24 ਸਤੰਬਰ, 2024 – ਪਠਾਨਕੋਟ : ਥਾਣਾ ਡਿਵੀਜ਼ਨ ਨੰਬਰ-2 ਅਧੀਨ ਆਉਂਦੇ ਖੇਤਰ ਵਿੱਚ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸ਼ੌਹਰਤ ਮਾਨ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਂ ਅੰਜੂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਬੇਟਾ ਅਸ਼ੀਸ਼ ਗਲਤ ਸੰਗਤ ਵਿੱਚ ਪੈਣ ਕਰਕੇ ਨਸ਼ੇ ਦਾ ਆਦੀ ਬਣ ਗਿਆ ਸੀ। ਉਸ ਦਾ ਮੁੰਡਾ 21 ਸਤੰਬਰ ਨੂੰ ਘਰੋਂ ਗਿਆ ਸੀ, ਜੋ ਰਾਤ ਤੱਕ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਉਸ ਨੂੰ ਮੁਹੱਲੇ ਦੇ ਮੁੰਡਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸਿਵਲ ਹਸਪਤਾਲ ਵਿੱਚ ਦਾਖਲ ਹੈ। ਉਹ ਤੁਰੰਤ ਸਿਵਲ ਹਸਪਤਾਲ ਪੁੱਜੀ। ਉਥੇ ਬੇਟੇ ਦੀ ਤਬੀਅਤ ਖ਼ਰਾਬ ਦੇਖ ਕੇ ਉਸ ਨੂੰ ਉਹ ਪ੍ਰਾਈਵੇਟ ਹਸਪਤਾਲ ਲੈ ਗਈ ਜਿਥੇ ਡਾਕਟਰ ਨੇ ਉਸ ਦੇ ਬੇਟੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਂ ਦਾ ਦੋਸ਼ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਬੇਟੇ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ, ਜੋ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਬੇਟੇ ਨੂੰ ਦਿੱਤੀ ਸੀ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Courtesy : Punjabi Tribune
test