01 ਅਕਤੂਬਰ, 2024 – ਸੰਗਰੂਰ : ਪੰਜਾਬ ਪੁਲੀਸ ਵਿੱਚ ਕਾਂਸਟੇਬਲ ਦੀ ਜ਼ਿਲ੍ਹਾ ਕਾਡਰ 2023 ਸਾਲਾਨਾ ਭਰਤੀ ਵਿਚ ਚੁਣੇ ਗਏ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ ਅਤੇ ਨਿਯੁਕਤੀ ਪੱਤਰ ਨਾ ਦੇਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ। ਪੰਜਾਬ ਪੁਲੀਸ ਕਾਂਸਟੇਬਲ-1746 (2023) ਜ਼ਿਲ੍ਹਾ ਕਾਡਰ ਸਾਲਾਨਾ ਭਰਤੀ ’ਚ ਚੁਣੇ ਗਏ ਉਮੀਦਵਾਰ ਅੱਜ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਉਥੇ ਹੀ ਸੜਕ ਉਪਰ ਆਵਾਜਾਈ ਠੱਪ ਕਰਕੇ ਧਰਨਾ ਲਾ ਦਿੱਤਾ।
ਇਸ ਮੌਕੇ ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਾਲਾਨਾ ਭਰਤੀ ਦਾ ਨੋਟੀਫਿਕੇਸ਼ਨ 31 ਜਨਵਰੀ 2023 ਨੂੰ ਜਾਰੀ ਹੋਇਆ ਸੀ, ਜਿਸ ਦੀ ਜੁਆਇੰਨਿੰਗ ਮੁੱਖ ਮੰਤਰੀ ਵੱਲੋਂ ਦਸੰਬਰ 2023 ਵਿਚ ਕਰਾਉਣ ਬਾਰੇ ਕਿਹਾ ਗਿਆ ਸੀ ਪਰ ਭਰਤੀ ਪ੍ਰਕਿਰਿਆ ਨੂੰ ਚੱਲਦਿਆਂ 20 ਤੋਂ 21 ਮਹੀਨੇ ਹੋ ਚੁੱਕੇ ਹਨ। 1746 ਉਮੀਦਵਾਰਾਂ ਦੀ ਸਾਰੀ ਭਰਤੀ ਪ੍ਰਕਿਰਿਆ ਜਿਵੇਂ ਪ੍ਰੀਖਿਆ, ਪੀਐੱਮਟੀ, ਪੀਐੱਸਟੀ, ਮੈਡੀਕਲ, ਕਾਗਜ਼ਾਤ ਵੈਰੀਫਿਕੇਸ਼ਨ ਤੇ ਪੁਲੀਸ ਵੈਰੀਫਿਕੇਸ਼ਨ ਆਦਿ ਪੂਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਜਦਕਿ ਉਮੀਦਵਾਰਾਂ ਨੂੰ ਜ਼ਿਲ੍ਹੇ ਵੀ ਅਲਾਟ ਹੋ ਚੁੱਕੇ ਹਨ।
ਪ੍ਰਸ਼ਾਸਨ ਨੇ ਚੋਣ ਜ਼ਾਬਤੇ ਮਗਰੋਂ ਮੀਟਿੰਗ ਤੈਅ ਕਰਵਾਉਣ ਦਾ ਦਿੱਤਾ ਭਰੋਸਾ
ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤੀ ਚੋਣ ਜ਼ਾਬਤੇ ਦਾ ਹਵਾਲਾ ਦਿੰਦਿਆਂ ਮੀਟਿੰਗ ਤੈਅ ਕਰਾਉਣ ਤੋਂ ਅਸਮਰੱਥਾ ਜ਼ਾਹਰ ਕੀਤੀ ਅਤੇ 20 ਅਕਤੂਬਰ ਤੋਂ ਬਾਅਦ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
Courtesy : Punjabi Tribune
test