26 ਨਵੰਬਰ, 2024 – ਬਠਿੰਡਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਹੋਮਿਓਪੈਥੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਮੇਲੇ ਲਗਾਏ ਗਏ ਸਨ ਪਰ ਇਨ੍ਹਾਂ ਯਤਨਾਂ ਦਾ ਅਸਰ ਹੁਣ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ’ਚ ਹੋਮਿਓਪੈਥੀ ਪ੍ਰਣਾਲੀ ਆਖ਼ਰੀ ਸਾਹਾਂ ’ਤੇ ਪਹੁੰਚ ਚੁੱਕੀ ਹੈ। ਜਾਣਕਾਰੀ ਅਨੁਸਾਰ ਸੂਬੇ ’ਚ 111 ਆਸਾਮੀਆਂ ’ਤੇ ਸਿਰਫ਼ 48 ਡਾਕਟਰ ਕੰਮ ਕਰ ਰਹੇ ਹਨ। ਪੰਜਾਬ ’ਚ 4 ਜ਼ਿਲ੍ਹਾ ਹੈੱਡ ਡਾਕਟਰਾਂ ਨੇ ਪੂਰੇ ਪੰਜਾਬ ਦੀ ਵਾਗਡੋਰ ਸਾਂਭੀ ਹੋਈ ਹੈ। ਬਠਿੰਡਾ ਜ਼ਿਲ੍ਹੇ ’ਚ ਹੋਮਿਓਪੈਥੀ ਵਿਭਾਗ ਸਬੰਧੀ ਇਕੱਠੇ ਕੀਤੇ ਅੰਕੜੇ ਕਾਫ਼ੀ ਨਿਰਾਸ਼ਾਜਨਕ ਹਨ। ਜੇ ਬਲਾਕ ਪੱਧਰ ’ਤੇ ਹੋਮਿਓਪੈਥੀ ਵਿਭਾਗ ਦੇ ਹਾਲਾਤ ’ਤੇ ਨਜ਼ਰ ਮਾਰੀ ਜਾਵੇ ਤਾਂ ਸੀਐੱਚਸੀ ਨਥਾਣਾ ’ਚ ਫਾਰਮਾਸਿਸਟ ਹੈ ਪਰ ਡਾਕਟਰ ਨੂੰ ਆਰਜ਼ੀ ਤੌਰ ’ਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਸੀਐੱਚਸੀ ਤਲਵੰਡੀ ਸਾਬੋ ’ਚ ਦੋ ਦਿਨ ਲਈ ਆਰਜ਼ੀ ਫਾਰਮਾਸਿਸਟ ਤਾਇਨਾਤ ਕੀਤਾ ਗਿਆ ਹੈ। ਸੀਐੱਚਸੀ ਗੋਨਿਆਣਾ ਵਿੱਚ ਰੈਗੂਲਰ ਫਾਰਮਾਸਿਸਟ ਹੈ, ਪਰ ਡਾਕਟਰ ਸਿਰਫ਼ ਦੋ ਦਿਨ ਆਉਂਦਾ ਹੈ।
ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਕੋਲ ਪੰਜ ਜ਼ਿਲ੍ਹਿਆਂ ਦਾ ਚਾਰਜ
ਬਠਿੰਡਾ ਜ਼ਿਲ੍ਹੇ ਵਿੱਚ ਆਰਜ਼ੀ ਤੌਰ ’ਤੇ ਲਾਏ ਹੋਮਿਓਪੈਥਿਕ ਅਫ਼ਸਰ ਰਾਜੀਵ ਜਿੰਦੀਆ, ਜੋ ਪਟਿਆਲਾ ਵਿੱਚ ਤਾਇਨਾਤ ਹਨ, ਨੇ ਖੁਲਾਸਾ ਕੀਤਾ ਕਿ ਉਹ ਪੰਜ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਬਰਨਾਲਾ, ਨਵਾਂ ਸ਼ਹਿਰ, ਅਤੇ ਰੂਪਨਗਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਸਿਰਫ਼ 4 ਜ਼ਿਲ੍ਹਾ ਹੋਮਿਓਪੈਥੀ ਅਫ਼ਸਰਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਵੱਖ-ਵੱਖ ਜਗ੍ਹਾ ’ਤੇ ਖਾਲੀ ਆਸਾਮੀਆਂ ਦੇ ਕੰਮ ਲਈ ਭੱਜ-ਦੌੜ ਕਰਨੀ ਪੈ ਰਹੀ ਹੈ।
ਪੰਜਾਬੀ ਟ੍ਰਿਬਯੂਨ
test