09 ਸਤੰਬਰ, 2024 – ਮਾਨਸਾ : ਪੰਜਾਬ ਕੈਬਨਿਟ ਦੀ ਮੀਟਿੰਗ ’ਚ ਵਧਾਇਆ ਗਿਆ 23 ਫੀਸਦੀ ਬੱਸ ਕਿਰਾਇਆ ਅੱਜ ਲਾਗੂ ਹੋ ਗਿਆ ਹੈ। ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਅਚਾਨਕ ਵਧਾਏ ਗਏ ਇਸ ਕਿਰਾਏ ਨੇ ਅੱਜ ਸਾਰਾ ਦਿਨ ਪ੍ਰੇਸ਼ਾਨ ਕਰੀ ਰੱਖਿਆ। ਅਜਿਹੇ ਵਿਚ ਲੋਕਾਂ ’ਤੇ ਇਹ ਵਾਧੂ ਬੋਝ ਪੈ ਗਿਆ ਹੈ। ਪੰਜਾਬ ਵਿੱਚ ਚਾਰ ਸਾਲਾਂ ਬਾਅਦ ਪਹਿਲੀ ਵਾਰ ਬੱਸ ਕਿਰਾਇਆ ਵਧਾਇਆ ਗਿਆ ਹੈ। ਕਿਰਾਇਆ ਵਧਾਉਣ ਦਾ ਫੈਸਲਾ ਦੋ ਦਿਨ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ’ਚ ਲਿਆ ਗਿਆ ਸੀ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਨਵੀਂ ਕਿਰਾਇਆ ਸੂਚੀ ਬਣਾ ਕੇ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਸਰਕਾਰੀ ਬੱਸਾਂ ਵਿੱਚ ਵਧਿਆ ਹੋਇਆ ਨਵਾਂ ਬੱਸ ਕਿਰਾਇਆ ਲਾਗੂ ਹੋਣ ਤੋਂ ਤੁਰੰਤ ਬਾਅਦ ਪ੍ਰਾਈਵੇਟ ਬੱਸਾਂ ਸਮੇਤ ਦਿਹਾਤੀ ਖੇਤਰ ’ਚ ਚੱਲਦੀਆਂ ਮਿਨੀ ਬੱਸਾਂ ਦੇ ਕੰਡਕਟਰਾਂ ਵੱਲੋਂ ਇਹ ਵਧਿਆ ਨਵਾਂ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਹੈ। ਪੀਆਰਟੀਸੀ ਦੇ ਪ੍ਰਬੰਧਕਾਂ ਅਨੁਸਾਰ ਹੁਣ ਯਾਤਰੀਆਂ ਨੂੰ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੱਕ ਸਫ਼ਰ ਕਰਨ ਲਈ ਘੱਟੋ-ਘੱਟ 15 ਰੁਪਏ ਦੀ ਟਿਕਟ ਲੈਣੀ ਪਵੇਗੀ ਜਦਕਿ ਇਹ ਟਿਕਟ ਪਹਿਲਾਂ 10 ਰੁਪਏ ਦੀ ਹੁੰਦੀ ਸੀ ਪੀਆਰਟੀਸੀ ਦੇ ਇੱਕ ਅਧਿਕਾਰੀ ਬਲਵਿੰਦਰ ਸਿੰਘ ਨੇ ਟਰਾਂਸਪੋਰਟ ਮਹਿਕਮੇ ਦੇ ਹਵਾਲੇ ਨਾਲ ਦੱਸਿਆ ਕਿ ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ 1.22 ਰੁਪਏ ਸੀ, ਜੋ ਹੁਣ 1.45 ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਏ.ਸੀ ਬੱਸਾਂ ਦਾ ਕਿਰਾਇਆ 28 ਪੈਸੇ ਵਧਾਉਣ ਨਾਲ 1.74 ਰੁਪਏ ਪ੍ਰਤੀ ਯਾਤਰੀ, ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਏਸੀ ਇੰਨਟੈਗਲ ਬੱਸਾਂ ਦਾ ਕਿਰਾਇਆ 41 ਪੈਸੇ ਵਧਾਉਣ ਨਾਲ 2.61 ਪੈਸੇ ਪ੍ਰਤੀ ਕਿਲੋਮੀਟਰ, ਜਦੋਂ ਕਿ ਸੁਪਰ ਇੰਨਟੈਗਲ ਕੋਚ ਦਾ ਕਿਰਾਇਆ 46 ਪੈਸੇ ਵਧਾਉਣ ਨਾਲ 2.90 ਰੁਪਏ ਹੋ ਗਿਆ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਡੀਜ਼ਲ ਸਮੇਤ ਬੱਸਾਂ ਲਈ ਲੋੜੀਂਦੀਆਂ ਹੋਰ ਵਸਤੂਆਂ ਦੇ ਭਾਅ ਵੱਧਣ ਕਰਕੇ ਸਰਕਾਰ ਲਈ ਬੱਸ ਕਿਰਾਏ ਨੂੰ ਵਧਾਉਣਾ ਮਜਬੂਰੀ ਬਣ ਗਈ ਸੀ ਜਦੋਂ ਕਿ ਰਾਜ ਵਿੱਚ ਔਰਤਾਂ ਸਮੇਤ ਹੋਰ ਲੋਕਾਂ ਨੂੰ ਦਿੱਤੀ ਹੋਈ ਮੁਫ਼ਤ ਸਫ਼ਰ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਬਕਾਇਦਾ ਲਾਗੂ ਰਹੇਗੀ।
Courtesy : Punjabi Tribune
test