22 ਨਵੰਬਰ, 2024 – ਮੋਗਾ : ਰੇਤ ਮਾਫ਼ੀਆ ਵੱਲੋਂ ਇੱਥੇ ਸਾਲ 2022 ਤੋਂ ਹੁਣ ਤੱਕ ਖਣਨ ਵਿਭਾਗ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ 9.66 ਕਰੋੜ ਰੁਪਏ ਦਾ ਰਗੜਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਖਣਨ ਵਿਭਾਗ ਦੇ ਉਡਣ ਦਸਤੇ ਨੇ ਇਹ ਮਾਮਲਾ, ਜਿਸ ’ਚ ਕਾਗਜ਼ਾਂ ’ਚ ਹੜ੍ਹਾਂ ਦੀ ਮਾਰ ਦਿਖਾ ਕੇ ਕਥਿਤ ਘਪਲਾ ਕੀਤਾ ਗਿਆ ਹੈ, ਸਾਹਮਣਾ ਲਿਆਂਦਾ ਹੈ। ਚੀਫ਼ ਇੰਜਨੀਅਰ (ਡਰੇਨਜ਼ ਕਮ ਮਾਈਨਿੰਗ ਵਿਭਾਗ ਪੰਜਾਬ) ਡਾ. ਹਰਿੰਦਰਪਾਲ ਸਿੰਘ ਬੇਦੀ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਤੋਂ ਹੁਣ ਤੱਕ ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਤਾਇਨਾਤ ਰਹੇ ਨਿਗਰਾਨ ਇੰਜਨੀਅਰ ਸਣੇ 12 ਅਧਿਕਾਰੀ ਰਡਾਰ ’ਤੇ ਆਏ ਹਨ।
ਸਾਲ 2022 ਤੋਂ ਹੁਣ ਤੱਕ ਇੱਥੇ ਤਾਇਨਾਤ 8 ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਹੁਣ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ। ਅਧਿਕਾਰੀਆਂ ’ਤੇ ਦੋਸ਼ ਹਨ ਕਿ ਵਿਭਾਗ ਦੀ ਮੁੱਢਲੀ ਜਾਂਚ ਤੇ ਸਰਕਾਰੀ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਮਾਫ਼ੀਆ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਝੂਠ ਬੋਲ ਕੇ ਅਤੇ ਗੁਮਰਾਹ ਕਰਕੇ ਸਰਕਾਰੀ ਖਜ਼ਾਨੇ ਨੂੰ 9.66 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ।
ਇਸੇ ਸਬੰਧ ’ਚ ਪੰਜ ਹੋਰ ਅਧਿਕਾਰੀਆਂ ਨੂੰ ਵੱਖਰਾ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੇ ਮੁੱਖ ਦਫ਼ਤਰ ਨੂੰ ਸੂਚਨਾ ਭੇਜੀ ਸੀ ਕਿ ਸਾਲ 2023 ’ਚ ਮਟੀਰੀਅਲ ਹੜ੍ਹ ’ਚ ਰੁੜ੍ਹ ਗਿਆ ਹੈ, ਜਦੋਂ ਕਿ ਇਸ ਖੇਤਰ ’ਚ ਹੜ੍ਹ ਆਇਆ ਹੀ ਨਹੀਂ ਸੀ। ਚੀਫ਼ ਇੰਜਨੀਅਰ-ਵੱਲੋਂ ਅਧਿਕਾਰੀਆਂ ਨੂੰ ਜਾਰੀ ‘ਕਾਰਨ ਦੱਸੋੋ’ ਨੋਟਿਸ ਵਿੱਚ ਆਖਿਆ ਗਿਆ ਕਿ 4 ਨਵੰਬਰ 2024 ਨੂੰ ਉਡਣ ਦਸਤੇ ਨੇ ਮੋਗਾ ਜ਼ਿਲ੍ਹੇ ਦੀ ਆਦਰਾ ਮਾਨ ਖੱਡ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਸਾਮਾਨ ਹੜ੍ਹ ’ਚ ਨਹੀਂ ਰੁੜ੍ਹਿਆ। ਉੱਥੇ 57 ਹਜ਼ਾਰ ਸੀਐੱਫਟੀ ਸਟਾਕ ਪਿਆ ਸੀ ਜਦੋਂ ਕਿ 7.97 ਲੱਖ ਸੀਐੱਫਟੀ ਤੋਂ ਵੱਧ ਸਟਾਕ ਹੋਣਾ ਚਾਹੀਦਾ ਸੀ।
ਪੰਜਾਬੀ ਟ੍ਰਿਬਯੂਨ
test