24 ਸਤੰਬਰ, 2024 – ਬਠਿੰਡਾ : ਡੀਏਪੀ ਖਾਦ ਦੀ ਘਾਟ ਦੂਰ ਕਰਨ ਅਤੇ ਕਾਲਾਬਾਜ਼ਾਰੀ ਰੋਕਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਬਠਿੰਡਾ ਇਕਾਈ ਵੱਲੋਂ ਮਿਨੀ ਸਕੱਤਰੇਤ ਨੇੜੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦਾ ਖੇਤੀ ਤੋਂ ਮੋਹ ਭੰਗ ਕਰਨ ਲਈ ਕਦੇ ਖਾਦਾਂ ਦੀ ਕਮੀ, ਫਸਲ ਵੇਚਣ ਵੇਲੇ ਦਿੱਕਤਾਂ, ਨਕਲੀ ਖਾਦਾਂ ਸਪਰੇਹਾਂ ਰਾਹੀਂ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਤਾਂ ਕਿ ਖੇਤੀ ਦੇ ਕਾਰਪਰੇਟਾਂ ਦਾ ਕਬਜ਼ਾ ਕਰਾਇਆ ਜਾ ਸਕੇ। ਆਗੂਆਂ ਨੇ ਕਿਹਾ ਜੇਕਰ ਖਾਦ ਦੀ ਕਮੀ ਛੇਤੀ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਧਰਨੇ ਮਗਰੋਂ ਕਿਸਾਨਾਂ ਨੇ ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦੇਣ ਦਾ ਐਲਾਨ
ਗੁਰੂਹਰਸਹਾਏ : ਕਿਰਤੀ ਕਿਸਾਨ ਯੂਨੀਅਨ ਵੱਲੋਂ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਝਾੜੀ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਫ਼ੈਸਲਾ ਕੀਤਾ ਕਿ 25 ਸਤੰਬਰ ਨੂੰ ਐੱਸਡੀਐੱਮ ਗੁਰੂਸਹਾਏ ਨੂੰ ਬਾਸਮਤੀ ਦੀ ਐੱਮਐੱਸਪੀ ’ਤੇ ਖਰੀਦ ਸਬੰਧੀ, ਡੀਏਪੀ ਖਾਦ ਦੇ ਪ੍ਰਬੰਧਾਂ ਲਈ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਤੇ ਸਕੱਤਰ ਮਨਦੀਪ ਸਿੰਘ ਤੇ ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਫਸਲਾਂ ਦੀ ਬਿਜਾਈ ਲਈ ਡੀਏਪੀ ਦੇ ਸਟਾਕ ਦਾ ਅਗਾਊਂ ਪ੍ਰਬੰਧ ਕਰਨ ਵਿੱਚ ਫੇਲ੍ਹ ਸਾਬਤ ਹੋ ਗਈ ਹੈ।
ਕਿਸਾਨਾਂ ਵੱਲੋਂ ਡੀਏਪੀ ਨਾਲ ਨੈਨੋ ਯੂਰੀਆ ਵੇਚਣ ਦਾ ਵਿਰੋਧ
ਭੁੱਚੋ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਸਾਨਾਂ ਨੂੰ ਡੀਏਪੀ ਖਾਦ ਨਾਲ ਦਿੱਤੀ ਜਾ ਰਹੀ ਨੈਨੋ ਖਾਦ ਦੇ ਵਿਰੋਧ ਵਿੱਚ ਅੱਜ ਪਿੰਡ ਚੱਕ ਫ਼ਤਿਹ ਸਿੰਘ ਵਾਲਾ ’ਚ ਰੋਸ ਵਿਖਾਵਾ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਆਗੂ ਜਗਜੀਤ ਸਿੰਘ, ਆਗੂ ਸਿਮਰਜੀਤ ਸਿੰਘ ਅਤੇ ਅਜਮੇਰ ਸਿੰਘ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਚਾਹੀਦੀ ਡੀਏਪੀ ਖਾਦ ਦੇ ਨਾਲ ਨੈਨੋ ਯੂਰੀਆ, ਜਿੰਕ ਅਤੇ ਹੋਰ ਬੇਲੋੜੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਇਕੱਲੀ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇ।
Courtesy : Punjabi Tribune
test