20 ਨਵੰਬਰ, 2024 – ਐੱਸਏਐੱਸ ਨਗਰ (ਮੁਹਾਲੀ) : ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਅਧਿਆਪਕ ਅਤੇ ਕਰਮਚਾਰੀ ਯੂਨੀਅਨ ਨੇ ਮਾਰਚ 2024 ਤੋਂ ਰੋਕੀ ਤਨਖ਼ਾਹ ਦੇਣ ਅਤੇ ਹੋਰ ਮੰਗਾਂ ਮੰਨਵਾਉਣ ਲਈ ਅੱਜ ਇੱਥੇ ਡੀਪੀਆਈ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ। ਧਰਨੇ ’ਚ ਪੰਜਾਬ ਭਰ ’ਚੋਂ ਪਹੁੰਚੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਮੰਗ ਕੀਤੀ ਛੇਵੇਂ ਤਨਖ਼ਾਹ ਕਮਿਸ਼ਨ ਦੇ ਜੂਨ 2024 ਵਿੱਚ ਜਾਰੀ ਹੋਏ ਨੋਟੀਫ਼ਿਕੇਸ਼ਨ ਨੂੰ ਅਮਲ ’ਚ ਲਿਆਉਣ ਅਤੇ ਸੀਐਂਡਵੀ ਅਧਿਆਪਕਾਂ ਦਾ ਬਣਦਾ ਗਰੇਡ ਪੇਅ 4400 ਦੇ ਕੇ 9 ਮਹੀਨੇ ਤੋਂ ਰੁਕੀ ਤਨਖ਼ਾਹ ਜਾਰੀ ਕੀਤੀ ਜਾਵੇ। ਇਸ ਦੌਰਾਨ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਐਬਿਟ ਮਸੀਹ, ਵਿੱਤ ਸਕੱਤਰ ਅਸ਼ੋਕ ਵਡੇਰਾ ਅਤੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਢੀਂਡਸਾ ਨੇ ਕਿਹਾ ਕਿ ਛੇਵਾਂ ਤਨਖ਼ਾਹ ਕਮਿਸ਼ਨ ਜਾਰੀ ਕਰਨ ’ਚ ਲਗਾਏ ਜਾ ਰਹੇ ਗੈਰ-ਜ਼ਰੂਰੀ ਅੜਿੱਕੇ ਦੂਰ ਕਰਕੇ ਅਧਿਆਪਕਾਂ ਨੂੰ ਵਿੱਤੀ ਲਾਭ ਤੇ ਬਕਾਏ ਸਬੰਧੀ ਬਜਟ ਜਾਰੀ ਕੀਤਾ ਜਾਵੇ। ਸੀਐਂਡਵੀ ਅਧਿਆਪਕਾਂ ਦੀ 9 ਮਹੀਨੇ ਤੋਂ ਰੁਕੀ ਤਨਖਾਹ ਜਾਰੀ ਕਰਨ, ਏਡਿਡ ਸਟਾਫ਼ ਦੇ ਤਨਖ਼ਾਹ ਕਮਿਸ਼ਨ ਦੇ ਲਾਭ ਨੂੰ ਕਮੇਟੀਆਂ ਦੇ ਆਮਦਨ ਖ਼ਰਚ ਚੈਕਿੰਗ ਨਾਲ ਨਾ ਜੋੜਨ, ਸਰਕਾਰੀ ਸਕੂਲਾਂ ਵਾਂਗ ਬੱਚਿਆਂ ਦੀ ਗਿਣਤੀ ਘਟਣ ’ਤੇ ਗਰਾਂਟ ਨਾ ਕੱਟਣ, ਏਡਿਡ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਗਿਣਨ ਦੀ ਮੰਗ ਕੀਤੀ ਗਈ।
ਯੂਨੀਅਨ ਦੇ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਅਤੇ ਐੱਨਐੱਨ ਸੈਣੀ, ਸਲਾਹਕਾਰ ਰਮੇਸ਼ ਦਸੂਹਾ, ਡਾ. ਗੁਰਮੀਤ ਸਿੰਘ ਬੰਗਾ ਅਤੇ ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਦੌਰਾਨ ਮੁਹਾਲੀ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਯੂਨੀਅਨ ਆਗੂਆਂ ਦੀ ਭਲਕੇ 20 ਨਵੰਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਹੈ। ਇਸ ਮਗਰੋਂ ਅਧਿਆਪਕਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਰਣਜੀਤ ਸਿੰਘ, ਪਰਮਜੀਤ ਸਿੰਘ, ਰਵਿੰਦਰਜੀਤ ਪੁਰੀ, ਜਗਜੀਤ ਸਿੰਘ, ਅਸ਼ਵਨੀ ਮਦਾਨ, ਚਰਨਜੀਤ ਸ਼ਰਮਾ, ਸੁਖਇੰਦਰ ਸਿੰਘ ਸਾਰੇ ਯੂਨੀਅਨ ਦੇ ਸਟੇਟ ਕਮੇਟੀ ਮੈਂਬਰਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test