12 ਸਤੰਬਰ, 2024 – ਮਾਨਸਾ : ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ ਤੇ ਮਾਨਸਾ ਜ਼ਿਲ੍ਹੇ ਭਰ ਦੇ ਸਬ-ਡਿਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ 8 ਤੋਂ 11 ਵਜੇ ਤੱਕ ਓ.ਪੀ.ਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਸਰਕਾਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਵਜੋਂ ਓ.ਪੀ.ਡੀ. ਸੇਵਾਵਾਂ ਬੰਦ ਕਰਨ ਕਰਕੇ ਸਾਰੇ ਹਸਪਤਾਲਾਂ ਵਿੱਚ ਕਾਫ਼ੀ ਭੀੜ ਦੇਖੀ ਗਈ। ਮਾਨਸਾ ਜਿਲ੍ਹੇ ਅੰਦਰ ਹਾਲਾਤ ਤਦ ਹੋਰ ਵੀ ਗੰਭੀਰ ਬਣ ਗਏ, ਜਦੋਂ ਨਸ਼ਾ ਛੁਡਾਊ ਕੇਂਦਰਾਂ ’ਤੇ ਹਫਤੇ ਦੀ ਦਵਾਈ ਦੀ ਜਗ੍ਹਾ ਇੱਕ ਦਿਨ ਦੀ ਦਵਾਈ ਹੀ ਮਿਲੀ ਜਿਸ ਕਾਰਨ ਕੇਂਦਰਾਂ ’ਤੇ ਭੀੜ ਬਣੀ ਰਹੀ। ਪੀ.ਸੀ.ਐਮ.ਐਸ. ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ.ਗੁਰਜੀਵਨ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਤੇ ਕੈਬਨਿਟ ਦੀ ਸਬ-ਕਮੇਟੀ ਦੇ ਤੌਰ ’ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਵਿਰੋਧ ਘਟਾਇਆ ਹੈ।
ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਹਸਪਤਾਲ ਵਿਖੇ ਪੇਟ ਦਰਦ ਦੇ ਇਲਾਜ ਲਈ ਦੋ ਦਿਨਾਂ ਤੋਂ ਗੇੜੇ ਕੱਢ ਰਹੇ ਪਿੰਡ ਸੋਥਾ ਦੇ 80 ਸਾਲਾ ਗੁਰਦੇਵ ਸਿੰਘ ਡਾਕਟਰਾਂ ਦੀ ਹੜਤਾਲ ਕਰਕੇ ਡਾਢਾ ਪ੍ਰੇਸ਼ਾਨ ਹੈ। ਉਹ ਬੜੀ ਮੁਸ਼ਕਲ ਨਾਲ ਦੋ ਦਿਨਾਂ ਤੋਂ ਹਸਪਤਾਲ ਆ ਰਿਹਾ ਹੈ। ਪਹਿਲੇ ਦਿਨ 11 ਵਜੇ ਤੱਕ ਹੜਤਾਲ ਸੀ ਤੇ ਉਸਤੋਂ ਬਾਅਦ ਡਾਕਟਰ ਕੋਲ ਉਸਦੀ ਮਸਾਂ ਹੀ ਵਾਰੀ ਆਈ ਤਾਂ ਡਾਕਟਰ ਨੇ ਟੈਸਟ ਲਿਖ ਦਿੱਤੇ। ਦੂਜੇ ਦਿਨ ਉਹ ਟੈਸਟ ਕਰਾਉਣ ਆਇਆ ਤਾਂ ਫਿਰ ਡਾਕਟਰਾਂ ਦੀ ਹੜਤਾਲ ਕਾਰਣ ਉਸਨੂੰ ਦਵਾਈ ਨਹੀਂ ਮਿਲੀ। ਇਹੀ ਹਾਲ ਅੰਗਹੀਣ ਲਾਲ ਸਿੰਘ ਤੇ ਹੋਰ ਬਹੁਤ ਸਾਰੇ ਮਰੀਜ਼ਾਂ ਦਾ ਹੈ। ਸਰਕਾਰੀ ਹਸਪਤਾਲ ’ਚ ਬਹੁਤ ਅੰਤਾਂ ਦੇ ਗਰੀਬ ਤੇ ਪੇਂਡੂ ਮਰੀਜ਼ ਹੀ ਆਉਂਦੇ ਹਨ। ਮਰੀਜ਼ਾਂ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਾਂ ਕੋਲ ਉਹ ਜਾ ਨਹੀਂ ਸਕਦੇ ਤੇ ਸਰਕਾਰੀ ਡਾਕਟਰ ਹੜਤਾਲ ’ਤੇ ਹਨ, ਉਹ ਜਾਣ ਤਾਂ ਕਿਥੇ ਜਾਣ।
ਤਿੰਨ ਦਿਨਾਂ ਤੋਂ ਗੇੜੇ ਕੱਢ ਰਹੇ ਹਨ ਗਰੀਬ ਮਰੀਜ਼
ਦੋਦਾ : ਹੜਤਾਲ ਦੇ ਤੀਜੇ ਦਿਨ ਵੀ ਡਾਕਟਰਾਂ ਵੱਲੋਂ ਸਵੇਰੇ 8 ਤੋਂ 11 ਵਜੇ ਤੱਕ ਕੰਮ ਬੰਦ ਕਰਨ ਕਾਰਨ ਸਰਕਾਰੀ ਹਸਪਤਾਲ ਦੋਦਾ ਵਿਖੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਇਥੇ ਜਿਕਰਯੋਗ ਹੈ ਇਸ ਹਸਪਤਾਲ ਅਧੀਨ 45 ਪਿੰਡ ਆਉਦਂੇ ਹਨ। ਡਾਕਰਟਾਂ ਨੇ ਕਿਹਾ ਕਿ ਏ ਸੀ ਪੀ, 4-9-14 ਪ੍ਰਮੋਸ਼ਨ ਅਤੇ ਤਨਖਾਹਾਂ ਦੇ ਵਾਧੇ ਦੀ ਮੰਗ ਹੈ। ਜਿਸ ਕਾਰਨ ਸਾਡੀਆਂ ਤਰੱਕੀਆਂ ਵਿਭਾਗ ਨੇ ਰੋਕ ਰੱਖੀਆਂ ਹਨ । ਉਨਾਂ ਸਰਕਾਰ ਤੋਂ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੇਕਰ ਲੋੜ ਪਈ ਤਾਂ ਉਹ ਸ਼ੰਘਰਸ਼ ਹੋਰ ਵੀ ਤਿੱਖਾ ਕਰਨ ਤੋਂ ਗੁਰੇਜ ਨਹੀ ਕਰਨਗੇ। ਇਸ ਹਸਪਤਾਲ ਵਿਚ ਪਹਿਲਾਂ ਤਾਂ ਡਾਕਟਰਾਂ ਦੀ ਬਹੁਤੀਆਂ ਪੋਸਟਾਂ ਹੀ ਖਾਲੀ ਪਈਆਂ ਹਨ।
Courtesy : Punjabi Tribune
ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹਾਲੋਂ–ਬੇਹਾਲ
12 ਸਤੰਬਰ, 2024 – ਬਠਿੰਡਾ : ਪੀਸੀਐੱਮਐੱਸ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਅੱਜ ਦੂਜੇ ਦਿਨ ਵੀ ਸਵੇਰੇ 8 ਤੋਂ 11 ਵਜੇ ਤੱਕ ਤਿੰਨ ਘੰਟਿਆਂ ਲਈ ਠੱਪ ਰਹੀਆਂ। ਅੰਦੋਲਨਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਭਲਕੇ 11 ਸਤੰਬਰ ਨੂੰ ਵੀ ਇਸੇ ਤਰ੍ਹਾਂ ਹੜਤਾਲ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਉਹ 12 ਸਤੰਬਰ ਤੋਂ ਬੇਮਿਆਦੀ ਹੜਤਾਲ ਦਾ ਫੈਸਲਾ ਲੈ ਕੇ ਓਪੀਡੀ ਸੇਵਾਵਾਂ ਮੁਕੰਮਲ ਤੌਰ ’ਤੇ ਠੱਪ ਕੀਤੀਆਂ ਜਾ ਸਕਦੀਆਂ ਹਨ।
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹੜਤਾਲ ਦੀਆਂ ਤਿੰਨ ਮੁੱਖ ਮੰਗਾਂ ਹਨ, ਜਿਨ੍ਹਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣਾ, ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਅਤੇ ਸੇਵਾਮੁਕਤ ਡਾਕਟਰਾਂ ਦੀਆਂ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸਮਾਂਬੱਧ ਤਰੱਕੀਆਂ ਦੀ ਮੰਗ ਦੇ ਦੌਰਾਨ ਹੀ ਸਰਕਾਰ ਨੇ ਇਸ ਸਕੀਮ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਪੇਸ਼ੇ ਨਾਲ ਸਬੰਧਤ ਕਰਮਚਾਰੀਆਂ ਖ਼ਿਲਾਫ਼ ਹਿੰਸਕ ਵਾਰਦਾਤਾਂ ਨਿੱਤ ਦਾ ਵਰਤਾਰਾ ਬਣਾ ਚੁੱਕਾ ਹੈ ਪਰ ਸਰਕਾਰਾਂ ਇਸ ਮਾਮਲੇ ’ਚ ਨਾ-ਅਹਿਲ ਹਨ। ਉਨ੍ਹਾਂ ਕਿਹਾ ਕਿ ਦੁਰੇਡੇ ਦੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਔਰਤ ਕਰਮਚਾਰੀ ਰਾਤ ਦੀ ਡਿਊਟੀ ’ਤੇ ਜਾਣ ਤੋਂ ਖ਼ੌਫ਼ ਖਾਂਦੀਆਂ ਹਨ।
ਡਾਕਟਰਾਂ ਦੇ ਸੰਘਰਸ਼ ਦਾ ਦੂਜਾ ਪੱਖ ਮਰੀਜ਼ਾਂ ਦੀ ਦਿੱਕਤਾਂ ਵਜੋਂ ਉੱਘੜ ਰਿਹਾ ਹੈ। ਬਠਿੰਡੇ ਦੇ ਸਿਵਲ ਹਸਪਤਾਲ ’ਚ ਦੂਰੋਂ ਦੁਰੇਡਿਓਂ ਪੁੱਜੇ ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਦੇ ਇੱਥੇ ਆਏ ਹੋਏ ਹਨ ਪਰ ਡਾਕਟਰਾਂ ਦੀ ਹੜਤਾਲ ਕਾਰਨ ਉਡੀਕ ਕਰਨ ਤੋਂ ਇਲਾਵਾ ਸਰੀਰਕ ਤਕਲੀਫ਼ ਵੀ ਝੱਲਣੀ ਪੈ ਰਹੀ ਹੈ। ਰੋਗੀਆਂ ਨਾਲ ਆਏ ਵਾਰਸਾਂ ਦਾ ਕਹਿਣਾ ਸੀ ਕਿ ਜਿਹੜੇ ਮਰੀਜ਼ ਆਪਾ ਨਹੀਂ ਸੰਭਾਲ ਸਕਦੇ ਅਤੇ ਐਂਬੂਲੈਂਸਾਂ ਜਾਂ ਫਿਰ ਕਾਰਾਂ ’ਤੇ ਇੱਥੇ ਲਿਆਂਦੇ ਗਏ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਕਸ਼ਟ ਹੈ। ਬੰਦ ਪਈ ਓਪੀਡੀ ਦੇ ਬਾਹਰ ਅੱਜ ਕਈ ਮਰੀਜ਼ਾਂ ਬੈੱਡਾਂ, ਸਟਰੈਚਰਾਂ ਅਤੇ ਵਹੀਲ ਚੇਅਰ ’ਤੇ ਵੇਖੇ ਗਏ।
ਇਥੇ ਨੇੜੇ ਹੀ ਡਾਕਟਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਆਦਿ ਹਮਾਇਤ ਦੇਣ ਪੁੱਜੇ ਹੋਏ ਸਨ।
ਸ੍ਰੀ ਮੁਕਤਸਰ ਸਾਹਿਬ : ਅੰਤਾਂ ਦੀ ਹੁੰਮਸ ’ਚ ਮੁਕਤਸਰ ਦੇ ਜ਼ਿਲ੍ਹਾ ਹਸਪਤਾਲ ਦੀ ਟੋਕਨ ਖਿੜਕੀ ਉਪਰ ਸਵੇਰੇ 7 ਵਜੇ ਤੋਂ ਵੱਡੀ ਗਿਣਤੀ ’ਚ ਔਰਤਾਂ ਕਤਾਰਾਂ ’ਚ ਖੜ੍ਹੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ 11 ਵਜੇ ਤੱਕ ਪਰਚੀਆਂ ਨਹੀਂ ਕੱਟੀਆਂ ਜਾਣੀਆਂ ਤਾਂ ਉਨ੍ਹਾਂ ਹਾਲ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਦੀ ਮੰਗ ਸੀ ਕਿ ਪਰਚੀਆਂ ਕੱਟ ਦਿੱਤੀਆਂ ਜਾਣ ਪਰ ਹੜਤਾਲ ਕਾਰਨ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ। ਡਾਕਟਰ ਅਰਪਨਾ ਦੀ ਅਗਵਾਈ ਹੇਠ ਡਾ. ਆਲਮਜੀਤ ਢਿੱਲੋਂ, ਡਾ. ਹਰਸ਼ਪ੍ਰੀਤ ਕੌਰ, ਡਾ. ਅਭੀਸ਼ੇਕ ਖੇਡਾ, ਡਾ. ਪਰਮਦੀਪ, ਡਾ. ਵਿਸ਼ਵਜੋਤ ਅਤੇ ਡਾ. ਸਿਮਰਦੀਪ ਕੌਰ ਹੋਰਾਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਵਾਸਤੇ ਲੰਬੇ ਸਮੇਂ ਤੋਂ ਸਰਕਾਰ ਕੋਲ ਬੇਨਤੀਆਂ ਕਰ ਰਹੇ ਹਨ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਹੁਣ ਸੰਘਰਸ਼ ਦਾ ਰਾਹ ਚੁਣਿਆ ਹੈ।
ਮਾਨਸਾ : ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਨੂੰ ਲੈਕੇ ਮਾਨਸਾ ਵਿਖੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਇਸ ਹੜਤਾਲ ਕਾਰਨ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਐਸੋਸੀਏਸ਼ਨ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾ. ਗੁਰਜੀਵਨ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੁੱਦੇ ’ਤੇ ਮਹਿਲਾ ਡਾਕਟਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ ਤੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ’ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਵਾਰ-ਵਾਰ ਮੀਟਿੰਗਾਂ ਵਿੱਚ ਸਮਾਂਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈਕੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ 16 ਸਤੰਬਰ ਜੇਕਰ ਨੌਬਤ ਆਈ ਤਾਂ ਹਰ ਤਰ੍ਹਾਂ ਦੇ ਮੈਡੀਕੋ ਲੀਗਲ ਸੇਵਾਵਾਂ ਵੀ ਡਾਕਟਰ ਮਜਬੂਰ ਹੋਕੇ ਛੱਡ ਜਾਣਗੇ।
Courtesy : Punjabi Tribune
test