ਐੱਸਐੱਸ ਵਧਾਵਨ (ਸੇਵਾ ਮੁਕਤ ਆਈਐੱਫਸੀ)
ਗਿਰਝਾਂ ਨੂੰ ਦੇਖ ਕੇ ਬਚਪਨ ਦੀਆਂ ਇਨ੍ਹਾਂ ਪੰਛੀਆਂ ਬਾਰੇ ਕੁਝ ਉਹ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਜਦੋਂ ਮੁਰਦਾ ਪਸ਼ੂ ਖਾਣ ਤੋਂ ਬਾਅਦ ਆਕਾਸ਼ ਦੇ ਚੱਕਰ ਲਾਉਂਦੇ ਅੱਖਾਂ ਤੋਂ ਓਹਲੇ ਹੋ ਜਾਣ ਤੱਕ ਉੱਚੀਆਂ ਉੱਡਦੀਆਂ ਗਿਰਝਾਂ ਨੂੰ ਦੇਖਣਾ ਇਕ ਆਮ ਗੱਲ ਹੁੰਦੀ ਸੀ। ਕੁਝ ਸਾਥੀ ਬੱਚੇ ਤਾਂ ਇਹ ਵੀ ਕਿਹਾ ਕਰਦੇ ਸਨ ਕਿ ਖਾਧਾ ਮਾਸ ਪਚਾਉਣ ਲਈ ਗਿਰਝਾਂ ਦਾ ਇਹ ਇਕ ਤਰੀਕਾ ਹੈ। ਉਨ੍ਹਾਂ ਦਾ ਪੌਰਾਣਕ ਕਥਾਵਾਂ ਵਿਚ ਵੀ ਵਰਣਨ ਮਿਲਦਾ ਹੈ। ਰਾਮਾਇਣ ਵਿਚ ਗਿਰਝਾਂ ਨੂੰ ਜਟਾਊ ਕਿਹਾ ਗਿਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਪੰਛੀ ਨੇ ਸੀਤਾ ਮਾਤਾ ਨੂੰ ਰਾਵਣ ਤੋਂ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ।
ਜੀਵ ਵਿਗਆਨੀ ਵੀ ਇਨ੍ਹਾਂ ਨੂੰ ਐਸੇ ਨਿਸ਼ਕਾਮ ਯੋਧੇ ਮੰਨਦੇ ਹਨ ਜੋ ਮਰੇ ਹੋਏ ਪਸ਼ੂਆਂ ਦੀਆਂ ਸੜੀਆਂ ਲਾਸ਼ਾਂ ਨੂੰ ਖਾ ਕੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਗਿਰਝਾਂ ਤੋ ਇਲਾਵਾ ਇੱਲਾਂ ਵੀ ਮਰੇ ਜਾਨਵਰਾਂ ਦਾ ਮਾਸ ਖਾਂਦੀਆਂ ਹਨ। ਉਹ ਮਰੇ ਹੋਏ ਜਾਨਵਰਾਂ ਦੇ ਮਾਸ ਨੂੰ ਖਾ ਕੇ ਜ਼ਿੰਦਾ ਰਹਿਣ ਵਾਲੇ ਪੰਛੀਆਂ ਵਿਚ ਸਭ ਤੋਂ ਉੱਪਰ ਇਸ ਕਾਰਨ ਹਨ ਕਿ ਉਹ ਇੱਲਾਂ ਵਾਂਗਰ ਪੰਛੀਆਂ ਦਾ ਸ਼ਿਕਾਰ ਕਰਨ ਦੀ ਸਮਰੱਥ ਨਾ ਹੋਣ ਕਾਰਨ ਮਰੇ ਜਾਨਵਰਾਂ ਨੂੰ ਖਾ ਕੇ ਹੀ ਜਿਊਂਦੀਆਂ ਰਹਿੰਦੀਆਂ ਹਨ। ਈਕੋ ਸਿਸਟਮ ਵਿਚ ਮਰੇ ਜਾਨਵਰਾਂ ਦਾ ਮਾਸ ਖਾਣ ਵਾਲੇ ਜਾਨਵਰਾਂ ਦੀ ਸੰਖਿਆ ’ਚ ਸੰਤੁਲਨ ਬਣਾਏ ਰੱਖਣ ਵਿਚ ਇਨ੍ਹਾਂ ਦਾ ਬਹੁਤ ਬੜਾ ਯੋਗਦਾਨ ਹੈ। ਗਿਰਝਾਂ ਦੀ ਗਿਣਤੀ ਘਟਣ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਵਧਣ ਨਾਲ ਉਨ੍ਹਾਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਬੇਤਹਾਸ਼ਾ ਵਧ ਜਾਂਦੀਆਂ ਹਨ ਅਤੇ ਉਸ ਤਰ੍ਹਾਂ ਨਾਲ ਹੀ ਲੋਕਾਂ ਦਾ ਅਵਾਰਾ ਕੁੱਤਿਆਂ ਉੱਤੇ ਅੱਤਿਆਚਾਰ ਵੀ ਵਧਦਾ ਹੈ। ਭਾਰਤ ਵਿਚ ਗਿਰਝਾਂ ਦੀਆਂ ਨੌਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਸਫੇਦ ਪਿੱਠ ਵਾਲੀ ਗਿਰਝ, ਪਤਲੀ ਚੁੰਝ ਵਾਲੀ ਗਿਰਝ ਅਤੇ ਲੰਬੀ ਚੁੰਝ ਵਾਲੀ ਗਿਰਝ ਦੀਆਂ ਤਿੰਨ ਪ੍ਰਜਾਤੀਆਂ ਦੀ ਗਿਣਤੀ 2005 ਤੱਕ 95% ਤੱਕ ਘਟ ਗਈ ਸੀ।
ਇਸ ਤੋਂ ਪਹਿਲਾਂ ਕਿ ਗਿਰਝਾਂ ਦੀ ਗਿਣਤੀ ਘਟਣ ਦੇ ਕਾਰਨਾਂ ਬਾਰੇ ਚਰਚਾ ਕੀਤੀ ਜਾਵੇ, ਇਨਸਾਨੀ ਜੀਵਨ ’ਚ ਇਨ੍ਹਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਮਹੱਤਵ ਬਾਰੇ ਦੱਸ ਕੇ ਸਭਨਾਂ ਨੂੰ ਸੁਚੇਤ ਕਰਨਾ ਜ਼ਰੂਰੀ ਹੈ ਤਾਂ ਕਿ ਜਾਣੇ-ਅਣਜਾਣੇ ਸਾਡੀਆਂ ਹਰਕਤਾਂ ਨਾਲ ਗਿਰਝਾਂ ਨੂੰ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕੇ। ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਅਤੇ ਅਫ਼ਰੀਕਾ ਵਿਚ ਮਰੇ ਪਸ਼ੂਆਂ ਦੇ ਸਰੀਰਾਂ ਦੇ ਅੰਤਿਮ ਨਿਪਟਾਰੇ ਦਾ ਸਾਧਨ ਇਹ ਗਿਰਝਾਂ ਹੀ ਹਨ।
ਪਾਰਸੀ ਲੋਕਾਂ ਦੇ ਸਰੀਰਾਂ ਦੇ ਅੰਤਿਮ ਨਿਪਟਾਰੇ ਦੇ ਕੰਮ ਵਿਚ ਤਾਂ ਗਿਰਝਾਂ ਦੀ ਭੂਮਿਕਾ ਇਕ ਬਹੁਤ ਅਹਿਮ ਹੈ। ਪਾਰਸੀ ਸਮਾਜ ਦੇ ਲੋਕ ਮੁਰਦਾ ਸਰੀਰਾਂ ਨੂੰ ਅੰਤਿਮ ਰੀਤੀ-ਰਿਵਾਜਾਂ ਤੋਂ ਬਾਅਦ ਉੱਚੀ ਜਗ੍ਹਾ ਬਣਾਈ ਇਕ ਬਿਲਡਿੰਗ ਵਿਚ ਰੱਖ ਦਿੰਦੇ ਹਨ ਜਿਸ ਨੂੰ “ਦਖਣਾ” ਕਿਹਾ ਜਾਂਦਾ ਹੈ। ਦਖਣੇ ਵਿਚ ਰੱਖੀ ਲਾਸ਼ ਨੂੰ ਗਿਰਝਾਂ ਕੁਝ ਘੰਟਿਆਂ ਵਿਚ ਹੱਡੀਆਂ ਦੇ ਢਾਂਚੇ ਵਿਚ ਬਦਲ ਦਿੰਦੀਆਂ ਹਨ।
ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗਿਰਝਾਂ ਬਹੁਤ ਘਟੀ ਹੋਈ ਸੰਖਿਆ ਵਿਚ ਨੇ ਜਿਸ ਕਾਰਨ ਪਾਰਸੀਆਂ ਨੂੰ ਆਪਣੇ ਸਮਾਜ ਦੇ ਲੋਕਾਂ ਦੇ ਸਸਕਾਰ ਦੇ ਤਰੀਕੇ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਪਾਰਸੀ ਸਮਾਜ ਨੇ ਮੁਰਦਾ ਸਰੀਰ ਦੇ ਕਿਰਿਆ-ਕਰਮ ਦੇ ਦੂਸਰੇ ਸਮਾਜਾਂ ਦੇ ਰੀਤੀ-ਰਿਵਾਜਾਂ ਨੂੰ ਆਪਣੀ ਸੁਵਿਧਾ ਅਨੁਸਾਰ ਅਪਣਾ ਲਿਆ ਹੈ ਤਾਂ ਕਿ ਇਨਸਾਨੀ ਸਰੀਰ ਦੀ ਬੇਵਜ੍ਹਾ ਬੇਅਦਬੀ ਨਾ ਹੋਵੇ। ਭਾਰਤ ਵਿਚ ਗਿਰਝਾਂ ਦੀਆਂ ਨੌਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ’ਚੋਂ ਸਫੇਦ ਪਿੱਠ ਵਾਲੀ ਗਿਰਝ, ਪਤਲੀ ਚੁੰਝ ਵਾਲੀ ਗਿਰਝ ਅਤੇ ਲੰਬੀ ਚੁੰਝ ਵਾਲੀ ਗਿਰਝ ਦੀਆਂ ਤਿੰਨ ਪ੍ਰਜਾਤੀਆਂ ਦੀਆਂ ਗ਼ੈਰ-ਕੁਦਰਤੀ ਮੌਤਾਂ ਕਾਰਨ ਇਨ੍ਹਾਂ ਦੀ ਸੰਖਿਆ 2005 ਤੱਕ 95%ਤੱਕ ਘਟ ਗਈ ਸੀ। ਗਿਰਝਾਂ ਦੀ ਗਿਣਤੀ ’ਚ ਸਭ ਤੋਂ ਵੱਧ ਗਿਰਾਵਟ ਨੇਪਾਲ, ਦੱਖਣੀ ਏਸ਼ੀਆ, ਪਾਕਿਸਤਾਨ ਅਤੇ ਭਾਰਤ ਵਿਚ ਪਾਈ ਗਈ। ਅੰਤਰਰਾਸ਼ਟਰੀ ਸੰਸਥਾ ਆਈਯੂਸੀਐੱਨ ਨੇ ਉੱਪਰ ਵਰਣਨ ਕੀਤੀਆਂ ਤਿੰਨ ਪ੍ਰਜਾਤੀਆਂ ਨੂੰ ਗੰਭੀਰ ਸੰਕਟਮਈ ਦੌਰ ਵਿੱਚੋਂ ਗੁਜ਼ਰ ਰਹੇ ਪੰਛੀਆਂ ਦੀ ਸ਼੍ਰੇਣੀ ਵਿਚ ਰੱਖ ਕੇ ਪੂਰੇ ਵਿਸ਼ਵ ਦੀਆਂ ਸਰਕਾਰਾਂ ਨੂੰ ਇਨ੍ਹਾਂ ਪੰਛੀਆਂ ਦੀ ਗਿਣਤੀ ਘਟਣ ਦੇ ਕਾਰਨਾਂ ਦੀ ਪੜਤਾਲ ਕਰ ਕੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ।
ਜੀਵ ਵਿਗਿਆਨੀਆਂ ਦੀ ਜਾਂਚ ਤੋਂ ਪਤਾ ਲੱਗਾ ਕਿ ਪਸ਼ੂਆਂ ਦੀ ਦਵਾਈ ਡਾਈਕਲੋਫਿਨ ਗਿਰਝਾਂ ਦੀ ਮੌਤ ਦੀ ਮੁੱਖ ਵਜ੍ਹਾ ਹੈ। ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਵਿਚ ਇਹ ਦਵਾਈ ਜਿੰਨੀ ਕਾਰਗਰ ਸਾਬਿਤ ਹੋਈ, ਗਿਰਝਾਂ ਲਈ ਓਨੀ ਹੀ ਖ਼ਤਰਨਾਕ ਹੈ।
ਗਿਰਝਾਂ ਦੇ ਸਰੀਰ ਵਿਚ ਜਾ ਕੇ ਇਸ ਦਵਾਈ ਨੇ ਉਨ੍ਹਾਂ ਦੀ ਕਿਡਨੀ ਨੂੰ ਖ਼ਰਾਬ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਗ਼ੈਰ ਕੁਦਰਤੀ ਮੌਤਾਂ ਨਾਲ ਕੁਦਰਤੀ ਤਾਣੇ-ਬਾਣੇ ਉੱਤੇ ਵਿਸ਼ਵ ਵਿਆਪੀ ਸੰਕਟ ਪੈਦਾ ਹੋ ਗਿਆ। ਗਿਰਝਾਂ ਦੀਆਂ ਗ਼ੈਰ-ਕੁਦਰਤੀ ਮੌਤਾਂ ਲਈ ਕਈ ਕਿਸਮ ਦੇ ਹੋਰ ਕੀਟਨਾਸ਼ਕ ਵੀ ਇਕ ਵਜ੍ਹਾ ਹਨ ਜਿਨ੍ਹਾਂ ਦਾ ਇਨਸਾਨਾਂ ਵੱਲੋਂ ਉਪਯੋਗ ਕੀਤਾ ਜਾਂਦਾ ਹੈ। ਵਿਕਾਸ ਦੇ ਕੰਮਾਂ ਲਈ ਜੰਗਲ ਸਾਫ਼ ਹੋਣ ਨਾਲ ਇਨ੍ਹਾਂ ਦੀਆਂ ਰਿਹਾਇਸ਼ਗਾਹਾਂ ਪ੍ਰਭਾਵਿਤ ਹੋਣ ਨਾਲ ਅਤੇ ਖਾਣੇ ਵਿਚ ਕਮੀ ਹੋਣ ਨਾਲ ਇਨ੍ਹਾਂ ਦੀ ਗਿਣਤੀ ਵਧਣ ਵਿਚ ਕਮੀ ਆਉਣ ਲੱਗ ਪਈ। ਕੁਝ ਮਾਮਲਿਆਂ ਵਿਚ ਇਹ ਵੀ ਪਾਇਆ ਗਿਆ ਕਿ ਅੰਧ-ਵਿਸ਼ਵਾਸ ਕਾਰਨ ਇਨ੍ਹਾਂ ਦਾ ਸ਼ਿਕਾਰ ਵੀ ਇਨ੍ਹਾਂ ਦੀ ਸੰਖਿਆ ਘਟਣ ਦਾ ਇਕ ਕਾਰਨ ਬਣਿਆ। ਗਿਰਝਾਂ ਦੀ ਮੌਤ ਦੇ ਕਾਰਨਾਂ ਦੀ ਗੁਆਂਢੀ ਮੁਲਕ ਨੇਪਾਲ ਵਿਚ ਫਰਵਰੀ 2004 ’ਚ ਕਾਠਮੰਡੂ ਅਤੇ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ’ਚ ਵਿਸ਼ੇ ਦੇ ਮਾਹਿਰ ਲੋਕਾਂ ਦੀਆਂ ਬੈਠਕਾਂ ਕਰਨ ਤੋਂ ਬਾਅਦ ਅਪ੍ਰੈਲ 2004 ਵਿਚ ਦਿੱਲੀ ਵਿਖੇ ਗਿਰਝਾਂ ਦੀਆਂ ਤਿੰਨ ਪ੍ਰਜਾਤੀਆਂ ਨੂੰ ਬਚਾਉਣ ਲਈ ਐਕਸ਼ਨ ਪਲੈਨ ਤਿਆਰ ਕਰਨ ਲਈ ਬੈਠਕ ਕੀਤੀ ਗਈ ਸੀ।
ਇਸ ਬੈਠਕ ’ਚ ਪੂਰੇ ਮੁਲਕ ਦੇ ਚੀਫ ਵਾਈਲਡਲਾਈਫ ਵਾਰਡਨ, ਬੀਐੱਨਐੱਚਐੱਸ, ਡਰੱਗ ਕੰਟਰੋਲਰ ਆਫ ਇੰਡੀਆ ਅਤੇ ਪਸ਼ੂ ਪਾਲਣ ਅਤੇ ਕੈਮੀਕਲ ਫਰਟੀਲਾਈਜ਼ਰ ਮਹਿਕਮੇ ਦੇ ਪ੍ਰਤੀਨਿਧੀਆਂ ਨੇ ਬੈਠਕ ’ਚ ਭਾਗ ਲਿਆ। ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਮਾਰਚ 2005 ਨੂੰ ਬੁਲਾਈ ਗਈ ਨੈਸ਼ਨਲ ਵਾਈਲਡ ਲਾਈਫ ਬੋਰਡ ਦੀ ਦੂਸਰੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਡਾਈਕਲੋਫਿਨ ਦਵਾਈ ਨੂੰ 6 ਮਹੀਨੇ ਦੇ ਅੰਦਰ ਬੈਨ ਕਰ ਦਿੱਤਾ ਜਾਵੇ ਅਤੇ ਗਿਰਝਾਂ ਨੂੰ ਇਸ ਸੰਕਟਮਈ ਸਮੇਂ ਵਿੱਚੋਂ ਉਭਾਰਨ ਲਈ ਇਕ ਰਣਨੀਤੀ ਤਿਆਰ ਕੀਤੀ ਜਾਵੇ। ਇਨ੍ਹਾਂ ਫ਼ੈਸਲਿਆਂ ਅਨੁਸਾਰ ਵਾਤਾਵਰਨ ਤੇ ਵਣ ਮਹਿਕਮਾ ਭਾਰਤ ਸਰਕਾਰ ਵੱਲੋਂ 2006 ਵਿਚ ਗਿਰਝਾਂ ਦੀ ਘਟਦੀ ਸੰਖਿਆ ਨੂੰ ਵਧਾਉਣ ਲਈ ਨੈਸ਼ਨਲ ਐਕਸ਼ਨ ਪਲੈਨ ਤਿਆਰ ਕੀਤਾ। ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ ਭਾਰਤ ਸਰਕਾਰ ਵੱਲੋਂ 2008 ਵਿਚ ਡਾਈਕਲੋਫਿਨ ਦਵਾਈ ਦੇ ਵੇਚਣ ਉੱਤੇ ਰੋਕ ਲਾ ਦਿੱਤੀ ਗਈ। ਇਸ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਓਡੀਸ਼ਾ, ਹਰਿਆਣਾ ਅਤੇ ਪੱਛਮੀ ਬੰਗਾਲ ਵਿਚ 2009 ਵਿਚ ਗਿਰਝ ਪ੍ਰਜਣਨ ਕੇਂਦਰ ਸ਼ੁਰੂ ਕੀਤੇ ਗਏ।
ਸਾਲ 2023 ਵਿਚ ਕੀਟੋਪਰੇਫੇਨ ਤੇ ਐਸੀਕਲੋਫਿਨ ਨਾਮ ਦੀਆਂ ਦੋ ਹੋਰ ਦਵਾਈਆਂ ਦੀ ਵਿਕਰੀ ਉੱਤੇ ਵੀ ਰੋਕ ਲਾ ਦਿੱਤੀ ਗਈ। ਪ੍ਰਜਣਨ ਕੇਂਦਰਾਂ ਵਿਚ ਗਿਰਝਾਂ ਦੀ ਗਿਣਤੀ ਬਰਾਬਰ ਵਧ ਰਹੀ ਹੈ। ਇਸ ਸਾਲ ਫਰਵਰੀ ਵਿਚ ਜੰਗਲਾਤ ਮਹਿਕਮਾ ਅਲੀਪੁਰ ਦੁਆਰ ਪਿੱਛਮੀ ਬੰਗਾਲ ਵੱਲੋਂ ਗਿਰਝ ਪ੍ਰਜਣਨ ਕੇਂਦਰ ਵਿੱਚੋਂ 20 ਗਿਰਝਾਂ ਨੂੰ ਜੰਗਲ ਵਿਚ ਛੱਡਿਆ ਗਿਆ। ਗਿਰਝਾਂ ਦੀਆਂ ਤਿੰਨ ਪ੍ਰਜਾਤੀਆਂ ’ਤੇ ਆਏ ਸੰਕਟ ਨੂੰ ਫ਼ੌਰੀ ਤੌਰ ਉੱਤੇ ਦੂਰ ਕਰਨ ਵਿਚ ਮਾਹਿਰ ਕਾਮਯਾਬ ਹੁੰਦੇ ਪ੍ਰਤੀਤ ਹੋ ਰਹੇ ਹਨ ਪਰ ਗਿਰਝਾਂ ’ਤੇ ਸੰਕਟ ਉਦੋਂ ਤੱਕ ਬਰਕਰਾਰ ਰਹੇਗਾ ਜਦ ਤੱਕ ਉਨ੍ਹਾਂ ਦੀ ਸੰਖਿਆ ਇਕ ਮਹਿਫੂਜ਼ ਸੀਮਾ ਪਾਰ ਨਹੀਂ ਕਰ ਜਾਂਦੀ। ਗਿਰਝਾਂ ਦੇ ਸਾਡੇ ਸੱਭਿਆਚਾਰਕ, ਸਮਾਜਿਕ ਜੀਵਨ ਤੇ ਸਾਡੇ ਵਾਤਾਵਰਨ ਉੱਤੇ ਮਹੱਤਵ ਬਾਰੇ ਜਾਣਕਾਰੀ ਦੇਣ ਲਈ ਸਰਕਾਰਾਂ ਦੁਆਰਾ ਪ੍ਰਚਾਰ ਵੀ ਕਰਵਾਇਆ ਜਾ ਰਿਹਾ ਹੈ।
ਕੁਦਰਤ ਵੱਲੋਂ ਸਭ ਪ੍ਰਜਾਤੀਆਂ ਦੀ ਇਕ-ਦੂਜੇ ਦੇ ਸਹਾਰੇ ਜੀਵਨ ਬਤੀਤ ਕਰਨ ਦੇ ਸਿਧਾਂਤ ’ਤੇ ਸਿਰਜੇ ਇਸ ਕੁਦਰਤੀ ਤਾਣੇ-ਬਾਣੇ ’ਚ ਗਿਰਝ ਪੰਛੀ ਇਕ ਐਸੀ ਕੜੀ ਹੈ ਜਿਸ ਦੇ ਲੁਪਤ ਹੋਣ ਨਾਲ ਮਾਨਵ ਜਾਤੀ ਦੀ ਹੋਂਦ ’ਤੇ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਜੀਵ ਵਿਗਿਆਨੀ ਅਤੇ ਜੰਗਲਾਤ ਦੇ ਅਧਿਕਾਰੀਆਂ ਦੀ ਪੇਸ਼ੇਵਰ ਸੂਝਬੂਝ, ਲਗਨ ਤੇ ਹਿੰਮਤ ਸਦਕਾ ਇਹ ਸੰਕਟ ਟਲ ਤਾਂ ਗਿਆ ਹੈ ਪਰੂੰਤ ਇਸ ਨੂੰ ਖ਼ਤਮ ਕਰਨ ਲਈ ਗਿਰਝਾਂ ਪ੍ਰਤੀ ਪਿਆਰ ਦੇ ਭਾਵ ਦੀ ਲੋੜ ਹੈ। ਸਾਨੂੰ ਆਪਣੇ ਖਾਣ-ਪੀਣ, ਰਹਿਣ-ਸਹਿਣ ਅਤੇ ਸਮਾਜਿਕ ਵਰਤਾਅ ਨੂੰ ਇਸ ਤਰਾਂ ਢਾਲਣਾ ਚਾਹੀਦਾ ਕਿ ਸਾਡੀਆਂ ਨਵੀਆਂ-ਨਵੀਆਂ ਤਕਨੀਕਾਂ ਅਤੇ ਨਵੀਆਂ ਖੋਜਾਂ ਨਾਲ ਕੁਦਰਤ ਦੀ ਬਣਾਈ ਕਿਸੇ ਵੀ ਜੂਨ ਦੇ ਜੀਵਨ ਲਈ ਸੰਕਟ ਨਾ ਬਣਨ।
ਮੋਬਾਈਲ : 89876-59009
ਆਭਾਰ : https://www.punjabijagran.com/editorial/general-vultures-are-going-through-a-serious-crisis-9401953.html
test