ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਯੂਕਰੇਨ ਪਹੁੰਚੇ ਹਨ। ਉਹ ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਗਰਮਜੋਸ਼ੀ ਨਾਲ ਮਿਲੇ। ਪੀਐੱਮ ਮੋਦੀ ਅਤੇ ਜ਼ੇਲੈਂਸਕੀ ਨੇ ਇਸ ਦੌਰਾਨ ਇੱਕ ਦੂਜੇ ਨੂੰ ਗਲੇ ਨਾਲ ਲਾਇਆ।
ਇਹ ਉਵੇਂ ਹੀ ਸੀ ਜਿਵੇਂ ਪੀਐੱਮ ਮੋਦੀ ਨੇ ਛੇ ਹਫ਼ਤੇ ਪਹਿਲਾਂ ਰੂਸ ਦੇ ਦੌਰੇ ਦੇ ਦੌਰਾਨ ਵਲਾਦੀਮੀਰ ਪੁਤਿਨ ਨੂੰ ਜੱਫ਼ੀ ਪਾਈ ਸੀ। ਇਸ ਬਾਰੇ ਜ਼ੇਲੈਂਸਕੀ ਨੇ ਇਤਰਾਜ਼ ਜ਼ਾਹਰ ਕੀਤਾ ਸੀ।
ਜ਼ੇਲੈਂਸਕੀ ਨੇ ਕਿਹਾ ਸੀ, “ਅੱਜ ਰੂਸ ਦੇ ਮਿਜ਼ਾਇਲ ਹਮਲੇ ਵਿੱਚ 37 ਲੋਕ ਮਾਰੇ ਗਏ ਸਨ। ਇਸ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਰੂਸ ਨੇ ਯੂਕਰੇਨ ਵਿੱਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਉੱਤੇ ਹਮਲਾ ਕੀਤਾ। ਇੱਕ ਅਜਿਹੇ ਦਿਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਦੇ ਸਭ ਤੋਂ ਖੂਨੀ ਅਪਰਾਧੀ ਨਾਲ ਮਾਸਕੋ ਵਿੱਚ ਗਲੇ ਲੱਗਣਾ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦੀ ਲਈ ਵੱਡੀ ਨਿਰਾਸ਼ਾ ਦੀ ਗੱਲ ਹੈ।”
ਅਜਿਹੇ ਵਿੱਚ ਪੀਐੱਮ ਮੋਦੀ ਦੀ ਇਸ ਯੂਕਰੇਨ ਯਾਤਰਾ ਨੂੰ ਸਮਤੋਲ ਕਾਇਮ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਚਰਚਾ ਹੋ ਰਹੀ ਹੈ ਕਿ ਯੂਕਰੇਨ ਅਤੇ ਰੂਸ ਦੇ ਵਿੱਚ ਜਾਰੀ ਸੰਘਰਸ਼ ਬਾਰੇ ਮੋਦੀ ਅਤੇ ਜ਼ੇਲੈਂਸਕੀ ਵਿੱਚ ਕੀ ਗੱਲ ਹੋਈ? ਇਸ ਨਾਲ ਹਾਸਲ ਕੀ ਹੋਇਆ?
ਪੀ ਐਮ ਮੋਦੀ ਅਤੇ ਵੋਲੋਦਿਮੀਰ ਜੈਲੈੰਸਕੀ ਦੀ ਮੁਲਾਕਾਤ
ਪੀਐੱਮ ਨਰਿੰਦਰ ਮੋਦੀ ਨੇ ਵੋਲੋਦਿਮੀਰ ਜ਼ੇਲੈਂਸਕੀ ਨੂੰ ਗਲੇ ਲਾਉਂਦੇ ਹੋਏ ਇੱਕ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕੀਤੀ।
ਤਸਵੀਰ ਵਿੱਚ ਪੀਐੱਮ ਮੋਦੀ ਯੂਕਰੇਨ ਦੇ ਕੌਮੀ ਮਿਊਜ਼ੀਅਮ ਵਿੱਚ ਇੱਕ ਮਲੀਟੀਮੀਡੀਆ ਪ੍ਰਦਰਸ਼ਨੀ ਦਾ ਮੁਆਇਨਾ ਕਰਦੇ ਹੋਏ ਵੀ ਦਿਖ ਰਹੇ ਹਨ।
ਪੀਐੱਮ ਮੋਦੀ ਨੇ ਕਿਹਾ, “ਸੰਘਰਸ਼ ਵਿਸ਼ੇਸ਼ ਰੂਪ ਤੋਂ ਛੋਟੇ ਬੱਚਿਆਂ ਲਈ ਵਿਨਾਸ਼ਕਾਰੀ ਹੈ। ਮੇਰੀ ਸੰਵੇਦਨਾ ਉਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੀ ਜਾਨ ਗੰਵਾਈ। ਮੈਂ ਦੁਆ ਕਰਦਾ ਹਾਂ ਕਿ ਉਨ੍ਹਾਂ ਨੂੰ ਆਪਣਾ ਦੁੱਖ ਸਹਿਣ ਦੀ ਸ਼ਕਤੀ ਮਿਲੇ।”
ਮੋਦੀ ਨੇ ਜਾਨ ਗਵਾਉਣ ਵਾਲੇ ਬੱਚਿਆਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਖਿਡੌਣਾ ਰੱਖਿਆ।
ਕੀ ਹਾਸਲ ਹੋਇਆ ?
ਪੀਐੱਮ ਮੋਦੀ ਨੇ ਦੱਸਿਆ ਕਿ ਕੀਵ ਵਿੱਚ ਜ਼ੇਲੈਂਸਕੀ ਨਾਲ ਬਹੁਤ ਉਪਯੋਗੀ ਚਰਚਾ ਹੋਈ। ਭਾਰਤ ਯੂਕਰੇਨ ਦੇ ਨਾਲ ਆਰਥਿਕ ਸੰਬੰਧਾਂ ਨੂੰ ਡੂੰਘਾ ਕਰਨ ਲਈ ਉਤਸੁਕ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਖੇਤੀਬਾੜੀ, ਤਕਨੀਕੀ, ਫਾਰਮਾ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਵਾ ਦੇਣ ਦੇ ਤਰੀਕਿਆਂ ਉੱਤੇ ਚਰਚਾ ਕੀਤੀ। ਅਸੀਂ ਸੱਭਿਆਚਾਰਾਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਉੱਤੇ ਵੀ ਸਹਿਮਤ ਹੋਏ।”
‘ਭਾਰਤ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ’
ਪ੍ਰਧਾਨ ਮੰਤਰੀ ਮੋਦੀ ਨੇ ਜ਼ੇਲੈਂਸਕੀ ਤੋਂ ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸਦਾ ਹੱਲ ਗੱਲਬਾਤ ਹੈ।
ਮੋਦੀ ਨੇ ਕਿਹਾ, “ਦੋਵਾਂ ਪੱਖਾਂ ਨੂੰ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਸੰਕਟ ਤੋਂ ਬਾਹਰ ਆਉਣ ਦੇ ਰਾਹ ਤਲਾਸ਼ਣੇ ਪੈਣਗੇ। ਅੱਜ ਯੂਕਰੇਨ ਦੀ ਧਰਤੀ ਉੱਤੇ ਤੁਹਾਡੇ ਨਾਲ ਸ਼ਾਂਤੀ ਅਤੇ ਅੱਗੇ ਵਧਣ ਦੇ ਰਾਹ ਉੱਤੇ ਵਿਸ਼ੇਸ਼ ਰੂਪ ਵਿੱਚ ਚਰਚਾ ਕਰਨੀ ਚਾਹੁੰਦਾ ਹਾਂ।”
ਮੋਦੀ ਨੇ ਕਿਹਾ, “ਦੋਵਾਂ ਪੱਖਾਂ ਦੇ ਨਾਲ ਬੈਠਣਾ ਚਾਹੀਦਾ ਹੈ ਅਤੇ ਇਸ ਸੰਕਟ ਤੋਂ ਬਾਹਰ ਆਉਣ ਦੇ ਰਸਤੇ ਤਲਾਸ਼ਣੇ ਹੋਣਗੇ। ਅੱਜ ਮੈਂ ਯੂਕਰੇਨ ਦੀ ਧਰਤੀ ਉੱਤੇ ਤੁਹਾਡੇ ਨਾਲ ਸ਼ਾਂਤੀ ਅਤੇ ਅੱਗੇ ਵਧਣ ਦੇ ਮਾਰਗ ਉੱਤੇ ਵਿਸ਼ੇਸ਼ ਰੂਪ ਵਿੱਚ ਚਰਚਾ ਕਰਨਾ ਚਾਹੁੰਦਾ ਹਾਂ।”
ਪ੍ਰਧਾਨ ਮੰਤਰੀ ਜ਼ੇਲੈਂਸਕੀ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ, “ਭਾਰਤ ਸ਼ਾਂਤੀ ਦੇ ਹਰ ਯਤਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਨ। ਮੈਂ ਨਿੱਜੀ ਰੂਪ ਵਿੱਚ ਇਸ ਵਿੱਚ ਯੋਗਦਾਨ ਦੇ ਸਕਦਾ ਹਾਂ ਤਾਂ ਮੈਂ ਅਜਿਹਾ ਜ਼ਰੂਰ ਕਰਨਾ ਚਾਹਾਂਗਾ। ਇੱਕ ਦੋਸਤ ਦੇ ਰੂਪ ਵਿੱਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ।”
ਉਨ੍ਹਾਂ ਨੇ ਕਿਹਾ, “ਮੈਂ ਤੁਹਾਨੂੰ ਅਤੇ ਪੂਰੇ ਵਿਸ਼ਵੀ ਭਾਈਚਾਰੇ ਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਇਹ ਭਾਰਤ ਦੀ ਵਚਨ-ਬੱਧਤਾ ਹੈ ਅਤੇ ਅਸੀਂ ਮੰਨਦੇ ਹਾਂ ਕਿ ਸੰਪ੍ਰਭੂਤਾ ਅਤੇ ਭੂਗੋਲਿਕ ਅਖੰਡਤਾ ਦਾ ਸਤਿਕਾਰ ਸਾਡੇ ਲਈ ਸਭ ਤੋਂ ਉੱਪਰ ਹੈ ਅਤੇ ਅਸੀਂ ਇਸਦਾ ਸਮਰਥਨ ਕਰਦੇ ਹਾਂ।”
ਪੀਐੱਮ ਮੋਦੀ ਅਤੇ ਜ਼ੇਲੈਂਸਕੀ ਦੇ ਵਿੱਚ ਕੀ ਗੱਲਬਾਤ ਹੋਈ ?
ਪੀਐੱਮ ਮੋਦੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕੀਤਾ। ਇਸ ਵਿੱਚ ਵੋਲੋਦਿਮੀਰ ਜ਼ੇਲੈਂਸਕੀ ਉਨ੍ਹਾਂ ਦੇ ਸਾਹਮਣੇ ਬੈਠੇ ਹੋਏ ਹਨ।
ਪੀਐੱਮ ਮੋਦੀ ਨੇ ਜ਼ੇਲੈਂਸਕੀ ਦੀ ਮੌਜੂਦਗੀ ਵਿੱਚ ਕਿਹਾ, “ਸਾਡੀ ਪਹਿਲੀ ਭੂਮਿਕਾ ਮਨੁੱਖੀ ਨਜ਼ਰੀਏ ਤੋਂ ਰਹੀ ਹੈ। ਅਜਿਹੀ ਸੰਕਟ ਦੀ ਘੜੀ ਬਹੁਤ ਸਾਰੀ ਲੋੜ ਰਹਿੰਦੀ ਹੈ। ਭਾਰਤ ਨੇ ਮਨੁੱਖੀ ਨਜ਼ਰੀਏ ਤੋਂ ਕੇਂਦਰ ਵਿੱਚ ਰੱਖਦੇ ਹੋਏ ਪੂਰਾ ਕਰਨ ਦਾ ਯਤਨ ਕੀਤਾ ਹੈ।”
ਮੋਦੀ ਨੇ ਕਿਹਾ, “ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮਨੁੱਖੀ ਨਜ਼ਰੀਏ ਤੋਂ ਜਿਸ ਤਰ੍ਹਾਂ ਦੀ ਵੀ ਸਾਡੀ ਮਦਦ ਦੀ ਲੋੜ ਹੋਵੇਗੀ, ਭਾਰਤ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ।”
ਮੋਦੀ ਨੇ ਜ਼ੇਲੈਂਸਕੀ ਦੀ ਮੌਜੂਦਗੀ ਵਿੱਚ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਵੀ ਜ਼ਿਕਰ ਕੀਤਾ।
ਪੀਐੱਮ ਮੋਦੀ ਨੇ ਵਲਾਦਿਮੀਰ ਪੁਤਿਨ ਬਾਰੇ ਕੀ ਕਿਹਾ?
ਪੀਐੱਮ ਮੋਦੀ ਨੇ ਰੂਸ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਹੋਈ ਚਰਚਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਤਿਨ ਨੂੰ ਕਿਹਾ ਸੀ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ।
ਮੋਦੀ ਨੇ ਕਿਹਾ, “ਮੈਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਕਿਸੇ ਵੀ ਸਮੱਸਿਆ ਦਾ ਹੱਲ ਯੁੱਧਭੂਮੀ ਵਿੱਚ ਨਹੀਂ ਹੁੰਦਾ। ਹੱਲ ਸਿਰਫ਼ ਗੱਲਬਾਤ, ਸੰਵਾਦ ਅਤੇ ਕੂਟਨੀਤੀ ਦੇ ਜ਼ਰੀਏ ਹੁੰਦਾ ਹੈ ਅਤੇ ਸਾਨੂੰ ਬਰਬਾਦ ਕੀਤੇ ਬਿਨਾਂ ਉਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।”
ਵੋਲੋਦਿਮੀਰ ਜ਼ੇਲੇਂਸਕੀ ਨੇ ਕੀ ਕਿਹਾ?
ਪੀਐੱਮ ਮੋਦੀ ਦੇ ਨਾਲ ਆਪਣੀ ਬੈਠਕ ਬਾਰੇ ਜ਼ੇਲੈਂਸਕੀ ਨੇ ਕਿਹਾ ਕਿ ਬਹੁਤ ਵਧੀਆ ਬੈਠਕ ਹੋਈ, ਇਹ ਇੱਕ ਇਤਿਹਾਸਕ ਬੈਠਕ ਹੈ।
ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਦਾ ਆਉਣ ਲਈ ਬਹੁਤ ਧੰਨਵਾਦੀ ਹਾਂ। ਇਹ ਕੁਝ ਵਿਹਾਰਿਕ ਕਦਮਾਂ ਦੇ ਨਾਲ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਦੇ (ਪੀਐੱਮ ਮੋਦੀ) ਦੇ (ਸ਼ਾਂਤੀ ਉੱਤੇ) ਕੋਈ ਵਿਚਾਰ ਹਨ ਤਾਂ ਸਾਨੂੰ ਇਸ ਬਾਰੇ ਗੱਲ ਕਰਨ ਵਿੱਚ ਖੁਸ਼ੀ ਹੋਵੇਗੀ।
ਜ਼ੇਲੈਂਸਕੀ ਨੇ ਕਿਹਾ, “ਪੀਐੱਮ ਮੋਦੀ ਪੁਤਿਨ ਤੋਂ ਜ਼ਿਆਦਾ ਸ਼ਾਂਤੀ ਚਾਹੁੰਦੇ ਹਨ। ਸਮੱਸਿਆ ਇਹ ਹੈ ਕਿ ਪੁਤਿਨ ਇਹ ਨਹੀਂ ਚਾਹੁੰਦੇ।”
ਭਾਰਤ ਕੀ ਭੂਮਿਕਾ ਨਿਭਾ ਸਕਦਾ ਹੈ?
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਯੂਰਪੀ ਅਧਿਐਨ ਕੇਂਦਰ ਵਿੱਚ ਪ੍ਰੋਫੈਸਰ ਭਾਸਵਤੀ ਸਰਕਾਰ ਨੇ ਸੰਤੁਲਨ ਕਾਇਮ ਕਰਨ ਬਾਰੇ ਕਿਹਾ ਕਿ ਅਸੀਂ ਅਜਿਹਾ 2022 ਤੋਂ ਕਰ ਰਹੇ ਹਾਂ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, “ਰੂਸ ਨੇ ਜਦੋਂ 24 ਫਰਵਰੀ 2022 ਨੂੰ ਯੂਕਰੇਨ ਉੱਤੇ ਹਮਲਾ ਕੀਤਾ ਸੀ ਉਦੋਂ ਤੋਂ ਅਸੀਂ ਸੰਤੁਲਨ ਰੱਖ ਰਹੇ ਹਾਂ। ਸਾਡਾ ਰੂਸ ਨਾਲ ਡੂੰਘਾ ਰਿਸ਼ਤਾ ਹੈ ਅਤੇ ਇਸ ਨੂੰ ਸਾਨੂੰ ਉਸੇ ਤਰ੍ਹਾਂ ਰੱਖਣਾ ਹੈ। ਸਾਡੀ ਇੱਕ ਦੂਜੇ ਪ੍ਰਤੀ ਵਚਨਬੱਧਤਾ ਹੈ।”
ਭਾਸਵਤੀ ਸਰਕਾਰ ਨੇ ਕਿਹਾ, “ਯੂਰਪ ਵਿੱਚ ਸਾਡੇ ਜੋ ਵੀ ਹਿੱਸੇਦਾਰ ਹਨ ਅਮਰੀਕਾ… ਜਿਸ ਨਾਲ ਅਸੀਂ ਆਪਣੇ ਸੰਬੰਧ ਡੂੰਘੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਿਹੇ ਵਿੱਚ ਭਾਰਤ ਤੋਂ ਕੁਝ ਉਮੀਦਾਂ ਹਨ।”
ਜੰਗ ਨੂੰ ਰੁਕਵਾਉਣ ਵਿੱਚ ਭਾਰਤ ਦੀ ਭੂਮਿਕਾ ਹੋਣ ਦੇ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਇਹ ਸੱਚ ਹੈ ਕਿ ਪੀਐੱਮ ਮੋਦੀ ਹੀ ਪੁਤਿਨ ਨੂੰ ਕਹਿ ਸਕੇ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਇਹ ਕੋਈ ਯੂਰਪੀ ਤਾਂ ਕਹਿ ਨਹੀਂ ਸਕਿਆ। ਪੀਐੱਮ ਮੋਦੀ ਕਹਿ ਚੁੱਕੇ ਹਨ ਕਿ ਗੱਲਬਾਤ ਤੋਂ ਬਿਨਾਂ ਹੱਲ ਨਹੀਂ ਨਿਕਲੇਗਾ।
ਉਨ੍ਹਾਂ ਨੇ ਕਿਹਾ, “ਜੰਗ ਨੂੰ ਰੁਕਵਾਉਣ ਲਈ ਕਈ ਲੋਕ ਪਹਿਲ ਕਰ ਰਹੇ ਹਨ। ਚੀਨ ਨੇ ਵੀ ਅਜਿਹਾ ਕੀਤਾ ਸੀ। ਸਵਿਟਜ਼ਰਲੈਂਡ ਵਿੱਚ ਹੋਈ ਆਲਮੀ ਅਮਨ ਸਮਿਟ ਵਿੱਚ ਵੀ ਹੋਇਆ। ਲੇਕਿਨ ਉਸ ਵਿੱਚ ਰੂਸ ਸ਼ਾਮਿਲ ਨਹੀਂ ਹੋਇਆ। ਲੜਾਈ ਕਰਨ ਵਾਲੇ ਦੋਵਾਂ ਦੇਸਾਂ ਤੋਂ ਬਿਨਾਂ ਕੋਈ ਸਿੱਟਾ ਨਹੀਂ ਨਿਕਲੇਗਾ। ਦੋਵਾਂ ਨੂੰ ਇਕੱਠੇ ਲਿਆਉਣ ਵਿੱਚ ਭਾਰਤ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।”
ਉੱਥੇ ਹੀ ਰੂਸ ਮਾਮਲਿਆਂ ਦੇ ਮਾਹਰ ਅਤੇ ਮਾਹਰ ਅਤੇ ਜੇਐੱਨਯੂ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿੱਚ ਪ੍ਰੋਫੈਸਰ ਰਾਜਨ ਕੁਮਾਰ ਨੇ ਬੀਬੀਸੀ ਦਿਨ ਭਰ ਪਾਡਕਾਸਟ ਵਿੱਚ ਕਿਹਾ ਕਿ ਇਹ ਪੱਛਮੀ ਦੇਸਾਂ ਦੇ ਲਈ ਸੰਕੇਤ ਹੈ।
ਪੀਐੱਮ ਮੋਦੀ ਦੇ ਦੌਰੇ ਦੇ ਕੀ ਅਰਥ ਹਨ?
ਮੋਦੀ ਦਾ ਇਹ ਸੰਕੇਤਕ ਦੌਰਾ ਸੀ ਜਾਂ ਇਸ ਦੇ ਕੋਈ ਡੂੰਗੇ ਅਰਥ ਵੀ ਸਨ ਕਿਉਂਕਿ ਮੋਦੀ ਇਸੇ ਸਾਲ ਮਾਸਕੋ ਵੀ ਗਏ ਸਨ।
ਇਸ ਬਾਰੇ ਪ੍ਰੋਫੈਸਰ ਰਾਜਨ ਕੁਮਾਰ ਨੇ ਕਿਹਾ, “ਉਹ ਪੱਛਮੀ ਦੇਸਾਂ ਦੇ ਲਈ ਇੱਕ ਇਸ਼ਾਰਾ ਜ਼ਰੂਰ ਹੈ ਕਿ ਭਾਰਤ ਇੱਕ ਸੰਤੁਲਿਤ ਵਿਦੇਸ਼ ਨੀਤੀ ਰੱਖਦਾ ਹੈ। ਇਹ ਹੌਂਸਲੇ ਨਾਲ ਭਰਿਆ ਕੂਟਨੀਤਿਕ ਕਦਮ ਹੈ।”
ਉਨ੍ਹਾਂ ਨੇ ਕਿਹਾ, “ਜਦੋਂ ਤੋਂ ਯੂਕਰੇਨ ਇੱਕ ਅਜ਼ਾਦ ਦੇਸ ਬਣਿਆ ਹੈ, ਉਸ ਤੋਂ ਬਾਅਦ ਤੋਂ ਇਹ ਇਸ ਪੱਧਰ ਦੀ ਪਹਿਲੀ ਯਾਤਰਾ ਹੈ। ਉਹ ਸਮਾਂ ਵੀ ਅਜਿਹਾ ਹੈ ਜਦੋਂ ਯੁੱਧ ਦੇ ਦੌਰਾਨ, ਕੁਝ ਇਲਾਕਿਆਂ ਉੱਤੇ ਯੂਕਰੇਨ ਦੇ ਕਬਜ਼ੇ ਦਾ ਦਾਅਵਾ ਹੈ। ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਮੋਦੀ ਪਹਿਲਾਂ ਰੂਸ ਗਏ ਸਨ ਜਿਸ ਤੋਂ ਬਾਅਦ, ਪੱਛਮੀ ਦੇਸ ਨਰਾਜ਼ ਹੋ ਗਏ ਸਨ।”
ਪ੍ਰੋਫੈਸਰ ਰਾਜਨ ਕੁਮਾਰ ਨੇ ਕਿਹਾ ਕਿ ਭਾਰਤ ਕਾਰਡ ਦਾ ਮੈਂਬਰ ਹੈ ਅਤੇ ਇਸਦੇ ਬਾਵਜੂਦ ਵੀ ਉਹ ਰੂਸ ਦਾ ਸਾਥ ਦਿੰਦਾ ਹੈ। ਇਸ ਯਾਤਰਾ ਨਾਲ ਇੱਕ ਤਰ੍ਹਾਂ ਨਾਲ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਸੰਤੁਲਿਤ ਹੈ। ਇਹ ਇੱਕ ਪਾਸੇ ਸੰਤੁਲਨ ਦੀ ਕੋਸ਼ਿਸ਼ ਹੈ ਤਾਂ ਦੂਜੇ ਪਾਸੇ ਪੁਲ ਬੰਨ੍ਹਣ ਦੀ ਕੋਸ਼ਿਸ਼ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲੀ ਕੋਸ਼ਿਸ਼ ਕਿ ਰੂਸ ਅਤੇ ਯੂਕਰੇਨ ਨੂੰ ਕਿਵੇ ਜੋੜੀਏ ਅਤੇ ਦੂਜੀ ਕੋਸ਼ਿਸ਼ ਕਿ ਕਿਵੇਂ ਭਾਰਤ ਗਲੋਬਲ ਸਾਊਥ ਜਾਣੀ ਵਿਸ਼ਵੀ ਦੱਖਣ ਦੇ ਨੁਮਾਇੰਦੇ ਦੇ ਰੂਪ ਵਿੱਚ ਰੂਸ, ਯੂਕਰੇਨ ਨੂੰ ਗਲੋਬਨ ਸਾਊਥ ਨਾਲ ਜੋੜ ਸਕਦਾ ਹੈ।
ਅਜਿਹਾ ਇਸ ਲਈ ਕਿਉਂਕਿ ਯੁੱਧ ਦਾ ਵੱਡਾ ਅਸਰ ਗਲੋਬਲ ਸਾਊਥ ਉੱਤੇ ਹੋਇਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਦੌਰੇ ਉੱਤੇ ਇਹ ਵੀ ਕਿਹਾ ਹੈ ਕਿ ‘ਇਹ ਯੁੱਧ ਦਾ ਨਹੀਂ ਬੁੱਧ ਦਾ ਸਮਾਂ ਹੈ’, ਜਾਣੀ ਇਹ ਦੌਰਾ ਕਿਤੇ ਨਾ ਕਿਤੇ ਸ਼ਾਂਤੀ ਦੀ ਕੋਸ਼ਿਸ਼ ਹੈ।
ਰੂਸ ਅਤੇ ਯੂਕਰੇਨ ਦਰਮਿਆਨ ਭਾਰਤ ਦੀ ਕੀ ਭੂਮਿਕਾ ਨਿਭਾ ਸਕਦਾ ਹੈ?
ਰੂਸ ਅਤੇ ਯੂਕਰੇਨ ਦੇ ਵਿੱਚ ਭਾਰਤ ਦੀ ਭੂਮਿਕਾ ਕੀ ਦੇਖਦੇ ਹਨ? ਇਸ ਬਾਰੇ ਪ੍ਰੋਫੈਸਰ ਰਾਜਨ ਕੁਮਾਰ ਨੇ ਕਿਹਾ ਕਿ ਸ਼ੀਤ ਯੁੱਧ ਤੋਂ ਬਾਅਦ ਤੋਂ ਹੀ ਜਾਣੀ 1991 ਤੋਂ ਬਾਅਦ ਹੁਣ ਤੱਕ ਭਾਰਤ ਦੀ ਅਜਿਹੀ ਕੋਸ਼ਿਸ਼ ਨਹੀਂ ਰਹੀ ਕਿ ਉਹ ਸਾਲਸੀ ਦੀ ਗੱਲ ਕਰੇ ਭਾਵੇਂ ਉਹ ਅਫ਼ਗਾਨਿਸਤਾਨ ਹੋਵੇ, ਸੀਰੀਆ ਹੋਵੇ ਜਾਂ ਇਰਾਕ ਹੋਵੇ।
ਉਨ੍ਹਾਂ ਨੇ ਕਿਹਾ, “ਭਾਰਤ ਜੇ ਦੋਵਾਂ ਪੱਖਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਰ ਰਹੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀ ਕੋਸ਼ਿਸ਼ ਵਿਦੇਸ਼ ਨੀਤੀ ਵਿੱਚ ਇੱਕ ਅਹਿਮ ਬਦਲਾਅ ਦੇਖ ਰਹੇ ਹਾਂ। ਜਿੱਥੋਂ ਤੱਕ ਹੁਣ ਦੀ ਗੱਲ ਹੈ.. ਨਾ ਤਾਂ ਅਮਰੀਕਾ ਅਤੇ ਨਾ ਹੀ ਰੂਸ ਵੀ ਜੰਗ ਬੰਦੀ ਦੀ ਗੱਲ ਕਰ ਰਿਹਾ ਹੈ।”
ਰਾਜਨ ਕੁਮਾਰ ਨੇ ਕਿਹਾ, “ਸਿਆਸੀ ਮਾਹੌਲ ਅਜੇ ਇਸ ਢੰਗ ਦਾ ਨਹੀਂ ਹੈ ਕਿ ਜੰਗ-ਬੰਦੀ ਦੀ ਗੱਲ ਕੀਤੀ ਜਾਵੇ। ਭਾਰਤ ਨੇ ਚੀਨ ਜਾਂ ਤੁਰਕੀ ਵਾਂਗ ਨਾ ਤਾਂ ਸ਼ਾਂਤੀ ਦੇ ਮਤੇ ਦੀ ਗੱਲ ਕੀਤੀ ਹੈ ਅਤੇ ਨਾ ਹੀ ਪਲੇਟਫਾਰਮ ਦਿੱਤਾ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਜੇ ਸਾਲਸੀ ਦੀ ਗੱਲ ਹੋਵੇ ਤਾਂ ਭਾਰਤ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਵੇਗਾ।”
ਯੂਕਰੇਨ ਦੇ 1991 ਵਿੱਚ ਅਜ਼ਾਦ ਹੋਣ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯੂਕਰੇਨ ਫੇਰੀ ਹੈ। ਰੂਸ ਨੇ 24 ਫਰਵਰੀ 2022 ਨੂੰ ਰੂਸ ਉੱਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਦੇਸਾਂ ਦਰਮਿਆਨ ਜੰਗ ਜਾਰੀ ਹੈ।
ਫਰਵਰੀ 2022 ਤੋਂ ਜਾਰੀ ਇਹ ਲੜਾਈ ਕਦੋਂ ਰੁਕਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਲੇਕਿਨ ਪੀਐੱਮ ਮੋਦੀ ਜ਼ੇਲੈਂਸਕੀ ਅਤੇ ਪੁਤਿਨ ਦੋਵੇਂ ਬੋਲ ਚੁੱਕੇ ਹਨ ਕਿ ਸ਼ਾਂਤੀ ਹੀ ਹੱਲ ਹੈ।
ਆਭਾਰ : https://www.bbc.com/punjabi/articles/cevj1y19dv8o
test