13 ਫਰਵਰੀ, 2023 – ਪਟਿਆਲਾ : ਇੱਥੋਂ ਦੀ ਪੁਲੀਸ ਵੱਲੋਂ ਪੰਜ ਆਧੁਨਿਕ ਪਿਸਤੌਲਾਂ ਸਮੇਤ ਕਾਬੂ ਕੀਤੇ ਗੈਂਗਸਟਰਾਂ ਨੂੰ ਰਿਮਾਂਡ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ’ਚ ਤੇਜਿੰਦਰ ਗੁੱਲੂ ਅਤੇ ਸ਼ੇਰੂ ਮਾਨ ਸ਼ਾਮਲ ਹਨ। ਉਨ੍ਹਾਂ ਤੋਂ ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਉਹ ਜੇਲ੍ਹ ਵਿਚੋਂ ਹੀ ਹਥਿਆਰਾਂ ਦਾ ਕਾਰੋਬਾਰ ਚਲਾਉਂਦੇ ਸਨ। ਉਹ ਫੋਨ ਰਾਹੀਂ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਸੰਪਰਕ ’ਚ ਰਹਿੰਦੇ ਸਨ ਜਿਸ ਨੂੰ ਲੈ ਕੇ ਹੁਣ ਪਟਿਆਲਾ ਪੁਲੀਸ ਜਾਂਚ ਅੱਗੇ ਵਧਾਏਗੀ ਤੇ ਵਿਦੇਸ਼ ’ਚ ਰਹਿੰਦੇ ਗੈਂਗਸਟਰਾਂ ਖਿਲਾਫ਼ ਲੁੱਕ-ਆਊਟ ਸਰਕੁਲਰ ਜਾਰੀ ਕਰਨ ਸਮੇਤ ਹੋਰ ਕਾਰਵਾਈਆਂ ਅਮਲ ’ਚ ਲਿਆਂਦੀਆਂ ਜਾਣਗੀਆਂ। ਅਜਿਹੇ ਖੁਲਾਸੇ ਫਰੀਦਕੋਟ ਜੇਲ੍ਹ ਵਿਚੋਂ ਪ੍ਰ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗੈਂਗਸਟਰ ਸ਼ੇਰੂ ਮਾਨ ਦੀ ਪੁੱਛ ਪੜਤਾਲ ਦੌਰਾਨ ਹੋਏ।
ਉਸ ਦੀ ਨਿਸ਼ਾਨਦੇਹੀ ’ਤੇ ਮਿਲੇ ਦੋ ਫੋਨਾਂ ਦੇ ਪੁਲੀਸ ਵੱਲੋਂ ਖੰਘਾਲੇ ਗਏ ਰਿਕਾਰਡ ਤੋਂ ਗੈਂਗਸਟਰ ਵੱਲੋਂ ਜੇਲ੍ਹ ’ਚ ਰਹਿੰਦਿਆਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਗੌਰਵ ਲੱਕੀ ਅਤੇ ਜੈਕਪਾਲ ਲਾਲੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ। ਲੱਕੀ ਇਸ ਵੇਲੇ ਅਰਮੀਨੀਆ ਅਤੇ ਲਾਲੀ ਮਨੀਲਾ ’ਚ ਹੈ। ਇੰਸਪੈਕਟਰ ਕਿਰਪਾਲ ਸਿੰਘ ਵੱਲੋਂ ਫੜੇ ਗਏ ਗੈਂਗਸਟਰ ਗੁੱਲੂ ਕੋਲੋਂ ਬਰਾਮਦ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਵੀ ਇਨ੍ਹਾਂ ਨੇ ਵਿਦੇਸ਼ ’ਚ ਬੈਠ ਕੇ ਹੀ ਕੀਤਾ ਸੀ। ਪਟਿਆਲਾ ਜੇਲ੍ਹ ਵਿਚੋਂ ਜਗਦੀਸ਼ ਭੋਲਾ ਵਰਗੇ ਖਤਰਨਾਕ ਗੈਂਗਸਟਰ ਤੇ ਨਸ਼ਾ ਤਸਕਰ ਕੋਲੋਂ ਫੋਨ ਬਰਾਮਦ ਕਰਨ ਕਰਕੇ ਪਟਿਆਲਾ ਜੇਲ੍ਹ ਦੇ ਵੀ ਰਾਸ਼ਟਰਪਤੀ ਐਵਾਰਡ ਪ੍ਰਾਪਤ ਸੁਪਰਡੈਂਟ ਮਨਜੀਤ ਟਿਵਾਣਾ ਗੈਂਗਸਟਰਾਂ ਦੀ ਰਡਾਰ ’ਤੇ ਹਨ।
Courtesy : Punjabi Tribune
test