ਬਿੰਦਰ ਬਸਰਾ
ਪੰਜਾਬ ਦਾ ਨਾਂ ਫ਼ਾਰਸ਼ੀ ਭਾਸ਼ਾ ਦੇ ਸ਼ਬਦ ਪੰਜ+ਆਬ ਤੋਂ ਪਿਆ ਹੈ। ਭਾਵ ਪੰਜ ਪਾਣੀਆਂ ਦੀ ਧਰਤੀ। ਇਸ ਤੋਂ ਪਹਿਲਾਂ ਇਹ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪ੍ਰਾਚੀਨ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ ਸਪਤ ਸਿੰਧੂ ਭਾਵ ਸੱਤ ਨਦੀਆਂ ਦੀ ਧਰਤੀ ਕਿਹਾ ਗਿਆ ਹੈ।
ਪੰਜਾਬ ਦੇਸ਼ ਦੀ ਖੜਗ ਭੁਜਾ ਹੈ। ਇੱਥੇ ਵਗਦੇ ਦਰਿਆ ਇਸ ਦੀ ਸ਼ਾਹਰਗ ਹਨ। ਇਨ੍ਹਾਂ ਦਰਿਆਵਾਂ ਕੰਢੇ ਸਾਡੇ ਅਮੀਰ ਸੱਭਿਆਚਾਰ ਦੀ ਉਤਪਤੀ ਹੋਈ। ਵੇਦ ਅਤੇ ਪੁਰਾਣ ਇਨ੍ਹਾਂ ਦਰਿਆਵਾਂ ਦੇ ਕੰਢਿਆਂ ‘ਤੇ ਰਚੇ ਗਏ। ਦਰਿਆਵਾਂ ਦੇ ਪਾਣੀਆਂ ਦੀ ਰਵਾਨੀ ਨੇ ਪ੍ਰੇਮੀ ਦੇ ਇਸ਼ਕ ਪਿਆਰ ਨੂੰ ਹੁਲਾਰਾ ਦਿੱਤਾ। ਹੀਰ-ਰਾਂਝਾ, ਸੋਹਣੀ-ਮਹੀਵਾਲ ਦੀ ਮੁਹੱਬਤ ਦੀ ਗਵਾਹੀ ਇਹ ਦਰਿਆ ਭਰਦੇ ਹਨ। ਇਨ੍ਹਾਂ ਦੇ ਪਾਣੀਆਂ ‘ਤੇ ਇਸ਼ਕ ਦੀ ਕਹਾਣੀ ਤਾਰੀਆਂ ਲਾਉਂਦੀ ਹੈ। ਪੰਜਾਬੀ ਦੇ ਇਨ੍ਹਾਂ ਦਰਿਆਵਾਂ ਦੀ ਰਵਾਨਗੀ ਤੇ ਸੁਭਾਅ ਰਾਖਵੇਂ ਹਨ। ਕੋਈ ਅੱਥਰਾ ਘੋੜਾ ਹੈ ਤੇ ਕੋਈ ਸ਼ਾਂਤ ਸਮਾਧੀ। ਕੋਈ ਰੂਪ ਬਦਲਦਾ ਛਲੇਡਾ। ਕਿਸੇ ਦੀ ਸ਼ੂਕ ਸੁਣ ਕੇ ਭੈਅ ਆਉਂਦਾ ਹੈ ਤੇ ਕੋਈ ਸੰਗੀਤ ਦੀਆਂ ਮੱਧਮ ਮੁਧਰ ਤਰੰਗਾਂ ਵਾਂਗ ਵਹਿੰਦਾ ਹੈ। ਇਨ੍ਹਾਂ ਮੁਧਰ ਤਰੰਗਾਂ ਵਾਲੇ ਦਰਿਆਵਾਂ ਦੇ ਕੰਢੇ ‘ਤੇ ਰਿਸ਼ੀਆਂ ਮੁਨੀਆਂ ਨੇ ਡੇਰੇ ਲਾ ਕੇ ਵੇਦਾਂ ਦੀ ਰਚਨਾ ਕੀਤੀ। ਦਰਿਆਵਾਂ ਦੀ ਰਵਾਨਗੀ ਦੇ ਸੁਭਾਅ ਅਨੁਸਾਰ ਇਨ੍ਹਾਂ ਦੁਆਬਿਆਂ ਵਿਚ ਪੈਂਦੇ ਖੇਤਰ ਦੇ ਲੋਕਾਂ ਦੇ ਸੁਭਾਅ ਵੀ ਵੱਖੋ ਵੱਖਰੇ ਹਨ ਅਤੇ ਉਨ੍ਹਾਂ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਵੀ ਆਪਣੇ ਹਨ।
ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਇਨ੍ਹਾਂ ਦਰਿਆਵਾਂ ਪ੍ਰਤੀ ਪੰਜਾਬੀਆਂ ਦੇ ਪਿਆਰ ਨੂੰ ਆਪਣੀ ਕਵਿਤਾ ‘ਚ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਹੈ।
ਰਾਵੀ ਸੋਹਣੀ ਪਈ ਵਗਦੀ।
ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ,
ਮੈਨੂੰ ਝਨਾਂ ‘ਵਾਜ਼ਾਂ ਮਾਰਦੀ
ਮੈਨੂੰ ਜਿਹਲਮ ਪਿਆਰਦਾ,
ਅਟਕਾਂ ਦੀ ਲਹਿਰਾਂ ਦੀ ਠਾਠ
ਮੇਰੇ ਬੂਹੇ ‘ਤੇ ਵੱਜਦੀ।
ਖਾੜ ਖਾੜ ਚੱਲਣ ਵਿਚ
ਮੇਰੇ ਸੁਫਨਿਆਂ,
ਪੰਜਾਬ ਦੇ ਦਰਿਆ,
ਪਿਆਰ ਅੱਗ ਇਨ੍ਹਾਂ ਨੂੰ
ਲੱਗੀ ਹੋਈ,
ਪਿਆਰਾ ਜਪੁ ਸਾਹਿਬ ਗਾਉਂਦੇ,
ਠੰਢੇ ਤੇ ਠਾਰਦੇ ਪਿਆਰਦੇ।
ਇਤਿਹਾਸਕ ਪਿਛੋਕੜ
ਪੰਜਾਬ ਦਾ ਨਾਂ ਫ਼ਾਰਸ਼ੀ ਭਾਸ਼ਾ ਦੇ ਸ਼ਬਦ ਪੰਜ+ਆਬ ਤੋਂ ਪਿਆ ਹੈ। ਭਾਵ ਪੰਜ ਪਾਣੀਆਂ ਦੀ ਧਰਤੀ। ਇਸ ਤੋਂ ਪਹਿਲਾਂ ਇਹ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪ੍ਰਾਚੀਨ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ ਸਪਤ ਸਿੰਧੂ ਭਾਵ ਸੱਤ ਨਦੀਆਂ ਦੀ ਧਰਤੀ ਕਿਹਾ ਗਿਆ ਹੈ। ਇਹ ਸੱਤ ਨਦੀਆਂ ਹਨ- ਸਿੰਧ (ਸਿੰਧੂ), ਜੇਹਲਮ (ਵਿਤਸਤਾ) , ਚਿਨਾਬ (ਅਸਿਕਨੀ), ਰਾਵੀ (ਪੁਰੁਸ਼ਨੀ), ਬਿਆਸ (ਵਿਪਾਸ਼ਾ) , ਸਤਲੁਜ (ਸੁਤੁਦਰੀ) ਅਤੇ ਸਰਸਵਤੀ (ਸੁਰਸੁਤੀ)। ਸਮੇਂ ਦੇ ਨਾਲ ਸਰਸਵਤੀ ਦੀ ਹੋਂਦ ਖ਼ਤਮ ਹੋ ਚੁੱਕੀ ਹੈ। ਪ੍ਰਾਚੀਨ ਮਹਾਕਾਵਿ ਰਮਾਇਣ ਤੇ ਮਹਾਭਾਰਤ ਅਤੇ ਪੁਰਾਣਾਂ ਵਿਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਹੈ। ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਦਿੱਤਾ, ਜਿਸ ਵਿਚ ਪੈਂਟਾ ਦਾ ਅਰਥ ਹੈ-ਪੰਜ ਅਤੇ ਪੋਟਾਮੀਆ ਦਾ ਅਰਥ ਹੈ ਨਦੀ, ਭਾਵ ਪੰਜ ਨਦੀਆਂ ਦੀ ਧਰਤੀ। ਮੁਗ਼ਲ ਸਮਰਾਟ ਅਕਬਰ ਨੇ ਇਸ ਨੂੰ ਪੰਜਾਬ ਦਾ ਨਾਂ ਦਿੱਤਾ ਜੋ ਕਿ ਫ਼ਾਰਸੀ ਭਾਸ਼ਾ ਦੇ ਸ਼ਬਦ ‘ਪੰਜ’ ਅਤੇ ‘ਆਬ’ ਤੋਂ ਮਿਲ ਕੇ ਬਣਿਆ ਹੈ। ਪੰਜ ਦਾ ਅਰਥ ਹੈ ਪੰਜ ਅਤੇ ‘ਆਬ’ ਦਾ ਅਰਥ ਹੈ ਪਾਣੀ। ਇਸ ਤਰ੍ਹਾਂ ਪੰਜਾਬ ਦਾ ਇਹ ਨਾਂ ਪ੍ਰਚਲਿਤ ਹੋ ਗਿਆ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਅਮੀਰ ਖੁਸਰੋ ਨੇ ਕੀਤੀ ਸੀ।
1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ (ਜਿਸ ਵਿਚ ਜੇਹਲਮ, ਚਿਨਾਬ ਅਤੇ ਰਾਵੀ ਦਰਿਆ ਸ਼ਾਮਲ ਹਨ) ਨੂੰ ਪੱਛਮੀ ਪੰਜਾਬ ਅਤੇ ਭਾਰਤੀ ਪੰਜਾਬ ਜਿਸ ਵਿਚ ਬਿਆਸ ਅਤੇ ਸਤਲੁਜ ਨਦੀ ਦੇ ਇਲਾਕੇ ਸ਼ਾਮਲ ਹਨ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਰਾਵੀ ਪੰਜਾਬ ‘ਚ ਵੀ ਵਗਦਾ ਹੈ।
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਪੰਜਾਬ ਦੀ ਇਸ ਵੰਡ ਦੇ ਦਰਦ ਅਤੇ ਲੋਕਾਂ ਦੀ ਦਰਿਆਵਾਂ ਪ੍ਰਤੀ ਖਿੱਚ ਨੂੰ ਆਪਣੀ ਕਵਿਤਾ ‘ਚ ਬਹੁਤ ਖੂਬਸੂਰਤੀ ਨਾਲ ਬਿਆਨਿਆ ਹੈ।
ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ
ਸਲਾਮ ਆਖਣਾ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ
ਰਾਵੀ ਇੱਧਰ ਵੀ ਵਗੇ
ਰਾਵੀ ਉੱਧਰ ਵੀ ਵਗੇ
ਲੈ ਕੇ ਜਾਂਦੀ ਕੋਈ
ਸੁੱਖ ਦਾ ਸੁਨੇਹਾ ਜਿਹਾ ਲੱਗੇ
ਏਦ੍ਹੀ ਤੋਰ ਨੂੰ ਹੀ
ਪਿਆਰ ਦਾ ਪੈਗ਼ਾਮ ਆਖਣਾ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ
ਜਿੱਥੇ ਸੱਜਣਾਂ ਦੀ ਪੈੜ
ਜਿੱਥੇ ਗੂੰਜਦੇ ਨੇ ਗੀਤ
ਜਿੱਥੇ ਪੁੱਗਦੀਆਂ ਪ੍ਰੀਤਾਂ
ਓਹੀ ਥਾਵਾਂ ਨੇ ਪੁਨੀਤ
ਉਨ੍ਹਾਂ ਥਾਵਾਂ ਤਾਈਂ
ਸਾਡਾ ਪ੍ਰਣਾਮ ਆਖਣਾ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ
ਸਦਾ ਮਿਲਣਾ ਹੈ ਸੀਨਿਆਂ ‘ਚ
ਨਿੱਘਾ ਪਿਆਰ ਲੈ ਕੇ
ਅਤੇ ਵਿਛੜਣਾ ਏ
ਮਿਲਣੇ ਦਾ ਇਕਰਾਰ ਲੈ ਕੇ
ਕਿਸੇ ਸ਼ਾਮ ਨੂੰ
ਨਾ ਅਲਵਿਦਾ ਦੀ ਸ਼ਾਮ ਆਖਣਾ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ
ਪੰਜਾਬ ਦੇ ਜਾਇਆਂ ਨੂੰ ਨਿੱੱਤ ਮੁਹਿੰਮਾਂ
ਇਰਾਨ ਅਤੇ ਅਫਗਾਨਿਸਤਾਨ ਨਾਲ ਸਬੰਧਤ ਬਹੁਤੇ ਧਾੜਵੀਆਂ ਨੇ ਪੰਜਾਬ ਦੇ ਦਰਿਆਵਾਂ ਨੂੰ ਪਾਰ ਕਰ ਕੇ ਕਈ ਵਾਰ ਹਿੰਦੋਸਤਾਨ ‘ਤੇ ਹਮਲੇ ਕੀਤੇ ਅਤੇ ਖੂਬ ਲੁੱਟ ਮਾਰ ਕੀਤੀ। ਫਿਰ ਸਮਾਂ ਆਇਆ ਜਦ ਇਨ੍ਹਾਂ ਦਰਿਆਵਾਂ ਦੀ ਧਰਤੀ ਦੇ ਬਹਾਦਰ ਯੋਧਿਆਂ ਨੇ ਇਨ੍ਹਾਂ ਧਾੜਵੀਆਂ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ ਤਾਂ ਕਿਤੇ ਜਾ ਕੇ ਇਨ੍ਹਾਂ ਲੁੱਟਾਂ ਮਾਰਾਂ ਨੂੰ ਠੱਲ ਪੈਣੀ ਸ਼ੁਰੂ ਹੋਈ। ਇਕ ਸਮਾਂ ਅਜਿਹਾ ਆ ਗਿਆ ਜਦ ਇਨ੍ਹਾਂ ਮੁਗਲਾਂ ਜਾਂ ਪਠਾਨ ਧਾੜਵੀਆਂ ਨਾਲ ਪੰਜਾਬੀਆਂ ਦਾ ਸਿੱਧਾ ਟਾਕਰਾ ਹੋਇਆ।
1799 ‘ਚ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸੰਭਾਲਣ ਪਿੱਛੋਂ ਅਬਦਾਲੀ ਦੇ ਪੋਤੇ ਨੂੰ ਲਾਹੌਰ ‘ਚ ਜਾ ਲਲਕਾਰਿਆ ਅਤੇ ਧਾੜਵੀਆਂ ਨੂੰ ਹਿੰਦੋਸਤਾਨ ਵੱਲੋਂ ਮੂੰਹ ਨਾ ਕਰਨ ਦਿੱਤਾ। ਅਣਵੰਡੇ ਪੰਜਾਬ ਦੀ ਧਰਤੀ ‘ਤੇ ਵਗਦੇ ਰਹੇ ਦਰਿਆ ਦਾ ਕਹਾਣੀ ਆਪਣੇ ਆਪ ‘ਚ ਕਾਫ਼ੀ ਦਿਲਚਸਪ ਰਹੀ ਹੈ। ਇਨ੍ਹਾਂ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ।
ਸਤਲੁਜ
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਦੀ ਹੱਦ ਸਤਲੁਜ ਸੀ। ਸੰਨ 1882 ਵਿਚ ਰੋਪੜ ਤੋਂ ਨਹਿਰ ਕੱਢੀ ਗਈ ਹੈ, ਜੋ ਮਾਲਵਾ ਖਿੱਤੇ ਨੂੰ ਸਿੰਜਦੀ ਹੈ। ਇਸ ਨਹਿਰ ‘ਤੇ ਦੋ ਕਰੋੜ ਅਠੱਤਰ ਲੱਖ ਰੁਪਏ ਅੰਗਰੇਜ਼ੀ ਸਰਕਾਰ ਦਾ ਅਤੇ ਇਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖ਼ਰਚ ਹੋਇਆ।
ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ, ਸ਼ਤਦ੍ਰ, ਸਤਲੁਜ ਹੈ। ਪੁਰਾਣ ਕਥਾ ਹੈ ਕਿ ਵਸ਼ਿਸ਼ਟ ਰਿਸ਼ੀ ਆਪਣੇ ਪੁੱਤਰਾਂ ਦੇ ਸ਼ੋਕ ਵਿਚ ਇਸ ਦਰਿਆ ਵਿਚ ਡੁੱਬ ਕੇ ਮਰਨ ਲੱਗਾ ਸੀ ਪਰ ਦਰਿਆ ਨੇ ਆਪਣੇ ਵਹਿਣ ਨੂੰ ਸੌ ਥਾਂ ਵੰਡ ਕੇ ਉਸ ਨੂੰ ਡੁੱਬਣੋਂ ਬਚਾ ਲਿਆ। ਮਹਾਨ ਕੋਸ਼ ਅਨੁਸਾਰ ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਨੇੜਲੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ, ਅਨੰਦਪੁਰ, ਰੋਪੜ ਫਿਰੋਜ਼ਪੁਰ ਆਦਿ ਥਾਵਾਂ ਤੋਂ 900 ਮੀਲ ਵਹਿੰਦਾ ਹੋਇਆ ਮੁਜ਼ੱਫਰਗੜ੍ਹ ਜ਼ਿਲ੍ਹੇ ਵਿਚ ਸਿੰਧ ਦਰਿਆ ਨਾਲ ਜਾ ਮਿਲਦਾ ਹੈ। ਕਵੀ ਤ੍ਰੈਲੋਚਨ ਲੋਚੀ ਵੰਡ ਪਿੱਛੋਂ ਸਤਲੁਜ ਅਤੇ ਬਿਆਸ ਦੀ ਉਦਾਸੀ ਦੀ ਬਾਤ ਪਾਉਂਦਾ ਹੈ।
ਸਤਲੁਜ ਅਤੇ ਬਿਆਸ ਮਿਲੇ ਸੀ
ਦੋਵੇਂ ਬਹੁਤ ਉਦਾਸ ਮਿਲੇ ਸੀ
ਮੇਰੇ ਵੰਨੀਂ ਝਾਕ ਰਹੇ ਸੀ
ਜਿੱਦਾਂ ਮੈਨੂੰ ਆਖ ਰਹੇ ਸੀ
ਕਿੱਥੇ ਸਾਡੇ ਸੁੱਚੇ ਪਾਣੀ
ਕਿਉਂ ਕਰਦੈਂ ਤੂੰ ਖ਼ਤਮ ਕਹਾਣੀ
ਸੁਣ ਉਏ ਬੰਦਿਆ
ਬੋਲ ਓ ਬੰਦਿਆ
ਕਿਉਂ ਤੂੰ ਸਾਨੂੰ
ਸੂਲੀ ਟੰਗਿਆ
ਸੁਣਕੇ ਸੱਚੇ ਬੋਲ ਉਨ੍ਹਾਂ ਦੇ
ਸਾਹ ਸੀ ਸੁੱਕੇ
ਦਿਲ ਸੀ ਕੰਬਿਆ
ਦਰਿਆਵਾਂ ਦਾ ਸੁਣਕੇ ਮਿਹਣਾ
ਸਿੱਧੇ ਤੀਰ ਕਲੇਜੇ ਵੱਜੇ
ਭੱਜਣ ਨੂੰ ਨਾ ਥਾਂ ਸੀ ਕਿੱਧਰੇ
ਨਾ ਖੱਬੇ ਤੇ ਨਾ ਹੀ ਸੱਜੇ
ਸੁਣਕੇ ਉਨ੍ਹਾਂ ਦੀ ਇਹ ਬੋਲੀ
ਮੈਂ ਤਾਂ ਪਾਣੀਓਂ ਪਾਣੀ ਹੋਇਆ
ਧਰਤੀ ਦਿੰਦੀ ਵੇਹਲ ਨਹੀਂ ਸੀ
ਉਨ੍ਹਾਂ ਐਸਾ ਕਿੱਸਾ ਛੋਹਿਆ
ਦਿਲ ਚਾਹੁੰਦਾ ਸੀ
ਧਰਤੀ ਪਾਟੇ
ਛੇਤੀ ਧਰਤੀ ਵਿਚ ਸਮਾਵਾਂ
ਪਾਣੀਓਂ ਪਾਣੀ ਹੋਇਆ ਮੈਂ ਵੀ
ਜਾ ਕੇ ਪਾਣੀ ਵਿਚ ਰਲ ਜਾਵਾਂ
ਜਾ ਕੇ ਪਾਣੀ ਵਿਚ ਰਲ ਜਾਵਾਂ….
ਜੇਹਲਮ
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, ‘ਵਿਤਸਵਾ ਨਦੀ ਜੋ ਕਸ਼ਮੀਰ ਵਿੱਚੋਂ ਵੈਰੀਨਾਗ ਆਦਿ ਚਸ਼ਮਿਆਂ ਤੋਂ ਉਪਜ ਕੇ ਬਾਰਾਂਮੂਲਾ, ਮੁਜ਼ੱਫਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ ਝੰਗ ਆਦਿ ਇਲਾਕਿਆਂ ਵਿੱਚੋਂ 540 ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿਚ ਜਾ ਮਿਲਦੀ ਹੈ। ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਇਸ ਦੇ ਕੰਢੇ ਆਬਾਦ ਹੈ। ਪੰਜਾਬ ਦੇ ਇਲਾਕੇ ਵਿਚ ਇਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਮੁੱਖ ਅਸਥਾਨ ਹੈ। ਰੇਲ ਦੇ ਰਸਤੇ ਜੇਹਲਮ ਲਾਹੌਰ ਤੋਂ 104 ਮੀਲ ਦੀ ਦੂਰੀ ‘ਤੇ ਹੈ।
ਚਨਾਬ
ਹਿਮਾਲਿਆ ਦੇ ਚੰਦ੍ਰਭਾਗ ਨਾਮੀ ਅਸਥਾਨ ਤੋਂ ਨਿਕਲੀ ਹੋਈ ਇਕ ਨਦੀ, ਹੈ ਚਨਾਬ (ਝਨਾਬ,ਝਨਾਂ। ਰਿਗਵੇਦ ਵਿਚ ਇਸ ਦਾ ਨਾਂ ਅਸਿਕ੍ਰੀ ਹੈ। ਲਾਹੁਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ। ਮੁੱਢ ਦੇ ਸੋਮੇ ਤੋਂ 115 ਮੀਲ ‘ਤੇ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ।
ਇਹ ਨਦੀ ਕਸ਼ਮੀਰ ਦੇ ਇਲਾਕੇ ਅਖਨੂਰ ਕਿਸ਼ਤਵਾੜ ਅਤੇ ਚੰਬਾ ਰਾਜ ਵਿਚ ਵਹਿੰਦੀ ਹੋਈ ਅਤੇ ਸਿਆਸਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜ਼ਿਲ੍ਹੇ ਜੇਹਲਮ ਨਾਲ ਮਿਲ ਕੇ ਅਤੇ ਸਿੰਧੂ ਪਾਸ ਰਾਵੀ ਨਾਲ ਇਕੱਠੀ ਹੋ ਕੇ ਮਿੱਠਨਕੋਟ ਦੇ ਮੁਕਾਮ ਸਿੰਧੂਨਦ ਵਿਚ ਜਾ ਮਿਲਦੀ ਹੈ। ਪ੍ਰੋ. ਮੋਹਨ ਸਿੰਘ ਨੇ ਝਨਾਂ ਨਾਲ ਆਪਣੇ ਇਸ਼ਕ ਦੀ ਬਾਤ ‘ਝਨਾਂ’ ਕਵਿਤਾ ‘ਚ ਬਿਆਨਿਆ ਹੈ।
ਮੇਰੇ ਫੁੱਲ ਝਨਾਂ ਵਿਚ ਪਾਣੇ
ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ,
ਕਦਰ ਇਨ੍ਹਾਂ ਦੀ ਕੋਈ
ਆਸ਼ਕ ਪਾਵੇ
ਗੰਗਾ ਬਾਹਮਣੀ ਕੀ ਜਾਣੇ.
ਮੇਰੇ ਫੁੱਲ ਝਨਾਂ ਵਿਚ ਪਾਣੇ।
ਰੂਹਾਂ ਹੀਰ ਤੇ ਸੋਹਣੀ ਦੀਆਂ
ਫਿਰ ਝਨਾਂ ਦੇ ਅੰਦਰ ਪਈਆਂ,
ਪੈਰ ਦੋਹਾਂ ਦਾ ਵਾਹਣੇ,
ਮੇਰੇ ਫੁੱਲ ਝਨਾਂ ਵਿਚ ਪਾਣੇ।
ਸਰਸਵਤੀ
ਵੇਦਾਂ ਵਿਚ ਸਰਸਵਤੀ ਦਾ ਮੂਲ ਰੂਪ ਵਿਚ ਦਰਿਆ ਦੇ ਰੂਪ ਵਿਚ ਹੀ ਵਰਣਨ ਕੀਤਾ ਗਿਆ ਹੈ ਪਰ ਰਿਚਾਵਾਂ ਵਿਚ ਇਸ ਦੀ ਦਰਿਆ ਦੇ ਦੇਵਤਾ ਦੇਵੋਂ ਰੂਪਾਂ ਵਿਚ ਪ੍ਰਸਿੱਧੀ ਮਿਲਦੀ ਹੈ। ਦਰਿਆ ਦੇ ਮਾਨਵੀਕਰਨ ਰੂਪ ਵਿਚ ਸਰਸਵਤੀ ਦੇਵੀ ਆਪਣੇ ਜਲ ਨਾਲ ਸਭ ਨੂੰ ਉਪਜਾਊ ਤੇ ਨਿਰਮਲ ਕਰਨ ਵਾਲੀ ਅਤੇ ਉਪਜੀਵਕਾ, ਖ਼ੁਸ਼ਹਾਲੀ ਤੇ ਧਨ ਦੇਣ ਵਾਲੀ ਹੈ।
ਹਿੰਦੂ ਮਿਥਿਹਾਸ ਕੋਸ਼ ਅਨੁਸਾਰ ਸਰਸਵਤੀ ਦਾ ਵਾਣੀ ਦੇ ਦੈਵੀ ਵਾਚ ਦੇ ਰੂਪ ਵਿਚ ਰਿਗਵੇਦ ਵਿਚ ਕੋਈ ਵਰਣਨ ਨਹੀਂ ਮਿਲਦਾ, ਪਰ ਮਹਾਭਾਰਤ ਵਿਚ ਸਰੂਪ ਅਵੱਸ਼ ਸਵੀਕਾਰ ਕੀਤਾ ਗਿਆ ਹੈ। ਡਾ. ਮੂਰ, ਸਰਸਵਤੀ ਦੇ ਸਰੂਪ ਦੀ ਪ੍ਰਾਪਤੀ ਲਈ ਇਹ ਕਾਰਨ ਦੱਸਦਾ ਹੈ ਕਿ ‘ਜਦੋਂ ਸਰਸਵਤੀ ਦਰਿਆ ਨੇ ਇਕ ਵਾਰੀ ਦੈਵੀ ਸਰੂਪ ਨੂੰ ਪ੍ਰਾਪਤ ਕਰ ਲਿਆ ਤਾਂ ਇਸ ਲਈ ਇਹ ਬਿਲਕੁਲ ਸੁਭਾਵਕ ਸੀ ਕਿ ਜੋ ਵੀ ਰਸਮ ਰਿਵਾਜ ਇਸ ਪਾਵਨ ਦਰਿਆ ਦੇ ਕੰਢੇ ਪੂਰੇ ਕੀਤੇ ਜਾਂਦੇ, ਇਸ ਨੂੰ ਉਨ੍ਹਾਂ ਦਾ ਸਰੰਖਿਅਕ ਮੰਨਿਆ ਜਾਂਦਾ ਅਤੇ ਉਨ੍ਹਾਂ ਦੀ ਯੋਗ ਪੂਰਤੀ ਦੀ ਸਫਲਤਾ ਲਈ ਇਸ ਦੀ ਅਗਵਾਈ ਅਤੇ ਅਸ਼ਰੀਵਾਦ ਪ੍ਰਾਪਤ ਕਰਨ ਲਈ ਇਸ ਦੀ ਉਸਤਤੀ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ।
ਵਿਲਸਨ ਦਾ ਮੰਨਣਾ ਹੈ ਕਿ ‘ਬੰਗਾਲ ਦੇ ਵੈਸ਼ਣਵਾਂ ਵਿਚ ਇਸ ਬਾਰੇ ਇਕ ਪ੍ਰਥਾ ਪ੍ਰਚਲਤ ਹੈ, ਇਸ ਅਨੁਸਾਰ ਇਹ ਲਕਸ਼ਮੀ ਤੇ ਗੰਗਾ ਦੀ ਤਰ੍ਹਾਂ ਵਿਸ਼ਨੂੰ ਦੀ ਪਤਨੀ ਸੀ। ਇਨ੍ਹਾਂ ਦਾ ਮੱਤ ਭੇਦ ਹੋ ਗਿਆ। ਸਰਸਵਤੀ ਹੋਰ ਆਦਰਸ਼ਕ ਸਿੱਖਿਅਤ ਦੀ ਤਰ੍ਹਾਂ ਵਿਦਿਆ ਦੀ ਦੇਵੀ ਸੀ। ਵਿਸ਼ਨੂੰ ਨੇ ਇਹ ਸੋਚਿਆ ਕਿ ਉਸ ਲਈ ਇਕ ਪਤਨੀ ਹੀ ਕਾਫ਼ੀ ਹੈ। ਸਰਸਵਤੀ ਬ੍ਰਹਮਾ ਨੂੰ ਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪ ਲਕਸ਼ਮੀ ਨਾਲ ਸੰਤੁਸ਼ਟ ਹੋ ਗਏ। ਸਰਸਵਤੀ ਦੇ ਹੋਰ ਨਾਵਾਂ ਵਿਚ ਭਾਰਤੀ, ਬ੍ਰਾਹਮੀ, ਪੂਤਕਾਰੀ, ਸ਼ਾਰਦਾ ਵਾਗੀਸ਼ਵਰੀ ਆਉਂਦੇ ਹਨ।
ਦਰਿਆ ਨੂੰ ਅੱਜ ਕੱਲ੍ਹ ਸਰਸਵਤੀ ਕਿਹਾ ਜਾਂਦਾ ਹੈ। ਇਹ ਹਿਮਾਲਿਆ ਤੋਂ ਨਿਕਲਦੀ ਹੈ ਅਤੇ ਰੇਤਲੇ ਥਲਾਂ ਵਿਚ ਆ ਕੇ ਲੁਪਤ ਹੋ ਜਾਂਦੀ ਹੈ। ਪ੍ਰਾਚੀਨ ਸਮੇਂ ਵਿਚ ਇਹ ਸਮੁੰਦਰ ਵੱਲ ਵਗਦੀ ਸੀ। ਰਿਗਵੇਦ ਵਿਚ ਆਉਂਦਾ ਹੈ ਕਿ ‘ਇਹ ਉਹ ਹੈ ਜੋ ਪਹਾੜਾਂ ਤੋਂ ਲੈ ਕੇ ਸਮੁੰਦਰ ਤਕ ਨਿਰਮਲ ਰੂਪ ਵਿਚ ਹੀ ਵਗਦੀ ਹੈ।’ ਮੈਕਸਮੂਲਰ, ਵੇਦ 45) ਮਹਾਭਾਰਤ ਅਨੁਸਾਰ ਇਹ ਉਤਥਯ ਰਿਸ਼ੀ ਦੇ ਸਰਾਪ ਨਾਲ ਸੁੱਕ ਗਈ ਸੀ।
ਰਾਵੀ
ਐਰਾਵਤੀ ਨਦੀ (ਰਾਵੀ) ਨੂੰ ਰਿਗਵੇਦ ਵਿਚ ਪਰੂਸਨੀ ਕਿਹਾ ਗਿਆ ਹੈ। ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲ ਕੇ ਚੰਬਾ ਮਾਧੋਪੁਰ ਦੇਹਰਾਬਾਬਾ ਨਾਨਕ ਲਾਹੌਰ ਮਿੰਟਗੁਮਰੀ ਮੁਲਤਾਨ ਆਦਿ ਵਿਚ 450 ਮੀਲ ਵਹਿੰਦੀ ਹੋਈ,ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ।
ਸਾਡੇ ਲੋਕ ਸਾਹਿਤ ਵਿਚ ਰਾਵੀ ਦਰਿਆ ਦਾ ਬਹੁਤ ਜ਼ਿਕਰ ਆਉਂਦਾ ਹੈ। ਪੰਜਾਬੀ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੇ ਆਪਣੀ ਪੁਸਤਕ ‘ਪੰਜਾਬਣਾਂ ਦੇ ਗੀਤ’ ਵਿਚ ਰਾਵੀ ਦਰਿਆ ਨਾਲ ਸਬੰਧਤ ਲੋਕ ਗੀਤ ਸ਼ਾਮਲ ਕੀਤਾ ਹੈ। ਨਮੂਨਾ ਦੇਖੋ :
ਵਗਦੀ ਏ ਰਾਵੀ ਵਿਚ
ਵਗਦੀ ਏ ਰਾਵੀ ਵਿਚ ਰੁੜ੍ਹਦੇ ਕਰੇਲੇ ਵੇ
ਆ ਮਿਲ ਬੀਬਾ ਐਵੇਂ ਘੜੀਆਂ ਦੇ ਮੇਲੇ ਵੇ
ਵਗਦੀ ਏ ਰਾਵੀ ਵਿਚ ਰੁੜ੍ਹਦੇ ਪਤਾਸੇ ਵੇ
ਤੁਰ ਗਿਓਂ ਪਰਦੇਸ ਨਾਲ ਲੈ ਗਿਓਂ ਹਾਸੇ ਵੇ
ਵਗਦੀ ਏ ਰਾਵੀ ਵਿਚ ਰੁੜ੍ਹਦੇ ਨੇ ਤਾਲ਼ੇ ਵੇ
ਛੱਡ ਗਿਓਂ ਬੁੱਤ ਰੂਹ ਲੈ ਗਿਓਂ ਨਾਲੇ ਵੇ
ਵਗਦੀ ਏ ਰਾਵੀ ਵਿਚ ਰੁੜ੍ਹਦੇ ਬਹੇੜੇ ਵੇ
ਅੱਖੀਆਂ ਕੀ ਲਾਈਆਂ ਰੋਗ ਜਿੰਦ ਨੂੰ ਸਹੇੜੇ ਵੇ
ਵਗਦੀ ਏ ਰਾਵੀ ਪਾਣੀ ਠੰਢੜੇ ਨੇ ਸੀਤ ਵੇ
ਝੱਲਣੇ ਵਿਛੋੜੇ ਪੈ ਗਏ ਲਾਈ ਕੀ ਪ੍ਰੀਤ ਵੇ
ਵਗਦੀ ਏ ਰਾਵੀ ਵਿਚ ਰੁੜ੍ਹਦੇ ਸ਼ਤੀਰ
ਵੇ ਮਾਣ ਜਵਾਨੀ ਢੋਲਾ ਸਾਡਾ ਤਾਂ ਅਖ਼ੀਰ ਵੇ।
ਸਿੰਧ
ਸਿੰਧ, ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਤੇ ਜ਼ਿਲਾ ਅਟਕ ਤੇ ਸਿੰਧ ਦੇਸ਼ ਵਿਚ ਵਹਿੰਦਾ ਹੋਇਅਆ ਕਰਾਚੀ ਪਾਸ ਅਰਬ ਸਮੁੰਦਰ ਵਿਚ ਜਾ ਮਿਲਦਾ ਹੈ। ਇਸ ਦੀ ਸਾਰੀ ਲੰਬਾਈ 1800 ਮੀਲ ਹੈ। ਸਿੰਧ (ਸਿੰਧੂ) ਦੇਸ਼ ਜੋ ਸਿੰਧ ਦਰਿਆ ਦੇ ਨਾਲ-ਨਾਲ ਵਸਦਾ ਹੈ, ਇਸੇ ਨੂੰ ਫਾਰਸ ਦੇ ਲੋਕ ਹਿੰਦ, ਯੂਨਾਨੀ ਹਿੰਦੋਸ ਅਤੇ ਅੰਗਰੇਜ਼ ਇੰਡੀਆ ਆਖਦੇਹਨ, ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ਮੱਧ ਭਾਰਤ ਦਾ ਇਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ।
ਪੰਜਾਬ ਦੇ ਪੰਜ ਦੁਆਬੇ
ਅਣਵੰਡੇ ਪੰਜਾਬ ਦੀਆਂ ਭੂਗੋਲਿਕ ਹੱਦਾਂ ਦਰਿਆ ਸਿੰਧ (ਅਟਕ) ਤੋਂ ਲੈ ਕੇ ਜਮਨਾ ਨਦੀ ਤਕ ਫੈਲੀਆਂ ਹਨ। ਪੰਜਾਬ ਨੂੰ ਪੰਜ ਦੁਆਬਿਆਂ ਵਿਚ ਵੰਡਿਆ ਗਿਆ ਸੀ। ਇਨ੍ਹਾਂ ਦੁਆਬਿਆਂ ਦੇ ਨਾਂ ਉਨ੍ਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਏ ਗਏ, ਜਿਨ੍ਹਾਂ ਦਰਿਆਵਾਂ ਦੇ ਵਿਚਕਾਰ ਉਹ ਇਲਾਕਾ ਪੈਂਦਾ ਸੀ। ਦੁਆਬਿਆਂ ਦੀ ਇਹ ਵੰਡ ਬਾਦਸ਼ਾਹ ਅਕਬਰ ਦੇ ਸਮੇਂ ਕੀਤੀ ਗਈ ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ।
ਸਿੰਧ ਸਾਗਰ ਦੁਆਬ
ਇਸ ਦੁਆਬ ਦਾ ਖੇਤਰ ਸਿੰਧ ਅਤੇ ਜੇਹਲਮ ਦਰਿਆ ਦੇ ਵਿਚਕਾਰ ਫੈਲਿਆ ਹੋਇਆ ਹੈ।
ਚੱਜ ਦੁਆਬ
ਚਿਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਦਾ ਇਲਾਕਾ ਚੱਜ ਦੁਆਬ ਵਜੋਂ ਜਾਣਿਆ ਜਾਂਦਾ ਹੈ। ਇਹ ਦੁਆਬ, ਸਿੰਧ ਸਾਗਰ ਦੁਆਬ ਨਾਲੋਂ ਵੱਧ ਉਪਜਾਊ ਹੈ।
ਰਚਨਾ ਦੁਆਬ
ਇਹ ਦੁਆਬ ਦਰਿਆ ਰਾਵੀ ਅਤੇ ਚਿਨਾਬ ਦੇ ਵਿਚਕਾਰ ਹੈ।
ਬਾਰੀ ਦੁਆਬ
ਦਰਿਆ ਬਿਆਸ ਅਤੇ ਰਾਵੀ ਵਿਚਕਾਰ ਫੈਲੇ ਇਲਾਕੇ ਨੂੰ ਬਾਰੀ ਦੁਆਬ ਕਿਹਾ ਜਾਂਦਾ ਹੈ। ਇਹ ਦੁਆਬ ਦੇ ਮੱਧ ਵਿਚ ਸਥਿਤ ਹੋਣ ਕਾਰਨ ਇਸਨੂੰ ਮਾਝਾ ਵੀ ਕਿਹਾ ਜਾਂਦਾ ਹੈ।
ਬਿਸਤ ਦੁਆਬ
ਇਹ ਦੁਆਬ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਪੈਂਦਾ ਹੈ। ਇਸ ਇਲਾਕੇ ਦਾ ਪ੍ਰਚਲਿਤ ਨਾਂ ਦੁਆਬਾ ਹੈ। ਇਸੇ ਤਰ੍ਹਾਂ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਪੈਂਦੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ।
ਸੱਤ ਨਦੀਆਂ ਦੇ ਪ੍ਰਚਲਿਤ ਨਾਂ
ਸਿੰਧ (ਸਿੰਧੂ)
ਜੇਹਲਮ (ਵਿਤਸਤਾ)
ਚਿਨਾਬ (ਅਸਿਕਨੀ)
ਰਾਵੀ (ਪੁਰੁਸ਼ਨੀ)
ਬਿਆਸ (ਵਿਪਾਸ਼ਾ)
ਸਤਲੁਜ (ਸੁਤੁਦਰੀ)
ਸਰਸਵਤੀ (ਸੁਰਸੁਤੀ)
1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ (ਜਿਸ ਵਿਚ ਜੇਹਲਮ, ਚਿਨਾਬ ਅਤੇ ਰਾਵੀ ਦਰਿਆ ਸ਼ਾਮਲ ਹਨ) ਨੂੰ ਪੱਛਮੀ ਪੰਜਾਬ ਅਤੇ ਭਾਰਤੀ ਪੰਜਾਬ ਜਿਸ ਵਿਚ ਬਿਆਸ ਅਤੇ ਸਤਲੁਜ ਨਦੀ ਦੇ ਇਲਾਕੇ ਸ਼ਾਮਲ ਹਨ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਰਾਵੀ ਪੰਜਾਬ ‘ਚ ਵੀ ਵਗਦਾ ਹੈ…
ਸੰਪਰਕ : 98765-46675
ਆਭਾਰ : https://www.punjabijagran.com/lifestyle/sahit-and-sabhyachar-land-of-two-and-a-half-rivers-8811139.html
test