25 ਜਨਵਰੀ, 2023 – ਬਠਿੰਡਾ : ਸਾਲ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਜੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਅੱਜ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਨਾਲੋਂ ਵੱਧ ਸੀਟਾਂ ਜਿੱਤ ਕੇ ਕੇਂਦਰ ਵਿੱਚ ਮੁੜ ਤੋਂ ਸਰਕਾਰ ਬਣਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀ ਸਮਝ ਚੁੱਕੇ ਹਨ ਕਿ ਸਿਰਫ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜਿਹੜੀ ਸੂਬੇ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਕਰਕੇ ਖੁਸ਼ਹਾਲ ਬਣਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ‘ਆਪ’ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਹੁਣ ਭਾਜਪਾ ਪੰਜਾਬੀਆਂ ਦੀ ਪਸੰਦੀਦਾ ਪਾਰਟੀ ਹੈ। ਸ਼ੇਖਾਵਤ ਨੇ ਐੱਸਵਾਈਐੱਲ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਦੋਵੇਂ ਸੂਬਿਆਂ ਨਾਲ ਬੈਠਕ ਮਗਰੋਂ ਉਨ੍ਹਾਂ ਦੋਵੇਂ ਸੂਬਿਆਂ ਦੀ ਅਸਹਿਮਤੀ ਦੀ ਰਿਪੋਰਟ ਬਣਾ ਕੇ ਭੇਜ ਦਿੱਤੀ ਹੈ। ਉਨ੍ਹਾਂ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀ ਭਾਜਪਾ ਨੂੰ ਜਿਤਾਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਗਾਮੀ ਲੋਕ ਸਭਾ ਚੋਣਾਂ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ।
ਸ਼ੇਖਾਵਤ ਦੀ ਫੇਰੀ ਦੌਰਾਨ ਮਨਪ੍ਰੀਤ ਬਾਦਲ ਰਹੇ ਗੈਰਹਾਜ਼ਰ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਬਠਿੰਡਾ ਫੇਰੀ ਮੌਕੇ ਅੱਜ ਮਨਪ੍ਰੀਤ ਸਿੰਘ ਬਾਦਲ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਇਸ ਬਾਰੇ ਸ਼ੇਖ਼ਾਵਤ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਹਨ, ਜੇਕਰ ਉਹ ਨਹੀਂ ਆਏ ਤਾਂ ਕੋਈ ਗੱਲ ਨਹੀਂ। ਪਾਰਟੀ ਵਿੱਚ ਉਹ ਨਵੇਂ ਹਨ ਅਤੇ ਜਲਦੀ ਹੀ ਪਾਰਟੀ ਸੱਭਿਆਚਾਰ ਬਾਰੇ ਜਾਣ ਜਾਣਗੇ।
ਖਜ਼ਾਨੇ ਨੂੰ ਦੋਵੇਂ ਹੱਥੀਂ ਲੁਟਾ ਰਹੀ ਹੈ ‘ਆਪ’ ਸਰਕਾਰ: ਛੋਟੇਪੁਰ
25 ਜਨਵਰੀ, 2023 – ਧਾਰੀਵਾਲ : ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਪੰਜਾਬ ਦੇ ਖ਼ਜ਼ਾਨੇ ਨੂੰ ਦੋਵੇਂ ਹੱਥੀਂ ਲੁਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਪੰਜਾਬ ਵਿੱਚ ਕਲੀਨਿਕਾਂ ਦੇ ਪ੍ਰਚਾਰ ਲਈ ਕਰੋੜਾਂ ਪੈਸੇ ਖਰਚ ਕਰਨ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਉਣ ਲਈ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਛੋਟੇਪੁਰ ਨੇ ਕਿਹਾ ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਹੈ। ‘ਆਪ’ ਸਰਕਾਰ ਜਿੱਥੇ ਪੰਜਾਬ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹਣ ਦੇ ਦਾਅਵੇ ਕਰ ਰਹੀ ਹੈ, ਉੱਥੇ ਪਹਿਲਾਂ ਪੰਜਾਬ ਵਿੱਚ 6400 ਤੋਂ ਵੱਧ ਛੋਟੇ ਤੇ ਵੱਡੇ ਇਲਾਜ ਕੇਂਦਰ ਹਨ। ਜਦਕਿ ‘ਆਪ’ ਸਰਕਾਰ ਵੱਲੋਂ ਇਨ੍ਹਾਂ ਵਿੱਚ ਖਾਲੀ ਪਈਆਂ ਪੋਸਟਾਂ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਬਜਾਏ ਮੁਹੱਲਾ ਕਲੀਨਿਕ ਖੋਲ੍ਹਣ ਦੇ ਨਾਂ ’ਤੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੇ ਸਹਾਰੇ ਚੱਲ ਰਹੀ ਹੈ।
Courtesy : Punjabi Tribune
test