ਇਕਬਾਲ ਸਿੰਘ ਲਾਲਪੁਰਾ
ਜਦੋਂ ਵੀ ਕਿਸੇ ਮਨੁੱਖ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਸ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ ਹੈ, ਉਹ ਇੰਸਾਫ਼ ਲੱਭਣ ਲਈ ਸਰਕਾਰੇ ਦਰਬਾਰੇ ਪਹੁੰਚ ਕਰਦਾ ਹੈ, ਜੇਕਰ ਉਸਦੀ ਗੱਲ ਨਾ ਸੁਣੀ ਜਾਵੇ, ਉਸਦਾ ਹੱਕ ਤੇ ਇੰਸਾਫ ਨਾ ਮਿਲੇ, ਤਾਂ ਉਸ ਸੰਸਥਾ ਤੋਂ ਉਸ ਦਾ ਵਿਸ਼ਵਾਸ ਉਠ ਜਾਂਦਾ ਹੈ। ਅਜੇਹੀ ਮਨੋਦਸ਼ਾ ਵਿੱਚ, ਉਸ ਨੂੰ ਭਟਕਾਉਣਾ, ਮੋਕਾਪ੍ਰਸਤ ਤੇ ਵਿਰੋਧੀਆਂ ਲਈ, ਅਸਾਨ ਹੋ ਜਾਂਦਾ ਹੈ। ਲਗਾਤਾਰ ਹੁੰਦੀ ਇਹਨਾਂ ਬੇਇੰਸਾਫੀ ਤੇ ਜ਼ੁਲਮਾਂ ਦੀ ਚਰਚਾ ਵਿਅਕਤੀ ਨੂੰ ਕਾਨੂੰਨ ਤੋਂ ਬਾਗੀ ਜਾਂ ਮਾਨਸਿਕ ਰੂਪ ਵਿਚ ਬਿਮਾਰ ਬਣਾ ਦਿੰਦੀ ਹੈ। ਇਹ ਦੋਵੇਂ ਮਾਨਸਿਕਤਾ ਦੇ ਲੋਕ ਸਮਾਜ ਤੇ ਦੇਸ਼ ਦੇ ਵਿਕਾਸ ਲਈ ਘਾਤਕ ਹਨ। ਜੇਕਰ ਇਸ ਬੇਇਨਸਾਫ਼ੀ ਪਿੱਛੇ ਆਪਣਿਆਂ ਦੀ ਗਦਾਰੀ ਤੇ ਸਾਜ਼ਿਸ਼ਾਂ ਵੀ ਸ਼ਾਮਿਲ ਹੋਣ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਪੰਜਾਬ ਤੇ ਪੰਜਾਬੀ ਅੱਜ ਬਿਮਾਰ ਵੀ ਹਨ ਤੇ ਬਾਗ਼ੀ ਵੀ ਨਜ਼ਰ ਆਉਂਦੇ ਹਨ। ਇਨ੍ਹਾਂ ਦੋਹਾਂ ਸਥਿਤੀਆਂ ਦਾ ਲਾਭ, ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਲੋਕ ਉਠਾ ਰਹੇ ਹਨ। ਇਹ ਸਥਿਤੀ ਕਿਓਂ ਹੈ? ਇਸਦਾ ਹੱਲ ਕੀ ਹੈ? ਇੱਕ ਗੰਭੀਰ ਚਿੰਤਨ ਮੰਗਦਾ ਹੈ। ਕੋਣ ਸਾਜ਼ਸ਼ੀ ਹਨ ਤੇ ਕੋਣ ਗਦਾਰ ਇਸ ਬਾਰੇ ਵੀ ਪੜਚੋਲ ਕਰਨੀ ਬਣਦੀ ਹੈ।
ਇਸ ਸੰਵੇਦਨਸ਼ੀਲ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ, ਸਿੱਖਾਂ ਦੇ ਇਤਿਹਾਸ ਤੇ ਫਲਸਫੇ ਤੇ ਪੰਛੀ ਝਾਤ ਮਾਰਨੀ ਚੰਗੀ ਰਹੇਗੀ। ਅੱਜ ਤੋਂ ਕਰੀਬ 550 ਸਾਲ ਪਹਿਲਾਂ, ਕਲਯੁਗ ਵਿਚ ਜਦੋਂ ਅਧਰਮ ਵਧ ਗਿਆ, ਤਾਂ ਅਕਾਲ ਪੁਰਖ ਆਪ ਨਾਨਕ ਰੂਪ ਵਿੱਚ ਅਵਤਾਰ ਧਾਰ ਸੰਸਾਰ ਵਿੱਚ ਆਏ ਤੇ ਦਸ ਅਵਤਾਰ ਧਾਰਨ ਕਰ, ਮਨੁੱਖਾਂ ਨੂੰ ਦੇਵਤੇ ਤੇ ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣਾ ਕੇ, 239 ਸਾਲ ਇਸ ਸੰਸਾਰ ਨੂੰ ਆਪਣੇ ਜੀਵਨ ਵਿਚ ਜੀਵੰਤ ਉਦਾਹਰਣਾਂ ਛੱਡ, ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਤੇ ਪੰਜ ਭੂਤਕ ਸ਼ਰੀਰ ਪੰਜ ਤੱਤਾਂ ਵਿੱਚ ਵਿਲੀਨ ਕਰ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ। ਸਿੱਖ ਕੌਮ ਲਈ ਤਿੰਨ ਮਾਰਗ ਦਸ ਗਏ, ਪੂਜਾ ਕੇਵਲ ਅਕਾਲ ਪੁਰਖ ਦੀ, ਗਿਆਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਦਿਦਾਰ ਖਾਲਸਾ ਕਾ, ਕਿਉਂਕੀ ਗੁਰੂ ਪਿਤਾ ਦਾ ਬਚਨ ਹੈ, ‘ਅਕਾਲ ਪੁਰਖ ਕੀ ਮੂਰਿਤ ਏਹ। ਪ੍ਰਗਟਿਓ ਆਪ ਖਾਲਸਾ ਦੇਹ।*
ਇਸ ਤਰ੍ਹਾਂ ਬੰਦੇ ਨੂੰ ਦੇਵਤੇ ਬਣਾਉਣ ਦੇ ਫਲਸਫੇ ਨੇ, ਸਮਾਜਿਕ ਬਰਾਬਰੀ, ਕਰਮ ਕਾਂਡ ਰਹਿਤ ਪ੍ਰਭੂ ਦੀ ਪੂਜਾ, ਅਣਖ ਤੇ ਆਨੰਦ ਵਾਲੇ ਜੀਵਨ ਦਾ ਰਾਹ ਦੱਸਿਆ। ਇਸ ਫਲਸਫੇ ਨੇ ਇੱਕ ਨਵੀਂ ਕ੍ਰਾਂਤੀ ਦੀ ਲਹਿਰ ਖੜੀ ਕਰ ਦਿੱਤੀ, ਸੱਚ ਦਾ ਚਾਨਣ ਹੋ ਗਿਆ, ਦੇਸ਼ ਦੀ ਗੁਲਾਮੀ ਤੋਂ ਮੁਕਤੀ ਦਾ ਰਾਹ ਸਪਸ਼ਟ ਹੋ ਗਿਆ ਤੇ ਜਾਤ—ਪਾਤ ਰਹਿਤ ਸਮਾਜ ਦੀ ਸਿਰਜਣਾ ਆਰੰਭ ਹੋ ਗਈ। ‘ਜਾਹਰ ਪੀਰੁ ਜਗਤੁ ਗੁਰ ਬਾਬਾ* ਸਭ ਦਾ ਸਾਂਝਾ ਹੈ ।
ਇਹ ਜੀਵਨ ਕਰਮ ਕਾਂਡੀਆਂ, ਰਾਜੇ ਰਜਵਾੜਿਆਂ ਤੇ ਆਰਥਿਕ ਸ਼ੋਸ਼ਣ ਕਰਨ ਵਾਲਿਆਂ ਲਈ, ਇੱਕ ਵੱਡੀ ਚੁਨੌਤੀ ਸੀ, ਜਿਸ ਕਾਰਨ ਗੁਰੂ ਕਾਲ ਵਿਚ ਹੀ, ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਦਾ ਰਾਹ ਦੱਸਿਆ, ਪਰ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਤੋਂ ਬਾਅਦ, ਸ਼ਸ਼ਤਰ ਗਰੀਬ ਕੀ ਰੱਖਿਆ ਤੇ ਜਰਵਾਣੇ ਕੀ ਭਖਿਆ ਲਈ, ਧਾਰਨ ਕਰਨੇ ਵੀ ਜ਼ਰੂਰੀ ਹੋ ਗਏ ਤੇ ਦਸਮ ਪਿਤਾ ਨੇ ਤਾਂ ਲੁਕਾਈ ਦੀ ਰਾਖੀ ਲਈ ਅਕਾਲ ਪੁਰਖ ਦੀ ਫੌਜ ਪ੍ਰਗਟ ਕਰ ਦਿੱਤੀ।
ਅਕਾਲ ਪੁਰਖ ਦੀ ਫੌਜ
ਬਾਬਾ ਬੰਦਾ ਸਿੰਘ ਬਹਾਦੁਰ ਜੀ ਤੋਂ ‘‘ਰਾਜ ਬਿਨਾ ਨਹਿ ਧਰਮ ਚਲੇ ਹੈ**, ਦੀ ਗੱਲ ਪ੍ਰਗਟ ਨੂੰ ਕਰਨ ਲਈ, ਸਾਂਝੇ ਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਦੀ ਪ੍ਰਕਿਰਯਾ ਆਰੰਭ ਹੋਈ। ਵਕਤ ਦੀ ਮਜ਼ਬੂਤ ਮੁਗ਼ਲ ਸਰਕਾਰ ਨੇ ਇਸ ਸੋਚ ਨੂੰ ਸਮਾਪਤ ਕਰਨ ਲਈ, ਸਾਮ—ਦਾਮ—ਦੰਡ ਭੇਦ ਦੀ ਨੀਤੀ ਵਰਤੀ। ਬਹਾਦੁਰ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਡਰਦਿਆਂ ਗ਼ੈਰ ਮੁਸਲਮਾਨ ਅਹਿਲਕਾਰਾਂ ਨੂੰ ਦਾੜੀ ਕੇਸ ਕਟਵਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਹੀ ਕੁਝ ਪੰਥਕ ਗਦਾਰਾਂ ਦੇ ਕਿਰਦਾਰ ਬਾਰੇ ਚਰਚੇ ਆਰੰਭ ਹੋ ਗਏ, ਪਰ ਖਾਲਸਾ ਦੀ ਵੱਡੀ ਗਿਣਤੀ ਗੁਰੂ ਫਲਸਫੇ ਤੇ ਅੰਦੇਸ਼ਾ ਦੀ ਪਾਲਨਾ ਕਰਨ ਵਾਲੀ ਸੀ, ਇਸੇ ਕਾਰਨ 15 ਸਾਲ ਅੰਦਿਰ ਹੀ ਜੱਥਿਆਂ ਤੋਂ ਮਿਸਲਾਂ ਦੀ, ਮਜ਼ਬੂਤ ਸ਼ਕਤੀ ਬਣਦਿਆਂ ਦੇਰ ਨਹੀ ਲੱਗੀ। ਦੂਜੇ ਪਾਸੇ ਨਿਰਮਲੇ ਤੇ ਉਦਾਸੀ ਵੀ ਸਿੱਖੀ ਦੀ ਫੁਲਵਾੜੀ ਤਿਆਰ ਕਰਦੇ ਰਹੇ। ਹਰ ਪੰਜਾਬੀ ਇੱਕ ਪੁੱਤਰ ਸਰਦਾਰ ਬਣਾਉਂਦਾ ਸੀ, ਜੋ ਖਾਲਸਾ ਸਜ਼ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਛੱਕੇ ਛੁਡਾ ਦਿੰਦਾ ਸੀ।
◦ ਕਸੂਰ ਦੀ ਫਤਿਹ ਤੋਂ ਬਾਅਦ ਪੈਸੇ ਦੀ ਵੰਡ ਦੇ ਝਗੜੇ ਨੇ, ਇਸ ਸ਼ਕਤੀ ਵਿਚ ਤਰੇੜ ਪਾ ਦਿੱਤੀ ਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਵੱਡੇ ਘੱਲੂਘਾਰਾ ਕਰਨ ਵੇਲੇ ਉਸ ਦੀ ਮੱਦਦ ਕਰਨ ਵਾਲੇ ਕੁਝ ਅਖੌਤੀ ਸਿੱਖ ਵੀ ਸਨ। ਸੁਲਤਾਨ ਉਲ ਕੌਮ ਬਾਬਾ ਆਲ਼ਾ ਸਿੰਘ ਵੱਲੋਂ ਕੌਮ ਨੂੰ ਇਕੱਠਾ ਰੱਖਣ ਦੇ ਉਪਰਾਲੇ ਵੀ ਸਾਰਥਿਕ ਨਹੀਂ ਹੋਏ। 1783ਈ. ਵਿੱਚ ਖਾਲਸਾ ਵੱਲੋਂ ਦਿੱਲੀ ਫਤਿਹ ਕਰਨ ਉਪਰੰਤ ਵੀ, ਆਪਸੀ ਤ੍ਰੇੜ ਕਾਰਨ ਦਿੱਲੀ ਤੇ ਪੱਕਾ ਕਬਜ਼ਾ ਨਹੀਂ ਰੱਖ ਸਕੇ। ਇਹ ਜਿੱਤ ਦੇਸ਼ ਵਿਚ ਨਿਆਂ ਕਾਰੀ ਖਾਲਸਾ ਰਾਜ ਸਥਾਪਿਤ ਕਰ ਸਕਦੀ ਸੀ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਬਾਅਦ ਕੌਮ ਦਾ ਕੋਈ ਸਰਬ ਪ੍ਰਵਾਨਿਤ ਆਗੂ ਨਹੀ ਉੱਭਰਿਆ, ਨਾਂ ਹੀ ਦਰਬਾਰ ਸਾਹਿਬ ਦੀ ਮੁੜ ਉਸਾਰੀ ਸਮੇਤ, ਅਹਿਮਦ ਸ਼ਾਹ ਅਬਦਾਲੀ ਨੂੰ ਮੈਦਾਨੇ ਜੰਗ ਵਿਚ, ਭਾਜੜਾਂ ਪੁਆਉਂਦੇ ਚਟਾਨ ਵਾਂਗ ਖੜੇ ਉਸ ਦੇ ਸਾਥੀਆਂ ਦਾ ਇਤਿਹਾਸ ਕਿਸੇ ਨੇ ਕਲਮਬੰਦ ਕੀਤਾ ਜਾਂ ਪੜ੍ਹਾਈ ਦਾ ਹਿੱਸਾ ਬਣਿਆ।
ਅਗਲਾ ਕਾਲ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ 12 ਸਾਲ ਦੇ ਬਾਲਕ ਨੇ ਜਮਾਨ ਸ਼ਾਹ ਨੂੰ ਹਰਾ ਕੇ, ਅਪਣੀ ਸੈਨਿਕ ਕੁਸ਼ਲਤਾ ਤੇ ਬਹਾਦੁਰੀ ਦਾ ਨਮੂਨਾ ਪੇਸ਼ ਕਰਦਾ ਹੈ। 19 ਸਾਲ ਦੀ ਉਮਰ ਵਿੱਚ ਲਾਹੌਰ ਤੇ ਕਾਬਜ ਹੋ ਜਾਂਦਾ ਹੈ। ਨੌਜਵਾਨ ਮਹਾਰਾਜ ਹੁਣ ਦਿੱਲੀ ਫਤਹਿ ਕਰਨ ਦੀ ਸੋਚਦਾ ਹੈ, ਪਰ ਅੰਗਰੇਜ ਨੂੰ ਕਲਕੱਤੇ ਤੋਂ ਸੱਦਣ ਵਾਲੇ ਵੀ ਇਤਿਹਾਸ ਵਿੱਚ ਸਿੱਖ ਹੀ ਲੱਭਦੇ ਹਨ। ਮਹਾਰਾਜਾ ਰਣਜੀਤ ਸਿੰਘ, ਬੂੜੀਆ ਤੱਕ ਜਾ ਪੁੱਜਦਾ ਹੈ, ਹੁਣ ਦਿੱਲੀ ਦੂਰ ਨਹੀਂ ਸੀ। ਜਿੰਨਾ ਨਾਲ ਮਹਾਰਾਜ ਸਾਹਿਬ ਦਸਤਾਰ ਵਟਾ ਕੇ ਭਾਈ ਬਣਾਉਂਦਾ ਹੈ ਤੇ ਉਨਾਂ ਦੇ ਰਾਜ ਦੀ ਗਰੰਟੀ ਦਿੰਦਾ ਹੈ, ਉਹ ਆਪਣੇ ਭਾਈ ਦੇ ਬਰਾਬਰ ਬਹਿਣ ਨਾਲੋਂ, ਅੰਗਰੇਜ ਦੇ ਰਾਜਕੁਮਾਰ ਬਨਣਾ ਚੰਗਾਂ ਮਨੰਦੇ ਰਹੇ। ਪੰਜਾਹ ਸਾਲ ਦਾ ‘‘ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ** ਅਤੇ ‘‘…ਸੀ ਯਾਰ ਫਿਰੰਗਿਆਂ ਦਾ** ਵਾਲਾ ਰਾਜ ਗਦਾਰਾਂ ਨੇ ਅੰਗਰੇਜ ਦੇ ਹਵਾਲੇ ਕਰਵਾ ਦਿੱਤਾ।
◦ ਅੰਗਰੇਜ ਨੇ 1849 ਈ. ਵਿੱਚ ਪਹਿਲਾਂ ਕੰਮ ਹੀ ਖਾਲਸਾ ਰਾਜ ਦੇ ਟੁਕੜੇ ਟੁਕੜੇ ਕਰ ਸਿੱਖ ਫਲਸਫੇ ਨੂੰ ਕੰਮਜੋਰ ਕਰਨ ਦਾ ਕੀਤਾ। ਮਹਾਰਾਜਾ ਦਲੀਪ ਸਿੰਘ ਤੇ ਹਰਨਾਮ ਸਿੰਘ ਆਹਲੂਵਾਲੀਆ ਇਸਾਈ ਬਣਾ ਲਏ ਗਏ। ਗੁਰਦੁਆਰਾ ਸਾਹਿਬਾਨ ਤੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਬਿਠਾ ਕਬਜ਼ਾ ਕਰ ਲਿਆ ਗਿਆ। ਸਿੱਖ ਧਰਮ ਦੇ ਫਲਸਫੇ ਦੀ ਗੱਲ ਕਰਨ ਵਾਲਾ ਸਜ਼ਾ ਪ੍ਰਪਾਤ ਕਰਦਾ ਸੀ । ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਥਾਂ ਉਲਟਾ ਸਿੱਖ ਸਮਾਜ ਵਿੱਚੋਂ ਧਰਮ ਪ੍ਰਵਰਤਣ ਸ਼ੁਰੂ ਕਰਵਾ ਦਿੱਤਾ। ਅੰਗਰੇਜ ਦੀ ਆਪਣੀ ਰਿਪੋਰਟ ਅਨੂਸਾਰ ਖਾਲਸਾ ਰਾਜ ਦੀ ਸਿੱਖ ਆਬਾਦੀ 40—50 ਲੱਖ ਸੀ ਜੋ 1947 ਤੱਕ ਘਟਕੇ ਵੀਹ ਲੱਖ ਹੀ ਰਹਿ ਗਈ ਸੀ। ਸਰਕਾਰੇ ਦਰਬਾਰੇ ਦੇ ਆਗੂ ਨੰਬਰਦਾਰ, ਜ਼ੈਲਦਾਰ, ਰਾਜੇ, ਮਹਾਰਾਜੇ, ਕੇਵਲ ਸਿੱਖ ਸਰੂਪ ਵਿਚ ਸਨ ਪਰ ਸਿੱਖ ਫਲਸਫੇ ਤੋਂ ਕੋਹਾਂ ਦੂਰ। ਇਹ ਕੌਮੀ ਆਗੂ ਨਾ ਹੋ ਕੌਮੀ ਗਦਾਰ ਸਨ, ਜੋ ਸਿੱਖ ਧਰਮ ਤੇ ਫਲਸਫੇ ਨੂੰ ਢਾਹ ਲਾਉਣ ਲਈ ਸਰਕਾਰੀ ਹੱਥ ਠੋਕਾ ਬਣੇ ਹੋਏ ਸਨ ।
◦ ਸਿੱਖ ਗੁਰਦਵਾਰਾ ਸੁਧਾਰ ਲਹਿਰ 1920—25 ਈ. ਕੌਮ ਵਿੱਚ ਜਾਗ੍ਰਤੀ ਪੈਦਾ ਕਰਨ ਵਿਚ ਸਫਲ ਰਹੀ, ਪਰ ਕੌਮੀ ਫਲਸਫੇ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਮਰਥ ਨਜਰ ਆਈ। ਗੁਰਦੁਆਰਾ ਐਕਟ 1925 ਈ ਵਿੱਚ ਧਰਮ ਪ੍ਰਚਾਰ ਲਈ ਕੋਈ ਵਿਵਸਥਾ ਨਹੀਂ ਸੀ। ਚੋਣਾਂ ਵੀ ਰਾਜਨੀਤਿਕ ਪਾਰਟੀਆਂ ਸਿੱਧੇ ਅਸਿਧੇ ਢੰਗ ਨਾਲ ਲੜਦੀਆਂ ਹਨ, ਇਸ ਤਰਾਂ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਨਿਰੋਲ ਸੇਵਾਦਾਰਾਂ ਤੋਂ ਦੂਰ ਹੋ ਗਿਆ। ਇੱਕ ਪਾਸੇ ਅੰਗਰੇਜ ਪ੍ਰਸਤ ਸਨ ਤੇ ਦੂਜੇ ਪਾਸੇ ਅੰਗਰੇਜ ਦੀ ਬਣਾਈ ਜਮਾਤ ਕਾਂਗਰਸ ਦੇ ਸਾਥੀ। ਇਨ੍ਹਾਂ ਪਾਸੋਂ ਭਲੇ ਦੀ ਆਸ ਕਿਵੇਂ ਹੋ ਸਕਦੀ ਸੀ? ਅਜਿਹੀ ਹਾਲਤ ਵਿੱਚ ਕੌਮ ਨੂੰ ਅੰਗਰੇਜ ਵਿਰੋਧੀ ਚੰਗੇ ਲੱਗੇ, ਪਰ ਇਹ ਵੀ ਛੋਟੇ ਦਿਲ ਵਾਲੇ ਰਹੇ, ਲਾਹੌਰ ਵਿਚ ਬੈਠੀ ਰਾਜਕੁਮਾਰੀ ਬੰਬਾ ਸਦਰਲੈਂਡ ਇਨਾ ਨੂੰ ਨਜ਼ਰ ਨਹੀਂ ਆਈ। ਜਿਸਦੀ ਮੌਤ ਆਪਣੇ ਦਾਦੇ ਦੀ ਰਾਜਧਾਨੀ ਵਿੱਚ 1957 ਈ ਵਿੱਚ ਹੋਈ। ਕੇਵਲ ਵੱਡੀ ਆਮਦਾਨੀ ਵਾਲੇ ਗੁਰਦਵਾਰੇ ਆਪਣੇ ਕਬਜ਼ੇ ਵਿੱਚ ਕਰਨ ਦੀ ਹੋੜ ਕਾਰਨ, ਪਿੰਡ ਪੱਧਰ, ਦੇਸ਼ ਤੇ ਵਿਦੇਸ਼ ਵਿੱਚ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਕੋਈ ਮਰਿਯਾਦਾ ਨਹੀਂ ਬਣੀ। ਅੰਗਰੇਜ ਗੁਰੂਘਰਾਂ ਦੇ ਪ੍ਰਬੰਧਕਾਂ ਪਾਸੋਂ ਆਪਣੇ ਮਨੁੱਖਤਾ ਵਿਰੋਧੀ ਅਪਰਾਧਾਂ ਤੇ ਵੀ ਮੋਹਰ ਲਗਵਾਉਣ ਵਿੱਚ ਕਾਮਯਾਬ ਰਹੇ।
◦ ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਦੀ ਸਥਿਤੀ ਵਿੱਚ ਕੌਈ ਸੁਧਾਰ ਹੋਇਆ ਨਜ਼ਰ ਨਹੀਂ ਆਉਂਦਾ। ਇਸ ਕਰਮ ਕਾਂਡ ਰਹਿਤ ਧਰਮ ਦੀ ਨਿਰਮਲਤਾ, ਬਰਕਰਾਰ ਰੱਖਣ ਦੀ ਥਾਂ, ਗੁਰੂ ਹੁਕਮ ਦੇ ਬਿਲਕੁਲ ਉਲਟ, ਉਜਰਤ ਦੇ ਕੇ ਪਾਠ ਹੋ ਰਹੇ ਹਨ। ਬਰਾਬਰੀ ਵਾਲੇ ਧਰਮ ਵਿਚ ਵੀ ਕਈ ਤਰਾਂ ਦੀਆਂ ਸਰਾਵਾਂ ਬਣ ਗਈਆਂ ਹਨ, ਜਿੱਥੇ ਅਮੀਰ ਪੈਸੇ ਦੇ ਕੇ ਹੋਟਲ ਵਾਂਗ ਠਹਿਰ ਸਕਦਾ ਹੈ। ਸਿੱਖ ਧਰਮ ਵਾਰੇ ਖੋਜ ਤੇ ਪ੍ਰਚਾਰ ਪ੍ਰਸਾਰ ਦੀ ਵਿਉਤਵੰਦੀ, ਸ਼ਾਇਦ ਕਾਗਜ਼ਾਂ ਵਿਚ ਹੁੰਦੀ ਹੈ। ਖਾਲਸਾ ਵਾਹਿਗੁਰੂ ਜੀ ਦਾ ਹੈ ਕਿਸੇ ਖਾਸ ਰਾਜਨੀਤਿਕ ਧੜੇ ਦਾ ਨਹੀਂ। ਗੁਰੂਕਾਲ ਦੀ ਸਿੱਖ ਜੀਵਨ ਵਾਰੇ ਰਹਿਤਨਾਂਮੇ ਮੌਜੂਦ ਹਨ ਉਨਾਂ ਨਾਲ ਛੇੜ ਛਾੜ ਦੀ ਕੀ ਲੋੜ ਹੈ? ਮੰਹਿਗੇ ਕਰਮ ਕਾਂਡਾਂ ਕਰਕੇ ਗਰੀਬ ਦੂਰ ਹੁੰਦਾ ਜਾ ਰਿਹਾ ਹੈ, ਕਮਾਲ ਦੀ ਗੱਲ ਹੈ ਮੌਤ ਦੀ ਅਰਦਾਸ ਕਰਨ ਆਇਆ, ਸਿੰਘ ਵੀ, ਮ੍ਰਿਤਕ ਦੇ ਪਰਿਵਾਰ ਪਾਸ ਭੇਟਾ ਦੀ ਆਸ ਕਰਦਾ ਹੈ। ਇਸ ਤਰਾਂ ਫਲਸਫੇ ਰਹਿਤ ਕਰਮਕਾਂਡੀਆਂ ਵੱਲੋਂ ਬਣਾਈ ਖਾਲੀ ਥਾਂ ਵਿੱਚ ਕੋਈ ਵੀ ਆ ਕੇ ਲੋਕਾਂ ਨੂੰ ਆਪਣੇ ਨਾਲ ਜ਼ੋੜ ਸਕਦਾ ਹੈ ਤੇ ਜੋੜ ਵੀ ਰਹੇ ਹਨ।
ਇਹ ਗੱਲ ਬਿਲਕੁਲ ਸੱਚ ਹੈ ਕਿ ਭਾਰਤ ਵਿੱਚ ਸਿੱਖ ਸਮਾਜ ਨੂੰ ਗਿਣਤੀ ਤੋਂ ਵੱਧ ਮਾਣ ਸਤਿਕਾਰ ਮਿਲਦਾ ਰਿਹਾ ਹੈ। ਆਜਾਦੀ ਤੋਂ ਪਹਿਲਾਂ ਤੇ ਬਾਅਦ ਸਿੱਖ ਚੇਹਰੇ ਮੋਹਰੇ ਵਾਲੇ ਲੋਕ ਕੇਂਦਰ ਤੇ ਰਾਜ ਸਰਕਾਰ ਵਿੱਚ ਉੱਚ ਆਹੁਦਿਆਂ ਤੇ ਵਿਰਾਜਮਾਨ ਰਹੇ ਹਨ, ਪਰ ਜੇਕਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ, ਸ਼ਾਇਦ ਹੀ ਕੋਈ ਆਗੂ ਇਸ ਪਰਖ ਤੇ ਖਰਾ ਉਤਰੇ, ਕਿ ਜਿੱਥੇ ਕੌਮ ਨੂੰ ਲੋੜ ਸੀ, ਉਹ ਸਾਜਿਸ਼ੀਆਂ ਨਾਲ ਨਹੀਂ ਕੌਮ ਨਾਲ ਖੜਾ ਸੀ, ਅਤੇ ਕੌਮ ਨੂੰ ਬਚਾਉਣ ਲਈ ਆਪਣੀ ਕੁਰਸੀ ਤੇ ਪਰਿਵਾਰ ਦੀ ਕੁਰਬਾਨੀ ਦਿੱਤੀ। ਜੇਕਰ ਕਿਸੇ ਇੱਕ ਨੇ ਵੀ ਹਿੰਮਤ ਕੀਤੀ ਹੁੰਦੀ ਤੇ ਪੰਜਾਬ ਨੂੰ ਅੱਗ ਨਾ ਲੱਗਦੀ। ਇਹਨਾਂ ਵਿਅਕਤੀਆਂ ਦੇ ਨਾਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਲੱਭੇ ਜਾ ਸਕਦੇ ਹਨ।
ਬਰਾਬਰੀ ਵਾਲੇ ਧਰਮ ਵਿਚ ਵੀ ਕਈ ਤਰਾਂ ਦੀਆਂ ਸਰਾਵਾਂ ਬਣ ਗਈਆਂ ਹਨ
ਇਸ ਤਰਾਂ ਗੁਰੂ ਕਾਲ ਤੋਂ ਬਾਅਦ 18ਵੀਂ ਸਦੀ ਸਿੱਖਾਂ ਦੀ ਕੁਰਬਾਨੀਆਂ, ਉੱਚ ਚਰਿੱਤਰ ਤੇ ਜਿੱਤਾਂ ਦੀਆਂ ਕਹਾਣੀਆਂ ਇਤਿਹਾਸ ਵਿਚ ਦਰਜ ਹਨ, 19ਵੀਂ ਸਦੀ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਵਿੱਚ ਮਜ਼ਬੂਤ ਹੋਇਆ ਤੇ ਖਾਲਸਿਆਂ ਦੀ ਗਿਣਤੀ ਵੀ ਵਧੀ। 19ਵੀਂ ਸਦੀ ਦੇ ਅੱਧ ਉਪਰੰਤ ਸਿੱਖ ਇਤਿਹਾਸ ਵਿੱਚ ਬਹਾਦੁਰਾਂ ਤੇ ਜੇਤੂਆਂ ਦੀ ਥਾਂ ਗੱਦਾਰਾਂ ਤੇ ਸਾਜਿਸ਼ਾਂ ਨਾਲ ਭਰਿਆ ਪਿਆ ਹੈ। ਅੰਗਰੇਜ਼ ਦੇ ਬਹੁਤੇ ਹਮਾਇਤੀ, ਆਜ਼ਾਦੀ ਉਪਰੰਤ ਵਕਤ ਦੀ ਕਾਂਗਰਸ ਸਰਕਾਰ ਦੇ ਵੱਡੇ ਆਹੁਦੇਦਾਰ ਬਣ ਗਏ, ਇਸ ਤਰਾਂ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਸਿੱਖਾਂ ਨੂੰ ਲੜਾਉਣ ਦਾ ਕੰਮ 1956ਈ. ਤੋਂ ਬਾਅਦ ਸ਼ੁਰੂ ਕੀਤਾ। ਗੱਲ ਰਾਜਨੀਤਿਕ ਕੁਰਸੀ ਪ੍ਰਾਪਤ ਕਰਨ ਦੀ ਸੀ ਧਰਮ ਤਾਂ ਇਕ ਪੌੜੀ ਹੀ ਰਿਹਾ।
ਧਰਮ ਪ੍ਰਚਾਰ ਲਈ ਤਾਂ ਪਿੰਡ ਪਿੰਡ ਸਿੰਘ ਸਭਾ ਤਿਆਰ ਕਰਨੀ ਗੁਰਮਤਿ ਦੇ ਸੁਨਹਿਰੀ ਅਸੂਲਾਂ ਤੋਂ ਲੋਕਾਂ ਨੂੰ ਜਾਣੁ ਕਰਵਾਉਣਾ, ਮਿਲ ਬੈਠ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਤੇ ਆਰਥਿਕ ਤਰੱਕੀ ਦੇ ਨਵੇਂ ਰਾਹ ਲੱਭਣਾ ਸੀ, ਪਰ ਹੋਇਆ ਇਸ ਦੇ ਉਲਟ। ਰਾਜਨੀਤਿਕ ਧੜੇਬੰਦੀ ਵਿੱਚ ਉਲਝੇ ਸਿੱਖਾਂ ਨੇ ਧਰਮ ਨੂੰ ਪਿੱਛੇ ਸੁੱਟ ਦਿੱਤਾ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਤ ਤੇ ਆਧਾਰਿਤ ਗੁਰਦੁਆਰੇ ਬਣਾ ਲਏ। ਅੱਜ ਦੇਸ਼ਾਂ—ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਜਿਸ ਨੂੰ ਗੁਰਮਤਿ ਮੁੱਢੋ ਰੱਦ ਕਰਦੀ ਹੈ, ਨੂੰ ਸਿੱਖਾਂ ਵੱਲੋਂ ਕਾਨੂੰਨੀ ਤੌਰ *ਤੇ ਜਾਤੀ ਵੰਡ ਨੂੰ ਵੀ ਪ੍ਰਵਾਨ ਕਰ ਲਿਆ ਹੈ, ਬਲਕਿ ਗੁਰਦੁਆਰਾ ਚੋਣਾ ਵਿੱਚ ਤਾਂ ਰਿਜ਼ਰਵ ਸੀਟਾਂ ਵੀ ਹਨ। ਫੇਰ ‘ਏਕ ਪਿਤਾ ਏਕਸ ਕੇ ਹਮ ਬਾਰਿਕ* ਤੇ ‘ਮਾਨਸ ਕੀ ਜਾਤ ਸਭੈ ਇਕੈ ਪਹਿਚਾਨਬੋ*, ਫੇਰ ਸਿੱਖ ਜੀਵਨ ਵਿੱਚ ਕਿਥੇ ਨਜ਼ਰ ਆਵੇਗੀ। ਉਜਰਤ ਦੇ ਕੇ ਪਾਠ ਕਰਵਾਉਣ ਦੀ ਵੀ ਮਨਾਹੀ ਹੈ, ਪਰ ਇਹ ਉਜਰਤ ਲੈ ਕੇ ਪਾਠ ਤਾਂ ਹਰ ਗੁਰੂ ਘਰ ਵਿੱਚ ਹੋ ਰਿਹਾ ਹੈ, ਰਾਜਨੀਤੀ ਉੱਤੇ ਧਰਮ ਦਾ ਕੁੰਡਾ ਚਾਹੀਦਾ ਹੈ, ਪਰ ਧਰਮ ਉੱਤੇ ਰਾਜਨੀਤੀ ਦਾ ਹੁਕਮ ਚਲਦਾ ਲੰਬੇ ਸਮੇਂ ਤੋਂ ਵੇਖਿਆ ਜਾ ਸਕਦਾ ਹੈ, ਭਾਵੇਂ ਜਨਰਲ ਡਾਇਰ ਨੂੰ ਸਨਮਾਨਿਤ ਕਰਨਾ ਹੋਵੇ, ਭਾਵੇਂ ਰਾਮ ਰਹੀਮ ਨੂੰ ਮੁਆਫੀ ਦੇਣੀ।
ਧਰਮ ਸਥਾਨਾਂ ਤੋਂ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਮੋਰਚੇ ਲਗਦੇ ਹਨ ਤੇ ਇਸ ਦੇ ਬੰਦੋਬਤਸ ਵਿੱਚ ਬਹੁਤ ਸਾਰਾ ਗੁਰੂ ਘਰ ਦਾ ਧਨ ਖਰਚ ਹੁੰਦਾ ਹੈ, ਕੌਮ ਦੀਆਂ ਭਾਵਨਾਵਾਂ ਵੀ ਉਭਾਰਿਆਂ ਜਾਂਦੀਆਂ ਹਨ ਪਰ ਕੁਰਸੀ ਮਿਲਣ ਉਪਰੰਤ ਉਹਨਾਂ ਸਮੱਸਿਆ ਦੇ ਹੱਲ ਲਈ ਕੋਈ ਗੰਭੀਰ ਯਤਨ ਤਾਂ ਕੀ ਹੋਣਾ ਸੀ, ਜਿਹਨਾਂ ਪਰਿਵਾਰਾਂ ਨੂੰ ਉਸ ਸੰਘਰਸ਼ ਵਿੱਚ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ ਨੂੰ ਵੀ ਕਿਸੇ ਨੇ ਨਹੀਂ ਪੁੱਛਿਆ।
ਮਿਸਲਾਂ ਦੇ ਸਰਦਾਰ ਆਪਸੀ ਰਾਜਨੈਤਿਕ ਵਖਰੇਵੇਂ ਤੋਂ ਬਾਅਦ ਵੀ, ਇਕੱਠੇ ਹੋ ਕੇ ਬੈਠਦੇ ਤੇ ਪੰਥ ਲਈ ਕੰਮ ਕਰਦੇ ਸਨ, ਪਰ ਅੱਜ ਸਥਿਤੀ ਇਸਤੋਂ ਬਿਲਕੁਲ ਉਲਟ ਹੈ ਗੁਰੂਘਰ ਵਿੱਚ ਮਾਣ—ਸਤਿਕਾਰ ਵੀ, ਉਸਨੂੰ ਹੀ ਮਿਲੇਗਾ ਜਿਸਦਾ ਧੜਾ ਗੁਰਦੁਆਰਾ ਪ੍ਰਬੰਧ ਵਿੱਚ ਹੋਵੇ ਜਾਂ ਪ੍ਰਬੰਧਕਾਂ ਨੂੰ ਉਸ ਵਿਅਕਤੀ ਵਿਸ਼ੇਸ਼ ਦੀ ਲੋੜ ਹੋਵੇ।
ਪੰਜਾਬ ਦੀਆਂ ਜਿਨਾਂ ਸਮੱਸਿਆਵਾਂ ਨੂੰ ਲੈ ਕੇ 70 ਸਾਲ ਤੋਂ ਵਧ ਸੰਘਰਸ਼ ਹੋਇਆ ਉਹ ਸਮੱਸਿਆਵਾਂ ਅੱਜ ਵੀ ਉਥੇ ਹੀ ਹਨ, ਇਕ ਨਵੀਂ ਸਮੱਸਿਆ ਹੈ, ਪੰਜਾਬ ਵਿੱਚ ਅਪਰਾਧੀਕਰਨ ਤੇ ਨਸ਼ਿਆਂ ਦਾ ਵਧ ਜਾਣਾ ਤੇ ਨੌਜਵਾਨ ਪੀੜ੍ਹੀ ਦੇਸ਼ ਛੱਡ ਕੇ ਬਾਹਰ ਜਾ ਰਹੀ ਹੈ।
ਐਸੀ ਕੋਈ ਸਮੱਸਿਆ ਨਹੀਂ ਜਿਸਦਾ ਹੱਲ ਨਾ ਹੋਵੇ ਪਰ ਅਸੀਂ ਗੁਰਦੁਆਰਾ ਪ੍ਰਬੰਧ ਵਿੱਚ ਰਾਜਨੀਤੀ ਵਾੜ ਕੇ ‘ਨਾ ਖੁਦਾ ਹੀ ਮਿਲਾ ਨ ਵਿਸਾਲ—ਏ—ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ* ਵਾਲੀ ਸਥਿਤੀ ਪੈਦਾ ਕੀਤੀ ਹੋਈ ਹੈ। ਰਾਜਨੀਤਿਕ ਬੰਦੇ ਦਾ ਧਰਮੀ ਹੋਣਾ ਬਹੁਤ ਚੰਗਾ ਹੈ ਪਰ ਧਰਮ ਵਿੱਚ ਦਖਲਅੰਦਾਜੀ ਕਰਨੀ ਖਾਸ ਕਰਕੇ, ਉਦੋਂ ਜਦੋਂ ਫਲਸਫੇ ਤੇ ਇਤਿਹਾਸ ਦਾ ਗਿਆਨ ਨਾ ਹੋਵੇ, ਘਾਟੇ ਦਾ ਸੌਦਾ ਹੀ ਰਿਹਾ ਹੈ। ਇਹ ‘ਸਭੈ ਸਾਂਝੀ ਵਾਲ ਸਦਾਏ, ਕੋਈ ਨਾ ਦਿਸੈ ਬਾਹਰਾ ਜਿਉ* ਦਾ ਧਰਮ ਹੈ, ਜਿੱਥੇ ਸਭ ਨੂੰ ਪਿਆਰ ਤੇ ਸਤਿਕਾਰ ਮਿਲਣਾ ਚਾਹੀਦਾ ਹੈ, ਨਫਰਤ ਨਾਲ ਤਾਂ ਕਿਸੇ ਨੂੰ ਜੋੜ ਨਹੀ ਕੇਵਲ ਤੋੜ ਸਕਦੇ ਹਾਂ।
ਜਦੋਂ ਸਿੱਖ ਧਰਮ ਗੁਰਮਤਿ ਅਨੁਸਾਰ ਅੱਗੇ ਵਧੇਗਾ ਤਾਂ ਗੁਰੂ ਪਾਤਿਸ਼ਾਹ ਦੀ ਬਖ਼ਸ਼ਿਸ ਰਹੇਗੀ ‘ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈਂ ਸਾਰਾ* ਪਰ ਸਥਿਤੀ ਇਸ ਦੇ ਉਲਟ ਵਿਪਰਨ ਦੀ ਰੀਤ ਵਾਲੀ ਲਗਦੀ ਹੈ। 19ਵੀਂ ਸਦੀ ਦੇ ਮੱਧ ਤੇ 20ਵੀਂ ਸਦੀ ਦੀ ਸਿੱਖ ਸਿਆਸਤ ਕੇਵਲ ਸਾਜਿਸ਼ਾਂ ਤੇ ਗੱਦਾਰਾਂ ਦੇ ਹੱਥ ਵਿੱਚ ਰਹੀ ਹੈ, ਜਿਸ ਕਾਰਨ ਕੌਮੀ ਬੇਇੰਸਾਫੀਆਂ ਦੇ ਪੀੜਿਤ ਪਰਿਵਾਰ ਅੱਜ ਤੱਕ ਇੰਸਾਫ ਲਈ ਟੱਕਰਾਂ ਮਾਰ ਰਹੇ ਹਨ। ਭਾਵੇਂ 1984 ਦੀ ਕਤਲੋਗਾਰਤ ਪੀੜਿਤ ਹੋਣ, ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ ਜਾਂ ਝੂਠੇ ਮੁਕੱਦਮਿਆਂ ਵਿੱਚ ਕੈਦ ਕੀਤੇ ਨੌਜਵਾਨ ਤੇ ਧਰਮੀ ਫੌਜੀ ਇਹਨਾਂ ਸਾਜਸ਼ੀਆਂ ਦਾ ਇੱਕ ਕੰਮ ਕਰਨ ਦਾ ਢੰਗ ਹੋਰ ਵੀ ਰਿਹਾ ਹੈ ਕਿ ਸਮੱਸਿਆ ਖੜੀ ਕਰੋ, ਸੰਗਤ ਦੀਆਂ ਭਾਵਨਾਵਾਂ ਭੜਕਾਉ ਤੇ ਉਸ ਦੇ ਹੱਲ ਵੱਲ ਕੋਈ ਕਦਮ ਨਾ ਚੁੱਕੋ। ਉਹ ਮਸਲਾ ਭਾਵੇਂ ਹਰ ਕੀ ਪੈੜੀ ਦਾ ਹੋਵੇ ਜਾਂ ਮੰਗੂ ਮਠ ਦਾ, ਭਾਵੇਂ ਗੁਰਦੁਆਰਾ ਡਾਂਗਮਾਰ ਦਾ। ਬਿਆਨਬਾਜੀ ਕਰ ਦੂਜਿਆਂ ਨੂੰ ਬਦਨਾਮ ਕਰਨ ਤੋਂ ਇਲਾਵਾ ਕਦੇ ਸਮੱਸਿਆਵਾਂ ਦੇ ਹੱਲ ਲਈ ਪਹਿਲਕਦਮੀ ਨਜ਼ਰ ਨਹੀਂ ਆਈ।
ਆਓ ਗੁਰਮਤਿ ਨਾਲ ਜੁੜੀਏ ਤੇ ਆਪਣੇ ਪਰਾਏ ਨੂੰ ਪਹਿਚਾਣੀਏ। ਇਸ ਤਰਾਂ ਪੰਜਾਬ ਤੇ ਸਿੱਖਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਬੇਇੰਸਾਫੀ ਹੁੰਦੀ ਰਹੀ ਹੈ। ਮੁੱਢਲਾ ਕਾਰਣ ਕੁਰਸੀ ਦੀ ਦੌੜ ਲਈ ਧਾਰਮਿਕ ਮਸਲੇ ਖੜੇ ਕਰਨਾ, ਆਮ ਮਸਲੇ ਨੂੰ ਵੀ ਧਾਰਮਿਕ ਬਣਾ ਲੈਣਾ ਰਿਹਾ ਹੈ। ਜਦੋਂ ਕੁਰਸੀ ਪ੍ਰਾਪਤ ਹੋ ਜਾਵੇ ਤਾਂ, ਉਹਨਾਂ ਮਸਲਿਆਂ ਨੂੰ ਭੁੱਲ ਜਾਣਾ ਤੇ ਅਗਲੇ ਮੌਕੇ ਲਈ ਜਿੰਦਾ ਰੱਖਣਾ, ਇੱਕ ਬਹੁਤ ਵੱਡੀ ਸਾਜਿਸ਼ ਤੇ ਗੱਦਾਰੀ ਮੰਨੀ ਜਾ ਸਕਦੀ ਹੈ। ਪਰ ਭੋਲਾ ਪੰਜਾਬੀ ਇਸ ਬੇਇੰਸਾਫੀ ਦਾ ਸ਼ਿਕਾਰ ਹੋਇਆ ਲਾਲਚੀ, ਰਾਜਨੈਤਿਕ ਆਗੂਆਂ ਦੇ ਹੱਥ ਵਿੱਚ ਖੇਡਦਾ ਨੁਕਸਾਨ ਕਰਾਈ ਜਾ ਰਿਹਾ ਹੈ। ਇਸ ਨੁਕਸਾਨ ਤੇ ਬੇਇੰਸਾਫੀ ਨਾਲ ਬਿਮਾਰ ਹੋਇਆ ਨੌਜਵਾਨ ਨਸ਼ਿਆਂ ਤੇ ਨਿਰਾਸਤਾ ਵਿੱਚ ਜਾ ਕੇ ਸੰਸਾਰ ਦਾ ਦੇਸ਼ ਛੱਡ ਰਿਹਾ ਹੈ ਤੇ ਕੁਝ ਨੌਜਵਾਨ ਬਾਗੀ ਹੋ ਬਿਨਾ ਵਿਚਾਰੇ ਆਪਣੇ ਦੋਸਤਾਂ ਨੂੰ ਵੀ ਦੁਸ਼ਮਣ ਮੰਨ ਹਰ ਇੱਕ ਨਾਲ ਲੜਨ ਲੱਗੇ ਹੋਏ ਫਿਰਦੇ ਹਨ। ਸੱਚ ਜਾਨਣਾ ਉਸ ਨੂੰ ਅਪਨਾਉਣਾ ਤੇ ਉਸ ਦੇ ਮਾਰਗ ਤੇ ਚਲਣਾ ਬਹੁਤ ਜਰੂਰੀ ਹੈ। ਮਾਨਸਿਕ ਰੂਪ ਵਿੱਚ ਉਤੇਜਿਤ ਹੋਈ ਕੌਮ ਨੂੰ ਪਹਿਲਾਂ ਆਪਣੇ ਦੋਸਤਾਂ ਗੱਦਾਰਾਂ ਤੇ ਸਾਜਸ਼ੀਆਂ ਬਾਰੇ ਸਭੈ ਪੜਚੋਲ ਕਰ ਲੈਣੀ ਚਾਹੀਦੀ ਹੈ, ਫਿਰ ਪੰਜਾਬ ਤੇ ਭਾਰਤ ਤੇ ਦੁਨੀਆ ਵਿੱਚ ਧਰਮ ਦੀ ਸਥਿਤੀ ਆਪਣੇ ਆਪ ਮਜ਼ਬੂਤ ਹੋ ਜਾਵੇਗੀ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ, ਈਮੇਲ: Iqbalsingh_73@yahoo.co.in)
test