24 ਮਈ 2023 – ਤਲਵਾੜਾ : ਨੀਮ ਪਹਾੜੀ ਖ਼ੇਤਰ ’ਚ ਖਣਨ ਮਾਫੀਆ ਦੀ ਕਥਿਤ ਗਤੀਵਿਧੀਆਂ ਨੇ ਕੰਢੀ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਵਿਗਾੜ ਦਿੱਤਾ ਹੈ। ਖਣਨ ਮਾਫੀਆ ਵੱਲੋਂ ਪੌਂਗ ਡੈਮ ਹੇਠਾਂ ਬਿਆਸ ਦਰਿਆ ’ਚ ਧੜੱਲੇ ਨਾਲ ਕੀਤੇ ਜਾ ਰਹੇ ਕਥਿਤ ਖਣਨ ਕਾਰਨ ਰਾਸ਼ਟਰੀ ਸੰਪਤੀ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ, ਉੱਥੇ ਹੀ ਸਵਾਂ ਦਰਿਆ ਕੰਢੇ ਕਰੀਬ ਪੌਣੇ ਦਰਜਨ ਸਟੋਨ ਕਰੱਸ਼ਰ ਚੱਲ ਰਹੇ ਹਨ। ਪਿੰਡ ਸੁਖਚੈਨਪੁਰ ਵਿਖੇ ਪਹਾੜਾਂ ਦੀ ਕੀਤੀ ਜਾ ਰਹੀ ਖੁਦਾਈ ਨਾਲ ਜੰਗਲੀ ਜੀਵਨ ਪ੍ਰਭਾਵਿਤ ਹੋਇਆ ਹੈ। ਕੰਢੀ ਖ਼ੇਤਰ ’ਚ ਅੰਨ੍ਹੇਵਾਹ ਕੀਤੇ ਜਾ ਰਹੇ ਖਣਨ ਤੋਂ ਵਾਤਾਵਰਣ ਪ੍ਰੇਮੀ ਚਿੰਤਤ ਹਨ।
ਵਾਤਾਵਰਣ ਪ੍ਰੇਮੀ ਗਿਆਨ ਸਿੰਘ ਗੁਪਤਾ, ਸੁਭਾਸ਼ ਨੱਥੂਵਾਲ, ਨੀਰਜ ਸ਼ਰਮਾ ਆਦਿ ਨੇ ਦੱਸਿਆ ਕਿ ਪਿੰਡ ਚੱਕਮੀਰਪੁਰ ਕੋਠੀ ’ਚ ਚੱਲਦੇ ਤਿੰਨ ਸਟੋਨ ਕਰੱਸ਼ਰਾਂ ਵੱਲੋਂ ਬਿਆਸ ਦਰਿਆ ਦੇ ਕੰਢਿਆਂ ’ਤੇ ਪੌਂਗ ਡੈਮ ਦੇ ਨੱਕ ਹੇਠਾਂ ਅੰਨ੍ਹੇਵਾਹ ਕਥਿਤ ਮਾਈਨਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੁੱਕੇ ਪਏ ਸਵਾਂ ਦਰਿਆ ਦੇ ਕੰਢੇ ਚੱਲਦੇ ਕਰੀਬ ਪੌਣਾ ਦਰਜਨ ਕਰੱਸ਼ਰਾਂ ਵੱਲੋਂ ਜ਼ਮੀਨ ਹੇਠਲੇ ਪਾਣੀ ਦੀ ਸਤ੍ਵਾ ਆਉਣ ਤੱਕ ਮਾਈਨਿੰਗ ਕੀਤੀ ਜਾ ਰਹੀ ਹੈ, ਦਰਿਆ ਹੁਣ ਵੱਡੇ ਵੱਡੇ ਖੱਡਿਆਂ ’ਚ ਤਬਦੀਲ ਹੋ ਚੁੱਕਿਆ ਹੈ। ਵਾਤਾਵਰਣ ਚਿੰਤਕਾਂ ਅਨੁਸਾਰ ਮਹਿਕਮੇ ਦੀ ਕਥਿਤ ਮਿਲੀਭੁਗਤ ਦੇ ਚੱਲਦਿਆਂ ਖਣਨ ਕਾਰੋਬਾਰੀਆਂ ਨੇ ਪੰਚਾਇਤੀ ਜ਼ਮੀਨ ਨੂੰ ਵੀ ਨਹੀਂ ਬਖਸ਼ਿਆ ਹੈ।
ਪੰਚਾਇਤੀ ਜ਼ਮੀਨਾਂ ’ਤੇ ਲੱਗੀ ਵਣ ਸੰਪਰਦਾ ਨੂੰ ਤਹਿਸ ਨਹਿਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਅਤੇ ਖਾਸ ਤੌਰ ’ਤੇ ਕੰਢੀ ਵਾਸੀਆਂ ਨੂੰ ਬਹੁਤ ਉਮੀਦਾਂ ਸਨ, ਪਰ ‘ਆਪ’ ਦੇ ਰਾਜ ਵਿਚ ਨਾਜਾਇਜ਼ ਖਣਨ ਦੇ ਕਾਰੋਬਾਰ ਨੇ ਸਾਰੇ ਹੱਦ ਬੰਨ੍ਹੇ ਉਲੰਘ ਦਿੱਤੇ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ ਬੇਮਾਅਨੇ ਸਿੱਧ ਹੋਇਆ ਹੈ। ਖ਼ੇਤਰ ’ਚ ਕਥਿਤ ਮਾਈਨਿੰਗ ਕਾਰੋਬਾਰ ਨੇ ਜਲ, ਜੰਗਲ ਅਤੇ ਜ਼ਮੀਨ ਤਬਾਹ ਕਰ ਦਿੱਤੇ ਹਨ। ਆਬੋ ਹਵਾ ਵਿਗੜ ਗਈ ਹੈ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿੱਗ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਰਹੱਦੀ ਸੂਬਾ ਹਿਮਾਚਲ ਪ੍ਰਦੇਸ਼ ਦੀ ਆੜ ’ਚ ਖਣਨ ਮਾਫੀਆ ਵੱਲੋਂ ਵੱਡੇ ਪੱਧਰ ’ਤੇ ਖ਼ੇਤਰ ’ਚ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਮਾਈਨਿੰਗ ਵਿਭਾਗ ਨੂੰ ਦਰਿਆਵਾਂ ’ਚ ਪਾਏ ਡੂੰਘੇ ਖੱਡੇ ਅਤੇ ਪਹਾੜਾਂ ਦੀ ਕੀਤੀ ਕਥਿਤ ਪੁਟਾਈ ਦਿਖਾਈ ਨਹੀਂ ਦੇ ਰਹੀ।
ਕੀ ਕਹਿਣਾ ਹੈ ਮਾਈਨਿੰਗ ਵਿਭਾਗ ਦਾ
ਐਕਸੀਅਨ ਸਰਤਾਜ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਸਿਰਫ਼ ਦਸੂਹਾ ਜ਼ੋਨ ਵਿੱਚ ਹੀ ਸਟੋਨ ਕਰੱਸ਼ਰ ਚੱਲਦੇ ਹਨ ਜਿਨ੍ਹਾਂ ਦੀ ਗਿਣਤੀ 19 ਦੇ ਹੈ। ਖ਼ੇਤਰ ’ਚ ਚੱਲਦੇ ਸਟੋਨ ਕਰੱਸ਼ਰ ਕੱਚਾ ਮਾਲ ਹਿਮਾਚਲ ਪ੍ਰਦੇਸ਼ ਤੋਂ ਲਿਆਂਦੇ ਹਨ ਜਿਸ ਦਾ ਰੈਵਿਨਿਊ ਪੰਜਾਬ ਸਰਕਾਰ ਨੂੰ ਆ ਰਿਹਾ ਹੈ। ਸੁਖਚੈਨਪੁਰ ਵਿਖੇ ਪਹਾੜਾਂ ’ਚ ਚੱਲਦੇ ਸਟੋਨ ਕਰੱਸ਼ਰ ਬਾਰੇ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਗੱਲ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਸਬੰਧੀ ਐੱਸਡੀਓ ਤੁਹਾਨੂੰ ਫੋਨ ਕਰਨਗੇ। ਪਰ ਇਸ ਮਗਰੋਂ ਬਹੁਤ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਕਿਸੇ ਐਸਡੀਓ ਦਾ ਫੋਨ ਨਹੀਂ ਆਇਆ।
Courtesy : Punjabi Tribune
test