ਇਕਬਾਲ ਸਿੰਘ ਲਾਲਪੁਰਾ
ਕਿਸੇ ਵੀ ਸਮਾਜ ਵਿੱਚ ਪਿੰਡ ਪੱਧਰ ਤੋਂ ਪਾਰਲੀਮੈਂਟ ਤੱਕ ਦੀਆਂ ਚੋਣਾਂ ਜਿੱਤਣ , ਸਮਾਜ ਵਿੱਚ ਬਦਲਾਓ ਲਿਆਉਣ ਲਈ ਨੀਤੀ ਬਣਾਉਣ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾ ਤਾਂ ਕੰਮ ਆਤਮ ਨਿਰਨੇ ਦਾ ਹੁੰਦਾ ਹੈ । ਮਕਸਦ ਜਾਂ ਮੰਤਬ ਚੋਣ ਜਿੱਤਣ ਦਾ ਹੈ, ਫੇਰ ਲੋਕਾਂ ਦੀ ਦੁਖਦੀ ਰੱਗ ਪਛਾਣਣ ਤੋਂ ਆਪਣੇ ਪਿਛਲੇ ਕੀਤੇ ਕੰਮ ਤੇ ਵਾਇਦਿਆਂ ਦੀ ਸੂਚੀ ਬਣਦੀ ਹੈ ।
ਫੇਰ ਚੋਣ ਜਿੱਤਣ ਲਈ ਤਾਂ ਰਾਜਨੀਤਿਕ ਪਾਰਟੀਆਂ ਤੇ ਹੋਰ ਉਮੀਦਵਾਰ , ਆਪਣਾ ਦ੍ਰਿਸ਼ਟੀਕੋਣ , ਮਨੋਰਥ ਪੱਤਰ ਤੇ ਲੰਮੇ ਚੌੜੇ ਵਾਇਦੇ ਕਰਦੇ ਹਨ । ਵੋਟਰ ਇਨ੍ਹਾਂ ਦੀ ਸਮੀਖਿਆ ਕਰ ਨਿਰਣਾ ਕਰਦਾ ਹੈ । ਫੇਰ ਉਮੀਦਵਾਰ ਤੇ ਪਾਰਟੀ ਦੀ ਚੋਣ ਕਰ ਜਿੱਤ-ਹਾਰ ਤੇ ਮੋਹਰ ਲਾ ਦਿੰਦਾ ਹੈ । ਕੀਤੇ ਵਾਇਦੇ ਪੂਰੇ ਹੋਣ ਜਾਂ ਨਾ ਹੋਣ ਦਾ ਫੈਸਲਾ ਅਗਲੀਆਂ ਵੋਟਾਂ ਸਮੇਂ ਪਤਾ ਲਗਦਾ ਹੈ ।
ਨੀਅਤ ਚੋਣ ਜਿੱਤਣਾ ਹੈ, ਨੀਤੀ ਮਨੋਰਥ ਪੱਤਰ ਤੇ ਪੁਰਾਣੇ ਕੰਮਾਂ ਦੀ ਸੂਚੀ ਹੈ , ਪਰ ਲੋਕਾਂ ਨਾਲ ਵਾਇਦੇ ਕਰਨ ਵਾਲਾ ਆਗੂ ਬੇਦਾਗ਼ ਤੇ ਜ਼ੁਬਾਨ ਦਾ ਪੱਕਾ ਹੈ , ਅਜੇ ਪਰਖਣ ਦਾ ਮੌਕਾ ਮਿਲਿਆ ਹੈ ਜਾਂ ਨਹੀਂ ਇਹ ਵੀ ਵੋਟਰ ਨੂੰ ਪ੍ਰਭਾਵਿਤ ਕਰਦਾ ਹੈ ।
ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ ਤੇ ਕਾਬਲ ਦੇ ਜੰਮਿਆਂ ਨਿੱਤ ਮੁਹਿੰਮਾਂ ਵਾਲੀ ਗੱਲ ਕਾਰਨ ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਨਾਲ ਲੜਦਿਆਂ ਉੱਜੜਿਆ ਵੀ ਹੈ ਤੇ ਲਹੂ ਲੁਹਾਨ ਵੀ ਹੋਇਆ ਹੈ । ਪਰ ਦੋ ਸੋ ਸਾਲ ਤੋਂ ਵੱਧ ਸਿੱਖ ਗੁਰੂ ਸਾਹਿਬਾਨ ਦੀ ਅਣਖ ਨਾਲ ਜੀਉਣ ਦੀ ਗੁੜਤੀ ਕਾਰਨ 1799 ਤੋਂ 1839 ਈ ਤੱਕ ਗੁਰੂ ਸਾਹਿਬਾਨ ਦੇ ਸੰਕਲਪ ਹਲੇਮੀ ਰਾਜ ਨੂੰ ਪ੍ਰਗਟ ਕੀਤਾ ਜਿੱਥੇ ਸਿੱਖ ਹੀ ਨਹੀਂ ਹਿੰਦੂ ਤੇ ਮੁਸਲਮਾਨ ਵੀ ਖ਼ੁਸ਼ੀ ਖ਼ੁਸ਼ੀ ਵੱਸਦੇ ਸਨ । “ਰਾਜੇ ਚੁਲੀ ਨਿਆਵ ਕੀ” ਦੇ ਹੁਕਮ ਦੀ ਪਾਲਨਾ ਕਰਦੀਆਂ ਮਹਾਰਾਜਾ ਰਣਜੀਤ ਸਿੰਘ ਬਹਾਦੁਰ ਅੱਜ ਤੱਕ ਦੇ ਇਤਿਹਾਸ ਵਿੱਚ ਦੁਨੀਆ ਦਾ ਸਭ ਤੋਂ ਨਿਯਾਂਕਾਰੀ ਰਾਜਾ ਬਣਿਆ। ਰੋਜ਼ਗਾਰ ਲਈ ਦੁਨੀਆ ਭਰ ਤੋਂ ਲੋਕ ਇਸ ਰਾਜ ਵਿੱਚ ਨੋਕਰੀ ਕਰਨ ਆਉਂਦੇ ਸਨ । ਖੁਸ਼ਹਾਲੀ ਦਾ ਮਿਆਰ ਅੱਜ ਵੀ ਉਸਦਾ ਕੋਹੇਨੂਰ ਹੀਰਾ ਅੰਗਰੇਜ ਦੇ ਤਾਜ ਦਾ ਨੂਰ ਹੈ ।
ਮਹਾਰਾਜਾ ਰਣਜੀਤ ਸਿੰਘ ਦਿੱਲੀ ਤੇ ਕਬਜ਼ਾ ਨਾ ਕਰੇ ਇਸ ਲਈ ਅੰਗਰੇਜ ਦੇ ਕੁਹਾੜੇ ਦਾ ਹੱਥਾ ਵੀ ਕੁਝ ਸਿੱਖ ਹੀ ਬਣੇ ਸਨ । ਫੇਰ ਤਾਂ ਅੰਗਰੇਜ ਨੇ ਮਹਾਰਾਜਾ ਦੇ ਪਰਿਵਾਰ ਦਾ ਸਫਾਇਆ ਤੇ ਨਿਸ਼ਾਨ ਵੀ ਵੀ ਨਹੀ ਰਹਿਣ ਦਿੱਤਾ । ਅੰਗਰੇਜ ਨੇ ਆਪਣੀ ਹੀ ਸਿੱਖ ਲੀਡਰ ਪੈਦਾ ਕਰ ਲਈ। ਸਿੰਘ ਸਭਾ ਲਹਿਰ ਜਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੇ ਬਰਾਬਰ ਅੰਗਰੇਜ ਕੋਲ ਸਿੱਖ ਰਾਜੇ ਰਜਵਾੜਿਆਂ ਤੇ ਵਿਕਾਊ ਜ਼ਮੀਰਾਂ ਵਾਲੇ ਅਹਿਲਕਾਰਾਂ ਦੀ ਵੱਡੀ ਗਿਣਤੀ ਸੀ । ਕਰੀਬ ਦਸ ਫੀਸਦੀ ਸਿੱਖ ਫ਼ੌਜ ਤੇ ਸਰਕਾਰੀ ਨੋਕਰੀ ਵਿੱਚ ਅੰਗਰੇਜ ਲਈ ਲੜਨ ਮਰਨ ਲਈ ਤਿਆਰ ਸਨ ।
1920-25 ਵਿੱਚ ਅੱਗੇ ਆਏ ਸਿੱਖ ਆਗੂ ਆਰਥਿਕ ਤੇ ਕੂਟਨੀਤੀ ਵਿੱਚ ਪ੍ਰਪੱਕ ਨਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਛੱਡ ਕਾਂਗਰਸ ਦੀ ਕੁੱਛੜ ਵਿੱਚ ਜਾ ਬੈਠੇ। ਸਿੱਖ ਕਲਮਾਂ ਤਾਂ ਅੰਗਰੇਜ ਦੇ ਹਵਾਲੇ ਸਨ । ਆਗੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀਆਂ ਨੂੰ ਪਿੱਛੇ ਕਰ ਹੋਰ ਧਨਾਡ ਅੱਗੇ ਕਰ ਲਏ । ਗੱਲ ਕੀ ਖੂਹ ਵਿੱਚੋਂ ਨਿਕਲ ਖਾਤੇ ਵਿੱਚ ਡਿਗ ਪਏ । ਅੰਗਰੇਜ ਨੇ ਹਿੰਦੂ ਸਿੱਖ ਨੂੰ ਨਿਖੇੜ ਪੰਜਾਬ ਵਿੱਚ ਮਜਬੂਤ ਹੋਣ ਦਾ ਮਾਰਗ ਚੁਣਿਆ ਸੀ , ਸਿੱਖ ਆਗੂਆਂ ਨੇ ਇਨਾਂ ਰਵਾਇਤੀ ਹਮਾਇਤੀਆਂ ਨਾਲ ਹੀ ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਦੀ ਥਾਂ ਦੁਫੇੜ ਪਾ ਲਿਆ । ਸਵਾਮੀ ਓੰਕਾਰਾਨੰਦ ਨੂੰ ਗੁਰਦਵਾਰਾ ਸੁਧਾਰ ਦੀ ਹਮਾਇਤ ਕਰਨ ਲਈ ਦੋ ਸਾਲ ਦੀ ਕੈਦ ਹੋਈ ਸੀ, ਉਸ ਦੇ ਹੋਰ ਕਿੰਨੇ ਸਾਥੀ ਨਾਲ ਸਨ, ਕੀ ਕਿਸੇ ਨੂੰ ਯਾਦ ਹਨ ?
ਜੇਕਰ ਨੀਅਤ ਧਰਮ ਦੇ ਪ੍ਰਚਾਰ ਦੀ ਹੁੰਦੀ ਤਾਂ ਦੁਨੀਆ ਭਰ ਵਿੱਚ ਮੰਜੀਆਂ ਦੀ ਤਰਜ ਤੇ ਪ੍ਰਚਾਰਕ ਨਿਯੁਕਤ ਹੁੰਦੇ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਆਨੰਦ ਮਈ ਫਲਸਫੇ ਤੇ ਸਿੱਖ ਇਤਿਹਾਸ ਦੀ ਖੌਜ ਲਈ ਯੂਨੀਵਰਸਟੀਆਂ ਬਣਦੀਆਂ । ਬਦਲਾਓ ਕੇਵਲ ਇਹ ਆਇਆ ਕਿ ਗੁਰਦਵਾਰਾ ਪ੍ਰਬੰਧ ਮਸੰਦਾਂ , ਮਹੰਤਾਂ ਤੋਂ ਬਾਦ ਇੱਕ ਰਾਜਸੀ ਧੜੇ ਹੱਥ ਆ ਗਿਆ ਜੋ ਪਹਿਲਾਂ ਅੰਗਰੇਜ, ਫੇਰ ਹੋਰ ਰਾਜਨੀਤਿਕ ਪਾਰਟੀਆਂ ਇਸ ਵਿਚ ਆਪਣੇ ਧੜੇ ਦੀ ਜਿੱਤ ਲਈ, ਸਿੱਧੇ ਤੇ ਅਸਿੱਧੇ ਢੰਗ ਨਾਲ ਦਖਲ ਦੇਣ ਲੱਗ ਪਈਆਂ ।
ਧਰਮ ਤੇ ਰਾਜਨੀਤੀ ਦਾ ਸੁਮੇਲ ਵੀ ਵਿਚਾਰ ਮੰਗਦਾ ਹੈ , ਖਾਲਸਾ ਅਕਾਲ ਪੁਰਖ ਦੀ ਫੌਜ ਹੈ , ਸੰਤ ਤੇ ਸਿਪਾਹੀ ਦਾ ਸੁਮੇਲ ਦੇਵਤਾ ਰੂਪ ਹੈ । 239 ਸਾਲ ਦੇ ਗੁਰੂ ਕਾਲ ਵਿਚ 21 ਲੜਾਈਆਂ ਜਿੱਤਣ ਉਪਰੰਤ ਵੀ ਗੁਰੂ ਸਾਹਿਬਾਨ ਨੇ ਸੰਸਾਰਿਕ ਰਾਜ ਹੋਂਦ ਵਿਚ ਨਹੀ ਲੈ ਕੇ ਆਉਂਦਾ, ਇਹ ਯੁੱਧ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਤੱਕ ਸੀਮਿਤ ਸਨ । ਬਾਦ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਰਾਜ ਕਰਨ ਤੇ ਹਲੇਮੀ ਰਾਜ ਦਾ ਸੰਕਲਪ ਪ੍ਰਗਟ ਕਰਨ ਲਈ ਸਨ । ਨਿਰਮਲੇ , ਉਦਾਸੀ , ਖਾਲਸਾ ਚ੍ਰਿਤਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਖਾਲਸਾ ਬਨਣ ਲਈ ਪ੍ਰੇਰਿਤ ਕਰਦਾ ਸੀ ਭਾਵ ਪਾਰਸ ਤੋਂ ਪਾਰਸ ਬਨਣ ਦੀ ਗੁਰੂ ਮਰਿਯਾਦਾ ਲਾਗੂ ਸੀ ।
1849 ਆ ਤੋਂ 1947 ਈ ਤੱਕ ਅੰਗਰੇਜ ਨੇ ਧਰਮ ਪ੍ਰਚਾਰ ਦੀ ਸਿੱਖਾਂ ਨੂੰ ਵਿਉਂਤਬੰਦੀ ਨਹੀ ਕਰਨ ਦਿੱਤੀ , ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਧਰਮ ਪ੍ਰਚਾਰ ਲਈ ਨਹੀ ਗੁਰਦਵਾਰਾ ਪ੍ਰਬੰਧ ਲਈ ਬਣਾਈ ਗਈ ਸੀ। ਨਿਰਮਲੇ ਤੇ ਉਦਾਸੀ ਮਹੰਤ ਬਣ ਭ੍ਰਿਸ਼ਟਾਚਾਰ ਵਿਚ ਲਿਪਤ ਨਜ਼ਰ ਆਉਂਦੇ ਸਨ । ਜੋ ਪ੍ਰਥਾ ਅਜ਼ਾਦੀ ਤੋਂ ਬਾਦ ਵੀ ਨਜ਼ਰ ਆਉੰਦੀ ਹੈ ।
ਗੱਲ ਨੀਅਤ , ਨੀਤੀ ਤੇ ਨੇਤਾ ਦੀ ਹੈ , ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਨੀਅਤ ਹੈ , ਫੇਰ ਤਾਂ ਅਮਨ ਤੇ ਪੰਜਾਬੀਆਂ ਦਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਦੀ ਨੀਤੀ ਬਣਾਉਣੀ ਚਾਹੀਦੀ ਹੈ, ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਸਹਾਇਕ ਤੇ ਮਾਰਗ ਦਰਸ਼ਕ ਹੋ ਸਕਦੇ ਹਨ , ਦੂਜੇ ਸੂਬਿਆਂ ਵਿੱਚ ਰੋਜ਼ਗਾਰ ਲੱਭਿਆ ਜਾ ਸਕਦਾ ਹੈ। ਗਲਤੀਆਂ ਜਾਣੇ ਅਣਿਜਾਣੇ ਵਿੱਚ ਸਭ ਤੋਂ ਹੋਈਆਂ ਹਨ । ਜੇਕਰ ਨੀਅਤ ਰਾਜ ਕਰਨ ਦੀ ਸੀ ਤਾਂ ਹੀ ਅੰਗਰੇਜ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਪੰਜਾਬੀਆਂ ਨੂੰ ਮਾਂ ਬੋਲੀ ਤੇ ਹੀ ਵੰਡ ਦਿੱਤਾ ਸੀ , ਕਿਧਰੇ ਅਸੀਂ ਅੱਜ ਵੀ ਉੱਥੇ ਤਾਂ ਨਹੀਂ ਅਟਕੇ ਹੋਏ ? ਸਾਂਝਾ ਸਭਿਆਚਾਰ ਤੇ ਭਾਈਚਾਰਾ ਮਜ਼ਬੂਤ ਕਰਨ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਪਵੇਗਾ ।
◦ ਵਿਕਾਸ ਦੀ ਨੀਤੀ ਪੰਜਾਬੀ ਏਕਤਾ ਤੇ ਆਧਾਰਿਤ ਹੋਵੇ ਜਿਸ ਲਈ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ” ਤੇ “ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” ਤੇ ਪ੍ਰੇਮ ਦਾ ਮਾਰਗ ਲੱਭ ਸਭ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਨੀਤੀ ਬਣਾਈਏ । ਕੇਂਦਰ ਸਰਕਾਰ ਨਾਲ ਟਕਰਾਅ ਛੱਡ , ਪਿਛਲੇ ਜ਼ਖ਼ਮਾਂ ਨੂੰ ਮਲਮ ਲਾਈਏ । ਪਿਛਲੀਆਂ ਹੋਈਆਂ ਗਲਤੀਆਂ ਤੇ ਦੁਫੇੜ ਤੇ ਪੜਦਾ ਪਾਈਏ ।
◦ ਗੱਲ ਹੁਣ ਨੇਤਾ ਦੀ ਹੈ , ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਜੀ ਨੇ ਭਾਰਤ ਨੂੰ ਇੱਕ ਮਜ਼ਬੂਤ ਦੇਸ਼ ਬਣਾ ਦਿੱਤਾ ਹੈ ਜੋ ਆਰਥਿਕ ਰੂਪ ਵਿੱਚ ਵਿਸ਼ਵ ਸ਼ਕਤੀ ਹੈ । ਦੁਨੀਆ ਰਾਜਨੀਤੀ ਲਈ ਵੀ ਭਾਰਤ ਦਾ ਪ੍ਰਭਾਵ ਮੰਨਦੀ ਹੈ , ਵੱਡੀ ਗੱਲ ਇਹ ਹੈ ਕਿ ਉਹ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ ਜੋ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਧਰਮ ਹੈ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਤੇ 1984 ਦੇ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਤੇ ਪੀੜਤਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਅਨੇਕ ਕੰਮ ਕੀਤੇ ਹਨ ਤੇ ਕਰਨਾ ਚਾਹੁੰਦੇ ਹਨ । ਯੋਜਨਾ ਤਾਂ ਗਲਬਾਤ ਰਾਹੀਂ “ਸੰਤਾ ਮਾਨਉ ਦੂਤਾ ਡਾਨਉ” ਦੀ ਗੁਰਮਤਿ ਦੀ ਨੀਤੀ ਰਾਹੀਂ ਪੰਜਾਬ ਵਿੱਚੋਂ ਨਸ਼ਾ, ਮਾਫੀਆ ਤੇ ਅਪਰਾਧੀਆਂ ਨੂੰ ਨੱਥ ਪਾ ਮੁੜ ਪੰਜਾਬ ਨੂੰ ਦੇਸ਼ ਦਾ ਇੱਕ ਨੰਬਰ ਸੂਬਾ ਬਣਾਈਏ , ਪੰਜਾਬ ਵਿੱਚ ਇਮਾਨਦਾਰ ਤੇ ਦੂਰ ਅੰਦੇਸ਼ ਆਗੂਆਂ ਦੀ ਕਮੀ ਨਹੀ ਹੈ ।
(ਇਕਬਾਲ ਸਿੰਘ ਲਾਲਪੁਰਾ ਚੇਅਰਮੈਨ, ਕੌਮੀ ਘਟਗਿਣਤੀ ਕਮਿਸ਼ਨ, ਭਾਰਤ ਸਰਕਾਰ , E-mail – Iqbalsingh_73@yahoo.co.in)
test