27 ਨਵੰਬਰ, 2024 – ਮੋਗਾ : ਇਥੇ ਥਾਣਾ ਧਰਮਕੋਟ ਅਧੀਨ ਪਿੰਡ ਇੰਦਰਗੜ੍ਹ ਵਿੱਚ ਨੌਜਵਾਨ ਦੀ ਨਸ਼ੇ ਓਵਰਡੋਜ਼ ਅਤੇ ਠੰਢ ਕਾਰਨ ਮੌਤ ਹੋ ਗਈ। ਮ੍ਰਿਤਕ ਮਨਪ੍ਰੀਤ ਸਿੰਘ (26) ਦਾ ਅਗਲੇ ਮਹੀਨੇ ਦਸੰਬਰ ਵਿੱਚ ਵਿਆਹ ਸੀ। ਨੌਜਵਾਨ ਦਾ ਸਸਕਾਰ ਵਿਆਹ ਵਾਲੇ ਕੱਪੜਿਆਂ ’ਚ ਸਿਹਰਾ ਸਜਾ ਕੇ ਕੀਤਾ ਗਿਆ। ਨੌਜਵਾਨ ਦੀ ਮੌਤ ਮਗਰੋਂ ਪਿੰਡ ਦੇ ਪਰਿਵਾਰ ’ਤੇ ਨੌਜਵਾਨ ਨੂੰ ਘਰ ਬੁਲਾ ਕੇ ਪਹਿਲਾਂ ਨਸ਼ਾ ਕਰਵਾਉਣ ਅਤੇ ਬੇਹੋਸ਼ ਹੋਣ ’ਤੇ ਉਸ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟਣ ਦੇ ਦੋਸ਼ ਲੱਗੇ ਹਨ। ਚੌਕੀ ਕਿਸ਼ਨਪੁਰਾ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਚਾਚਾ ਸੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਮੰਗਲ ਸਿੰਘ, ਉਸ ਦੀ ਪਤਨੀ ਛਿੰਦਰ ਕੌਰ ਅਤੇ ਪੁੱਤਰ ਗੁਰਮੀਤ ਸਿੰਘ ਉਰਫ਼ ਗੀਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਦੋਸ਼ ਹਨ ਕਿ ਉਨ੍ਹਾਂ ਮਨਪ੍ਰੀਤ ਸਿੰਘ ਨੂੰ ਬੀਤੀ ਦੇਰ ਸ਼ਾਮ ਆਪਣੇ ਘਰ ਵਿੱਚ ਕੋਈ ਨਸ਼ੀਲੀ ਵਸਤੂ ਦੇ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟ ਦਿੱਤਾ, ਜਿਥੇ ਨਸ਼ੇ ਦੀ ਵੱਧ ਮਾਤਰਾ ਅਤੇ ਠੰਢ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਮੁਤਾਬਕ ਦੇਰ ਰਾਤ ਜਦੋਂ ਮਨਪ੍ਰੀਤ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਸ਼ਰੂ ਕੀਤੀ। ਇਸ ਦੌਰਾਨ ਉਹ ਖੇਤਾਂ ਵਿੱਚ ਬੇਹੋਸ਼ ਮਿਲਿਆ। ਉਨ੍ਹਾਂ ਸੋਚਿਆ ਕਿ ਉਸ ਨੇ ਨਸ਼ਾ ਕੀਤਾ ਹੈ ਅਤੇ ਉਹ ਉਸ ਨੂੰ ਚੁੱਕ ਕੇ ਘਰ ਲੈ ਆਏ। ਸਵੇਰੇ ਜਦੋਂ ਉਹ ਨਾ ਉਠਿਆ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਅਤੇ ਮਾਂ ਵੀ ਬਿਰਧ ਹੈ। ਮਨਪ੍ਰੀਤ ਘਰ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਸ ਦਾ ਅਗਲੇ ਮਹੀਨੇ ਦਸੰਬਰ ਵਿੱਚ ਵਿਆਹ ਹੋਣ ਵਾਲਾ ਸੀ।
ਪੰਜਾਬੀ ਟ੍ਰਿਬਯੂਨ
test