ਅੰਕੜੇ ਤਿੰਨ ਹਜ਼ਾਰ ਤੋਂ ਪਾਰ, ਪਰਾਲੀ ਸਾੜਨ ‘ਚ ਅੰਮ੍ਰਿਤਸਰ ਸਾਹਿਬ ਸਭ ਤੋਂ ਅੱਗੇ
27 ਅਕਤੂਬਰ, 2023 – ਪਟਿਆਲਾ: ਪਰਾਲੀ ਦੀ ਅੱਗ ਰਫ਼ਤਾਰ ਫੜਨ ਲੱਗੀ ਹੈ। ਸੂਬੇ ਦੇ 22 ਜ਼ਿਲ੍ਹਿਆਂ ਵਿਚ ਇਸ ਸੀਜ਼ਨ ਵਿਚ ਹੁਣ ਤੱਕ 3293 ਥਾਈਂ ਪਰਾਲੀ ਸਾੜੀ ਜਾ ਚੁੱਕੀ ਹੈ ਤੇ ਸਿਲਸਿਲਾ ਜਾਰੀ ਹੈ। ਪਿਛਲੇ ਦੋ ਦਿਨਾਂ ਦੌਰਾਨ 987 ਥਾੲੀਂ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਨੂੰ ਅੱਗ ਲਾਉਣ ਵਿਚ ਸਭ ਤੋਂ ਅੱਗੇ ਹੈ ਜਦੋਂ ਕਿ ਪਠਾਨਕੋਟ ਇੱਕੋ ਇੱਕ ਅਜਿਹਾ ਜਿਲ੍ਹਾ ਹੈ ਜਿੱਥੇ ਹੁਣ ਤੱਕ ਪਰਾਲੀ ਨੂੰ ਅੱਗ ਲੱਗਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਿਛਲੇ ਸਾਲ 26 ਅਕਤੂਬਰ ਤੱਕ 7036 ਮਾਮਲੇ ਸਨ ਅਤੇ ਇਸ ਸਾਲ ਹੁਣ ਤੱਕ ਦਾ ਇਹ ਅੰਕੜਾ ਪਿਛਲੇ ਵਰ੍ਹੇ ਨਾਲੋਂ 50 ਫ਼ੀਸਦ ਘੱਟ ਹੈ।
ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਅਨੁਸਾਰ 26 ਅਕਤੂਬਰ ਨੂੰ ਅੰਮ੍ਰਿਤਸਰ ’ਚ 91, ਪਟਿਆਲਾ ’ਚ 81 ਤੇ ਫ਼ਿਰੋਜ਼ਪੁਰ ’ਚ 56 ਥਾਈਂ ਪਰਾਲੀ ਨੂੰ ਸਾੜਿਆ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ’ਚ 5, ਬਠਿੰਡਾ ’ਚ 13, ਫ਼ਤਹਿਗੜ੍ਹ ਸਾਹਿਬ ’ਚ 26, ਫ਼ਰੀਦਕੋਟ ’ਚ 13, ਫਾਜ਼ਿਲਕਾ ’ਚ 3, ਫ਼ਿਰੋਜ਼ਪੁਰ 56, ਗੁਰਦਾਸਪੁਰ ’ਚ 21 , ਹੁਸ਼ਿਆਰਪੁਰ ’ਚ 02, ਜਲੰਧਰ 23, ਕਪੂਰਥਲਾ 20, ਲੁਧਿਆਣਾ 24, ਮਾਨਸਾ 27, ਮੋਗਾ 33, ਮੁਕਤਸਰ ਸਾਹਿਬ 06, ਐੱਸਏਐੱਸ ਨਗਰ 4, ਪਠਾਨਕੋਟ 1, ਸੰਗਰੂਰ 63, ਤਰਨ ਤਾਰਨ 67 ਅਤੇ ਮਲੇਰਕੋਟਲਾ ’ਚ 3 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ।
ਪਰਾਲੀ ਸਾੜਨ ’ਚ ਜ਼ਿਲ੍ਹਾ ਅੰਮ੍ਰਿਤਸਰ ਸਭ ਤੋਂ ਅੱਗੇ
ਪਰਾਲੀ ਸਾੜਨ ’ਚ ਜ਼ਿਲ੍ਹਾ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਇਸ ਸਾਲ 15 ਸਤੰਬਰ ਤੋਂ ਹੁਣ ਤੱਕ ਇਸ ਜ਼ਿਲ੍ਹੇ ਵਿਚ 925 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ ਹੈ। 25 ਤੇ 26 ਅਕਤੂਬਰ ਦੋ ਦਿਨਾਂ ’ਚ ਇਥੇ ਪਰਾਲੀ ਸੜਨ ਦੇ 170 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਵਿਚ ਵੀ ਪਰਾਲੀ ਦੀ ਅੱਗ ਰਫ਼ਤਾਰ ਫੜਨ ਲੱਗੀ ਹੈ। ਇਸ ਸੀਜ਼ਨ ਵਿਚ ਹੁਣ ਤੱਕ 406 ਥਾਵਾਂ ’ਤੇ ਪਰਾਲੀ ਸਾੜ ਕੇ ਪਟਿਆਲਾ ਜ਼ਿਲ੍ਹਾ ਦੂਸਰੇ ਨੰਬਰ ’ਤੇ ਹੈ। ਪਿਛਲੇ ਦਿਨਾਂ ਵਿਚ ਇਸ ਜ਼ਿਲ੍ਹੇ ’ਚ 128 ਥਾਈਂ ਪਰਾਲੀ ਸੜੀ ਹੈ।
ਪਠਾਨਕੋਟ ’ਚ ਸਿਰਫ਼ ਇਕ ਥਾਈਂ ਸੜੀ ਪਰਾਲੀ
ਪਠਾਨਕੋਟ ਸੂਬੇ ਦਾ ਇੱਕੋ ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਇਸ ਵਾਰ 25 ਅਕਤੂਬਰ ਤੱਕ ਪਰਾਲੀ ਸੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਦੋਂਕਿ 26 ਅਕਤੂਬਰ ਨੂੰ ਇਥੇ ਵੀ ਪਰਾਲੀ ਸੜਨ ਦਾ ਇਕ ਮਾਮਲਾ ਰਿਪੋਰਟ ਹੋਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਐੱਸਏਐੱਸ ਨਗਰ ਤੇ ਰੂਪਨਗਰ ਵਿਚ ਹੁਣ ਤੱਕ ਪਰਾਲੀ ਸੜਨ ਦੇ ਸਭ ਤੋਂ ਘੱਟ 5 ਤੇ ਜ਼ਿਲ੍ਹਾ ਹੁਸ਼ਿਆਰਪੁਰ ’ਚ 6 ਮਾਮਲੇ ਰਿਪੋਰਟ ਹੋਏ ਹਨ।
ਪਟਿਆਲਾ ’ਚ ਪਰਾਲੀ ਦੀ ਅੱਗ ’ਤੇ ਡ੍ਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ
ਪਰਾਲੀ ਸੜਨ ਦੇ ਮਾਮਲਿਆਂ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਖੇਤਾਂ ਵਿਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਬਾਜ਼ ਵਰਗੀ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਕਦਮ ਪੁੱਟਦਿਆਂ ਡ੍ਰੋਨ ਵਰਤਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹੇ ਦੇ ਪਰਾਲੀ ਨੂੰ ਅੱਗ ਲੱਗਣ ਦੇ ਹਾਟਸਪੌਟ ਇਲਾਕਿਆਂ ਵਿਚ ਡ੍ਰੋਨ ਨਾਲ ਨਜ਼ਰ ਰੱਖੀ ਜਾਵੇਗੀ ਤਾਂ ਕਿ ਜਿਸ ਕਿਸੇ ਵੀ ਖੇਤ ਵਿਚ ਅੱਗ ਲੱਗਣ ਦੀ ਸੰਭਾਵਨਾ ਹੋਵੇ ਜਾਂ ਅੱਗ ਲਗਾਈ ਗਈ ਹੋਵੇ, ਉਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਤੁਰੰਤ ਹੀ ਪੁੱਜ ਕੇ ਕਾਰਵਾਈ ਕੀਤੀ ਜਾ ਸਕੇ।
ਪਰਾਲੀ ਸੜਨ ਦੇ ਮਾਮਲੇ ਪਿਛਲੇ ਸਾਲ ਨਾਲੋਂ ਬਹੁਤ ਘੱਟ : ਚੇਅਰਮੈਨ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਦਾ ਕਹਿਣਾ ਹੈ ਕਿ ਪੂਰੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਪਰਾਲੀ ਸੜਨ ਦੇ ਮਾਮਲਿਆਂ ਵਿਚ ਪਿਛਲੇ ਸਾਲਾਂ ਨਾਲੋਂ ਕਮੀ ਦਰਜ ਕੀਤੀ ਗਈ ਹੈ। ਕਿਸਾਨ ਜਾਗਰੂਕ ਹੋ ਰਹੇ ਹਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲੁੜੀਂਦਾ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਧਰਤੀ ਤੇ ਵਾਤਾਵਰਨ ਬਚਾਉਣ ਦੀ ਅਪੀਲ ਕੀਤੀ।
26 ਅਕਤੂਬਰ ਪਰਾਲੀ ਸੜਨ ਦੇ ਮਾਮਲੇ
2021- 329
2022 – 1238
2023- 589
15 ਸਤੰਬਰ ਤੋਂ 26 ਅਕਤੂਬਰ 2023 ਤੱਕ ਪਰਾਲੀ ਸੜਨ ਦੇ ਮਾਮਲੇ
2021- 6463
2022-7036
2023- 3293
Courtesy :Punjabi Jagran
test