27 ਸਤੰਬਰ, 2024 – ਤਰਨ ਤਾਰਨ : ਇਥੋਂ ਦੇ ਮੁਹੱਲਾ ਟਾਂਕ ਕਸ਼ਤਰੀ ਦੇ ਨੌਜਵਾਨ ਦੀ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਬੁੱਧਵਾਰ ਦੇਰ ਸ਼ਾਮ ਵਾਪਰੀ, ਜਿਸ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਵਿਨੈ ਕੁਮਾਰ (21) ਵਜੋਂ ਹੋਈ ਹੈ।
ਉਸ ਦੀ ਮੁਹੱਲੇ ’ਚ ਕਰਿਆਨੇ ਦੀ ਦੁਕਾਨ ਸੀ। ਵਿਨੈ ਦਾ ਪਿਤਾ ਰਮੇਸ਼ ਕੁਮਾਰ, ਜੋ ਸਥਾਨਕ ਸਿਵਲ ਹਸਪਤਾਲ ਵਿੱਚ ਦਰਜਾ ਚਾਰ ਮੁਲਾਜ਼ਮ ਹੈ, ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਾਮ ਵੇਲੇ ਦੁਕਾਨ ਬੰਦ ਕਰਕੇ ਆਸ-ਪਾਸ ਟਹਿਲ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਉਥੇ ਆਏ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਵਿਨੈ ’ਤੇ ਗੋਲੀਆਂ ਚਲਾ ਦਿੱਤੀਆਂ| ਉਸ ਨੂੰ ਤੁਰੰਤ ਇਥੋਂ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ|
ਡੀਐੱਸਪੀ ਕਮਲਮੀਤ ਸਿੰਘ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਕੇ ਜਾਣਕਾਰੀ ਇਕੱਤਰ ਕੀਤੀ| ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 103 ਤੇ ਅਸਲਾ ਐਕਟ ਦੀ ਦਫ਼ਾ 52, 27, 54, 59 ਅਧੀਨ ਕੇਸ ਦਰਜ ਕੀਤਾ ਗਿਆ ਹੈ| ਲਾਸ਼ ਦਾ ਪੋਸਟਮਾਰਟਮ ਅੱਜ ਇਥੋਂ ਦੇ ਸਿਵਲ ਹਸਪਤਾਲ ’ਚ ਕੀਤਾ ਗਿਆ| ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੁਲਜ਼ਮਾਂ ਦੀ ਸ਼ਨਾਖਤ ਨਹੀਂ ਹੋ ਸਕੀ।
ਝਗੜੇ ਕਾਰਨ ਪਤਨੀ ਨੂੰ ਗੋਲੀ ਮਾਰੀ, ਪਤੀ ਗ੍ਰਿਫ਼ਤਾਰ਼
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਅਮਲੋਹ ਰੋਡ ਸਥਿਤ ਰਾਧਾ ਐਨਕਲੇਵ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਵਰਿੰਦਰ ਕੁਮਾਰ ਕੌਸ਼ਲ ਨੇ ਕਥਿਤ ਝਗੜੇ ਕਾਰਨ ਲੰਘੀ ਦੇਰ ਰਾਤ ਆਪਣੀ ਪਤਨੀ ਅੰਜਲੀ ਕੌਸ਼ਲ ਨੂੰ ਗੋਲੀ ਮਾਰ ਦਿੱਤੀ। ਘਟਨਾ ’ਚ ਅੰਜਲੀ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਅੰਜਲੀ ਦਾ ਭਰਾ ਮੌਕੇ ’ਤੇ ਪੁੱਜਿਆ ਅਤੇ ਉਸ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਲੈ ਕੇ ਗਿਆ ਤੇ ਫਿਰ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਹੈ। ਪੁਲੀਸ ਅਨੁਸਾਰ ਵਰਿੰਦਰ ਕੁਮਾਰ, ਜਿਸ ਦੀ ਖੰਨਾ ਵਿੱਚ ਸੁਮਿੱਤਰਾ ਗੈਸ ਕੰਪਨੀ ਸੀ, ਕੁਝ ਸਾਲ ਪਹਿਲਾਂ ਵਿਦੇਸ਼ ਆਪਣੀ ਲੜਕੀ ਕੋਲ ਚਲਾ ਗਿਆ ਸੀ। ਕੁਝ ਸਮਾਂ ਉਥੇ ਰਹਿਣ ਪਿਛੋਂ ਫਿਰ ਖੰਨਾ ਆ ਕੇ ਕਿਰਾਏ ਦੀ ਕੋਠੀ ਵਿੱਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਪਤੀ-ਪਤਨੀ ਵਿਚ ਅਕਸਰ ਝਗੜਾ ਰਹਿੰਦਾ ਸੀ ਅਤੇ ਬੁੱਧਵਾਰ ਰਾਤ ਵੀ ਦੋਵੇਂ ਆਪਸ ’ਚ ਕਾਫੀ ਸਮਾਂ ਝਗੜਦੇ ਰਹੇ, ਜਿਸ ਮਗਰੋਂ ਵਰਿੰਦਰ ਕੁਮਾਰ ਨੇ ਆਪਣੀ .12 ਬੋਰ ਬੰਦੂਕ ਨਾਲ ਪਤਨੀ ਅੰਜਲੀ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੀ ਪਿੱਠ ’ਤੇ ਲੱਗੀ। ਅੰਜਲੀ ਹਸਪਤਾਲ ’ਚ ਦਾਖਲ ਹੈ। ਥਾਣਾ ਸਦਰ ਖੰਨਾ ਦੀ ਪੁਲੀਸ ਨੇ ਵਰਿੰਦਰ ਨੂੰ .12 ਬੋਰ ਬੰਦੂਕ ਅਤੇ .32 ਬੋਰ ਦੇ ਰਿਵਾਲਵਰ ਸਮੇਤ ਗ੍ਰਿਫ਼ਤਾਰ ਕੀਤਾ ਹੈ।
Courtesy : Punjabi Tribune
test