ਕੋਈ ਨਾ ਕੋਈ ਯਾਰ ਬੇਲੀ ਟੱਕਰਦਾ, ਗੱਲਾਂ ਖੁੱਲ੍ਹਦੀਆਂ ਤਾਂ ਪਤਾ ਲੱਗਦਾ ਕਿ ਆਪਣਾ ਫਲਾਣਾ ਬੰਦਾ ਡਿਪਰੈਸ਼ਨ ’ਚ ਆ। ਫਲਾਣੇ ਦੀ ਦਵਾਈ ਚੱਲਦੀ ਆ। ਫਲਾਣਾ ਚਿੰਤਾ ’ਚ ਰਹਿੰਦਾ। ਅਖ਼ਬਾਰਾਂ ਵਿਚ ਛਪੇ ਇਸ਼ਤਿਹਾਰਾਂ ਵਿਚ ਡਿਪਰੈਸ਼ਨ ਦੇ ਇਲਾਜ ਦੱਸੇ ਮਿਲਦੇ ਨੇ। ਇੱਕੋ ਜਿਹੀ ਜ਼ਿੰਦਗੀ ਜਿਓਂਦਿਆਂ ਬੰਦਾ ਬੇਹਾ ਜਿਹਾ ਹੋ ਜਾਂਦਾ।
ਬੁਢਾਪਾ ਚਿਹਰੇ ’ਤੇ ਝਾਤੀਆਂ ਮਾਰਨ ਲੱਗ ਜਾਂਦਾ। ਉਮਰ ਤੀਹਾਂ ਦੀ ਹੁੰਦੀ ਹੈ ਪਰ ਬੰਦਾ ਲੱਗਦਾ ਪੰਤਾਲੀਆਂ ਦਾ ਹੈ। ਕਬੀਲਦਾਰੀ ਦੀਆਂ ਗੁੰਝਲਾਂ ਵਿਚ ਜ਼ਿੰਦਗੀ ਉਲਝ ਕੇ ਰਹਿ ਜਾਂਦੀ ਹੈ। ਸਕੂਨ ਦੇ ਪਲਾਂ ਤੋਂ ਮਨ ਮੁੜ ਜਿਹਾ ਜਾਂਦਾ ਹੈ। ਜ਼ਿੰਦਗੀ ਵਾਲੇ ਹਿਸਾਬ-ਕਿਤਾਬ ਅਤੇ ਗਿਣਤੀਆਂ ਮਿਣਤੀਆਂ ਮਨੁੱਖ ਨੂੰ ਸਦਾ ਹੀ ਸਾਵਧਾਨ ਰੱਖਣ ਲੱਗ ਜਾਂਦੀਆਂ ਹਨ। ਜਿਹੜੇ ਨੱਬੇ ਦੇ ਜੰਮੇ ਆ, ਉਨ੍ਹਾਂ ਨੇ ਨਵਾਂ ਅਤੇ ਪੁਰਾਣਾ ਪੰਜਾਬ ਲਗਪਗ ਦੋਹਾਂ ਦੇ ਰੰਗ ਦੇਖੇ ਨੇ
ਝਹੇਡਾਂ, ਮਖੌਲ, ਹਾਸਾ-ਠੱਠਾ ਹੁੰਦਾ, ਤਾਅਨੇ- ਮਿਹਣੇ ਵੱਜਦੇ। ਜ਼ਿੰਦਗੀ ਦਾ ਵਹਾਅ ਸ਼ਾਨਦਾਰ ਤਰੀਕੇ ਨਾਲ ਵਹਿੰਦਾ। ਬੰਦਾ ਗੱਲ ਦਾ ਮੋੜਵਾਂ ਜਵਾਬ ਦੇਣਾ ਸਿੱਖਦਾ, ਗੱਲ ਜਰਨੀ ਸਿੱਖਦਾ। ਏਸੇ ਤਰ੍ਹਾਂ ਵਿਆਹਾਂ ’ਚ ਲੱਡੂਆਂ ਦੇ ਕੜਾਹੇ ਦੇ ਵਿਚਾਲੇ ਪਾਣੀ ਦਾ ਜੱਗ ਧਰ ਕੇ ਕੜਾਹੇ ਦੁਆਲੇ ਮੰਜੇ ਡਾਹ ਕੇ ਲੱਡੂ ਵੱਟੇ ਜਾਂਦੇ। ਵਿਆਂਹਦੜ ਚੋਬਰ ਨੂੰ ਟਿੱਚਰਾਂ ਕੀਤੀਆਂ ਜਾਂਦੀਆਂ, “ ਕੰਜਰਦਿਆ, ਤਕੜਾ ਰਹੀਂ,ਦੇਖੀ ਕਿਤੇ…।’’ ਜਦੋਂ ਬੰਦੇ ਪਾਸੇ ਹੁੰਦੇ ਤਾਂ ਜਨਾਨੀਆਂ ਗਿੱਧਿਆਂ ’ਚ ਗੁੱਭ-ਗਲ੍ਹਾਟ ਕੱਢ ਲੈਂਦੀਆਂ। ਸੱਸਾਂ, ਜੇਠਾਂ ’ਤੇ ਬੋਲੀਆਂ ਪਾ ਕੇ ਮਨ ਹੌਲਾ ਹੋ ਜਾਂਦਾ। ਕੋਈ ਢਿੱਲਾ-ਮੱਠਾ ਹੁੰਦਾ ਤਾਂ ਸਾਰੇ ਪਤਾ ਲੈਣ ਆਉਂਦੇ। ਕੋਈ ਪੜਿ੍ਹਆ ਲਿਖਿਆ ਸਲਾਹ ਦਿੰਦਾ, ‘‘ਚੰਡੀਗੜ੍ਹ ਦਿਖਾਓ ਪੀਜੀਆਈ ’ਚ।’’ ਆਪੇ ਕਿਤੇ ਨਾ ਕਿਤੇ ਗੱਲ ਰਾਹ ਪੈ ਜਾਂਦੀ। ਕਿਸੇ ਘਰ ਜਵਾਨ ਮੌਤ ਹੋ ਜਾਂਦੀ ਤਾਂ ਸਾਰਾ ਸ਼ਰੀਕਾ ਵਾਰੀ ਨਾਲ ਉਨ੍ਹਾਂ ਦੇ ਘਰ ਗੇੜਾ ਰੱਖਦਾ, ਰਾਤ ਨੂੰ ਬਹਿੰਦਾ-ਪੈਂਦਾ। ਮਤਲਬ ਜਿੱਥੇ ਚਾਰ ਬੰਦੇ ਹੋਣਗੇ, ਓਥੇ ਗੱਲਾਂ ਛਿੜਦੀਆਂ, ਮਨ ਹੌਲੇ ਹੋ ਜਾਂਦੇ, ਗੱਲਾਂ ’ਚ ਮਸਲਿਆਂ ਦੇ ਹੱਲ ਹੁੰਦੇ। ਬੰਦਾ ਦੁੱਖ ਭੁੱਲ ਕੇ ਹਾਸਾ-ਮਖੌਲ ਕਰਦਾ। ਸਮਾਂ ਇੱਕੋ ਜਿਹਾ ਥੋੜ੍ਹੀ ਰਹਿੰਦਾ। ਬਦਲ ਗਈ ਦੁਨੀਆ ਅਤੇ ਇਹਦੇ ਤੌਰ-ਤਰੀਕੇ। ਤੇਜ਼ੀ ਨੇ ਸਕੂਨ ਦੇ ਪਲ ਨਿਗਲ ਲਏ।
ਮਨੁੱਖ ਦੀ ਐਸੀ ਵਾਟ ਲੱਗੀ ਕਿ ਹੁਣ ਤਕ ਤੁਰਿਆ ਹੀ ਆ ਰਿਹੈ। ਵਿਹਲ ਜਾਂ ਫੁਰਸਤ ਜ਼ਿੰਦਗੀ ’ਚੋਂ ਮਨਫ਼ੀ ਹੋ ਗਈ। ਤੇਜ਼ੀ ਨਾਲ ਦੌੜਦੇ ਮਨੁੱਖ ਨੂੰ ਬਿਮਾਰੀਆਂ ਵੀ ਓਨੀ ਤੇਜ਼ੀ ਨਾਲ ਹੀ ਚਿੰਬੜੀਆਂ ਅਤੇ ਚੈਨ ਖੰਭ ਲਾ ਕੇ ਉੱਡ ਗਿਆ। ਵਾਪਸੀ ਦਾ ਰਾਹ ਕਿਧਰੇ ਨਜ਼ਰ ਨਹੀਂ ਆਉਂਦਾ। ਓਸ ਦੌਰ ਦਾ ਮਨੁੱਖ ਹੁਣ ਫਿਰ ਨੱਬੇ ਦੇ ਦੌਰ ਵਿਚ ਪਰਤਣਾ ਚਾਹੁੰਦਾ ਹੈ ਪਰ ਲੰਘੇ ਸਮੇਂ ਕਦੇ ਵਾਪਸ ਨਹੀਂ ਪਰਤਦੇ। ਹਾਂ, ਉਸ ਸਮੇਂ ਦੀ ਦੋਸਤੀ ਵੀ ਪਰਤ ਸਕਦੀ ਹੈ ਅਤੇ ਦੋਸਤ ਵੀ।
ਨੈਸ਼ਨਲ ਕਾਲਜ ਭੀਖੀ ਵਿਚ ਪੜ੍ਹੇ ਯਾਰ ਅਣਮੁੱਲੇ ਤੀਜੀ ਵਾਰ ਗਰੀਨ ਹੋਟਲ ਭੀਖੀ ਵਿੱਚ ਜੁੜੇ। ਸਾਰਿਆਂ ਨੇ ਖ਼ੂਬ-ਮੌਜ-ਮਸਤੀ ਕੀਤੀ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਹਰਬੰਸ ਸਿੰਘ ਧਾਲੀਵਾਲ ਇੰਸਪੈਕਟਰ ਪੰਜਾਬ ਪੁਲਿਸ, ਤੇਜਿੰਦਰਪਾਲ ਸਿੰਘ ਬੀਡੀਪੀਓ ਭੀਖੀ, ਮਨਜੀਤ ਸਿੰਘ ਐਕਸਾਈਜ਼ ਇੰਸਪੈਕਟਰ ਮਾਨਸਾ, ਹਰਮੀਤ ਸਿੰਘ ਅਧਿਆਪਕ, ਭੀਮ ਸਿੰਘ ਅਧਿਆਪਕ ਅਤੇ ਮੈਂ ਗਣਿਤ ਅਧਿਆਪਕ 6 ਵਜੇ ਉੱਥੇ ਮਿਲਦੇ ਹਾਂ। ਚਾਰ ਦੋਸਤ ਰੁਝੇਵੇਂ ਕਾਰਨ ਆਉਣੋਂ ਖੁੰਝ ਜਾਂਦੇ ਹਨ। ਸਾਡੀ ਜ਼ਿੰਦਗੀ ਇਲ ਤੋਂ ਚਿੱਲ ਬਣ ਜਾਂਦੀ ਹੈ। ਪੰਤਾਲੀ ਦੀ ਉਮਰ ਅਠਾਰਵੇਂ ਵਿਚ ਪਰਤ ਜਾਂਦੀ ਹੈ। ਸਭ ਕੁਝ ਤਰੋਤਾਜ਼ਾ ਹੋ ਜਾਂਦਾ ਹੈ। ਕਾਲਜ ਦੀ ਜ਼ਿੰਦਗੀ ਦਾ ਪੂਰਾ ਵਰਕਾ ਖੁੱਲ੍ਹ ਜਾਂਦਾ ਹੈ। ਸਾਰੇ ਕਾਲਜ ਦੇ ਪ੍ਰੋਫੈਸਰ ਅਤੇ ਨਾਲ ਪੜ੍ਹਦੇ ਵਿਦਿਆਰਥੀ ਫੋਰੇ ਵਿਚ ਅੱਖਾਂ ਸਾਹਮਣਿਓਂ ਗੁਜ਼ਰਨ ਲੱਗਦੇ ਹਨ। ਕਾਲਜ ਦੇ ਆਨੰਦਮਈ ਪਲਾਂ ਵਿੱਚੋਂ ਲੰਘ ਕੇ ਸਕੂਨ ਦੇ ਬੂਹੇ ਦਸਤਕ ਦਿੱਤੀ ਜਾਂਦੀ ਹੈ। ਹਾਸੇ ਦੇ ਫੁਹਾਰੇ ਫੁੱਟਦੇ ਹਨ। ਉਹ ਬੋਲਿਆ ਜਾਂਦਾ ਜੋ ਦਿਲ ਵਿਚ ਹੁੰਦਾ। ਦਿਮਾਗ ਤਾਂ ਜਮਾ ਈ ਗ਼ੈਰਹਾਜ਼ਰ ਹੋ ਜਾਂਦਾ ਹੈ। ਸਭ ਖੁੱਲ੍ਹ ਜਾਂਦੇ ਹਨ। ਅਧਿਆਪਕਾਂ ਦੀਆਂ ਨਕਲਾਂ ਉਤਾਰੀਆਂ ਜਾਂਦੀਆਂ ਹਨ। ਨਾਲ ਪੜ੍ਹਦੇ ਹੋਰ ਵਿਦਿਆਰਥੀ ਯਾਦ ਕੀਤੇ ਜਾਂਦੇ ਹਨ। ਸਭ ਸੋਚਦੇ ਹਨ ਕਿ ਪੈਸਾ ਵੱਡਾ ਕਿ ਇਹ ਪਲ। ਇਹ ਪਲਾਂ ਦੀ ਕੋਈ ਕੀਮਤ ਥੋੜ੍ਹੀ ਹੈ ਤੇ ਨਾ ਹੀ ਕੋਈ ਖ਼ਰੀਦ ਸਕਦਾ ਹੈ ਇਨ੍ਹਾਂ ਨੂੰ।
ਕਬੀਲਦਾਰੀ ਦੇ ਲਪੇਟੇ ਅਤੇ ਝਮੇਲਿਆਂ ਨੇ ਜ਼ਿੰਦਗੀ ਜਕੜ ਰੱਖੀ ਸੀ। ਇਸ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਦੋਸਤੀ ਦਾ ਸੰਗ ਹੈ। ਦਿਲਦਾਰ ਬੰਦਿਆਂ ਵਿਚ ਬੈਠਣ ਦਾ ਫ਼ਾਇਦਾ ਇਹ ਹੁੰਦਾ ਕਿ ਦਿਲ ਸਲਾਹ ਸਹੀ ਦਿੰਦੇ ਹਨ। ਦਿਲ ਨੂੰ ਦਿਲ ਰਾਹ ਦਿੰਦਾ ਹੈ। ਦੋਸਤ ਡਾਕਟਰ ਬਣ ਜਾਂਦੇ ਹਨ ਅਤੇ ਬਿਮਾਰੀਆਂ ਮੁਸ਼ਕਲਾਂ ਦੀ ਮੱਲ੍ਹਮ। ਅਹੁਦੇ ਇਕ ਪਾਸੇ ਰਹਿ ਜਾਂਦੇ ਹਨ ਤੇ ਮੋਹ ਦੀਆਂ ਜੱਫੀਆਂ ਪੈਂਦੀਆਂ ਹਨ। ਮਸਤੀ ਵਿਚ ਤੁਸੀਂ ਦੀ ਥਾਂ ਤੂੰ-ਤੂੰ ਹੁੰਦੀ ਹੈ।
ਥਾਣੇਦਾਰ ਥਾਣੇ ’ਚ ਹੋਊ ਜਾਂ ਲੋਕਾਂ ਲਈ। ਸਾਡੇ ਲਈ ਹਰਬੰਸ ਬਾਬਾ, ਹਰਮੀਤ ਲੰਮਾ, ਤੇਜਿੰਦਰਪਾਲ ਪੱਪੀ ਆ। ਗੱਲਾਂ ਕਰਦਿਆਂ ਮੈਨੂੰ ਆਪਣੀ ਗੱਲ ਕਹਿਣ ਲਈ ਵਾਰ-ਵਾਰ ਹੈਲੋ ਕਹਿਣਾ ਪੈਂਦਾ। ਕਿਸੇ ਪਿੰਡ ਦੀ ਸੱਥ ਵਿਚ ਬੈਠਾ ਇਕ ਬੰਦਾ ਵੀ ਸਭ ਨੂੰ ਰੋਕ ਕੇ ਹੈਲੋ ਕਹਿੰਦਾ, ਉਹਦਾ ਨਾਂ ਸੱਥ ਵਾਲੇ ਨਾਜਰ ਕੁਰੱਪਟ ਰੱਖ ਲੈਂਦੇ ਹਨ। ਹੁਣ ਮੈਂ ਜਦ ਫਿਰ ਹੈਲੋ ਕਹਿੰਨਾ ਤਾਂ ਸਾਰੇ ਮੇਰੇ ਵੱਲ ਇੰਜ ਤੱਕਦੇ ਨੇ ਜਿਵੇਂ ਮੈਂ ਸੱਥ ਵਾਲਾ ਨਾਜਰ ਕੁਰੱਪਟ ਹੀ ਹੋਵਾਂ।
ਹੁਣ ਨਾ ਸਾਡੇ ’ਚੋਂ ਕੋਈ ਡਿਪਰੈਸ਼ਨ ਵਿਚ ਹੈ, ਨਾ ਹੀ ਚਿੰਤਾ ਵਿਚ। ਦੋਸਤੀ ਦਾ ਸਰੂਰ ਡਿਪਰੈਸ਼ਨ ਦੀ ਦਵਾਈ ਹੈ। ਮਹਿਫਲਾਂ ਅਤੇ ਯਾਰ-ਬੇਲੀ ਜ਼ਰੂਰੀ ਨੇ ਤਾਂ ਜੋ ਸ਼ੁਗਲ-ਮੇਲਾ ਹੁੰਦਾ ਰਹੇ। ਬਾਹਲੀ ਸਿਆਣਪ ਅਤੇ ਸਲੀਕੇ ਕਰਕੇ ਜ਼ਿੰਦਗੀ ਥੋੜ੍ਹੀ ਚੱਲਦੀ ਹੈ। ‘‘ਹੇ ਜ਼ਿੰਦਗੀ, ਚੱਲ ਆ ਬੈਠਦੇ ਆਂ ਦੋਸਤਾਂ ਸੰਗ। ਤੂੰ ਵੀ ਥੱਕ ਗਈ ਹੋਣੀ, ਮੈਨੂੰ ਭਜਾ-ਭਜਾ ਕੇ।’’
ਸੋ, ਦੋਸਤਾਂ ਨਾਲ ਜ਼ਿੰਦਗੀ ਚਿੱਲ ਹੁੰਦੀ ਹੈ ਇੱਲ ਨਹੀਂ। ਮਿੱਤਰ ਜੁੜਦੇ ਰਹਿਣ ਅਤੇ ਮਹਿਫਲਾਂ ਲੱਗਦੀਆਂ ਰਹਿਣ। ‘ਜ਼ਿੰਦਾਬਾਦ ਰਹਿਣ ਸਦਾ ਯਾਰੀਆਂ’ ਗੀਤ ਨਾਲ ਦੋਸਤ ਵਿਛੜਦੇ ਹਨ। ਸਭ ਜੱਫੀਆਂ ਪਾਉਂਦਿਆਂ ਇਹ ਕਹਿ ਕੇ ਆਪੋ-ਆਪਣੇ ਟਿਕਾਣਿਆਂ ਵੱਲ ਪਰਤੇ ਕਿ ਛੇਤੀ ਮਿਲਾਂਗੇ।
ਪਿਆਰਾ ਸਿੰਘ ਗੁਰਨੇ ਕਲਾਂ
-ਮੋਬਾਈਲ : 99156-21188
ਆਭਾਰ : https://www.punjabijagran.com/editorial/general-remember-that-the-cure-for-depression-is-in-places-in-words-9270661.html
test