿਨਾ ਸੁਖ ਕਬਹੂੰ ਨ ਲਹੈ॥ ਤਾਂਤੇ ਰਹਿਤ ਸੁ ਦ੍ਰਿੜ੍ਹ ਕਰ ਰਹੈ॥** ਰਹਿਤ ਅਨੁਸਾਰ ਜੀਵਨ ਵਿੱਚ ਅਵੱਗਿਆ ਜਾਂ ਗਲਤੀ ਹੋਣ ਤੇ ਇਤਿਹਾਸ ਵਿੱਚ ਬਹੁਤ ਸਾਰੇ ਵੱਡੇ ਵਿਅਕਤੀਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ, ਭਾਵ ਧਾਰਮਿਕ ਸੇਵਾ ਲਗਦੀ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਕ ਮੁਸਲਿਮ ਔਰਤ ਨਾਲ ਸ਼ਾਦੀ ਕਰਨ ਤੇ ਇਸ ਤਰਾਂ ਦੀ ਸਜਾ ਲੱਗੀ ਸੀ, ਅੰਗ੍ਰੇਜ਼ ਕਾਲ ਵਿੱਚ ਕੁਝ ਵਿਵਾਦਿਤ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ। ਇਸ ਤਰਾਂ ਕੀਤੀ ਹੋਈ ਅਰਦਾਸ ਦੀ ਨਾ ਪੁਰਤੀ ਕਰਕੇ, ਕਈ ਆਗੂਆਂ ਨੂੰ ਧਾਰਮਿਕ ਸੇਵਾ ਕਰਨ ਦੇ ਆਦੇਸ਼ ਹੋਏ, ਕੁਝ ਰਾਜਨੈਤਿਕ ਆਗੂਆਂ ਨੂੰ ਜਿਨ੍ਹਾਂ ਵਿੱਚ ਗਿਆਨੀ ਜੈਲ ਸਿੰਘ, ਸਾਬਕਾ ਰਾਸ਼ਟਰਪਤੀ, ਸ. ਬੂਟਾ ਸਿੰਘ, ਸਾਬਕਾ ਗ੍ਰਹਿ ਮੰਤਰੀ, ਸ. ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੁੱਖਮੰਤਰੀ ਪੰਜਾਬ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਪਿਆ। ਧਾਰਮਿਕ ਨਿਯਮਾ ਦੀ ਪਾਲਣਾ ਕਰਨ ਤੇ ਅਨੇਕਾ ਵਿਅਕਤੀਆਂ ਨੂੰ ਤਨਖ਼ਾਹ ਪੰਜ ਸਿੰਘ ਸਾਹਿਬਾਨ ਵੱਲੋਂ ਲਗਦੀ ਰਹੀ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਵੀ ਹੈ। ਕਿਉਂਕਿ ਕਿਸੇ ਵਿਅਕਤੀ ਪਾਸੋਂ ਜਾਣੇ ਅਣਜਾਣੇ ਵਿੱਚ ਮਰਿਆਦਾ ਦੀ ਉਲੰਘਣਾ ਹੋਣੀ ਸੁਭਾਵਿਕ ਹੈ।
ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਪਿਆ
ਪਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ, ਕਿਸੇ ਵਿਅਕਤੀ ਜਾਂ ਸੰਸਥਾ ਦੇ ਅਹਿਲਕਾਰਾਂ ਨੂੰ, ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਕੌਮੀ ਆਗੂ ਅਖਵਾਉਂਦੇ ਹਨ, ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਤੇ ਖੰਡਿਤ ਕਰਨ ਦੇ ਦੋਸ਼ੀ ਨੂੰ, ਸਜਾ ਕਰਾਉਣ ਦੀ ਥਾਂ, ਰਾਜਸੀ ਲਾਭ ਲਈ ਉਸਦੀ ਮਦਦ ਕਰਨ ਤੇ ਉਸਨੂੰ ਮੁਆਫ ਕਰਨ ਦੇ ਦੋਸ਼ ਲੱਗੇ ਹਨ। ਉਸਨੂੰ ਉਚਿਤ ਠਹਿਰਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਨ ਵੀ ਖਰਚਿਆ ਗਿਆ। ਇਹ ਸਿਲਸਿਲਾ ਕਰੀਬ 17 ਸਾਲਾਂ ਤੋਂ ਲਗਾਤਾਰ ਪੰਥ ਲਈ ਚਿੰਤਾ ਦਾ ਵਿਸ਼ਾ ਰਿਹਾ, ਲੱਗੇ ਹੋਏ ਦੋਸ਼ਾਂ ਨੂੰ ਸਹੀ ਮਨ ਕੇ, ਆਪਣੀਆਂ ਭੁੱਲਾਂ ਬਖ਼ਸ਼ਾਉਣ ਦਾ ਜੋ ਬਚਨ ਆਗੂਆਂ ਨੇ ਦਿੱਤਾ ਹੈ, ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕਾਂ ਦਾ ਆਗੂਆਂ ਦੇ ਕਿਰਦਾਰ ਬਾਰੇ ਸ਼ਕ ਅਸਲ ਵਿੱਚ ਸੱਚ ਹੀ ਸੀ।
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ, ਧਰਮ ਦੇ ਸਿਧਾਂਤ ਦੀ ਉਲੰਘਣਾ ਕਰਨ ਵਾਲਾ ਵਿਅਕਤੀ, ਭਾਵੇਂ ਆਪਣੀ ਗਲਤੀ ਦਾ ਅਹਿਸਾਸ ਹੀ ਕਰ ਲਵੇ ਪਰ ਸਿੱਖ ਸਮਾਜ ਉਸਨੂੰ ਦੁਬਾਰਾ ਨਹੀਂ ਅਪਣਾਉਂਦਾ।
ਸ੍ਰੋਮਣੀ ਅਕਾਲੀ ਦਲ ਰਾਹੀਂ ਸਿੱਖ ਸਮਾਜ, ਪਿਛਲੇ ਤਕਰੀਬਨ 77 ਸਾਲਾ ਤੋਂ ਪੰਜਾਬ ਵਿੱਚ ਆਪਣੀ ਰਾਜਨੈਤਿਕ ਸ਼ਕਤੀ ਬਨਾਉਣ ਲਈ ਸੰਘਰਸ਼ਸੀਲ ਹੈ, ਬਹੁਤ ਵਾਰ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪੰਜਾਬ ਵਿੱਚ ਰਾਜ ਕਰਨ ਅਤੇ ਕੇਂਦਰ ਵਿੱਚ ਭਾਈਵਾਲ ਬਨਣ ਦਾ ਮੌਕਾ ਵੀ ਮਿਲਿਆ ਹੈ, ਪਰ ਜਿਨਾਂ ਮੁੱਦਿਆਂ ਨੂੰ ਲੈ ਕੇ ਲੋਕ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਸਨ, ਨੂੰ ਪੂਰਾ ਕਰਨ ਲਈ ਗੰਭੀਰ ਯਤਨ ਹੋਇਆ ਨਜ਼ਰ ਨਹੀਂ ਆਉਂਦਾ। ਇਸੇ ਕਾਰਨ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਾ ਨਹੀਂ ਹੋ ਸਕੇ ਅਤੇ ਪੀੜਿਤਾਂ ਨੂੰ ਮੁਕੰਮਲ ਮਲ੍ਹਮ ਵੀ ਨਹੀਂ ਲਗ ਸਕੀ। ਪੰਜਾਬ ਵਿੱਚ ਬੇਗੁਨਾਹਾਂ ਸਿੱਖਾਂ ਦੇ ਕਾਤਲਾ ਨੂੰ ਵੀ ਸਜ਼ਾ ਨਹੀਂ ਮਿਲੀ ਅਤੇ ਨਾ ਹੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਉਦਮ ਹੀ ਹੋਇਆ ਹੈ। ਇਨ੍ਹਾਂ ਦੀ ਅਣਦੇਖੀ ਕਾਰਨ ਹੀ ਸ਼ਾਇਦ ਪਿਛਲੇ 100 ਸਾਲ ਤੋਂ ਸ੍ਰੋਮਣੀ ਅਕਾਲੀ ਦਲ ਜੋ ਕਿ ਸਿੱਖ ਧਰਮ ਦੀ ਅਗੁਵਾਈ ਕਰਦਾ ਰਿਹਾ ਹੈ, ਸਮੇਂ ਸਮੇਂ ਸਿਰ ਲੋਕਾਂ ਵੱਲੋਂ ਅਜਮਾਏ ਜਾਣ ਤੋਂ ਬਾਅਦ, ਹਾਸ਼ੀਏ ਤੇ ਜਾ ਚੁੱਕਾ ਹੈ ਅਤੇ ਇਹ ਆਗੂ ਜਿੱਥੇ ਵਿਧਾਨਸਭਾ ਦੀਆਂ 75 ਸੀਟਾਂ ਤੇ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜਿੱਤਣ ਦੇ ਸਮਰੱਥ ਸਨ ਹੁਣ ਬਹੁਤੀਆਂ ਸੀਟਾਂ ਤੇ ਜਮਾਨਤ ਵੀ ਬਚਾਉਣ ਦੇ ਜੋਗ ਨਹੀਂ ਰਹੇ ਹਨ।
ਸਿੱਖ ਸਮਾਜ ਮੁੱਖ ਤੌਰ ‘ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਵੱਡਾ ਹਿੱਸਾ 1.60 ਕਰੋੜ ਪੰਜਾਬ ਵਿੱਚ ਵਸਦਾ ਹੈ। 50 ਲੱਖ ਦੇ ਕਰੀਬ ਭਾਰਤ ਦੇ ਹੋਰ ਸੂਬਿਆਂ ਵਿੱਚ ਅਤੇ 30 ਲੱਖ ਦੇ ਕਰੀਬ ਵਿਦੇਸ਼ਾਂ ਵਿੱਚ ਵਸਦੇ ਹਨ। ਪੰਜਾਬ ਦਾ ਸਿੱਖ ਅਕਾਲੀ ਦਲ ਤੋਂ ਦੂਰ ਹੋ ਚੁੱਕਿਆ ਹੈ। ਪੰਜਾਬ ਤੋਂ ਬਾਹਰ ਭਾਰਤ ਦੇ ਦੂਜੇ ਸੂਬਿਆਂ ਵਿੱਚ ਵਸਦਾ ਸਿੱਖ ਇੱਕ ਲੜੀ ਵਿੱਚ ਪਰੋਇਆ ਨਹੀਂ ਹੋਇਆ ਅਤੇ ਰਾਜਨੀਤਿਕ ਤੌਰ ‘ਤੇ ਹਾਸ਼ੀਏ ਤੇ ਹੈ। ਵਿਦੇਸ਼ ਵਿੱਚ ਵਸਦੇ ਸਿੱਖਾਂ ਦਾ ਵੀ ਪੰਜਾਬ ਦੇ ਵਿਕਾਸ ਵਿੱਚ ਕੋਈ ਯੋਗਦਾਨ ਨਹੀਂ ਰਿਹਾ, ਪਰ ਉਹ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਅੰਦਾਜੀ ਜਰੂਰ ਕਰਦੇ ਹਨ। ਵਿਦੇਸ਼ੀ ਵਸਦੇ ਸਿੱਖਾਂ ਨੇ ਨਾ ਤਾਂ ਪੰਜਾਬ ਵਿੱਚ ਖੇਤੀ ਬਾਰੇ ਖੋਜ ਕਰਨ ਤੇ ਕੇਂਦਰ ਬਨਾਉਣ ਵਾਸਤੇ ਕੋਈ ਮੱਦਦ ਕੀਤੀ ਹੈ, ਨਾ ਹੀ ਕੋਈ ਕਾਰਖਾਨਾ ਲਾਇਆ ਹੈ ਤੇ ਨਾ ਹੀ ਕੋਈ ਵੱਡਾ ਕਾਰੋਬਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਆਰੰਭ ਕੀਤਾ ਹੈ, ਇਥੋਂ ਤੱਕ ਕਿ ਆਪਣੇ ਜੱਦੀ ਪਿੰਡ ਦੀ ਤਰੱਕੀ ਲਈ ਵੀ ਬਹੁਤਿਆਂ ਵੱਲੋਂ ਸ਼ਾਇਦ ਹੀ ਕੋਈ ਉਪਰਾਲਾ ਕੀਤਾ ਗਿਆ ਹੋਵੇ। ਕੁਝ ਸਿੱਖ ਪੰਜਾਬ ਛੱਡ ਉੱਤਰੀ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਰਾਜਸੀ ਸ਼ਰਨ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਲਈ, ਪੰਜਾਬ ਤੇ ਭਾਰਤ ਨੂੰ ਸਿੱਖਾ ਲਈ ਅਸੁਰੱਖਿਅਤ ਦੱਸ ਕੇ ਭਾਰਤ ਦੀ ਬਦਨਾਮੀ ਕਰ ਰਹੇ ਹਨ। ਪੰਜਾਬ ਵਿੱਚ ਤਾਂ ਲੰਮੇ ਸਮੇਂ ਤੋਂ ਸਿੱਖ ਆਗੂ ਹੀ ਮੁੱਖ ਮੰਤਰੀ ਬਣ ਰਾਜ ਦਾ ਪ੍ਰਬੰਧ ਚਲਾ ਰਹੇ ਹਨ ਅਤੇ ਕੇਂਦਰ ਸਰਕਾਰ ਦਾ ਹਿੱਸਾ ਵੀ ਰਹੇ ਹਨ। ਫੇਰ ਪੰਜਾਬ ਅਤੇ ਭਾਰਤ ਵਿੱਚ ਸਿੱਖਾਂ ਨਾਲ ਭੇਦਭਾਵ ਕਿਵੇਂ ਹੋ ਸਕਦਾ ਹੈ? ਇਹ ਤੱਥ ਵਹੀਨ ਪ੍ਰਚਾਰ ਚਿੰਤਾ ਤੇ ਚਿੰਤਨ ਦਾ ਵਿਸ਼ਾ ਜਰੂਰ ਹੈ।
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇਕ ਤਨਖਾਹੀਆ ਜਦੋਂ ਸੇਵਾ ਕਰ ਰਿਹਾ ਸੀ ਤਾਂ ਇੱਕ ਹੋਰ ਸਿੱਖ ਵੱਲੋਂ, ਉਸਨੂੰ ਮਾਰਨ ਲਈ ਗੋਲੀ ਚਲਾਉਣਾ, ਇਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ, ਇਕ ਜੁੰਮੇਵਾਰ ਆਹੁਦੇ ਤੇ ਬੈਠੇ ਸਿੱਖ ਆਗੂ ਵੱਲੋਂ ਇੱਥ ਸਿੱਖ ਬੀਬੀ ਆਗੂ ਬਾਰੇ ਮਾੜੇ ਸ਼ਬਦਾਂ ਦੀ ਵਰਤੋਂ, ਸਿੱਖਾਂ ਵਿਚ ਸਿਧਾਂਤ ਰਹਿਤ ਆਪਸੀ ਗ੍ਰਹਿ ਯੁੱਧ ਵਰਗੇ ਹਾਲਾਤ ਵੱਲ ਇਸ਼ਾਰਾ ਕਰਦੇ ਹਨ।
ਅਮਨ ਪਸੰਦ ਸਿੱਖ ਵਿਦਵਾਨ ਤੇ ਸਿੱਖ ਚਿੰਤਕ, ਡਰ ਕੇ ਘਰ ਬੈਠ ਗਏ ਹਨ, ਇਸ ਤਰਾਂ ਸਿੱਖ ਧਰਮ ਤੇ ਰਾਜਨੀਤੀ ਵਿੱਚ ਖਲਾਅ ਪੈਦਾ ਹੋ ਗਿਆ ਹੈ। ਜਿੱਥੇ ਖਲਾਅ ਹੋਵੇ, ਉਥੇ ਹਨੇਰੀ, ਜਿਸ ਵਿੱਚ ਧੂੜ ਮਿੱਟੀ ਹੁੰਦੀ ਹੈ, ਇਸਨੂੰ ਭਰਦੀ ਹੈ, ਪਰ ਉਹ ਉਦੋਂ ਤੱਕ ਆਬੋ ਹਵਾ ਨੂੰ ਹੋਰ ਵਿਗਾੜ ਦਿੰਦੀ ਹੈ, ਜਦੋਂ ਤੱਕ ਬਾਰਿਸ਼ ਨਾ ਹੋਵੇ, ਇਸ ਲਈ ਸਿੱਖ ਪੰਥ ਦੇ ਧਾਰਮਿਕ ਤੇ ਰਾਜਸੀ ਅਗੁਵਾਈ ਦੇ ਖਲਾਅ ਵਿੱਚ ਕਿਤੇ ਧੂੜ ਮਿਟੀ ਹੀ ਨਾ ਆ ਜਾਵੇ, ਵਾਰੇ ਸੁਹਿਰਦ ਤੇ ਪੰਥ ਪ੍ਰਸਤ ਲੋਕਾਂ ਨੂੰ ਚਿੰਤਨ ਕਰਕੇ, ਇੱਕ ਸਪੱਸ਼ਟ ਨੀਤੀ ਬਨਾਉਣ ਲਈ ਅਗੇ ਆਉਣ ਦੀ ਲੋੜ ਹੈ। ਪੰਜਾਬ ਵਿੱਚ ਕੋਈ ਬਦ—ਅਮਨੀ ਨਾ ਹੋਵੇ ਤੇ ਪੰਜਾਬ ਦੀ ਖੇਤੀ ਤੇ ਉਦਯੋਗ ਵਿਕਸਿਤ ਹੋ ਕੇ, ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ, ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰੇ, ਇਹ ਰਾਸਤਾ ਸਪਸ਼ਟ ਕਰਨਾ ਪਵੇਗਾ।
ਰਾਜਸੀ ਆਗੂ ਧਰਮ ਦੀ, ਰਾਜਨੀਤੀ ਲਈ, ਵਰਤੋਂ ਨਾ ਕਰਨ, ਇਹ ਵੀ ਵਿਚਾਰ ਦਾ ਵਿਸ਼ਾ ਹੈ, ਪੰਜਾਬ ਨੂੰ ਮੁੜ ਅੱਗੇ ਵਧਾਉਣ ਲਈ, ਸਿੱਖ ਕੌਮ ਨੂੰ ਅਮਨ ਸ਼ਾਂਤੀ ਦਾ ਰਾਹ ਫੜਨਾ ਪਵੇਗਾ। ਭੁੱਲੇ—ਭਟਕੇ ਲੋਕਾਂ ਨੂੰ ਦੁਬਾਰਾ ਸਮਾਜ ਵਿੱਚ ਜੋੜਨ ਲਈ ਉਹਨਾਂ ਦੀ ਮਾਨਸਿਕਤਾ ਬਦਲਣੀ ਵੀ ਜਰੂਰੀ ਹੈ। ਸਿੱਖ ਨੌਜਵਾਨ ਪਤਿਤ ਕਿਉਂ ਹੋ ਰਿਹਾ ਹੈ ਤੇ ਪੰਜਾਬੀ ਭਾਸ਼ਾ ਤੋਂ ਅਨਜਾਣ ਕਿਉਂ ਹੈ ਇਹ ਵੀ ਵਿਚਾਰਨਯੋਗ ਮੁੱਦੇ ਹਨ। ਪਿਛਲੇ 70 ਸਾਲਾਂ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਥਾਂ ਕਿਧਰੇ ਹੋਰ ਨੁਕਸਾਨ ਨਾ ਹੋ ਜਾਵੇ, ਬਾਰੇ ਸੋਚਣਾ ਬਣਦਾ ਹੈ।
ਸਿੱਖ ਧਰਮ ਚੜ੍ਹਦੀ ਕਲਾ ਦਾ ਧਰਮ ਹੈ, ਪੰਜਾਬ ਤੇ ਪੰਥ ਦੇ ਵਿਕਾਸ ਲਈ, ਗੁਰਮਤਿ ਅਨੁਸਾਰ ਜਿਉਣ ਦੀ ਲੋੜ ਹੈ, ਮਰਨ ਦੀ ਨਹੀਂ। ਆਪ ਚੰਗੇ ਬਣਿਐ ਦੂਜਿਆਂ ਨੂੰ ਬੁਰਾ ਆਖਣ ਦੀ ਲੋੜ ਨਹੀਂ। ਜੇਕਰ ਅਜੇ ਵੀ ਨਾ ਸਮਝੇ ਤਾਂ ਕਿਧਰੇ ਡਾਕਟਰ ਮੁਹਮੰਦ ਇਕਬਾਲ ਦਾ ਇਹ ਸ਼ੇਅਰ ਸੱਚ ਨਾ ਹੋ ਜਾਵੇ।
ਨ ਸਮਝੋਗੇ ਤੋ ਮਿਟ ਜਾਓਗੇ ਐ ਹਿੰਦੋਸਤਾਂ (ਕੌਮ) ਵਾਲੋ
ਤੁਮਹਾਰੀ ਦਾਸਤਾਂ ਤੱਕ ਭੀ ਨ ਹੋਗੀ ਦਾਸਤਾਨੋਂ ਮੇਂ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ Email- iqbalsingh_73@yahoo.co.in)
test