ਦਰਬਾਰਾ ਸਿੰਘ ਕਾਹਲੋਂ
ਖ਼ੈਰ! ਸੁਖਜਿੰਦਰ ਰੰਧਾਵੇ ਨੇ ਬੜੀ ਤਕੜੀ ਟੱਕਰ ਦਿੱਤੀ ਪਰ ਆਮ ਆਦਮੀ ਪਾਰਟੀ ਦੇ ਰਾਜਨੀਤਕ ਚੱਕਰਵਿਊ ਦਾ ਸ਼ਿਕਾਰ ਹੋ ਗਿਆ। ਗਿੱਦੜਬਾਹਾ ਅੰਦਰ ਵੀ ਕਾਂਗਰਸ ਦੀ ਹਾਰ ਡੇਰਾ ਬਾਬਾ ਨਾਨਕ ਵਾਂਗ ਹੋਈ। ਉੱਥੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਵਿੱਖ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਅੱਖ ਰੱਖਦਾ ਚੋਣ ਲੜ ਰਿਹਾ ਸੀ।
ਅਕਸਰ ਭਾਰਤੀ ਰਾਜਨੀਤੀ ਵਿਚ ਸੱਤਾ ਪੱਖ ਵੱਲੋਂ ਲੋਕਤੰਤਰੀ ਸਿਹਤਮੰਦ ਅਸੂਲਾਂ ਤੇ ਰਵਾਇਤਾਂ ਦੇ ਉਲਟ ਰਾਜ ਸ਼ਕਤੀ ਬਲਬੂਤੇ ਜ਼ਰੂਰੀ ਬੁਰਾਈ ਦੇ ਅਮਲ ਅਧੀਨ ਸਾਮ, ਦਾਮ, ਦੰਡ, ਭੇਦ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰਦੇ ਜ਼ਿਮਨੀ ਚੋਣਾਂ ਵਿਚ ਜਿੱਤ ਪ੍ਰਾਪਤ ਕਰ ਲਈ ਜਾਂਦੀ ਹੈ। ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਜਿਵੇਂ ਡੇਰਾ ਬਾਬਾ ਨਾਨਕ (ਗੁਰਦਾਸਪੁਰ), ਗਿੱਦੜਬਾਹਾ (ਮੁਕਤਸਰ), ਬਰਨਾਲਾ ਅਤੇ ਚੱਬੇਵਾਲ (ਹੁਸ਼ਿਆਰਪੁਰ) ਵਿਚ ਹੋਈਆਂ ਜ਼ਿਮਨੀ ਚੋਣਾਂ ਵਿੱਚੋਂ ਤਿੰਨ ਹਲਕਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰਦੇ ਹੋਏ ਕੁਝ ਐਸਾ ਹੀ ਪ੍ਰਭਾਵ ਛੱਡਿਆ ਹੈ। ਜੇ ਇਨ੍ਹਾਂ ਚੋਣਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪੰਜਾਬ ਦੇ ਵੋਟਰਾਂ ਨੇ ਗਜ਼ਬ ਦਾ ਰਾਜਨੀਤਕ ਉਲਟਫੇਰ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ।
ਵੱਡੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਾਂਗਰਸ ਦਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਜਾਂਦਾ-ਜਾਂਦਾ ਮਸਾਂ ਬਚਿਆ। ਜਿਨ੍ਹਾਂ ਤਿੰਨ ਹਲਕਿਆਂ ਵਿਚ ਕਾਂਗਰਸ ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਬਜ਼ ਸੀ, ਉੱਥੇ ਪੰਜਾਬ ਦੇ ਵੋਟਰਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ। ‘ਆਪ’ ਦੀ ਮਜ਼ਬੂਤ ਸੀਟ ਬਰਨਾਲਾ ਜਿਸ ’ਤੇ ਮੀਤ ਹੇਅਰ (ਸਾਂਸਦ) ਦਾ ਪੱਕਾ ਕਿਲ੍ਹਾ ਕਾਇਮ ਸੀ, ਉਸ ਨੂੰ ਕਾਂਗਰਸ ਪਾਰਟੀ ਨੇ ਢਹਿ-ਢੇਰੀ ਕੀਤਾ। ਇਹ ਬਹੁਤ ਹੀ ਅਚੰਭੇ ਅਤੇ ਚਿਤਾਵਨੀ ਭਰੀ ਚੁਣੌਤੀ ਆਮ ਆਦਮੀ ਪਾਰਟੀ ਸਨਮੁੱਖ ਉੱਭਰ ਕੇ ਸਾਹਮਣੇ ਆਈ ਹੈ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਲਈ ਵੀ ਵੱਡੀ ਚੁਣੌਤੀ ਉੱਭਰੀ ਹੈ ਅਤੇ ਉਸ ’ਤੇ ਪ੍ਰਸ਼ਨ ਚਿੰਨ੍ਹ ਵੀ ਖੜ੍ਹਾ ਕਰਦੀ ਹੈ ਕਿ ਉਹ ਘਰ ਦੇ ਭੇਤੀ ਵੱਲੋਂ ਲੰਕਾ ਢਾਹੁਣ ਦੀ ਪ੍ਰਕਿਰਿਆ ਨੂੰ ਰੋਕਣ ਵਿਚ ਨਾਕਾਮ ਰਹੇ।
ਡੇਰਾ ਬਾਬਾ ਨਾਨਕ ਜੋ ਕਦੇ ਮਰਹੂਮ ਤਾਕਤਵਰ ਤੇ ਪ੍ਰਬੁੱਧ ਰਾਜਨੀਤੀਵਾਨ ਅਕਾਲੀ ਆਗੂ ਸਾਬਕਾ ਮੰਤਰੀ ਤੇ ਸਪੀਕਰ ਰਹੇ ਮਰਹੂਮ ਨਿਰਮਲ ਸਿੰਘ ਕਾਹਲੋਂ ਦਾ ਗੜ੍ਹ ਸੀ ਤੇ ਕਾਂਗਰਸ ਦੇ ਅਜੋਕੇ ਰਾਸ਼ਟਰੀ ਪੱਧਰ ’ਤੇ ਉੱਭਰੇ ਆਗੂ, ਰਾਜਸਥਾਨ ਵਰਗੇ ਮਹੱਤਵਪੂਰਨ ਰਾਜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਬਜ਼ਾ ਜਮਾ ਕੇ ਪੱਕੀ ਕਿਲ੍ਹਾਬੰਦੀ ਕਰ ਰੱਖੀ ਸੀ, ਉਸ ਸੀਟ ’ਤੇ ਆਮ ਆਦਮੀ ਪਾਰਟੀ ਜਿੱਤ ਗਈ।
ਸਭ ਜਾਣਦੇ ਹਨ ਕਿ ਕਿਵੇਂ ਅੱਖ ਦੇ ਫੋਰ ਵਿਚ ਹੋਏ ਫੇਰਬਦਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਮਗਰੋਂ ਉਹ ਰਾਜ ਦੇ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣ ਕੇ ਹੀ ਸਬਰ ਕਰਨਾ ਪਿਆ ਸੀ। ਹੁਣ ਉਨ੍ਹਾਂ ਦੀ ਅੱਖ ਮਹਾਭਾਰਤ ਦੇ ਨਾਇਕ ਅਰਜਨ ਵੱਲੋਂ ਮੱਛੀ ਦੀ ਅੱਖ ਵਾਂਗ ਮੁੱਖ ਮੰਤਰੀ ਪੰਜਾਬ ਦੀ ਕੁਰਸੀ ’ਤੇ ਸੀ। ਉਨ੍ਹਾਂ ਦੇ ਮਰਹੂਮ ਪਿਤਾ ਮਰਹੂਮ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਬਹੁਤ ਹੀ ਵਧੀਆ ਨੇਤਾ ਵੀ ਮੁੱਖ ਮੰਤਰੀ ਪਦ ਤੋਂ ਖੁੰਝ ਗਏ ਸਨ।
ਅਕਾਲੀ ਸਰਾਕਾਰਾਂ ਵਿਚ ਰਹੇ ਧੱਕੜਸ਼ਾਹ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਇੱਕ ਔਰਤ ਨਾਲ ਅਸ਼ਲੀਲ ਸਟਿੰਗ ਆਪ੍ਰੇਸ਼ਨ ਪਿੱਛੇ ਉਨ੍ਹਾਂ ਵੱਲੋਂ ਸਾਜ਼ਿਸ਼ ਸਬੰਧੀ ਨਾਂ ਵੱਜਦਾ ਰਿਹਾ ਹੈ। ਐਤਕੀਂ ਸੰਨ 1992 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਨ੍ਹਾਂ ਉੱਪ ਚੋਣਾਂ ਨੂੰ ਅਕਾਲੀ ਦਲ ਵੱਲੋਂ ਨਾ ਲੜਨ ਦੇ ਫ਼ੈਸਲੇ ਸਨਮੁੱਖ ਲੰਗਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਸੁਖਜਿੰਦਰ ਰੰਧਾਵੇ ਤੋਂ ਬਦਲਾ ਲੈਣ ਦਾ ਸ਼ਰੇਆਮ ਐਲਾਨ ਕਰ ਦਿੱਤਾ ਸੀ ਜਿਸ ’ਤੇ ਅਕਾਲੀ ਲੀਡਰਸ਼ਿਪ ਸਮੇਤ ਬਿਕਰਮ ਮਜੀਠੀਆ ਚੁੱਪ ਰਹੇ।
ਮਰਹੂਮ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ ਜੋ ਕਿਸੇ ਵੇਲੇ ਨੌਜਵਾਨ ਅਕਾਲੀ ਲੀਡਰਸ਼ਿਪ ਦਾ ਚਮਕਦਾ ਸਿਤਾਰਾ ਸੀ ਤੇ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ਼ 466 ਵੋਟਾਂ ਦੇ ਫ਼ਰਕ ਨਾਲ ਸੁਖਜਿੰਦਰ ਰੰਧਾਵੇ ਤੋਂ ਹਾਰਿਆ ਸੀ, ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਉਸ ਦਾ ਸਿਆਸੀ ਭਵਿੱਖ ਬਰਬਾਦ ਕਰ ਗਿਆ। ਉਸ ਨੂੰ ਇਸ ਵਾਰ ਸ਼ਰਮਨਾਕ 6505 ਵੋਟਾਂ ਪਈਆਂ। ਜੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦਾ ਤਾਂ ਗੁਰਦੀਪ ਰੰਧਾਵੇ ਦੀ 5699 ਵੋਟਾਂ ਦੀ ਲੀਡ ਨਾਲੋਂ ਕਿਤੇ ਵੱਧ ਲੀਡ ਨਾਲ ਜਿੱਤਦਾ। ਜਾਂ ਫਿਰ ਅਕਾਲੀ ਦਲ ਵਿਚ ਹੀ ਬਣਿਆ ਰਹਿੰਦਾ ਤਾਂ ਲੰਗਾਹ ਵਰਗਾ ਮੁੜ ਸਿਆਸੀ ਸਫ਼ਾਂ ਵਿਚ ਅੱਗੇ ਨਾ ਆਉਂਦਾ।
ਖ਼ੈਰ! ਸੁਖਜਿੰਦਰ ਰੰਧਾਵੇ ਨੇ ਬੜੀ ਤਕੜੀ ਟੱਕਰ ਦਿੱਤੀ ਪਰ ਆਮ ਆਦਮੀ ਪਾਰਟੀ ਦੇ ਰਾਜਨੀਤਕ ਚੱਕਰਵਿਊ ਦਾ ਸ਼ਿਕਾਰ ਹੋ ਗਿਆ। ਗਿੱਦੜਬਾਹਾ ਅੰਦਰ ਵੀ ਕਾਂਗਰਸ ਦੀ ਹਾਰ ਡੇਰਾ ਬਾਬਾ ਨਾਨਕ ਵਾਂਗ ਹੋਈ। ਉੱਥੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਵਿੱਖ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਅੱਖ ਰੱਖਦਾ ਚੋਣ ਲੜ ਰਿਹਾ ਸੀ।
ਉਸ ਨੇ ਵੀ ਇਸ ਮੰਤਵ ਲਈ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਲਈ ਸੀਟ ਪ੍ਰਾਪਤ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਸਿਆਸੀ ਸੂਝ ਤੋਂ ਕੰਮ ਲੈਂਦੇ ਹੋਏ ਸਾਬਕਾ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਪੱਕੇ ਪੈਰੋਕਾਰ ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੂੰ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਜੋ ਸੰਨ 2022 ਵਿਚ ਅਕਾਲੀ ਉਮੀਦਵਾਰ ਵਜੋਂ ਮਸਾਂ ਲਗਪਗ 1400 ਵੋਟਾਂ ਦੇ ਫ਼ਰਕ ਨਾਲ ਰਾਜਾ ਵੜਿੰਗ ਤੋਂ ਹਾਰਿਆ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ। ਉਸ ਨੂੰ ਅਕਾਲੀ ਦਲ ਦੇ ਚੋਣ ਮੈਦਾਨ ਵਿੱਚੋਂ ਬਾਹਰ ਹੋਣ ਦਾ ਵੱਡਾ ਲਾਭ ਹੋਇਆ। ਉਸ ਦੀ ਹਮਾਇਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਕਾਲੀਆਂ ਨੇ ਕੀਤੀ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਭਾਜਪਾ ਨੇ ਗਿੱਦੜਬਾਹਾ ਤੋਂ ਚੋਣ ਮੈਦਾਨ ਵਿਚ ਧੱਕਿਆ ਜੋ ਸੰਨ 1995 ਵਿਚ ਨੌਜਵਾਨ ਅਕਾਲੀ ਨਾਇਕ ਵਜੋਂ ਉੱਭਰਿਆ ਤੇ 4 ਵਾਰ ਇੱਥੋਂ ਜਿੱਤਿਆ ਸੀ, ਸੁਖਬੀਰ ਦੀ ਲੁਕਵੀਂ ਮਦਦ ਵੀ ਉਸ ਨੂੰ ਜਿਤਾ ਨਾ ਸਕੀ। ਡਿੰਪੀ ਢਿੱਲੋਂ ਨੇ ਸੱਤਾਧਾਰੀਆਂ ਦੀ ਹਮਾਇਤ ਤੇ ਆਪਣੀ ਰਾਜਨੀਤਕ ਵਿਰਾਸਤ ਬਲਬੂਤੇ ਰਾਜਾ ਵੜਿੰਗ ਦਾ ਕਿਲ੍ਹਾ ਢਾਹ ਦਿੱਤਾ। ਉਸ ਨੇ ਅੰਮ੍ਰਿਤਾ ਵੜਿੰਗ ਦੀਆਂ 49675 ਵੋਟਾਂ ਮੁਕਾਬਲੇ 71644 ਵੋਟਾਂ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ 21969 ਵੋਟਾਂ ਨਾਲ ਮਾਤ ਦਿੱਤੀ। ਮਨਪ੍ਰੀਤ ਬਾਦਲ ਨੂੰ ਸ਼ਰਮਨਾਕ 12227 ਵੋਟਾਂ ਹਾਸਲ ਹੋਈਆਂ।
ਚੱਬੇਵਾਲ ਰਾਖਵੀਂ ਸੀਟ ’ਤੇ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਸੀ। ਕਾਂਗਰਸ ਵਿੱਚੋਂ ਦਲ ਬਦਲ ਕੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸਾਂਸਦ ਬਣੇ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਡਾ. ਇਸ਼ਾਂਕ ਚੱਬੇਵਾਲ ਨੇ ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਦਿੱਤੀ। ਇਸ਼ਾਂਕ ਨੂੰ 51904, ਰਣਜੀਤ ਕੁਮਾਰ ਨੂੰ 23214 ਜਦਕਿ ਅਕਾਲੀ ਦਲ ਵਿਚ ਦਲ ਬਦਲ ਕੇ ਭਾਜਪਾ ਵਿਚ ਆਏ ਸਾਬਕਾ ਮੰਤਰੀ ਸੋਹਣ ਸਿੰਘ ਨੂੰ 8692 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਅੰਦਰੂਨੀ ਯੁੱਧ ਕਰ ਕੇ ਉਸ ਦੀ ਰਾਜਧਾਨੀ ਸੰਗਰੂਰ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਜੇ ਮੀਤ ਹੇਅਰ ਆਪਣੇ ਕਰੀਬੀ ਹਰਿੰਦਰ ਧਾਲੀਵਾਲ ਦੀ ਥਾਂ ਗੁਰਦੀਪ ਬਾਠ ਨੂੰ ਸੀਟ ਦਿਵਾ ਦਿੰਦਾ ਤਾਂ ਹਾਰ ਨਾ ਹੁੰਦੀ। ਇਸ ਨੂੰ ਹਰਿੰਦਰ ਧਾਲੀਵਾਲ ਨਹੀਂ, ਮੀਤ ਹੇਅਰ ਦੀ ਹਾਰ ਮੰਨਿਆ ਗਿਆ। ਕਾਂਗਰਸ ਨੇ ਇਕ ਮਜ਼ਬੂਤ ਵਰਕਰ ਕੁਲਦੀਪ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ।
ਕਾਂਗਰਸ ਵਿਧਾਨ ਸਭਾ ਗਰੁੱਪ ਆਗੂ ਅਤੇ ਪੁਰਾਣੇ ਆਗੂ ਪ੍ਰਤਾਪ ਸਿੰਘ ਬਾਜਵਾ ਜੋ ਮੁੱਖ ਮੰਤਰੀ ਦੇ ਪਦ ਦੇ ਪ੍ਰਬਲ ਦਾਅਵੇਦਾਰ ਹਨ, ਨੇ ਕੁਲਦੀਪ ਢਿੱਲੋਂ ਲਈ ਡਟ ਕੇ ਪ੍ਰਚਾਰ ਕੀਤਾ। ਧਨਾਢ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਉਮੀਦਵਾਰ ਹੋਣ ਕਰਕੇ ਵੋਟਰਾਂ ਨੇ ਉਸ ਤੋਂ ਕਿਨਾਰਾ ਕੀਤਾ। ਕੁਲਦੀਪ ਢਿੱਲੋਂ ਨੇ ਹਰਿੰਦਰ ਧਾਲੀਵਾਲ ਦੀਆਂ 26097 ਵੋਟਾਂ ਮੁਕਾਬਲੇ 28254 ਵੋਟਾਂ ਹਾਸਲ ਕਰ ਕੇ 2157 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਕੇਵਲ ਢਿੱਲੋਂ ਨੂੰ 17958 ਜਦਕਿ ਬਾਗ਼ੀ ਗੁਰਦੀਪ ਬਾਠ ਨੂੰ 16899 ਵੋਟਾਂ ਹਾਸਲ ਹੋਈਆਂ। ਜੇ ਕਾਂਗਰਸ ਤੇ ਭਾਜਪਾ ਝੋਨੇ ਦੀ ਚੁਕਾਈ ਦੇ ਸੰਕਟ, ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ, ਭਾਰੀ ਕਰਜ਼ੇ, ਡੀਏਪੀ ਖਾਦ ਦੀ ਘਾਟ, ਭ੍ਰਿਸ਼ਟਾਚਾਰ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸਿਫ਼ਰਤਾ ਦੇ ਮੁੱਦੇ ਭੁਨਾਉਂਦੀ ਤਾਂ ਨਤੀਜੇ ਹੋਰ ਹੀ ਹੁੰਦੇ। ਕਾਂਗਰਸ ਚੋਣਾਂ ਵਿਚ ਰਾਜਨੀਤਕ ਕੋਆਰਡੀਨੇਸ਼ਨ ਨਹੀਂ ਕਰ ਸਕੀ।
ਭਾਜਪਾ ਨੂੰ ਰਾਜ ਵਿਚ ਕਿਸਾਨੀ ਦਾ ਵਿਰੋਧ ਲੈ ਬੈਠਾ। ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਭੁੱਲਣੀ ਨਹੀਂ ਚਾਹੀਦੀ। ਜ਼ਿਮਨੀ ਚੋਣਾਂ ਵਿਚ ਜਿੱਤ ਨਾਲ ਕੋਈ ਰਾਜਨੀਤਕ ਭਰਮ ਨਹੀਂ ਪਾਲਣਾ ਚਾਹੀਦਾ। ਅਜੇ ਤੱਕ ਉਹ ਰਾਜ ਵਿਚ ਅਜਿਹਾ ਕੁਝ ਨਹੀਂ ਕਰ ਸਕੀ ਕਿ ਲੋਕ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਮੁੜ ਫ਼ਤਵਾ ਦੇਣ ਲਈ ਤਿਆਰ ਹੋ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਠੀਕ ਕਿਹਾ ਕਿ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਸਖ਼ਤ ਮਿਹਨਤ ਦੀ ਦਰਕਾਰ ਰਹੇਗੀ।
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਮੋਬਾਈਲ : +12898292929
Credit : https://www.punjabijagran.com/editorial/general-voters-made-a-turnaround-in-punjab-9426851.html
test