03 ਮਾਰਚ, 2023 – ਮਹਿਲ ਕਲਾਂ : ਅਜੋਕੇ ਦੌਰ ਵਿਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਨਹੀਂ ਰਿਹਾ। ਇਵੇਂ ਹੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਨਾਲ ਸਬੰਧਤ ਦਲਿਤ ਪਰਿਵਾਰ ਦੀ ਧੀ ਪਰਮਜੀਤ ਕੌਰ ਨੇ ਟ੍ਰਿਪਲ ਐੱਮਏ (ਹਿਸਟਰੀ, ਪੰਜਾਬੀ, ਐਜੂਕੇਸ਼ਨ), ਬੀ.ਐੱਡ ਕੀਤੀ ਹੋਈ ਹੈ। ਅਧਿਆਪਕਾ ਦੀ ਯੋਗਤਾ ਪੂਰੀ ਕਰਨ ਦੇ ਬਾਵਜੂਦ ਕਾਬਲੀਅਤ ਅਨੁਸਾਰ ਰੁਜ਼ਗਾਰ ਨਹੀਂ ਮਿਲ ਸਕਿਆ ਹਾਲਾਂਕਿ ਉਸ ਨੇ ਕਈ ਵਾਰ ਸਰਕਾਰੀ ਨੌਕਰੀ ਹਾਸਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ। ਹੁਣ ਬੇਰੁਜ਼ਗਾਰੀ ਕਾਰਨ ਉਹ ਪਿਛਲੇ ਲਗਪਗ 8 ਸਾਲਾਂ ਤੋਂ ਮਗਨਰੇਗਾ ਤਹਿਤ ਕੰਮ ਕਰ ਰਹੀ ਹੈ। ਪਰਮਜੀਤ ਕੌਰ ਨੇ ਬਾਰ੍ਹਵੀਂ ਤਕ ਦੀ ਪੜ੍ਹਾਈ ਸਰਕਾਰੀ ਸਕੂਲਾਂ ਤੋਂ ਕੀਤੀ ਹੈ ਤੇ ਗ੍ਰੈਜੂਏਸ਼ਨ ਗਰਲਜ਼ ਕਾਲਜ ਤੋਂ ਕਰਨ ਉਪਰੰਤ ਉਸ ਨੇ ਟਿਊਸ਼ਨ ਪੜ੍ਹਾਉਂਦਿਆਂ ਹੋਇਆ ਐੱਮਏ (ਪੰਜਾਬੀ) ਕੀਤੀ ਤੇ ਬਾਅਦ ਵਿਚ 2009-2010 ’ਚ ਬੀਐੱਡ ਕੀਤੀ। ਬਾਅਦ ਵਿਚ ਦੋ ਹੋਰ ਐੱਮਏ ਕੀਤੀ। ਬੇਰੁਜ਼ਗਾਰ ਬੀਐੱਡ ਅਧਿਆਪਕ ਫਰੰਟ ਵੱਲੋਂ ਕੀਤੇ ਸੰਘਰਸ਼ ਵਿਚ ਪਰਮਜੀਤ ਕੌਰ ਨੇ ਸ਼ਮੂਲੀਅਤ ਕੀਤੀ ਤੇ ਸੰਘਰਸ਼ ਦੌਰਾਨ ਕਈ ਵਾਰ ਪੁਲਿਸ ਦੀਆਂ ਡਾਂਗਾ ਦਾ ਸੇਕ ਝੱਲਿਆ ਪਰ ਉਸ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਹਾਸਲ ਨਾ ਹੋ ਸਕਿਆ।
ਮਗਨਰੇਗਾ ’ਚ ਕੰਮ ਕਰਨ ਲਈ ਮਜਬੂਰ
ਪਰਮਜੀਤ ਕੌਰ ਮਗਨਰੇਗਾ ਵਿਚ ਮੇਟ ਦੇ ਤੌਰ ’ਤੇ ਕੰਮ ਕਰਦੀ ਹੈ। ਮੇਟ ਬਾਕੀ ਮਗਨਰੇਗਾ ਮਜ਼ਦੂਰਾਂ ਵਾਂਗ ਮਜ਼ਦੂਰ ਹੁੰਦਾ ਹੈ, ਉਸ ਨੂੰ ਵੀ ਬਾਕੀ ਮਜ਼ਦੂਰਾਂ ਦੇ ਬਰਾਬਰ ਦਿਹਾੜੀ ਮਿਲਦੀ ਹੈ। ਫਰਕ ਸਿਰਫ ਇਹ ਹੁੰਦਾ ਹੈ ਕਿ ਪਿੰਡ ਦੇ ਨਰੇਗਾ ਮਜ਼ਦੂਰਾਂ ’ਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਮਜ਼ਦੂਰ ਨੂੰ ਸਾਰਿਆਂ ਦੀ ਹਾਜ਼ਰੀ ਲਾਉਣ ਦਾ ਕੰਮ ਦੇ ਦਿੱਤਾ ਜਾਂਦਾ ਹੈ, ਉਸੇ ਨੂੰ ਮੇਟ ਕਿਹਾ ਜਾਂਦਾ ਹੈ।
ਕਈ-ਕਈ ਕਿਲੋਮੀਟਰ ਦੂਰ ਜਾਣਾ ਪੈਂਦੈ
ਪਰਮਜੀਤ ਕੌਰ ਮੁਤਾਬਕ ਬਹੁਤ ਘੱਟ ਮਨਰੇਗਾ ਕਿਰਤੀ ਹਨ, ਜਿਨ੍ਹਾਂ ਨੂੰ 100 ਦਿਨ ਕੰਮ ਮਿਲਦਾ ਹੈ। ਇਹੋ ਜਿਹੇ ਕਿਰਤੀ ਵੀ ਹਨ ਜਿਨ੍ਹਾਂ ਨੂੰ ਸਾਲ ’ਚ ਮਹਿਜ਼ 20-25 ਦਿਨ ਕੰਮ ਮਿਲਦਾ ਹੈ। ਮਜ਼ਦੂਰਾਂ ਨੂੰ ਕੰਮ ਲਈ ਘਰ ਤੋਂ ਕਈ-ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਉੱਥੇ ਮਜ਼ਦੂਰ ਔਰਤਾਂ ਨੂੰ ਬਾਥਰੂਮ ਵਗੈਰਾ ਦੀ ਕੋਈ ਸਹੂਲਤ ਮੁਹੱਈਆ ਨਹੀਂ ਹੁੰਦੀ ਹੈ, ਜਿਸ ਕਾਰਨ ਮਜ਼ਦੂਰ ਔਰਤਾਂ ਨੂੰ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਕੰਮ ਦੀ ਮੰਗ ਵਾਲੇ ਹਰ ਵਿਅਕਤੀ ਦਾ ਮਨਰੇਗਾ ਜਾਬ ਕਾਰਡ ਬਣ ਜਾਂਦਾ ਸੀ ਪਰ ਹੁਣ ਇਹ ਪਰਿਵਾਰ ਦੇ ਹਿਸਾਬ ਨਾਲ ਬਣਦਾ ਹੈ, ਭਾਵ ਪਰਿਵਾਰ ’ਚ ਪਤੀ-ਪਤਨੀ, ਬੱਚੇ ਸਾਰਿਆਂ ਨੂੰ ਮਿਲਾ ਕੇ 100 ਦਿਨ ਦਾ ਕੰਮ ਮਿਲਦਾ ਹੈ। ਪਰਮਜੀਤ ਕੌਰ ਮੁਤਾਬਕ ਮਨਰੇਗਾ ਮਜ਼ਦੂਰਾਂ ’ਤੇ ਪੰਚਾਇਤਾਂ ਤੇ ਅਫਸਰਸ਼ਾਹੀ ਦਾ ਜ਼ਿਆਦਾ ਬੋਝ ਰਹਿੰਦਾ ਹੈ। ਕੇਂਦਰ ਸਰਕਾਰ ਬਜਟ ’ਤੇ ਲਗਾਏ ਗਏ ਕੱਟ ਸਬੰਧੀ ਪਰਮਜੀਤ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੂੰ ਸਰਕਾਰ ਤੋਂ ਆਸ ਸੀ ਕਿ ਵਧੀ ਹੋਈ ਮਹਿੰਗਾਈ ਦੇ ਹਿਸਾਬ ਨਾਲ ਸਰਕਾਰ 100 ਦਿਨ ਦੀ ਬਜਾਏ ਪੂਰਾ ਸਾਲ ਕੰਮ ਮੁਹੱਈਆ ਕਰੇਗੀ ਪਰ ਬਜਟ ਦੇ ਹਿਸਾਬ ਨਾਲ ਮਹਿਸੂਸ ਹੁੰਦਾ ਹੈ ਕਿ ਸਰਕਾਰ ਦਾ ਇਰਾਦਾ ਤਾਂ ਮਜ਼ਦੂਰਾਂ ਨੂੰ 100 ਦਿਨ ਤੋਂ ਘਟਾਉਣ ਦਾ ਲੱਗਦਾ ਹੈ। ਮਨਰੇਗਾ ਤਹਿਤ ਕੀਤੇ ਕਈ ਕੰਮਾਂ ਦਾ ਮਿਹਨਤਾਨਾ ਕਈ ਵਾਰ ਤਾਂ ਸਾਲ-ਸਾਲ ਤਕ ਨਹੀਂ ਮਿਲਦਾ। ਜਦੋਂ ਦੂਰ ਕੰਮ ਚੱਲਦਾ ਹੈ ਤਾਂ ਪ੍ਰਸ਼ਾਸਨ ਜਾਂ ਪੰਚਾਇਤ ਵੱਲੋਂ ਵਹੀਕਲ ਦਾ ਕੋਈ ਪ੍ਰਬੰਧ ਨਹੀਂ ਕਰ ਕੇ ਦਿੰਦਾ, ਜਿਸ ਕਾਰਨ ਮਜ਼ਦੂਰਾਂ ਨੂੰ ਪੱਲਿਓਂ ਕਿਰਾਇਆ ਕਰਚ ਕੇ ਕੰਮ ’ਤੇ ਜਾਣਾ-ਆਉਣਾ ਪੈਂਦਾ ਹੈ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿਚ ਅਨੇਕਾਂ ਨੌਜਵਾਨ ਮੁੰਡੇ, ਕੁੜੀਆਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ, ਇਸ ਲਈ ਸਰਕਾਰ ਬੇਰੁਜ਼ਗਾਰੀ ਭੱਤਾ ਮੁਹੱਈਆ ਕਰੇ।
Courtesy: Punjabi Jagran
test