20 ਸਤੰਬਰ, 2024 – ਮੁਕੇਰੀਆਂ : ਪੱਗੜੀ ਸੰਭਾਲ ਜੱਟਾ ਲਹਿਰ ਅਤੇ ਕੰਢੀ ਕਿਸਾਨ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਅੰਦਰ ਝੋਨੇ ਦੀ ਖਰੀਦ 20 ਸਤੰਬਰ ਤੋਂ ਸ਼ੁਰੂ ਕਰਨ ਦੀ ਮੰਗ ਲਈ ਮੁਕੇਰੀਆਂ-ਪਠਾਨਕੋਟ ਕੌਮੀ ਮਾਰਗ ’ਤੇ ਭੰਗਾਲਾ ’ਚ ਅੰਸ਼ਿਕ ਜਾਮ ਲਗਾਇਆ ਗਿਆ। ਮੌਕੇ ’ਤੇ ਪੁੱਜੇ ਅਧਿਕਾਰੀਆਂ ਵੱਲੋਂ ਮੰਗ ਪੱਤਰ ਲੈਣ ਮਗਰੋਂ ਕਿਸਾਨਾਂ ਨੇ ਇਹ ਜਾਮ ਖੋਲ੍ਹਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਸੁਰਜੀਤ ਸਿੰਘ ਬਿੱਲਾ ਅਤੇ ਸੌਰਵ ਮਿਨਹਾਸ ਬਿੱਲਾ ਨੇ ਕੀਤੀ।
ਆਗੂਆਂ ਕਿਹਾ ਕਿ ਮੁੱਖ ਮੰਤਰੀ ਦੀ ਸਲਾਹ ’ਤੇ ਹੀ ਕਿਸਾਨਾਂ ਨੇ ਜਲਦੀ ਪੱਕਣ ਵਾਲੀ ਪੀਆਰ 126 ਕਿਸਮ ਦਾ ਝੋਨਾ ਬੀਜਿਆ ਸੀ। ਇਲਾਕੇ ਅੰਦਰ ਇਹ ਕਿਸਮ ਵੱਡੇ ਪੱਧਰ ’ਤੇ ਬੀਜੀ ਗਈ ਹੈ ਅਤੇ ਇਹ ਪੱਕਣ ਕਿਨਾਰੇ ਹੈ ਪਰ ਸਰਕਾਰ ਵੱਲੋਂ ਹਾਲੇ ਤੱਕ ਮੰਡੀਆਂ ਵਿੱਚ ਖਰੀਦ ਸ਼ੁਰੂ ਨਹੀਂ ਕਰਵਾਈ ਗਈ। ਇਸ ਕਾਰਨ ਕਿਸਾਨਾਂ ਨੂੰ ਪੱਕੀਆਂ ਫਸਲਾਂ ਦੇ ਨੁਕਸਾਨ ਦਾ ਖਦਸ਼ਾ ਹੈ ਕਿਉਂਕਿ ਨਿੱਤ ਦਿਨ ਖਰਾਬ ਹੋ ਰਹੇ ਮੌਸਮ ਕਾਰਨ ਕਿਸਾਨਾਂ ਨੂੰ ਝੋਨੇ ਦੀ ਪੱਕੀ ਫਸਲ ਖੇਤਾਂ ਵਿੱਚ ਡਿੱਗ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿਛਲੀ ਨੀਤੀ ਅਨੁਸਾਰ ਅਕਤੂਬਰ ਮਹੀਨੇ ਵਿੱਚ ਮੰਡੀਆਂ ਸ਼ੁਰੂ ਕਰਦੀ ਹੈ ਤਾਂ ਉਨ੍ਹਾਂ ਦੀ ਪੱਕੀ ਫਸਲ ਦਾ ਨੁਕਸਾਨ ਹੋਣਾ ਤੈਅ ਹੈ ਕਿਉਂਕਿ ਪੱਕੀ ਫਸਲ ਲੰਬਾ ਸਮਾਂ ਖੜ੍ਹੀ ਨਹੀਂ ਰਹਿ ਸਕਦੀ। ਇਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨ ਆਗੂਆਂ ਮੰਗ ਕੀਤੀ ਕਿ ਮੰਡੀਆਂ 20 ਸਤੰਬਰ ਤੋਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਕਿਸਾਨ ਆਪਣੀ ਫਸਲ ਸਮੇਂ ਸਿਰ ਕਟਾ ਕੇ ਮੰਡੀਆਂ ਵਿੱਚ ਵੇਚ ਸਕਣ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਮੰਡੀਆਂ ਵਿੱਚ ਖਰੀਦ ਸ਼ੁਰੂ ਨਾ ਕਰਵਾਈ ਤਾਂ ਉਹ ਤਿੱਖਾ ਸੰਘਰਸ਼ ਅਰੰਭ ਦੇਣਗੇ। ਮੌਕੇ ’ਤੇ ਪੁੱਜੇ ਐੱਸਡੀਐੱਮ ਅਸ਼ੋਕ ਕੁਮਾਰ ਤੇ ਡੀਐਸਪੀ ਲਲਿਤ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੁਆਇਆ ਕਿ ਉਹ ਕਿਸਾਨਾਂ ਦਾ ਮੰਗ ਪੱਤਰ ਸਿਫਾਰਿਸ਼ ਸਹਿਤ ਸਰਕਾਰ ਨੂੰ ਭੇਜ ਕੇ ਮਸਲਾ ਹੱਲ ਕਰਾਉਣ ਦਾ ਯਤਨ ਕਰਨਗੇ। ਇਸ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਅਰਜੁਨ ਕਾਜਲਾ, ਰਜੀਵ ਸ਼ਰਮਾ ਲਾਡੀ, ਦੀਪੂ ਬਿੱਗੋਵਾਲ, ਹਾਰਦਿਕ ਮਿਨਹਾਸ, ਹਰਜੀਤ ਟੀਟਾ ਆਦਿ ਹਾਜ਼ਰ ਸਨ।
Courtesy : Punjabi Tribune
test