23 ਨਵੰਬਰ, 2024 – ਬਠਿੰਡਾ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਕਿਹਾ ਕਿ ਧਰਤੀ, ਪਾਣੀ ਅਤੇ ਹਵਾ ਨੂੰ ਬਚਾਉਣਾ ਸਾਡਾ ਸਭ ਦਾ ਮੁੱਢਲਾ ਫਰਜ਼ ਤੇ ਧਰਮ ਹੈ। ਉਹ ਇੱਥੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ 100ਵੇਂ ਵਰਲਡ ਕੈਂਸਰ ਕੇਅਰ ਕੈਂਪ ਮੌਕੇ ਸੰਬੋਧਨ ਕਰ ਰਹੇ ਸਨ। ਸ੍ਰੀ ਕਟਾਰੀਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।
ਗੁਲਾਬ ਚੰਦ ਕਟਾਰੀਆ ਨੇ ਇਸ ਮੌਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ’ਤੇ ਚੱਲਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕਿਸਾਨ ਖੇਤੀ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਅਤੇ ਜੈਵਿਕ ਖੇਤੀ ਅਤੇ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨ ਵੱਧ ਪੈਦਾਵਾਰ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਵੱਧ ਵਰਤੋਂ ਕਰ ਰਹੇ ਹਨ ਅਤੇ ਉਦਯੋਗ ਤੇ ਹਸਪਤਾਲ ਬਿਨਾਂ ਟਰੀਟ ਕੀਤੇ ਪ੍ਰਦੂਸ਼ਿਤ ਪਾਣੀ ਜ਼ਮੀਨ ਹੇਠਾਂ ਜਾਂ ਨਦੀਆਂ-ਨਾਲਿਆਂ ਵਿੱਚ ਸੁੱਟ ਰਹੇ ਹਨ। ਇਸ ਦੀ ਪ੍ਰਤੱਖ ਮਿਸਾਲ ਸਾਡਾ ਸਤਲੁਜ ਦਰਿਆ ਹੈ ਜੋ ਪੰਜਾਬ ਵਿਚੋਂ ਲੰਘਦਾ ਹੈ ਅਤੇ ਜਿਸ ਦਾ ਪਾਣੀ ਹਰੀ ਕੇ ਪੱਤਣ ਵਿਚ ਪਹੁੰਚਦਿਆਂ ਹੀ ਪੂਰੀ ਤਰ੍ਹਾਂ ਕਾਲਾ ਅਤੇ ਪ੍ਰਦੂਸ਼ਿਤ ਹੋ ਜਾਂਦਾ ਹੈ ਜੋ ਕੈਂਸਰ ਫੈਲਣ ਦਾ ਵੱਡਾ ਕਾਰਨ ਹੈ।
ਉਨ੍ਹਾਂ ਕਿਹਾ, ‘‘ਇਸ ਨੂੰ ਰੋਕਣ ਨਾਲ ਜਿੱਥੇ ਸਾਡੀ ਹਵਾ, ਧਰਤੀ, ਵਾਤਾਵਰਨ ਬਚੇਗਾ, ਉੱਥੇ ਹੀ ਸਾਡੀ ਸਿਹਤ, ਭਵਿੱਖ ਅਤੇ ਆਉਣ ਵਾਲੀ ਪੀੜ੍ਹੀ ਲਈ ਲਾਭਦਾਇਕ ਹੋਵੇਗਾ।’’ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਪੰਜਾਬ ਤੇ ਭਾਰਤ ਦੇ ਹੋਰ ਪੇਂਡੂ ਖੇਤਰਾਂ ਵਿੱਚ ਕੈਂਸਰ ਸਕਰੀਨਿੰਗ ਕੈਂਪ, ਮੋਬਾਈਲ ਡਾਇਗਨੌਸਟਿਕ ਵੈਨ, ਮੁਫ਼ਤ ਇਲਾਜ ਅਤੇ ਸਲਾਹ, ਜਾਗਰੂਕਤਾ ਮੁਹਿੰਮਾਂ, ਕੀਟਨਾਸ਼ਕਾਂ ਤੇ ਵਾਤਾਵਰਨ ਪ੍ਰਦੂਸ਼ਣ ਬਾਰੇ ਜਾਗਰੂਕਤਾ, ਕੈਂਸਰ ਦੇ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਸਹਾਇਤਾ, ਸਰਕਾਰੀ ਤੇ ਨਿੱਜੀ ਭਾਈਵਾਲੀ ਅਤੇ ਮੁਫਤ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।
ਪੁਲੀਸ ਵੱਲੋਂ ਰਾਜਪਾਲ ਨੂੰ ਗਾਰਡ ਆਫ ਆਨਰ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਜਰਨਲ) ਪੂਨਮ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਪਹੁੰਚਣ ’ਤੇ ਪੁਲੀਸ ਦੀ ਟੁੱਕੜੀ ਨੇ ਸ੍ਰੀ ਕਟਾਰੀਆ ਨੂੰ ਗਾਰਡ ਆਫ ਆਨਰ ਦਿੱਤਾ। ਇਸ ਮੌਕੇ ਐੱਸਬੀਆਈ ਕਾਰਡ ਪੇਮੈਂਟ ਸਰਵਿਸ ਲਿਮਟਡ ਤੋਂ ਆਏ ਨੁਮਾਇੰਦੇ ਪ੍ਰੀਆ ਗਿੱਲ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਵੀ ਮੌਜੂਦ ਸਨ।
ਹਰ ਸਾਲ ਕੈਂਸਰ ਜਾਗਰੂਕਤਾ ਕੈਂਪ ਲਾਉਣ ਦਾ ਸੱਦਾ
ਇਸ ਮੌਕੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇੱਥੇ ਹਰ ਸਾਲ ਕੈਂਸਰ ਜਾਗਰੂਕਤਾ ਕੈਂਪ ਲਗਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹੋ ਜਿਹੇ ਨੇਕ ਉਪਰਾਲੇ ਵਿੱਚ ਉਹਨਾਂ ਦਾ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਅਤੇ ਆਲਮੀ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਐੱਸਬੀਆਈ ਕਾਰਡ ਪੇਮੈਂਟ ਸਰਵਿਸ ਲਿਮਟਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਵਰਲਡ ਕੈਂਸਰ ਕੇਅਰ ਸੰਸਥਾ ਦਾ ਮੁੱਖ ਮਕਸਦ ਪੂਰੇ ਭਾਰਤ ਨੂੰ ਕੈਂਸਰ ਮੁਕਤ ਕਰਨਾ ਹੈ।
ਪੰਜਾਬੀ ਟ੍ਰਿਬਯੂਨ
test