ਸੁਖਚੈਨ ਸਿੰਘ ਕੁਰੜ
ਦਿਆਲ ਸਿੰਘ ਕਾਲਜ ਲਾਹੌਰ ਵਿੱਚੋਂ ਪਹਿਲਾਂ ਬੀ.ਏ. ਆਨਰਜ਼ ਅਤੇ ਫੇਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐੱਮ.ਏ. ਅੱਵਲ ਦਰਜੇ ’ਚ ਪਾਸ ਕੀਤੀ। ਅੱਗੇ ਉਚੇਰੀ ਵਿੱਦਿਆ ਵਲਾਇਤ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਦਿਆਲ ਸਿੰਘ ਕਾਲਜ ਵਿਚ ਹੀ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ।
ਪੰਜਾਬੀ ਰੰਗਮੰਚ ਦੀ ਗੱਲ ਤੁਰਦਿਆਂ ਹੀ ਈਸ਼ਵਰ ਚੰਦਰ ਨੰਦਾ ਦਾ ਨਾਂ ਸਾਡੇ ਖਿਆਲ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ । ਪੰਜਾਬੀ ਮਾਂ-ਬੋਲੀ ਦੇ ਇਸ ਮਾਣਮੱਤੇ ਸਾਹਿਤਕਾਰ ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਗਾਂਧੀਆਂ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਦੀਵਾਨ ਭਾਗ ਮੱਲ ਨੰਦਾ ਅਤੇ ਮਾਤਾ ਸ੍ਰੀਮਤੀ ਆਤਮਾ ਦੇਵੀ ਦੀ ਕੁੱਖੋਂ 30 ਸਤੰਬਰ 1892 ਨੂੰ ਹੋਇਆ।
ਬਚਪਨ ਵਿਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਗ਼ਰੀਬੀ ਦੇ ਦਿਨ ਵੀ ਹੰਢਾਏ ਪਰ ਫਿਰ ਵੀ ਆਪਣੇ ਮਨ ਵਿਚ ਪੜ੍ਹਨ ਦੇ ਜਨੂੰਨ ਨੂੰ ਖ਼ਤਮ ਨਹੀਂ ਹੋਣ ਦਿੱਤਾ। ਨੰਦਾ ਨੇ ਪ੍ਰਾਇਮਰੀ ਦੀ ਪ੍ਰੀਖਿਆ 1905 ’ਚ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਅਤੇ 1911 ’ਚ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ’ਚ ਵਜ਼ੀਫ਼ੇ ਸਹਿਤ ਪਾਸ ਕੀਤੀ ਸੀ।
ਦਿਆਲ ਸਿੰਘ ਕਾਲਜ ਲਾਹੌਰ ਵਿੱਚੋਂ ਪਹਿਲਾਂ ਬੀ.ਏ. ਆਨਰਜ਼ ਅਤੇ ਫੇਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐੱਮ.ਏ. ਅੱਵਲ ਦਰਜੇ ’ਚ ਪਾਸ ਕੀਤੀ। ਅੱਗੇ ਉਚੇਰੀ ਵਿੱਦਿਆ ਵਲਾਇਤ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਦਿਆਲ ਸਿੰਘ ਕਾਲਜ ਵਿਚ ਹੀ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ।
ਇਸ ਤੋਂ ਇਲਾਵਾ ਰੋਹਤਕ ਵਿਖੇ ਬਤੌਰ ਪ੍ਰਿੰਸੀਪਲ ਵੀ ਸੇਵਾ ਨਿਭਾਈ। ਨੰਦਾ ਨੂੰ ਬਚਪਨ ਤੋਂ ਹੀ ਰਾਮ-ਲੀਲ੍ਹਾ, ਰਾਸ-ਲੀਲ੍ਹਾ, ਲੋਕ-ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਦੇਖਣ ਦਾ ਬਹੁਤ ਸ਼ੌਕ ਸੀ। ਇਸੇ ਸ਼ੌਕ ਸਦਕਾ ਸਕੂਲ ਵਿਚ ਪੜ੍ਹਦਿਆਂ ਹੀ ਨਾਟਕਾਂ ਵਿਚ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਲਜ ਦੀ ਪੜ੍ਹਾਈ ਦੌਰਾਨ ਨੰਦਾ ਦਾ ਮਿਸਿਜ਼ ਨੌਰਾ ਰਿਚਰਡਜ਼ ਨਾਲ ਮੇਲ ਹੋਣਾ ਸੋਨੇ ’ਤੇ ਸੁਹਾਗਾ ਹੀ ਹੋ ਨਿੱਬੜਿਆ।
ਨੌਰਾ ਰਿਚਰਡਜ਼ ਜੋ ਦਿਆਲ ਸਿੰਘ ਕਾਲਜ, ਲਾਹੌਰ ਦੇ ਇਕ ਅੰਗਰੇਜ਼ ਪ੍ਰੋਫ਼ੈਸਰ ਦੀ ਪਤਨੀ ਸੀ। ਉਸ ਨੇ ਪੰਜਾਬ ਅੰਦਰ 1911 ਵਿਚ ਸਭ ਤੋਂ ਪਹਿਲੀ ਰੰਗਮੰਚ ਸਭਾ ‘ਸਰਸਵਤੀ ਸਟੇਜ ਸੁਸਾਇਟੀ’ ਸਥਾਪਿਤ ਕੀਤੀ ਸੀ। ਜਿਸ ਦਾ ਮੁੱਖ ਮਨੋਰਥ ਭਾਰਤੀ ਬੋਲੀਆਂ ਵਿਚ ਸਾਹਿਤਕ ਨਾਟਕ ਲਿਖਵਾਉਣਾ ਤੇ ਬੜੇ ਸਾਦੇ ਢੰਗ ਨਾਲ ਖੁੱਲ੍ਹੇ ਮੰਚ ਉੱਤੇ ਖਿਡਵਾਉਣਾ ਸੀ। 1911-12 ਵਿਚ ਉਸ ਨੇ ਸ਼ੇਕਸਪੀਅਰ ਦੇ ‘ਮਿਡ ਸਮਰ ਨਾਈਟਸ ਡਰੀਮ’,‘ਐਜ਼ ਯੂ ਲਾਈਕ ਇਟ’ ਤੇ ਲੇਡੀ ਗ੍ਰੇਗਰੀ ਦਾ ‘ਸਪ੍ਰੈਡਿੰਗ ਦਾ ਨਿਊਜ਼’ ਖਿਡਵਾਏ । 1913 ਵਿਚ ਨੌਰਾ ਨੇ ਦੇਸੀ ਭਾਸ਼ਾਵਾਂ ਵਿਚ ਨਾਟਕ ਕਰਨ ਲਈ ਇਕ ਮੁਕਾਬਲੇ ਦਾ ਐਲਾਨ ਕੀਤਾ।
ਆਈਸੀ ਨੰਦਾ ਵੀ ਉਸ ਸਮੇਂ ਦਿਆਲ ਕਾਲਜ ’ਚ ਹੀ ਵਿਦਿਆਰਥੀ ਸੀ ਤੇ ਨੌਰਾਂ ਦੇ ਦੋ ਅੰਗਰੇਜ਼ੀ ਨਾਟਕਾਂ ’ਚ ਪਹਿਲਾਂ ਹਿੱਸਾ ਵੀ ਲੈ ਚੁੱਕਾ ਸੀ। ਇਸ ਅਮਲੀ ਸਿੱਖਿਆ ਉਪੰਰਤ ਉਸ ਨੇ ‘ਦੁਲਹਨ` ਨਾਂ ਦਾ ਪੰਜਾਬੀ ਨਾਟਕ ਮੁਕਾਬਲੇ ਲਈ ਲਿਖਿਆ ਜੋ 1913 ਦੇ ਮੁਕਾਬਲੇ ’ਚ ਅਵੱਲ ਰਿਹਾ। ਇਸ ਲਈ ਆਈਸੀ ਨੰਦਾ ਨੂੰ ਇਤਿਹਾਸ ਵਿਚ ਪੰਜਾਬੀ ਨਾਟਕ ਦੇ ਪਿਤਾਮਾ ਹੋਣ ਦਾ ਮਾਣ ਹਾਸਲ ਹੈ ਤੇ ‘ਦੁਲਹਨ`(ਸੁਹਾਗ) ਨੂੰ ਪਹਿਲਾ ਆਧੁਨਿਕ ਪੰਜਾਬੀ ਨਾਟਕ ਦਾ ਸਨਮਾਨ ਮਿਲਿਆ ਹੋਇਆ ਹੈ। ਉਨ੍ਹਾਂ ਨੇ ਸੁਭੱਦਰਾ (1920), ਸ਼ਾਮੂ ਸ਼ਾਹ (1928), ਵਰ ਘਰ (1930), ਸੋਸ਼ਲ ਸਰਕਲ ਆਦਿ ਬਹੁ-ਅੰਕੀ ਨਾਟਕਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਇਕਾਂਗੀ ਸੰਗ੍ਰਹਿ ਝਲਕਾਰੇ, ਲਿਸ਼ਕਾਰੇ, ਚਮਕਾਰੇ ਆਦਿ ਵੀ ਰੰਗਮੰਚ ਦੇ ਖੇਤਰ ’ਚ ਵਿਸ਼ੇਸ਼ ਸਥਾਨ ਰੱਖਦੇ ਹਨ। ਨੰਦਾ ਦਾ ਲਿਖਿਆ ਇਕ ਨਾਵਲ ‘ਤੇਜ ਕੌਰ’ ਵੀ ਮਿਲਦਾ ਹੈ। ਨੰਦਾ ਨੇ ਲੋਕਾਂ ਦੀ ਭਾਸ਼ਾ ਅਤੇ ਬੋਲੀ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾਟਕੀ ਰੂਪ ਦਿੱਤਾ।
(ਨਾਟਕ : ਸੁਭਦ੍ਰਾ)
ਨੰਦਾ ਨੇ ਆਪਣੇ ਨਾਟਕਾਂ ਵਿਚ ਪੇਂਡੂ ਜੀਵਨ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਬਾਖ਼ੂਬੀ ਪੇਸ਼ ਕੀਤਾ। ਨੰਦਾ ਪਾਤਰਾਂ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਦੇਖਦਾ ਤੇ ਜਾਚਦਾ ਹੈ। ਕਪੂਰ ਸਿੰਘ ਘੁੰਮਣ ਲਿਖਦਾ ਹੈ ਕਿ ਜਦ ਨੰਦਾ ਨੇ ਸੁਭਦਰਾ ਦੀ ਬਾਂਹ ਫੜ ਕੇ ਪੰਜਾਬੀ ਰੰਗਮੰਚ ਉੱਤੇ ਛਾਲ ਮਾਰੀ ਤਾਂ ਸਮੁੱਚਾ ਪੰਜਾਬੀ ਜੀਵਨ ਤੇ ਪੰਜਾਬੀ ਸੱਭਿਆਚਾਰ ਮੰਚ ਉੱਤੇ ਧੜਕ ਉੱਠਿਆ ਸੀ। ਨੰਦਾ ਨੇ ‘ਬੇਬੇ ਰਾਮ ਭਜਨੀ’, ‘ਸੁਭੱਦਰਾ’, ‘ਸ਼ਾਮੂ ਸ਼ਾਹ’, ‘ਵਰ ਘਰ’, ‘ਸੋਸ਼ਲ ਸਰਕਲ’ ਆਦਿ ਨਾਟਕਾਂ ਵਿਚ ਸਮਾਜਿਕ ਸਮੱਸਿਆਵਾਂ, ਇਸਤਰੀ ਦੀਆਂ ਸਮੱਸਿਆਵਾਂ ਅਤੇ ਮਨੁੱਖ ਦੀ ਚੇਤੰਨ ਵਿਚਾਰਧਾਰਾ ਨੂੰ ਪੇਸ਼ ਕੀਤਾ।ਜਦ ਆਈਸੀ ਨੰਦਾ ਨੇ ਆਪਣਾ ਪਹਿਲਾ ਪੂਰਾ ਨਾਟਕ ‘ਸੁਭਦਰਾ’ 1920 ’ਚ ਲਿਖਿਆ ਉਜ ਸਮੇਂ ਪਹਿਲੀ ਸੰਸਾਰ ਜੰਗ ਸਮਾਪਤ ਹੋ ਚੁੱਕੀ ਸੀ। ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਸਨ। ਨੰਦਾ ਨੇ ਵਿਧਵਾ-ਵਿਆਹ ਨੂੰ ਆਪਣੇ ਨਾਟਕ ਦਾ ਵਿਸ਼ਾ-ਵਸਤੂ ਬਣਾਇਆ। 1929 ਵਿਚ ਨਾਰੀ ਨੂੰ ਆਪਣਾ ਵਰ ਖ਼ੁਦ ਚੁਨਣ ਦੀ ਖੁੱਲ੍ਹ ਦੇਣ (ਵਰ ਘਰ) ਦੇ ਹੱਕ ਵਿਚ ਭੁਗਤਣਾ ਆਪਣੇ ਸਮੇਂ ਵਿਚ ਈਸ਼ਵਰ ਚੰਦਰ ਨੰਦਾ ਦਾ ਆਪਣੇ-ਆਪ ਵਿਚ ਇਨਕਲਾਬੀ ਕਦਮ ਹੀ ਸੀ।
ਉਨ੍ਹਾਂ ਨੂੰ ਨਾਟਕ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ 1951 ’ਚ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਦਿੱਤਾ ਗਿਆ। ਅੰਤ 3 ਸਤੰਬਰ 1966 ਦੀ ਰਾਤ ਨੂੰ ਇਹ ਰੰਗਮੰਚ ਦਾ ਮਹਾਰਥੀ ਨਾਟਕਕਾਰ ਇਸ ਦੁਨੀਆਵੀ ਰੰਗਮੰਚ ਤੇ ਆਪਣੇ ਹਿੱਸੇ ਦਾ ਕਿਰਦਾਰ ਨਿਭਾ ਕੇ ਹਮੇਸ਼ਾ ਲਈ ਵਿਦਾਇਗੀ ਲੈ ਗਿਆ।
ਲੇਖਕ ਬਰਨਾਲਾ ਵਿੱਖੇ ਪੰਜਾਬੀ ਦਾ ਅਧਿਆਪਕ ਹੈ
ਆਭਾਰ : https://www.punjabijagran.com/editorial/general-birthday-special-remembering-playwright-ishwar-chandra-nanda-9410058.html
test