03 ਮਾਰਚ, 2025 – ਅਜਨਾਲਾ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਪਿੰਡ ਬੱਲ, ਰਾਜਾਸਾਂਸੀ, ਵਰਨਾਲੀ, ਸੈਦੂਪੁਰ, ਤੋਲਾ ਨੰਗਲ, ਝੰਜੋਟੀ, ਭਿੱਟੇਵੱਭ, ਚੈਨਪੁਰ, ਬਲੱਗਣ, ਬੱਗਾ, ਧਾਰੀਵਾਲ, ਓਠੀਆਂ, ਸਲੇਮਪੁਰ, ਦੁਧਰਾਏ, ਭਲਾ ਪਿੰਡ, ਹਰਸ਼ਾ ਛੀਨਾ ਤੇ ਲੱਲਾ ਆਦਿ ਪਿੰਡਾਂ ਦਾ ਦੌਰਾ ਕਰਕੇ ਬੀਤੇ ਦਿਨ ਹੋਈ ਗੜੇਮਾਰੀ ਤੇ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮਗਰੋਂ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਅਤੇ ਪ੍ਰੈੱਸ ਸਕੱਤਰ ਕਾਬਲ ਸਿੰਘ ਛੀਨਾ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਦਾ 50 ਤੋਂ 70 ਫੀਸਦ ਨੁਕਸਾਨ ਹੋਇਆ ਹੈ ਅਤੇ ਫਸਲ ਦੇ ਨਾਲ ਨਾਲ ਹਰਾ ਚਾਰਾ, ਸਰ੍ਹੋਂ, ਸਬਜ਼ੀਆਂ, ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਕੋਲ ਵਾਹੁਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ ਅਤੇ ਪਸ਼ੂਆਂ ਦੇ ਚਾਰਾਂ ਪਾਉਣ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ।
ਹਰਸ਼ਾ ਛੀਨਾ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੇ 20 ਏਕੜ ਜ਼ਮੀਨ 60 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ ਜਿਸ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਜਰਨੈਲ ਸਿੰਘ ਬੇਰਵਾਲਾ ਦੀ ਆਪਣੀ ਜ਼ਮੀਨ ਅਤੇ ਠੇਕੇ ’ਤੇ ਲਈ 20 ਏਕੜ ਜ਼ਮੀਨ ਤੇ ਪੂਰੀ ਖੇਤੀ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਅੱਜ ਤਹਿਸੀਲ ਲੋਪੋਕੇ ਦੀ ਐੱਸਡੀਐੱਮ ਅਮਨਦੀਪ ਕੌਰ ਨੇ ਵੀ ਪੀੜਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਦਾ ਹਾਲ ਪੁੱਛਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀ ਫਸਲ ਦਾ ਵਿਸ਼ੇਸ਼ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਘੱਟੋ ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ।
ਪੰਜਾਬੀ ਟ੍ਰਿਬਯੂਨ
test