18 ਨਵੰਬਰ, 2024 – ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਪੰਜ ਪਸ਼ੂ ਹਸਪਤਾਲਾਂ ਕਾਹਨਪੁਰ ਖੂਹੀ, ਕਲਵਾਂ, ਡੂਮੇਵਾਲ, ਨੂਰਪੁਰ ਬੇਦੀ ਅਤੇ ਬੱਸੀ ਚਨੌਲੀ ਸ਼ਾਮਲ ਵਿੱਚ ਲੰਬੇ ਸਮੇਂ ਤੋਂ ਵੈਟਰਨਰੀ ਡਾਕਟਰ ਨਹੀਂ ਹਨ। ਇਸ ਕਰ ਕੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇਲਾਕਾ ਪੱਛੜਿਆ ਹੋਣ ਕਰ ਕੇ ਪਿੰਡਾਂ ਦੇ ਲੋਕ ਪਸ਼ੂ ਰੱਖ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹੋਏ ਹਨ। ਜੇ ਇਨ੍ਹਾਂ ਦਾ ਦੁਧਾਰੂ ਪਸ਼ੂ ਬਿਮਾਰ ਹੋ ਜਾਵੇ ਤਾਂ ਉਨ੍ਹਾਂ ਨੂੰ ਕੋਈ ਵੈਟਰਨਰੀ ਡਾਕਟਰ ਨਹੀਂ ਮਿਲਦਾ। ਕਈ ਵਾਰ ਪਸ਼ੂ ਬਿਮਾਰੀ ਦੀ ਹਾਲਤ ਵਿੱਚ ਦਮ ਤੋੜ ਦਿੰਦੇ ਹਨ ਤੇ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਪਸ਼ੂ ਹਸਪਤਾਲਾਂ ਵਿੱਚ ਕੋਈ ਵੀ ਵੈਟਰਨਰੀ ਅਫ਼ਸਰ ਆਉਣ ਨੂੰ ਤਿਆਰ ਨਹੀਂ ਹੈ।
ਇਨ੍ਹਾਂ ਹਸਪਤਾਲਾਂ ਨੂੰ ਵੈਟਰਨਰੀ ਇੰਸਪੈਕਟਰ ਹੀ ਚਲਾ ਰਹੇ ਹਨ। ਕਈ ਹਸਪਤਾਲਾਂ ਵਿੱਚ ਚੰਡੀਗੜ੍ਹ ਬੈਠੇ ਵੈਟਰਨਰੀ ਅਫ਼ਸਰ ਸਿਰਫ਼ ਕਾਗ਼ਜ਼ਾਂ ਵਿੱਚ ਹੀ ਇਨ੍ਹਾਂ ਹਸਪਤਾਲਾਂ ਵਿੱਚ ਹਾਜ਼ਰ ਸਨ ਪਰ ਉਹ ਹੁਣ ਬਦਲੀਆਂ ਕਰਵਾ ਕੇ ਹੋਰ ਸਟੇਸ਼ਨਾਂ ’ਤੇ ਚੱਲ ਗਏ ਹਨ। ਜਿਨ੍ਹਾਂ ਹਸਪਤਾਲਾਂ ਵਿੱਚ ਵੈਟਰਨਰੀ ਅਫ਼ਸਰ ਸੇਵਾਮੁਕਤ ਹੋ ਗਏ ਹਨ, ਉੱਥੇ ਕੋਈ ਨਵਾਂ ਡਾਕਟਰ ਨਹੀਂ ਆਇਆ ਹੈ।
ਡਾਕਟਰਾਂ ਦੀ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ: ਖੁੱਡੀਆਂ
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਦੀ ਪੋਸਟਾਂ ਖਾਲੀ ਹਨ, ਉਨ੍ਹਾਂ ਨੂੰ ਜਲਦੀ ਭਰ ਕੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ।
ਪੰਜਾਬੀ ਟ੍ਰਿਬਯੂਨ
test