ਨਿਮਰਤ ਕੌਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਟਲੀ ਵਿਚ ਜੀ-7 ਦੌਰੇ ਤੋਂ ਚਾਰ ਦਿਨ ਬਾਅਦ ਇਕ ਪੰਜਾਬੀ ਸਿੱਖ ਨੌਜੁਆਨ ਦੀ ਭਿਆਨਕ ਮੌਤ ਦਾ ਕਿੱਸਾ ਸਾਹਮਣੇ ਆਇਆ ਹੈ। ਸਤਨਾਮ ਸਿੰਘ ਪੰਜਾਬ ਤੋਂ ਗਏ ਹਜ਼ਾਰਾਂ ਜਾਂ ਸ਼ਾਇਦ ਲੱਖਾਂ ਉਨ੍ਹਾਂ ਨੌਜੁਆਨਾਂ ਵਿਚੋਂ ਹਨ ਜਿਹੜੇ ਸੋਚਦੇ ਹਨ ਕਿ ਵਿਦੇਸ਼ਾਂ ਵਿਚ ਭਾਵੇਂ ਗ਼ੈਰ-ਕਾਨੂੰਨੀ ਤਰੀਕੇ ਨਾਲ ਹੀ ਚਲੇ ਜਾਈਏ, ਉਥੇ ਜਾ ਕੇ ਜ਼ਿੰਦਗੀ ਸੌਰ ਜਾਵੇਗੀ। ਸੁਪਨੇ ਕੁੱਝ ਹੋਰ ਵੇਖੇ ਗਏ ਹੋਣਗੇ ਪਰ ਉਥੋਂ ਦੀ ਅਸਲੀਅਤ ਨੇ ਉਨ੍ਹਾਂ ਨੂੰ ਬੁਖਲਾਅ ਦਿਤਾ ਹੋਣੈ ਕਿਉਂਕਿ ਅਸਲੀਅਤ ਇਹ ਹੈ ਕਿ ਉਥੇ ਉਨ੍ਹਾਂ ਵਰਗੇ ਏਨੇ ਲੋਕ ਨੇ ਕਿ ਜਿਨ੍ਹਾਂ ਵਾਸਤੇ ਕੋਈ ਕਾਨੂੰਨੀ ਸਹਾਰਾ ਨਹੀਂ ਬਚਿਆ ਦਿਸਦਾ।
ਉਹ ਉਥੇ ਜਾ ਕੇ ਗ਼ੁਲਾਮ ਹੀ ਬਣ ਜਾਂਦੇ ਹਨ। ਸਤਨਾਮ ਸਿੰਘ ਤੇ ਉਸ ਦੀ ਪਤਨੀ ਇਟਲੀ ਦੇ ਇਕ ਛੋਟੇ ਜਹੇ ਸ਼ਹਿਰ ਵਿਚ ਮਜ਼ਦੂਰੀ ਕਰਦੇ ਸਨ ਜਾਂ ਇਕ ਵੱਡੇ ਜ਼ਿਮੀਦਾਰ ਦੇ ਗ਼ੁਲਾਮ ਸਨ ਜਿਥੇ ਉਨ੍ਹਾਂ ਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀ। ਕੰਮ ਕਰਦਿਆਂ ਹੀ ਇਕ ਦਿਨ ਉਨ੍ਹਾਂ ਦੀ ਬਾਂਹ ਕੱਟੀ ਗਈ ਤੇ ਉਸ ਜ਼ਿਮੀਂਦਾਰ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੀ ਕੱਟੀ ਹੋਈ ਬਾਂਹ ਨੂੰ ਇਕ ਸਬਜ਼ੀਆਂ ਦੇ ਟੋਕਰੇ ਵਿਚ ਪਾਇਆ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸੜਕ ’ਤੇ ਸੁਟ ਦਿਤਾ। ਡੇਢ ਘੰਟਾ ਉਹ ਮਦਦ ਲਈ ਗੁਹਾਰ ਲਗਾਉਂਦੀ ਰਹੀ। ਉਸ ਤੋਂ ਬਾਅਦ ਆਖ਼ਰਕਾਰ ਕੋਈ ਆਇਆ ਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਦੋ ਦਿਨ ਤੋਂ ਬਾਅਦ ਸਤਨਾਮ ਸਿੰਘ ਦੀ ਮੌਤ ਹੋ ਗਈ।
(ਮ੍ਰਿਤਕ ਸਤਨਾਮ ਸਿੰਘ ਦੀ ਫ਼ਾਈਲ ਫੋਟੋ)
ਇਹ ਜੋ 12 ਤੋਂ 14 ਘੰਟੇ ਕੰਮ ਕਰਦੇ ਹਨ, ਇਨ੍ਹਾਂ ਨਾਲ ਦੇ ਹੋਰ ਵੀ ਜਿਹੜੇ ਮਜ਼ਦੂਰ ਗ਼ੁਲਾਮ ਹਨ, ਉਨ੍ਹਾਂ ਨੂੰ ਕਈ ਕਈ ਸਾਲ ਛੁੱਟੀਆਂ ਨਹੀਂ ਮਿਲਦੀਆਂ। 12 ਤੋਂ 14 ਘੰਟੇ ਹਰ ਰੋਜ਼ ਕੰਮ ਕਰਨ ਤੋਂ ਬਾਅਦ ਮਹੀਨੇ ਦੇ ਅੰਤ ਵਿਚ ਦੋ ਸੌ ਤੋਂ ਸਾਢੇ ਤਿੰਨ ਸੌ ਯੂਰੋ ਮਿਲਦਾ ਹੈ ਜਿਸ ਨੂੰ ਅਸੀ ਕਹਿ ਸਕਦੇ ਹਾਂ ਕਿ 20 ਤੋਂ 35 ਹਜ਼ਾਰ ਦੀ ਕਮਾਈ ਮਿਲਦੀ ਹੈ। ਜਦੋਂ ਭਾਰਤ ਤੋਂ ਜਾਂ ਪੰਜਾਬ ’ਚੋਂ ਏਜੰਟ ਲੈ ਕੇ ਜਾਂਦਾ ਹੈ ਤਾਂ ਉਹ ਅਸਲੀਅਤ ਨਹੀਂ ਦਸਦਾ। ਉਹ ਇਨ੍ਹਾਂ ਨੌਜੁਆਨਾਂ ਨੂੰ ਇਕ ਹਸੀਨ ਸੁਪਨਾ ਵਿਖਾਉਂਦਾ ਹੈ ਕਿ ਵਿਦੇਸ਼ ਜਾ ਰਹੇ ਹਾਂ, ਇਟਲੀ ਵਿਚ ਰਹਾਂਗੇ ਤੇ ਜ਼ਿੰਦਗੀ ਸਵਰਗ ਬਣ ਜਾਏਗੀ ਪਰ ਹਕੀਕਤ ਵਿਚ ਉਹ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੁੰਦੀ ਹੈ ਤੇ ਉਹ ਅਪਣੇ ਪਿੰਡ ਦੀਆਂ ਖੁੱਲ੍ਹੀਆਂ ਗਲੀਆਂ ਨੂੰ ਭੁੱਲ ਕੇ ਕਿਸੇ ਹੋਰ ਦੇਸ਼ ਦੇ ਪਿੰਡ ਦੇ ਗ਼ੁਲਾਮ ਬਣ ਜਾਂਦੇ ਹਨ।
ਇਟਲੀ ਤੇ ਭਾਰਤ ਵਿਚਕਾਰ ਇਕ ਸਮਝੌਤਾ ਲਾਗੂ ਹੈ ਜਿਸ ਤਹਿਤ ਹਰ ਸਾਲ ਸਿਰਫ਼ ਦਸ ਹਜ਼ਾਰ ਮਜ਼ਦੂਰ ਇਟਲੀ ਜਾ ਕੇ ਕੰਮ ਕਰ ਸਕਦੇ ਹਨ ਤੇ ਅਗਲੇ ਤਿੰਨ ਸਾਲਾਂ ਵਿਚ 30 ਹਜ਼ਾਰ ਹੀ ਮਜ਼ਦੂਰ ਜਾਣਗੇ। ਪਰ ਜਿੰਨੀ ਆਰਜ਼ੂ ਤੇ ਇੱਛਾ-ਸ਼ਕਤੀ ਇਨ੍ਹਾਂ ਭਾਰਤੀ ਨੌਜੁਆਨਾਂ ਅੰਦਰ, ਖ਼ਾਸ ਕਰ ਕੇ ਪੰਜਾਬੀ ਨੌਜੁਆਨਾਂ ਅੰਦਰ ਪਨਪ ਗਈ ਹੈ, ਉਸੇ ਨਾਲ ਇਮੀਗ੍ਰੇਸ਼ਨ ਏਜੰਟਾਂ ਦਾ ਧੰਦਾ ਚਲਦਾ ਹੈ ਜਿਹੜੇ ਇਨ੍ਹਾਂ ਦੀਆਂ ਅਸਮਾਨੀ ਚੜ੍ਹੀਆਂ ਇੱਛਾਵਾਂ ਨੂੰ ਇਸਤੇਮਾਲ ਕਰ ਕੇ ਤੇ ਝੂਠੇ ਸਪਨੇ ਵਿਖਾ ਕੇ, ਇਨ੍ਹਾਂ ਨੂੰ ਉਥੇ ਗ਼ੁਲਾਮਾਂ ਵਾਂਗ ਵੇਚ ਦਿੰਦੇ ਹਨ।
ਇਹੋ ਜਿਹੀਆਂ ਕਹਾਣੀਆਂ ਯੂਐਸਏ ਵਾਲੇ ਪਾਸਿਉਂ ਵੀ ਬੜੀਆਂ ਆ ਚੁਕੀਆਂ ਹਨ ਜਿਥੇ ਦਸਦੇ ਨੇ ਕਿ ਸਾਲਾਂ ਦੇ ਸਾਲ ਨਿਕਲ ਜਾਂਦੇ ਨੇ ਉਥੋਂ ਅਪਣਾ ਬਚਾਅ ਕਰਨ ਵਿਚ। ਕਈਆਂ ਦੀ ਮੌਤ ਇਸ ਤਰ੍ਹਾਂ ਦਰਦ ਵਿਚ ਡੁਬ ਕੇ ਹੋ ਜਾਂਦੀ ਹੈ ਜਾਂ ਜੋ ਸਾਲਾਂ ਬਾਅਦ ਅਪਣੀ ਆਜ਼ਾਦੀ ਲੈ ਕੇ ਵੀ ਜਾਂਦੇ ਨੇ, ਸ਼ਾਇਦ ਉਹ ਅਪਣੀ ਕਹਾਣੀ ਸਾਂਝੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਅਪਣਿਆਂ ਦੇ ਸਾਹਮਣੇ ਅਪਣੀ ਅਸਲੀਅਤ ਨਹੀਂ ਵਿਖਾਉਣਾ ਚਾਹੁੰਦੇੇ ਕਿਉਂਕਿ ਜਿਸ ਤਰ੍ਹਾਂ ਦੀ ਗ਼ੁਲਾਮੀ ਉਥੇ ਸਹਿ ਕੇ ਆਏ ਹੁੰਦੇ ਹਨ, ਉਸ ਦੀ ਕਹਾਣੀ ਬਿਆਨ ਕਰਦੇ ਕਰਦੇ ਉਹ ਅਪਣਾ ਸੱਭ ਕੁੱਝ ਤਾਂ ਗਵਾ ਬੈਠੇ ਹੁੰਦੇ ਹਨ ਤੇ ਅਪਣਿਆਂ ਸਾਹਮਣੇ ਅਪਣੀ ਇੱਜ਼ਤ ਨਹੀਂ ਗੁਆਉਣਾ ਚਾਹੁੰਦੇ।
ਪਰ ਸਾਡੇ ਵਿਦੇਸ਼ ਗਏ ਲੋਕਾਂ ਦੀ ਜ਼ਿੰਦਗੀ ਬੜੀ ਤਰਸਯੋਗ ਹੁੰਦੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟੈਲੀਅਨ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਿਚਕਾਰ ਦੋਸਤੀ ਵਾਲੇ ਸਬੰਧ ਹਨ ਅਤੇ ਉਸ ਦੋਸਤੀ ਦੇ ਨਾਂ ’ਤੇ ਅੱਜ ਪ੍ਰਧਾਨ ਮੰਤਰੀ ਨੂੰ ਅਪਣੇ ਨੌਜੁਆਨਾਂ ਦਾ ਖ਼ਿਆਲ ਰਖਦੇ ਹੋਏ, ਉਸ ਦੇਸ਼ ਨਾਲ ਇਸ ਮਾਮਲੇ ਸਬੰਧੀ ਗੱਲ ਕਰਨੀ ਚਾਹੀਦੀ ਹੈ ਕਿ ਜਿਹੜੇ ਨੌਜੁਆਨ ਹੁਣ ਇਟਲੀ ਵਿਚ ਪਹੁੰਚ ਚੁੱਕੇ ਹਨ, ਜਾਂ ਤਾਂ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਭੇਜ ਦਿਤਾ ਜਾਵੇ ਜਾਂ ਕਾਨੂੰਨੀ ਤੌਰ ’ਤੇ ਉਥੇ ਰੱਖਣ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਇਟਲੀ ਦੇ ਜ਼ਿਮੀਦਾਰ, ਭਾਰਤੀ ਨੌਜੁਆਨਾਂ ਨੂੰ, ਜੋ ਜ਼ਿਆਦਾਤਰ ਪੰਜਾਬੀ ਹਨ, ਉਨ੍ਹਾਂ ਨੂੰ ਗ਼ੁਲਾਮਾਂ ਵਾਂਗ ਤਾਂ ਨਾ ਰੱਖ ਸਕਣ।
(ਲੇਖਿਕਾ ਪੰਜਾਬੀ ਅਖਬਾਰ “ਰੋਜ਼ਾਨਾ ਸਪੋਕਸਮੈਨ” ਸੰਪਾਦਕ ਹੈ)
ਆਭਾਰ : https://www.rozanaspokesman.in/news/punjab/040724/in-punjab-the-father-of-shaheed-agniveer-claims-nothing-has-been-fo.html
test