26 ਮਈ, 2023 – ਨੰਗਲ : ਮਿੰਨੀ ਚੰਡੀਗੜ੍ਹ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਨੰਗਲ ਸ਼ਹਿਰ ਪਾਣੀ ਨਾਲ ਘਿਰਿਆ ਸ਼ਹਿਰ ਹੈ। ਨੰਗਲ ‘ਚ ਇਕ ਸਤਲੁਜ ਦਰਿਆ ਤੇ ਦੋ ਨਹਿਰਾਂ ਵਗਦੀਆਂ ਹਨ ਪਰ ਫਿਰ ਵੀ ਬਹੁਤੇ ਏਰੀਏ ‘ਚ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਨੰਗਲ ਨਗਰ ਕੌਂਸਲ ਦੀ ਪੀਣ ਵਾਲੇ ਪਾਣੀ ਦੀ ਜ਼ਿੰਮੇਵਾਰੀ ਨਾ ਤਾਂ ਬੀਬੀਐੱਮਬੀ ਏਰੀਆ ‘ਚ ਹੈ ਤੇ ਨਾ ਹੀ ਐੱਨਐੱਫਐੱਲ ਏਰੀਆ ‘ਚ, ਫਿਰ ਵੀ ਬਹੁਤੇ ਵਾਰਡਾਂ ‘ਚ ਲੋਕ ਗਰਮੀ ਦੇ ਮੌਸਮ ‘ਚ ਪੀਣ ਵਾਲੇ ਪਾਣੀ ਨੂੰ ਲੈ ਕੇ ਤ੍ਰਾਹ-ਤ੍ਰਾਹ ਕਰ ਰਹੇ ਹਨ ਤੇ ਪੰਜਾਬ ਦੀ ਏ-ਕਲਾਸ ਮੰਨੀ ਜਾਣ ਵਾਲੀ ਨਗਰ ਕੌਂਸਲ ਨੰਗਲ ਦੀ ਤਿੱਖੇ ਸ਼ਬਦਾਂ ‘ਚ ਨੁਕਤਾਚੀਨੀ ਵੀ ਕਰ ਰਹੇ ਹੈ।
ਪਾਣੀ ਲਈ ਇਕ-ਇਕ ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਲੋਕ
ਵਾਰਡ ਨੰਬਰ 5 ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਦੀਆਂ ਟੂਟੀਆਂ ‘ਚ ਪਿਛਲੇ 10-15 ਦਿਨ ਤੋਂ ਪਾਣੀ ਨਹੀਂ ਆ ਰਿਹਾ। ਬਹੁਤ ਵਾਰ ਵਾਰਡ ਕੌਂਸਲਰ ਮੱਟੂ ਨੂੰ ਤੇ ਬਹੁਤ ਵਾਰ ਕੌਂਸਲ ਅਧਿਕਾਰੀਆਂ ਨੂੰ ਸਮੱਸਿਆ ਸਬੰਧੀ ਜਾਣੂ ਕਰਵਾਇਆ ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੁਥੇ ਦਾ ਉੁਥੇ ਵਾਲੀ ਕਹਾਵਤ ਹੀ ਸਿੱਧ ਹੁੰਦੀ ਨਜ਼ਰ ਆ ਰਹੀ ਹੈ। ਵਾਰਡ ਵਾਸੀ ਐਡ. ਸ਼ਿਵਾਨੀ ਨੇ ਕਿਹਾ ਕਿ ਨੰਗਲ ‘ਚ ਡੁੱਬਣ ਨੂੰ ਤਾਂ ਪਾਣੀ ਬਹੁਤ ਹੈ ਪਰ ਪੀਣ ਨੂੰ ਨਹੀਂ ਮਿਲ ਰਿਹਾ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਬੀ ਐੱਸ ਡੋਡ, ਚਰਨ ਦਾਸ, ਸ਼ੀਲਾ ਠਾਕੁਰ, ਆਸ਼ਾ ਰਾਣੀ, ਗੁਰਦਿਆਲ ਸਿੰਘ, ਅਮਰੀਕ ਸਿੰਘ ਆਦਿ ਨੇ ਕਿਹਾ ਕਿ ਜਦੋਂ ਅਸੀਂ ਕੌਂਸਲ ਨੰਗਲ ਨੂੰ ਹਰ ਤਰ੍ਹਾਂ ਦੇ ਟੈਕਸ ਦੇ ਰਹੇ ਹਾਂ ਫਿਰ ਸਾਨੂੰ ਬਣਦੀਆਂ ਸਹੂਲਤਾਂ ਕਿਉਂ ਨਹੀਂ ਮਿਲ ਰਹੀਆਂ।
ਉਂਝ ਤਾਂ ਪਾਣੀ ਆਉਂਦਾ ਨਹੀਂ ਜੇਕਰ ਥੋੜ੍ਹਾ ਬਹੁਤਾ ਆ ਜਾਵੇ ਤਾਂ ਉਸ ਦਾ ਪਤਾ ਨਹੀਂ ਲਗਦੈ ਕਿ ਕਿਸ ਸਮੇਂ ਪਾਣੀ ਆਉਣਾ ਹੈ। ਜ਼ਮੀਨ ਹੇਠਾਂ ਬਣਾਈ ਟੈਂਕੀ ‘ਚ ਪਾਣੀ ਸਟੋਰ ਕਰ ਕੇ, ਬਾਅਦ ‘ਚ ਉਸ ਨੂੰ ਆਰਓ ਰਾਹੀਂ ਜਾਂ ਗਰਮ ਕਰ ਕੇ ਸਾਫ਼ ਕਰਨਾ ਪੈਂਦਾ ਹੈ ਕਿਉਂਕਿ ਜ਼ਿਆਦਾਤਰ ਗੰਦਲਾ ਪਾਣੀ ਹੀ ਆਉਂਦਾ ਹੈ। ਰਾਜੇਸ਼ ਰਾਣਾ ਨੇ ਕਿਹਾ ਕਿ ਉਹ ਇੰਦਰਾ ਨਗਰ, ਨਿੱਕੂ ਨੰਗਲ ਰੋਡ ਕੋਲ ਰਹਿੰਦੇ ਹਨ ਪਰ ਪਾਣੀ ਭਰਨ ਲਈ ਸਾਨੂੰ ਕਰੀਬ ਇੱਕ ਕਿਲੋਮੀਟਰ ਦੂਰ ਅੰਬ ਵਾਲਾ ਡੇਰਾ ਸਾਹਮਣੇ ਬਣੇ ਕਮੇਟੀ ਦੇ ਦਫ਼ਤਰ ਵਿੱਚ ਆਉਣਾ ਪੈਂਦਾ ਹੈ ਕਿਉਂਕਿ ਘਰਾਂ ‘ਚ ਪਾਣੀ ਸੀਵਰੇਜ਼ ਵਾਲਾ ਆਉਂਦਾ ਹੈ। ਹੋਰ ਵੀ ਵਾਰਡ ਵਾਸੀ ਇੱਥੋਂ ਹੀ ਪਾਣੀ ਭਰਨ ਆਉਂਦੇ ਹਨ ਤੇ ਅਸੀਂ ਪਿਛਲੇ ਕਰੀਬ ਇੱਕ ਸਾਲ ਤੋਂ ਇੱਥੋਂ ਹੀ ਪਾਣੀ ਭਰ ਕੇ ਗੁਜ਼ਾਰਾ ਕਰ ਰਹੇ ਹਨ। ਵਾਰਡ ਨੰਬਰ 5 ਦੇ ਲੋਕਾਂ ਨੇ ਹਲਕਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ।
ਲੋਕਾਂ ਦਾ ਨਾਲ ਖੜ੍ਹੀ ਹਾਂ : ਵਾਰਡ ਕੌਂਸਲਰ ਮਨਜੀਤ ਕੌਰ ਮੱਟੂ
ਇਸ ਸਬੰਧੀ ਵਾਰਡ ਕੌਂਸਲਰ ਮਨਜੀਤ ਕੌਰ ਮੱਟੂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਇਹ ਸਮੱਸਿਆ 2 ਕੁ ਮਹੀਨੇ ਲਈ ਆਉਂਦੀ ਹੀ ਹੈ। ਕਈ ਵਾਰ ਤਾਂ ਸਾਡੇ ਹੀ ਘਰਾਂ ‘ਚ ਪਾਣੀ ਹੀ ਨਹੀਂ ਆਉਂਦਾ। ਮੇਰੀ ਸਰਕਾਰ ਤੇ ਕੌਂਸਲ ਅਫਸਰਾਂ ਤੋਂ ਮੰਗ ਹੈ ਕਿ ਐਨਐੱਫਐੱਲ ਜਾਂ ਬੀਬੀਐੱਮਬੀ ਦੀ ਤਰਜ ‘ਤੇ ਸਤਲੁਜ ਦਰਿਆ ‘ਚੋਂ ਹੀ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਵਾਰਡ ਵਾਸੀਆਂ ਦੇ ਹਿਮਾਇਤੀ ਹਾਂ, ਜੇਕਰ ਕਿਸੇ ਨੂੰ ਪਾਣੀ ਦੀ ਦਿੱਕਤ ਆਉਂਦੀ ਹੈ ਤਾਂ ਉਹ ਮੇਰੇ ਮੋਬਾਇਲ ਨੰਬਰ ਤੇ ਬੇਿਝਜਕ ਫੋਨ ਕਰ ਸਕਦਾ ਹੈ। ਅਸੀਂ ਪਾਣੀ ਦੀ ਟੈਂਕੀ ਦਾ ਇੰਤਜਾਮ ਕਰ ਦਵਾਂਗੇ। ਜੇਕਰ ਲੋਕ ਸਿਸਟਮ ਖਿਲਾਫ ਰੋਸ ਕਰਨਾ ਚਾਹੁੰਦੇ ਹਨ ਤਾਂ ਵੀ ਅਸੀਂ ਉਨਾਂ੍ਹ ਨਾਲ ਖੜ੍ਹੇ ਹਾਂ। ਕਿਉਂਕਿ ਲੋਕਾਂ ਦੀਆਂ ਸਮੱਸਿਆ ਸਬੰਧੀ ਹਾਊਸ ਮੀਟਿੰਗ ਵਿੱਚ ਮਤੇ ਤਾਂ ਪਾਸ ਕਰ ਦਿੱਤੇ ਜਾਂਦੇ ਹਨ ਪਰ ਟੈਂਡਰ ਲੱਗਣ ਨੂੰ ਪਤਾ ਨਹੀਂ ਕਿਉਂ ਜ਼ਿਆਦਾ ਸਮਾਂ ਲੱਗ ਰਿਹਾ ਹੈ।
Courtesy : Punjabi Jagran
test