19 ਨਵੰਬਰ, 2024 – ਚਾਉਕੇ : ਪੰਜਾਬ ਵਿੱਚ ਬਦਲ ਰਹੇ ਮੌਸਮ ਕਾਰਨ ਝੋਨੇ ਦੀ ਮੰਡੀਆਂ ਵਿੱਚ ਵਿਕਣ ਲਈ ਆਈ ਫ਼ਸਲ ’ਚ ਨਮੀ ਦੀ ਮਾਤਰਾ ਘਟ ਨਹੀਂ ਰਹੀ ਜਿਸ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਜੇਠੂਕੇ ਦੇ ਕਿਸਾਨ ਬਲਜੀਤ ਸਿੰਘ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਮੰਡੀ ਵਿੱਚ ਬੈਠੇ ਹਨ ਜਦਕਿ ਅਧਿਕਾਰੀ ਨਮੀ ਦਾ ਬਹਾਨਾ ਲਾ ਕੇ ਚਲੇ ਜਾਂਦੇ ਹਨ। ਪਿੰਡ ਮੰਡੀ ਕਲਾਂ ਦੇ ਕਿਸਾਨ ਪ੍ਰਿਤਪਾਲ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਸ ਦਿਨਾਂ ਤੋਂ ਮੰਡੀ ਵਿੱਚ ਝੋਨਾ ਲੈ ਕੇ ਆਏ ਹੋਏ ਹਨ ਪਰ ਹਾਲੇ ਤੱਕ ਬੋਲੀ ਨਹੀਂ ਲੱਗੀ। ਮੰਡੀ ਵਿੱਚ ਝੋਨੇ ਲੈ ਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਇਸ ਬਾਰ ਝੋਨੇ ਦੀ ਵਾਢੀ ਲੇਟ ਸ਼ੁਰੂ ਹੋਈ ਹੈ ਤੇ ਮੌਸਮ ਦਾ ਮਿਜ਼ਾਜ ਵੀ ਤੇਜ਼ੀ ਨਾਲ ਬਦਲ ਗਿਆ ਹੈ। ਸਵੇਰ ਧੁੰਦ ਪੈਣ ਲੱਗ ਜਾਂਦੀ ਹੈ ਜੋ ਦੁਪਹਿਰ ਤੱਕ ਰਹਿੰਦੀ ਹੈ ਅਤੇ ਸ਼ਾਮ ਨੂੰ ਤਰੇਲ ਪੈਣ ਲੱਗ ਜਾਂਦੀ ਹੈ ਜਿਸ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਘਟ ਨਹੀਂ ਰਹੀ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਸਮੱਸਿਆ ਦਾ ਹੱਲ ਕਰਨ ਬਾਰੇ ਕੋਈ ਧਿਆਨ ਨਹੀਂ ਹੈ।
ਬੀਕੇਯੂ ਕ੍ਰਾਂਤੀਕਾਰੀ ਦੀ ਸੂਬਾ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਰਕਾਰ ਅਤੇ ਪ੍ਰਸ਼ਾਸਨ ਨਾਲ ਝੋਨੇ ਦੀ ਫ਼ਸਲ ਵਿੱਚ ਵੱਧ ਆ ਰਹੀ ਨਮੀ ਬਾਰੇ ਗੱਲਬਾਤ ਕਰ ਰਹੀ ਹੈ ਤੇ ਜੇਕਰ ਉਨ੍ਹਾਂ ਨੇ ਨਮੀ ’ਤੇ ਕੋਈ ਰਾਹਤ ਨਾ ਦਿੱਤੀ ਤਾਂ ਉਹ ਵੱਡਾ ਐਕਸ਼ਨ ਲੈਣਗੇ। ਬੀਕੇਯੂ ਡਕੌਂਦਾ ਧਨੇਰ ਦੇ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਉਗਰਾਹਾਂ ਦੇ ਨਿੱਕਾ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ ਦੀਪੂ ਸਿੰਘ ਨੇ ਕਿਹਾ ਕਿ ਝੋਨੇ ਦੀ ਢਿੱਲੀ ਖ਼ਰੀਦ ਖ਼ਿਲਾਫ਼ ਉਨ੍ਹਾਂ ਨੇ ਮੰਡੀਆਂ ਨੂੰ ਹੀ ਸੰਘਰਸ਼ ਦਾ ਮੈਦਾਨ ਬਣਾ ਲਿਆ ਹੈ। ਉਹ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਬੋਲੀ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਰਲ ਕੇ ਕਿਸਾਨ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ ਤੇ ਕੇਂਦਰ ਸਰਕਾਰ ਤਾਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੀ ਹੈ, ਇਸ ਲਈ ਹੀ ਕੇਂਦਰ ਦੀ ਖ਼ਰੀਦ ਏਜੰਸੀ ਨੇ ਅਨਾਜ ਖ਼ਰੀਦਣ ਦੀ ਲਿਮਟ ਘੱਟ ਕਰ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਝੋਨੇ ਵਿੱਚ ਨਮੀ ਦੀ ਮਾਤਰਾ ਨੂੰ 22 ਕੀਤਾ ਜਾਵੇ ਤਾਂ ਜੋ ਕਿਸਾਨ ਮੰਡੀ ਵਿੱਚ ਨਾ ਰੁਲਣ।
ਪੰਜਾਬੀ ਟ੍ਰਿਬਯੂਨ
test