27 ਅਗਸਤ, 2024 – ਧਾਰੀਵਾਲ : ਪਿੰਡ ਸਿੰਘਪੁਰਾ ਦੇ ਬਿਮਾਰ ਨੌਜਵਾਨ ਸੈਮੂਅਲ ਮਸੀਹ ’ਚੋਂ ‘ਭੂਤ ਕੱਢਣ’ ਦੇ ਨਾਮ ’ਤੇ ਉਸ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਨ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਵਿੱਚ ਪਾਦਰੀ ਜੈੈਕਬ ਮਸੀਹ ਵਾਸੀ ਸੰਘਰ ਕਲੋਨੀ ਅਤੇ ਬਲਜੀਤ ਸਿੰਘ ਉਰਫ਼ ਵਾਸੀ ਸੁਚੈਨੀਆਂ ਸ਼ਾਮਲ ਹਨ। ਪੁਲੀਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਡੀਐੱਸਪੀ ਕੁਲਵੰਤ ਸਿੰਘ ਮਾਨ ਅਤੇ ਥਾਣਾ ਧਾਰੀਵਾਲ ਦੀ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਮੁਲਜ਼ਮ ਜੈਕਬ ਮਸੀਹ ਅਤੇ ਬਲਜੀਤ ਸਿੰਘ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛ-ਪੜਤਾਲ ਲਈ ਇੱਕ ਦਿਨ ਦੇ ਰਿਮਾਂਡ ’ਤੇ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰਾਖਲ ਦੇ ਬਿਆਨਾਂ ’ਤੇ ਪਾਦਰੀ ਜੈਕਬ ਮਸੀਹ ਅਤੇ ਬਲਜੀਤ ਸਿੰਘ ਉਰਫ ਸੋਨੂ ਅਤੇ 7/8 ਅਣਪਛਾਤਿਆਂ ਵਿਰੁੱਧ ਥਾਣਾ ਧਾਰੀਵਾਲ ਵਿੱਚ 23 ਅਗਸਤ ਨੂੰ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਬੀਤੇ ਦਿਨੀਂ ਮੁਲਜ਼ਮ ਆਪਣੇ ਹੋਰ ਸਾਥੀਆਂ ਸਮੇਤ ਪਿੰਡ ਸਿੰਘਪੁਰਾ ਦੇ ਬਿਮਾਰ ਸੈਮੂਅਲ ਮਸੀਹ (30) ਲਈ ਦੁਆ/ਪ੍ਰਾਰਥਨਾ ਕਰਨ 21 ਅਗਸਤ ਦੀ ਰਾਤ ਕਰੀਬ 10 ਵਜੇ ਉਸ ਦੇ ਘਰ ਆਏ ਸਨ। ਉਨ੍ਹਾਂ ‘ਭੂਤ ਕੱਢਣ’ ਦੇ ਨਾਂਅ ’ਤੇ ਸੈਮੂਅਲ ਮਸੀਹ ਦੀ ਕੁੱਟਮਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਪਰਿਵਾਰ ’ਤੇ ਦਬਾਅ ਬਣਾ ਕੇ ਲਾਸ਼ ਨੂੰ ਕਬਰਿਸਤਾਨ ਵਿੱਚ ਦਫਨਾ ਦਿੱਤਾ। ਇਤਲਾਹ ਮਿਲਣ ’ਤੇ ਪੁਲੀਸ ਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਲਾਸ਼ ਕਬਰਿਸਤਾਨ ਵਿਚੋਂ ਕੱਢ ਕੇ ਗੁਰਦਾਸਪੁਰ ਦੇ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ।
Courtesy : Punjabi Tribune
test