01 ਅਕਤੂਬਰ, 2024 – ਗੁਰਦਾਸਪੁਰ : ਬਾਸਮਤੀ ਅਤੇ ਝੋਨੇ ਦਾ ਘੱਟ ਭਾਅ ਮਿਲਣ ’ਤੇ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਅੱਜ ਸ਼ਹਿਰ ਦੀਆਂ ਸੜਕਾਂ ਉੱਤੇ ਬਾਸਮਤੀ ਖ਼ਿਲਾਰ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਪਿੱਟ ਸਿਆਪਾ ਕੀਤਾ। ਕਿਸਾਨਾਂ ਵੱਲੋਂ ਸੰਘਰਸ਼ ਕਮੇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਖਾਨਪੁਰ, ਸੁਖਦੇਵ ਸਿੰਘ ਅੱਲੜਪਿੰਡੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਬਾਸਮਤੀ ਦਾ ਢੇਰ ਲਾ ਕੇ ਧਰਨਾ ਵੀ ਲਗਾਇਆ ਗਿਆ। ਇਸ ਮੌਕੇ ਕਿਸਾਨ ਬੀਬੀਆਂ ਵੱਲੋਂ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ।
ਕਿਸਾਨ ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਬਾਸਮਤੀ ਦੀ ਅੱਧੇ ਮੁੱਲ ਉੱਤੇ ਖਰੀਦ ਕਰਕੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀਆਂ ਫ਼ਸਲਾਂ ਦੀਆਂ ਕਿਸਮਾਂ 1692, 1509 ਅਤੇ 1847 ਦਾ ਭਾਅ 2000 ਤੋਂ ਲੈ ਕੇ 2300 ਰੁਪਏ ਹੀ ਮਿਲ ਰਿਹਾ ਹੈ ਜਦਕਿ ਕੁਝ ਕਿਸਾਨਾਂ ਦੀ ਫ਼ਸਲ 1800 ਰੁਪਏ ਤੱਕ ਵੀ ਵਿੱਕੀ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਸਾਲ ਇਸੇ ਫ਼ਸਲ ਦਾ ਭਾਅ 3500 ਤੋਂ 4000 ਰੁਪਏ ਪ੍ਰਤੀ ਕੁਇੰਟਲ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜੇਕਰ ਬਾਸਮਤੀ ਦਾ ਭਾਅ 3200 ਰੁਪਏ ਤੋਂ ਘਟੇਗਾ ਤਾਂ ਇਹ ਘਾਟਾ ਸਰਕਾਰ ਪੂਰਾ ਕਰੇਗੀ ਪਰ ਹੁਣ ਸਰਕਾਰ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਏਨੇ ਵੱਡੇ ਆਰਥਿਕ ਘਾਟੇ ਕਾਰਨ ਕਿਸਾਨ ਤੇ ਉਸ ਨਾਲ ਜੁੜੇ ਮਜ਼ਦੂਰ ਖੁਦਕਸ਼ੀਆਂ ਦੇ ਰਾਹ ਪੈ ਸਕਦਾ ਹੈ। ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਵੀ ਪੰਜਾਬ ਦੇ ਕਿਸਾਨਾਂ ਨਾਲ ਮਤਰੇਆ ਸਲੂਕ ਕਰ ਰਹੀ ਹੈ ਅਤੇ ਪੰਜਾਬ ਦੀ ਬਾਸਮਤੀ ਨੂੰ ਬਦਲੇ ਦੀ ਭਾਵਨਾ ਤਹਿਤ ਰੋਲਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਸੁਖਵਿੰਦਰ ਸਿੰਘ ਅੱਲੜਪਿੰਡੀ, ਸੁਖਜਿੰਦਰ ਸਿੰਘ ਗੋਤ, ਮਾਸਟਰ ਸੁਰਜੀਤ ਸਿੰਘ, ਸਤਨਾਮ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਕਿਸਾਨ ਦੀ ਕਿਰਤ ਦੀ ਅਜਿਹੀ ਲੁੱਟ ਨਾ ਕੀਤੀ ਜਾ ਸਕੇ ਇਸੇ ਕਰਕੇ ਅੱਜ ਦਿੱਲੀ ਅੰਦੋਲਨ ਵਿੱਚ ਫ਼ਸਲਾਂ ਦੀ ਖਰੀਦ ਤੈਅ ਐੱਮਐੱਸਪੀ ’ਤੇ ਕਰਨ ਦੀ ਗਾਰੰਟੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਲੁੱਟ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਮੁੱਖ ਸਿੰਘ, ਰਣਬੀਰ ਸਿੰਘ ਡੁੱਗਰੀ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾਨੰਗਲ, ਦਲੇਰ ਸਿੰਘ, ਵੱਸਣ ਸਿੰਘ, ਕੁਲਦੀਪ ਸਿੰਘ ਕਾਹਲੋਂ, ਬੀਬੀ ਮਨਜਿੰਦਰ ਕੌਰ, ਬੀਬੀ ਸੁਖਦੇਵ ਕੌਰ, ਬੀਬੀ ਅਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ।
Courtesy : Punjabi Tribune
test