04 ਅਗਸਤ, 2022 – ਅੰਮਿ੍ਤਸਰ : ਪੰਜਾਬ ‘ਚ ਧਰਮ ਤਬਦੀਲੀ ਦੇ ਵਧਦੇ ਮਾਮਲਿਆਂ ‘ਤੇ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਮ ਜਾਗਰੂਕਤਾ ਲਹਿਰ ਦੀ ਅਰੰਭਤਾ ਕੀਤੀ ਹੈ। ਦਿੱਲੀ ਕਮੇਟੀ ਨੇ ਅੰਮਿ੍ਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਵਿਖੇ ਅਰਦਾਸ ਸਮਾਗਮ ਕਰ ਕੇ ਦਫਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦੇਸ਼-ਵਿਦੇਸ਼ ‘ਚ ਵੱਸਦੇ ਕਈ ਪੰਥ ਦਰਦੀਆਂ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਈ ਸਿੱਖਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਨੌਜਵਾਨਾਂ ‘ਚ ਵੱਧਦੇ ਪਤਿਤਪੁਣੇ, ਨਸ਼ਿਆਂ ਦੀ ਵਰਤੋਂ ਅਤੇ ਕਥਿਤ ਲੋਭ-ਲਾਲਚ ‘ਚ ਫਸ ਕੇ ਧਰਮ ਬਦਲੀ ਦੇ ਮਾਮਲਿਆਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ‘ਚ ਕੋਈ ਪਹਿਲ ਕਰਨ ਦੀ ਅਪੀਲ ਕੀਤੀ ਸੀ।
ਸਿੱਖ ਬੁੱਧੀਜੀਵੀਆਂ, ਸੰਤ ਸਮਾਜ ਅਤੇ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਦੌਰਾਨ ‘ਧਰਮ ਜਾਗਰੂਕਤਾ ਲਹਿਰ’ ਚਲਾਉਣ ਸਬੰਧੀ ਸਰਬਸੰਮਤੀ ਬਣੀ ਸੀ ਜਿਸ ਨੂੰ ਅਮਲੀ ਜਾਮਾ ਪਾਉਣ ਲਈ ‘ਅਰਦਾਸ ਸਮਾਗਮ’ ਕਰਕੇ ਦਫ਼ਤਰ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਸ ਲਹਿਰ ਦੀ ਸਫਲਤਾ ਲਈ ਸੰਤ ਸਮਾਜ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਅਗਲੇਰੀ ਰੂਪ-ਰੇਖਾ ਤਿਆਰ ਕਰਨ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਡਾ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਗਈ ਹੈ। ਕਾਲਕਾ ਨੇ ਕਿਹਾ ਕਿ ਜੇ ਸ਼ੋ੍ਮਣੀ ਕਮੇਟੀ ਨਾਲ ਮਿਲ ਕੇ ਵੀ ਆਈ ਖੜੋਤ ਨੂੰ ਦੂਰ ਕਰਨ ਦੀ ਲੋੜ ਪਈ ਤਾਂ ਉਸ ਲਈ ਵੀ ਤਿਆਰ ਹਨ।
ਇਸ ਮੌਕੇ ਆਈਏਐੱਸ ਐੱਚਐੱਸ ਨੰਦਾ ਨੂੰ ਵੀ ਦਫ਼ਤਰ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਸਮਾਗਮ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਸ਼ੋ੍ਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਭਾਈ ਬਲਬੀਰ ਸਿੰਘ ਆਦਿ ਮੌਜੂਦ ਸਨ।
ਸ਼ੋ੍ਮਣੀ ਅਕਾਲੀ ਦਲ ਤੇ ਸ਼ੋ੍ਮਣੀ ਕਮੇਟੀ ਦਿੱਤੀ ਦੇ ਬਾਵਜੂਦ ਅਸੀਂ ਨਾ ਫਸਲਾਂ ਸੰਭਾਲ ਸਕੇ ਤੇ ਨਾ ਹੀ ਨਸਲਾਂ : ਕਾਲਕਾ
ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਲਹਿਰ ਇਕ ਦਿਨ ਸੈਲਾਬ ਬਣ ਕੇ ਉਨ੍ਹਾਂ ਦੋਖੀਆਂ ਨੂੰ ਠੱਲ੍ਹ ਪਾਵੇਗੀ ਜਿਹੜੇ ਸਾਡੇ ਪਰਿਵਾਰਾਂ ਦੀ ਧਰਮ ਤਬਦਲੀ ਕਰਵਾ ਰਹੇ ਹਨ। ਪੰਜਾਬ ਭਰ ‘ਚ ਪਿੰਡਾਂ ਤਕ ਪਹੁੰਚ ਕੇ ਆਪਣੇ ਬੱਚਿਆਂ ਤੇ ਧਰਮ ਤਬਦਲੀ ਕਰ ਚੁੱਕੇ ਪਰਿਵਾਰਾਂ ਨੂੰ ਗੌਰਵਮਈ ਸਿੱਖ ਇਤਿਹਾਸ, ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਸ਼ੋ੍ਮਣੀ ਅਕਾਲੀ ਦਲ ਅਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ, ਇਸ ਦੇ ਬਾਵਜੂਦ ਅਸੀਂ ਨਾ ਤਾਂ ਆਪਣੀਆਂ ਫਸਲਾਂ ਸੰਭਾਲ ਸਕੇ ਅਤੇ ਨਾ ਹੀ ਆਪਣੀਆਂ ਨਸਲਾਂ ਸੰਭਾਲ ਪਾ ਰਹੇ ਹਾਂ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਐਸੀ ਜੁਝਾਰੂ ਕੌਮ ਹੈ ਜਿਹੜੀ ਆਪਣੇ ਧਰਮ ਦੀ ਖਾਤਰ ਸ਼ਹਾਦਤ ਦੇ ਸਕਦੀ ਹੈ, ਕੁਰਬਾਨੀਆਂ ਦੇ ਸਕਦੀ ਹੈ ਪਰ ਉਹ ਆਪਣੀ ਸਿੱਖੀ ਤੋਂ ਕਦੇ ਮੁਨਕਰ ਨਹੀਂ ਹੋ ਸਕਦੀ। ਸਾਡੇ ਮੁਲਕ ‘ਚ ਚਿੱਟੀ ਕ੍ਰਾਂਤੀ, ਹਰੀ ਕ੍ਰਾਂਤੀ ਦੀ ਜਦੋਂ ਗੱਲ ਆਈ ਤਾਂ ਭਾਰਤ ਦੇ ਅਨਾਜ ਦੇ ਭੰਡਾਰ ਪੰਜਾਬ ਨੇ ਭਰ ਦਿੱਤੇ। ਪੰਜਾਬ ‘ਚ ਵੱਸਦੇ ਕਈ ਪਰਿਵਾਰ ਅੱਜ ਸਿਰਫ਼ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਧਰਮ ਤਬਦਲੀ ਕਰਨ ਵੱਲ ਤੁਰ ਪਏ, ਇਹ ਬਹੁਤ ਸ਼ਰਮਨਾਕ ਅਤੇ ਚਿੰਤਾਜਨਕ ਗੱਲ ਹੈ। ਇਨ੍ਹਾਂ ਨੂੰ ਦੇਖਦਿਆਂ ਦਿੱਲੀ ਕਮੇਟੀ ਨੂੰ ਆਪਣਾ ਫ਼ਰਜ਼ ਨਿਭਾਉਣ ਲਈ ਪੰਜਾਬ ਆਉਣਾ ਪਿਆ ਹੈ।
Courtesy : Punjabi Jagran
test