28 ਫਰਵਰੀ, 2023 – ਪਟਿਆਲਾ : ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਦੋ ਧੜਿਆਂ ਦਰਮਿਆਨ ਲੜਾਈ ਦੌਰਾਨ ਇੰਜਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਨਵਜੋਤ ਸਿੰਘ ਦੀ ਪੇਟ ਵਿੱਚ ਕਥਿਤ ਤੌਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਇਕ ਹੋਰ ਵਿਦਿਆਰਥੀ ਦੇ ਸਿਰ ‘ਤੇ ਸੱਟ ਲੱਗੀ ਹੈ। ਕੈਂਪਸ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਸੀਓਈ ਦੇ ਬਾਹਰ ਬਹੁਤ ਸਾਰੇ ਬਾਹਰੀ ਲੋਕ ਸਨ, ਜਿਨ੍ਹਾਂ ਆਪਸ ’ਚ ਤੂ-ਤੂ, ਮੈਂ-ਮੈਂ ਹੋ ਗਈ ਤੇ ਇਸ ਤੋਂ ਬਾਅਦ ਛੁਰੇਬਾਜ਼ੀ ਸ਼ੁਰੂ ਹੋ ਗਈ।
ਜ਼ਖ਼ਮੀ ਨੂੰ ਡਿਸਪੈਂਸਰੀ ਲਿਜਾਇਆ ਗਿਆ ਸੀ ਤੇ ਬਾਅਦ ’ਚ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ। ਚਾਕੂ ਦੇ ਜ਼ਖ਼ਮਾਂ ਕਾਰਨ ਬਹੁਤ ਖੂਨ ਵਹਿ ਗਿਆ ਸੀ ਤੇ ਇਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਦਲਜੀਤ ਅਮੀ ਨੇ ਕਿਹਾ ਕਿ ਯੂਨੀਵਰਸਿਟੀ ਪਹਿਲਾਂ ਹੀ ਘਟਨਾ ਦੀ ਸੀਸੀਟੀਵੀ ਫੁਟੇਜ ਇਕੱਠੀ ਕਰ ਚੁੱਕੀ ਹੈ ਅਤੇ ਇਸ ਨੂੰ ਪੁਲੀਸ ਨੂੰ ਸੌਂਪ ਰਹੀ ਹੈ। ਘਟਨਾ ਬਾਅਦ ਦੁਪਹਿਰ 12.15 ਵਜੇ ਦੀ ਹੈ।
20 ਤੋਂ ਵੱਧ ਵਿਦਿਆਰਥੀ ਕਾਲਜ ਦੇ ਬਾਹਰ ਮੌਜੂਦ ਸਨ, ਜਦੋਂ ਉਨ੍ਹਾਂ ਵਿੱਚੋਂ ਕਈਆਂ ਦੀ ਝਗੜਾ ਹੋ ਗਿਆ। ਵਿਦਿਆਰਥੀ ਨਵਜੋਤ ਸਿੰਘ ਨੂੰ ਚਾਕੂ ਨਾਲ ਮਾਰਿਆ ਗਿਆ। ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਵਿਦਿਆਰਥੀ ਡੇਅ ਸਕਾਲਰ ਸੀ। ਉਨ੍ਹਾਂ ਦੱਸਿਆ ਕਿ ਚਾਕੂ ਮਾਰਨ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਐੱਸਐੱਸਪੀ ਪਟਿਆਲਾ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਵੀ ਕੀਤਾ ਹੈ।ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕੈਂਪਸ ਵਿੱਚ ਕਈ ਚੋਰੀਆਂ ਅਤੇ ਹੋਰ ਘਟਨਾਵਾਂ ਹੋ ਚੁੱਕੀਆਂ ਹਨ। ਯੂਨੀਵਰਸਿਟੀ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਦੇਖਣ ਦੀ ਲੋੜ ਹੈ।
Courtesy : Punjabi Tribune
test