25 ਮਈ, 2023 – ਚੰਡੀਗੜ੍ਹ: ਦਿਹਾਤੀ ਵਿਕਾਸ ਫੰਡ ਦਾ 3600 ਕਰੋੜ ਰੋਕਣ ਤੋਂ ਬਾਅਦ ਕੀ ਹੁਣ ਕੇਂਦਰ ਸਰਕਾਰ ਕਣਕ ਦੀ ਬਰਬਾਦ ਹੋਈ ਫਸਲ ਲਈ ਦਿੱਤੇ ਗਏ ਕੁਦਰਤੀ ਆਫਤ ਫੰਡ ਨੂੰ ਲੈ ਕੇ ਵੀ ਅੱਖਾਂ ਦਿਖਾ ਸਕਦੀ ਹੈ। ਪੰਜਾਬ ਵਿਚ ਪਏ ਭਾਰੀ ਮੀਂਹ ਤੇ ਗੜੇਮਾਰੀ ਕਾਰਨ 95 ਹਜ਼ਾਰ ਹੈਕਟੇਅਰ ’ਚ ਫ਼ਸਲ ਖ਼ਰਾਬ ਹੋਣ ਦੀ ਰਿਪੋਰਟ ਭੇਜੀ ਗਈ ਸੀ ਪਰ ਮੰਡੀਆਂ ਵਿਚ 125 ਲੱਖ ਟਨ ਕਣਕ ਦੇ ਆਉਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੁੱਛਿਆ ਹੈ ਕਿ ਇੰਨੀ ਫਸਲ ਮੰਡੀਆਂ ਵਿਚ ਕਿਵੇਂ ਆ ਗਈ।
ਜ਼ੁਬਾਨੀ ਤੌਰ ’ਤੇ ਪੁੱਛੇ ਗਏ ਕੇਂਦਰ ਦੇ ਇਸ ਸਵਾਲ ਦਾ ਜਵਾਬ ਤਿਆਰ ਕਰਨ ਵਿਚ ਖੇਤੀ ਤੇ ਫੂਡ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਡਟੇ ਹੋਏ ਹਨ। ਖੇਤੀ ਵਿਭਾਗ ਨੇ ਪੂਰੇ ਪੰਜਾਬ ਵਿਚ ਤਿੰਨ ਸੌ ਕਿਸਾਨਾਂ ਅਤੇ 2331 ਖੇਤਾਂ ’ਤੇ ਜੋ ਪ੍ਰਯੋਗ ਕੀਤਾ ਹੈ, ਉਸ ਵਿਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਪੰਜਾਬ ਦੀ ਔਸਤ ਪੈਦਾਵਾਰ ਇਸ ਸਾਲ 47.25 ਕੁਇੰਟਲ ਪ੍ਰਤੀ ਏਕੜ ਹੈ ਜਿਸ ਨੂੰ ਚੰਗੀ ਪੈਦਾਵਾਰ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਹਾਲਾਂਕ ਵਿਭਾਗ ਦੇ ਨਿਰਦੇਸ਼ਕ ਗੁਰਿੰਦਰਜੀਤ ਸਿੰਘ ਦਾ ਮੰਨਣਾ ਹੈ ਕਿ ਜੇ ਗੜੇਮਾਰੀ ਤੇ ਮੀਂਹ ਨਾ ਪੈਂਦਾ ਤਾਂ ਇਹ ਅੰਕੜਾ 51 ਕੁਇੰਟਲ ਪ੍ਰਤੀ ਏਕੜ ਨੂੰ ਵੀ ਛੂ ਸਕਦਾ ਸੀ ਜੋ ਇਕ ਵਾਰ ਫਿਰ ਤੋਂ ਰਿਕਾਰਡ ਪੈਦਾਵਾਰ ਦੇ ਬਰਾਬਰ ਹੁੰਦਾ। ਸਾਲ 2020-21 ’ਚ ਮੰਡੀਆਂ ਵਿਚ 129 ਲੱਖ ਟਨ ਕਣਕ ਆਈ ਸੀ। ਬੀਤੇ ਦਿਨ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਖਰੀਦ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ 125 ਲੱਖ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਭਾਰੀ ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਜਿਸ ਤਰ੍ਹਾਂ ਨਾਲ ਫਸਲਾਂ ਨੂੰ ਵਿਛਿਆ ਹੋਇਆ ਦਿਖਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਸੀ ਕਿ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਅਜਿਹੇ ’ਚ 125 ਲੱਖ ਟਨ ਕਣਕ ਮੰਡੀਆਂ ਵਿਚ ਆਉਣ ਨਾਲ ਕੇਂਦਰੀ ਫੂਡ ਤੇ ਸਪਲਾਈ ਮੰਤਰਾਲੇ ਦੇ ਮਨ ਵਿਚ ਖ਼ਦਸ਼ਾ ਪੈਦਾ ਕਰ ਦਿੱਤਾ ਹੈ।
ਪੰਜਾਬ ਦੇ ਫੂਡ ਤੇ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਸਲ ਘੱਟ ਆਉਣ ’ਤੇ ਕਈ ਵਾਰ ਕੇਂਦਰ ਵੱਲੋਂ ਕਾਰਨ ਪੁੱਛੇ ਜਾਂਦੇ ਹਨ ਪਰ ਚੰਗੀ ਪੈਦਾਵਾਰ ਮੰਡੀਆਂ ਵਿਚ ਆਉਣ ’ਤੇ ਸਵਾਲ ਕਦੇ ਨਹੀਂ ਕੀਤਾ ਜਾਂਦਾ। ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਖ਼ਦਸ਼ਾ ਹੈ ਕਿ ਕਿਤੇ ਕੁਦਰਤੀ ਆਫਤ ਫੰਡ ਨੂੰ ਵੰਡਣ ਵਿਚ ਗੜਬੜ ਤਾਂ ਨਹੀਂ ਹੋਈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰਤੀ ਏਕੜ ਪੰਜਾਬ ਦੀ ਔਸਤ ਘੱਟ ਨਹੀਂ ਹੋਈ। ਜੇ ਘੱਟ ਨਹੀਂ ਹੋਈ ਤਾਂ ਬਰਬਾਦ ਕਿਥੇ ਹੋਈ।
Courtesy : Punjabi Jagran
test