ਗ਼ਰੀਬ ਵਰਗ ਦੇ ਲੋਕਾਂ ਲਈ ਰੋਜ਼ੀ-ਰੋਟੀ ਹੋਈ ਹੋਰ ਔਖੀ
ਇਸੇ ਲਈ ਹਾਲ ਹੀ ਦੇ ਸਾਲਾਂ ’ਚ ਵੱਡੀ ਗਿਣਤੀ ’ਚ ਪਾਕਿਸਤਾਨੀ ਖੋਤੇ ਚੀਨ ਭੇਜੇ ਗਏ ਹਨ। ਬਦਹਾਲੀ ’ਚ ਖੋਤਿਆਂ ਦਾ ਵਪਾਰ ਵਿਦੇਸ਼ੀ ਕਰੰਸੀ ਕਮਾਉਣ ਵਾਲਾ ਵੱਡਾ ਧੰਦਾ ਬਣ ਕੇ ਉੱਭਰਿਆ ਹੈ। ਭਾਰਤੀ ਉਪਮਹਾਦੀਪ ’ਚ ਹਮੇਸ਼ਾ ਨਫ਼ਰਤ ਦੀ ਨਜ਼ਰ ਨਾਲ ਦੇਖੇ ਗਏ ਖੋਤਿਆਂ ਦੀ ਕੀਮਤ ਵਧਣ ਦਾ ਫਾਇਦਾ ਕੁਝ ਲੋਕਾਂ ਨੂੰ ਤਾਂ ਹੋਇਆ ਹੋਵੇਗਾ ਪਰ ਅਬਦੁਲ ਰਸ਼ੀਦ ਵਰਗੇ ਲੋਕ ਮੁਸ਼ਕਲ ’ਚ ਫਸ ਗਏ ਹਨ।
09 ਜੂਨ, 2025 – ਨਵੀਂ ਦਿੱਲੀ : ਦਹਾਕਿਆਂ ਪੁਰਾਣੀ ਅਖਾਣ ਹੈ, ‘ਕਾਬੁਲ ’ਚ ਕੀ ਖੋਤੇ ਨਹੀਂ ਹੁੰਦੇ…।’ ਹੁਣ ਪਾਕਿਸਤਾਨ ਨੂੰ ਲੈ ਕੇ ਅਖਾਣ ਮਸ਼ਹੂਰ ਹੋ ਰਹੀ ਹੈ, ‘ਪਾਕਿਸਤਾਨ ’ਚ ਚੰਗੀ ਕਿਸਮ ਦੇ ਖੋਤੇ ਪਾਏ ਜਾਂਦੇ ਹਨ…।’ ਚੀਨ ’ਚ ਵਧੀ ਮੰਗ ਨੇ ਬੀਤੇ ਕੁਝ ਸਾਲਾਂ ’ਚ ਇਨ੍ਹਾਂ ਖੋਤਿਆਂ ਦੀ ਕੀਮਤ ਕਾਫੀ ਵਧਾ ਦਿੱਤੀ ਹੈ। ਉਥੋਂ ਦੀਆਂ ਕੁਝ ਰਵਾਇਤੀ ਦਵਾਈਆਂ ਨੂੰ ਬਣਾਉਣ ’ਚ ਇਨ੍ਹਾਂ ਖੋਤਿਆਂ ਦੇ ਅੰਗਾਂ ਦੀ ਵਰਤੋਂ ਹੁੰਦੀ ਹੈ। ਇਸੇ ਲਈ ਹਾਲ ਹੀ ਦੇ ਸਾਲਾਂ ’ਚ ਵੱਡੀ ਗਿਣਤੀ ’ਚ ਪਾਕਿਸਤਾਨੀ ਖੋਤੇ ਚੀਨ ਭੇਜੇ ਗਏ ਹਨ। ਬਦਹਾਲੀ ’ਚ ਖੋਤਿਆਂ ਦਾ ਵਪਾਰ ਵਿਦੇਸ਼ੀ ਕਰੰਸੀ ਕਮਾਉਣ ਵਾਲਾ ਵੱਡਾ ਧੰਦਾ ਬਣ ਕੇ ਉੱਭਰਿਆ ਹੈ।
ਭਾਰਤੀ ਉਪਮਹਾਦੀਪ ’ਚ ਹਮੇਸ਼ਾ ਨਫ਼ਰਤ ਦੀ ਨਜ਼ਰ ਨਾਲ ਦੇਖੇ ਗਏ ਖੋਤਿਆਂ ਦੀ ਕੀਮਤ ਵਧਣ ਦਾ ਫਾਇਦਾ ਕੁਝ ਲੋਕਾਂ ਨੂੰ ਤਾਂ ਹੋਇਆ ਹੋਵੇਗਾ ਪਰ ਅਬਦੁਲ ਰਸ਼ੀਦ ਵਰਗੇ ਲੋਕ ਮੁਸ਼ਕਲ ’ਚ ਫਸ ਗਏ ਹਨ। ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਨੇੜੇ ਪੇਂਡੂ ਇਲਾਕੇ ਦੇ ਨਿਵਾਸੀ ਰਸ਼ੀਦ ਦਾ ਖੋਤਾ ‘ਟਾਈਗਰ’ ਪਿਛਲੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਕੇ ਮਰ ਗਿਆ। ਰਸ਼ੀਦ ਲਈ ‘ਟਾਈਗਰ’ ਰੋਜ਼ੀ-ਰੋਟੀ ਕਮਾਉਣ ਦਾ ਮੁੱਖ ਸੋਮਾ ਸੀ। ਕੁਝ ਦਿਨ ਦੁਖੀ ਤੇ ਪਰੇਸ਼ਾਨ ਰਹਿਣ ਤੋਂ ਬਾਅਦ ਰਸ਼ੀਦ ਜਦੋਂ ਬਾਜ਼ਾਰ ’ਚ ਨਵਾਂ ਖੋਤਾ ਖ਼ਰੀਦਣ ਗਿਆ ਤਾਂ ਸਮਾਂ ਬਦਲ ਜਾਣ ਦਾ ਅਹਿਸਾਸ ਹੋਇਆ। ਅੱਠ ਸਾਲ ਪਹਿਲਾਂ ਟਾਈਗਰ ਨੂੰ 30 ਹਜ਼ਾਰ ਰੁਪਏ ’ਚ ਖ਼ਰੀਦ ਕੇ ਲਿਆਏ ਰਸ਼ੀਦ ਨੂੰ ਹੁਣ ਉਸੇ ਕੱਦ-ਕਾਠੀ ਦਾ ਖੋਤਾ ਦੋ ਲੱਖ ਰੁਪਏ ’ਚ ਮਿਲ ਰਿਹਾ ਸੀ। ਇਹ ਰਕਮ ਰਸ਼ੀਦ ਲਈ ਬਹੁਤ ਜ਼ਿਆਦਾ ਸੀ। ਕੀਮਤ ਤੈਅ ਕਰਨ ਦੀ ਕੋਸ਼ਿਸ਼ ’ਚ ਪਤਾ ਲੱਗਾ ਕਿ ਚੀਨ ’ਚ ਵਧ ਰਹੀ ਮੰਗ ਦੇ ਚੱਲਦੇ ਪਾਕਿਸਤਾਨੀ ਖੋਤਿਆਂ ਦੀ ਕੀਮਤ ਹਰ ਮਹੀਨੇ ਵਧ ਰਹੀ ਹੈ, ਇਸ ਲਈ ਉਨ੍ਹਾਂ ਨੂੰ ਸਸਤੇ ਖੋਤੇ ਮਿਲਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ। ਰਸ਼ੀਦ ਹੁਣ ਕਿਸੇ ਦੂਜੇ ਕੰਮ ਦੇ ਜੁਗਾੜ ’ਚ ਲੱਗਾ ਹੈ।
ਇਥੋਪੀਆ ਤੇ ਸੂਡਾਨ ਤੋਂ ਬਾਅਦ ਦੁਨੀਆ ’ਚ ਪਾਕਿਸਤਾਨ ਅਜਿਹਾ ਦੇਸ਼ ਹੈ, ਜਿਥੇ ਲੱਖਾਂ ਲੋਕ ਖੋਤਿਆਂ ’ਤੇ ਮਾਲ ਜਾਂ ਲੋਕਾਂ ਨੂੰ ਢੋਅ ਜਾਂ ਉਸਦੀ ਖੇਤੀ ਦੇ ਕੰਮ ’ਚ ਵਰਤੋਂ ਕਰ ਕੇ ਰੋਜ਼ੀ-ਰੋਟੀ ਕਮਾਉਂਦੇ ਹਨ। ਇਕ ਅੰਦਾਜ਼ੇ ਅਨੁਸਾਰ, ਪਾਕਿਸਤਾਨ ’ਚ ਅੰਦਾਜ਼ਨ 60 ਲੱਖ ਲੋਕ ਖੋਤਿਆਂ ਨਾਲ ਹੋਣ ਵਾਲੀ ਰੋਜ਼ਾਨਾ ਦੀ ਆਮਦਨ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਨ। ਅਜਿਹੇ ਲੋਕਾਂ ਲਈ ਖੋਤਿਆਂ ਦੀ ਵਧਦੀ ਕੀਮਤ ਮੁਸ਼ਕਲਾਂ ਭਰਿਆ ਦੌਰ ਪੈਦਾ ਕਰ ਰਹੀ ਹੈ। ਚੀਨ ’ਚ ਵਧਦੀ ਖ਼ੁਸ਼ਹਾਲੀ ਨੇ ਉਥੇ ਰਵਾਇਤੀ ਦਵਾਈ ‘ਇਜੀਯਾਓ’ ਦੀ ਖਪਤ ਵਧਾ ਦਿੱਤੀ ਹੈ। ਅਜਿਹੀ ਇਕ ਦਵਾਈ ’ਚ ਖੋਤਿਆਂ ਦੀ ਖਾਲ ਦੀ ਵਰਤੋਂ ਹੁੰਦੀ ਹੈ। ਇਸ ਲਈ ਹੁਣ ਚੀਨ ’ਚ ਦੁਨੀਆ ਭਰ ਤੋਂ ਖੋਤੇ ਮੰਗਵਾਏ ਜਾ ਰਹੇ ਹਨ। ਕਿਉਂਕਿ ਪਾਕਿਸਤਾਨ ਨੇੜੇ ਹੈ ਤੇ ਉਥੋਂ ਦੇ ਖੋਤਿਆਂ ਦੀ ਚਮੜੀ ਦਵਾਈ ਬਣਾਉਣ ਵਾਲਿਆਂ ਨੂੰ ਗੁਣਵੱਤਾ ਦੀ ਨਜ਼ਰ ਨਾਲ ਬਿਹਤਰ ਲੱਗ ਰਹੀ ਹੈ, ਇਸ ਲਈ ਹਾਲ ਹੀ ਦੇ ਸਾਲਾਂ ’ਚ ਵੱਡੀ ਗਿਣਤੀ ’ਚ ਪਾਕਿਸਤਾਨ ਤੋਂ ਚੀਨ ਨੇ ਖੋਤੇ ਖ਼ਰੀਦੇ ਹਨ। ਇਸੇ ਦੀ ਸਿੱਟਾ ਹੈ ਕਿ ਪਾਕਿਸਤਾਨ ’ਚ ਖੋਤਿਆਂ ਦੀ ਕੀਮਤ ਵਧ ਰਹੀ ਹੈ ਤੇ ਅਬਦੁਲ ਰਸ਼ੀਦ ਵਰਗੇ ਸੈਂਕੜੇ ਲੋਕ ਇਸਦਾ ਖਮਿਆਜ਼ਾ ਭੁਗਤ ਰਹੇ ਹਨ।
ਪੰਜਾਬੀ ਜਾਗਰਣ
test