ਸੁਖਪਾਲ ਸਿੰਘ ਗਿੱਲ
ਬੰਦੇ ਵਿਚਲੇ ਗੁਣ ਉਸ ਦੀ ਹਰ ਥਾਂ ਕਦਰ ਕਰਵਾਉਂਦੇ ਹਨ। ਇਸ ਪ੍ਰਸੰਗ ’ਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ (Surinder Kaur)ਦਾ ਨਾਂ ਆਉਂਦਾ ਹੈ। ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰ ਦੀ ਤਸਵੀਰ, ਸੱਭਿਅਤਾ ਦੀ ਗਵਾਹ ਤੇ ਸੂਰਤ ਦਾ ਸਿਰਨਾਵਾਂ ਸਾਂਭੀ ਬੈਠੀ ਇਸ ਔਰਤ ਨੇ ਗਾਇਕੀ ਦੀ ਤਸਵੀਰ ਤੇ ਤਸੀਰ ਨੂੰ ਅਲੱਗ ਵੰਨਗੀ ਵਾਲਾ ਬਿੰਬ ਦਿੱਤਾ। ਸਮੁੰਦਰ ਰੂਪੀ ਪੰਜਾਬੀ ਸੱਭਿਆਚਾਰ ਨੂੰ ਸੰਖੇਪਤਾ ’ਚ ਪ੍ਰਗਟ ਕਰ ਕੇ ਬੁੱਧੀਮਾਨੀ ਵਾਲਾ ਰੁਤਬਾ ਵੀ ਪਾਇਆ।
ਮਾਰਗਦਰਸ਼ਕ ਬਣੇ ਉਸ ਦੇ ਗੀਤ
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਗੀਤਾਂ ਵਿਚ ਗੂੜ੍ਹੇ ਤੇ ਸਾਫ਼ ਰੰਗ ਹੀ ਦਿਖਦੇ ਹਨ, ਘਸਮੈਲੇ ਨਹੀਂ। ਤਤਕਾਲੀ ਦੌਰ ’ਚ ਗੀਤ, ਸੰਗੀਤ ਤੇ ਸੱਭਿਆਚਾਰ ਨੂੰ ਪੁੰਗਾਰਿਆ ਤੇ ਸ਼ਿੰਗਾਰਿਆ। ਔਖੀ ਘੜੀ ਇਹ ਸੀ ਕਿ ਔਰਤ ਪਰਦੇ ਪਿੱਛੇ ਸੀ। ਇਸ ਮਾਣਮੱਤੀ ਧੀ ਨੇ ਦੱਸ ਦਿੱਤਾ ਕਿ ਮਰਦ ਕੋਲ ਦ੍ਰਿਸ਼ਟੀ ਹੈ ਪਰ ਔਰਤ ਕੋਲ ਅੰਤਰ ਦ੍ਰਿਸ਼ਟੀ। ਅੱਜ ਲਈ ਤਾਂ ਉਸ ਦੇ ਗੀਤ ਹੋਰ ਵੀ ਮਾਰਗਦਰਸ਼ਕ ਹਨ। ਪੰਜਾਬੀ ਜ਼ੁਬਾਨ ਦਾ ਦਰਪਣ ਬਣੀ ਇਹ ਗਾਇਕਾ ਅੰਦਰੋਂ ਖੁੱਭ ਕੇ ਸੱਭਿਆਚਾਰ ਨੂੰ ਨਿਹਾਰਦੀ ਤੇ ਨਿਖਾਰਦੀ ਸੀ। ਅੱਜ ਤਕ ਉਸ ਦੀਆਂ ਪਾਈਆਂ ਪੈੜਾਂ ਆਪਣਾ ਬਦਲ ਤਲਾਸ਼ਦੀਆਂ ਹਨ। ਜੇ ਉਸ ਦੇ ਗੀਤਾਂ ਨੂੰ ਮਾਰਗਦਰਸ਼ਕ ਵਜੋਂ ਰੱਖਿਆ ਹੁੰਦਾ ਤਾਂ ਸੱਭਿਆਚਾਰ ’ਚ ਅੱਜ ਵਾਲਾ ਘੜਮੱਸ ਨਾ ਮੱਚਦਾ। ਇਸ ਹਲੀਮੀ ਭਰੀ ਮੂਰਤ ਨੇ ਸਦਾਚਾਰੀ ਜਾਮੇ ’ਚ ਰਹਿ ਕੇ ਇਤਿਹਾਸ ਨੂੰ ਇਕ ਝਾਕੀ ਵਾਂਗ ਪੇਸ਼ ਕੀਤਾ। ਇਹ ਅੱਜ ਵੀ ਲੋੜ ਪੈਣ ’ਤੇ ਉਦਾਹਰਨ ਲਈ ਕਾਫ਼ੀ ਹੈ। ਪੰਜਾਬੀ ਦੇ ਤੌਰ-ਤਰੀਕੇ, ਖਾਣ-ਪੀਣ, ਰਹਿਣ-ਸਹਿਣ ਅਤੇ ਆਲੇ-ਦੁਆਲੇ ਨੂੰ ਇਕ ਮੰਜ਼ਿਲ ’ਤੇ ਪਹੁੰਚਾਇਆ ਤੇ ਖ਼ੁਦ ਵੀ ਮੰਜ਼ਿਲ ਬਣ ਗਈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਕੀਤੀ ਸੇਵਾ
ਹੈਰਾਨੀ ਉਦੋਂ ਹੋਈ, ਜਦੋਂ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ ਨੇ ਕਿਸਾਨ ਅੰਦੋਲਨ ’ਚ 16 ਵਰ੍ਹੇ ਬਾਅਦ ਨੁਕਤਾ ਸਾਂਝਾ ਕੀਤਾ ਕਿ ਮੇਰੀ ਮਾਂ ਨੂੰ ਪਦਮਸ਼੍ਰੀ ਵੀ ਹਰਿਆਣਾ ਨੇ ਦਿੱਤਾ ਪਰ ਸੇਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਕੀਤੀ। ਡੌਲੀ ਨੇ ਤਾਂ ਇਹ ਵੀ ਕਿਹਾ ਕਿ ਮੇਰੀ ਮਾਂ ਦੀ ਪੰਜਾਬ ਵਿਚ ਮਰਨ ਦੀ ਇੱਛਾ ਸੀ ਪਰ ਪੰਜਾਬ ਨੇ ਸਾਰ ਨਹੀਂ ਲਈ। ਪੰਜਾਬੀਆਂ ਦੀ ਰੂਹ ਏ ਰਵਾਂ ਸੁਰਿੰਦਰ ਕੌਰ ਨੇ ਢੋਲੇ, ਮਾਹੀਏ, ਭਾਬੋ, ਜਿੰਦੂਆ, ਡੋਲੀ, ਸਲੇਟੀ ਅਤੇ ਚਾਦਰ ਆਦਿ ਨੂੰ ਗੀਤਾਂ ਜ਼ਰੀਏ ਰੂਪਮਾਨ ਕਰ ਕੇ ਮਹਿਕ ਖਿਲਾਰੀ। ਬਟਵਾਰੇ ਤੋਂ ਬਾਅਦ ਵੀ ਲਹਿੰਦੇ ਪੰਜਾਬ ’ਚ ਸੁਰਿੰਦਰ ਕੌਰ ਨੂੰ ਰੂਹ ਨਾਲ ਪੜ੍ਹਿਆ-ਸੁਣਿਆ ਜਾਂਦਾ ਹੈ। ਸੱਭਿਆਚਾਰਕ ਸਫ਼ਾਂ ’ਚ ਸੁਰਿੰਦਰ ਕੌਰ ਅੱਜ ਵੀ ਜਿਉਂਦੀ ਹੈ।
ਸੱਭਿਆਚਾਰ ਨੂੰ ਪਰਿਭਾਸ਼ਤ ਕਰਦੇ ਹਨ ਗੀਤ
ਅੱਜ ਵੀ ਜਦੋਂ ਉਸ ਦਾ ਗਾਣਾ ‘ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏਂ’ ਕੰਨੀਂ ਪੈਂਦਾ ਹੈ ਤਾਂ ਧੀਆਂ-ਧਿਆਣੀਆਂ ਦਾ ਪਿਆਰ ਤੇ ਮੋਹ ਆਪ ਮੁਹਾਰੇ ਡੁੱਲ੍ਹਣ ਲੱਗ ਜਾਂਦਾ ਹੈ। ਬਾਬਲ ਧੀ ਦੇ ਪਿਆਰ ’ਚ ਇਹ ਗਾਣਾ ਹੰਝੂ ਕੇਰਨ ਲਾ ਦਿੰਦਾ ਹੈ। ਸੱਸ ਦੇ ਰਿਸ਼ਤੇ ਨੂੰ ਕੁੜੱਤਣ ਵਿੱਚੋਂ ਕੱਢ ਕੇ ਸਦਾਚਾਰੀ ਵੰਨਗੀ ਦਿੱਤੀ ਤੇ ਨਾਲ ਹੀ ਸੱਸ ਪ੍ਰਤੀ ਮਾੜੀ ਸੋਚ ਤੇ ਹਊਏ ਨੂੰ ਸੁਰਾਂ ’ਚ ਪਰੋਇਆ ‘ਮਾਵਾਂ ਲਾਡ ਲਡਾਵਣ ਧੀਆਂ ਵਿਗਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ’ ਪਿਆਰ ਨੂੰ ਸਮੇਂ ਦੇ ਤਰਾਜ਼ੂ ’ਚ ਰੱਖ ਕੇ ਸਦਾਬਹਾਰ ਗਾਣਾ ਗਾਇਆ, ਜਿਸ ਦੀਆਂ ਪੈੜਾਂ ਤੇ ਪਰਛਾਈਆਂ ਦਾ ਫਿਲਮਾਂਕਣ ਅੱਜ ਵੀ ਪਿਆਰ ਦੀਆਂ ਲੀਹਾਂ ਉੱਤੇ ਚੱਲਣ ਦੀ ਆਵਾਜ਼ ਮਾਰਦਾ ਹੈ, ‘ਡਾਚੀ ਵਾਲਿਆ ਮੋੜ ਮੁਹਾਰ ਵੇ, ਸੋਹਣੀ ਵਾਲਿਆ ਨੂੰ ਲੈ ਚੱਲ ਨਾਲ ਵੇ।’ ਉਸ ਦੇ ਗੀਤ, ਸੰਗੀਤ ਅਤੇ ਸੱਭਿਆਚਾਰ ਨੂੰ ਪਰਿਭਾਸ਼ਤ ਕਰਦੇ ਹਨ। ਅੱਜ ਦੀ ਪੀੜ੍ਹੀ ਨੂੰ ਸੱਭਿਆਚਾਰ ਦੀਆਂ ਇਨ੍ਹਾਂ ਭਾਸ਼ਾਵਾਂ ਬਾਰੇ ਪਤਾ ਨਹੀਂ ਹੈ। ਕਾਰਲ ਮਾਰਕਸ ਨੇ ਕਿਹਾ ਸੀ, ‘ਕਿਸੇ ਕੌਮ ਦੇ ਪੰਜ ਗਾਣੇ ਸੁਣਾਓ ਮੈਂ ਅਗਲੀ ਪੀੜ੍ਹੀ ਦਾ ਭਵਿੱਖ ਦੱਸ ਦੇਵਾਂਗਾ’। ਇਸ ਤਰਜ਼ ’ਤੇ ਜੇ ਸੁਰਿੰਦਰ ਕੌਰ ਵਰਗੀ ਸੁਥਰੀ ਗਾਇਕੀ ਰਹਿੰਦੀ ਤਾਂ ਅੱਜ ਵਰਗੇ ਲੱਚਰ, ਹਥਿਆਰ ਅਤੇ ਫੋਕੇਪੁਣੇ ਸੱਭਿਆਚਾਰ ਤੋਂ ਦੂਰ ਰਹਿ ਕੇ ਸਮਾਜਿਕ ਖ਼ੁਸ਼ਹਾਲੀ ਬਣੀ ਰਹਿਣੀ ਸੀ।
ਲਾਹੌਰ ਰੇਡੀਓ ਤੋਂ ਗਾਇਆ ਪਹਿਲਾ ਗਾਣਾ
ਸੁਰਿੰਦਰ ਕੌਰ ਨੇ ਜੰਮਣ ਤੋਂ ਗਾਉਣ ਤਕ ਲਾਹੌਰ ਨਾਲ ਨੇੜਲਾ ਸਬੰਧ ਰੱਖਿਆ। ਉਸ ਨੇ 1943 ਵਿਚ ਆਪਣਾ ਪਹਿਲਾ ਗਾਣਾ ਵੀ ਲਾਹੌਰ ਰੇਡੀਓ ਤੋਂ ਗਾਇਆ ਸੀ। ਇੱਥੋਂ ਹੀ ਉਸ ਨੇ ਆਪਣੀ ਹਸਤੀ ਨੂੰ ਪਰਿਭਾਸ਼ਤ ਕੀਤਾ। ਉਸ ਦੇ ਗਾਣੇ ਸਬਕ ਤੇ ਸਿੱਖਿਆ ਵਾਲੇ ਹੀ ਰਹੇ। ਸੁਰਿੰਦਰ ਕੌਰ ਦੇ ਗੀਤ ਨਾ ਨਵੇਂ ਹਨ, ਨਾ ਹੀ ਪੁਰਾਣੇ ਹਨ। ਇਹ ਤਾਂ ਜੰਗਲ ਦੇ ਰੁੱਖ ਵਾਂਗ ਹਨ, ਜਿਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਬੇਹੱਦ ਡੂੰਘੀਆਂ ਹਨ ਪਰ ਪੱਤੇ ਆਉਂਦੇ ਜਾਂਦੇ-ਰਹਿੰਦੇ ਹਨ। ਅੱਜ ਭਾਵੇਂ ਗੀਤਾਂ ਦੇ ਤੌਰ-ਤਰੀਕੇ ਬਦਲ ਗਏ ਹਨ ਪਰ ਪੰਜਾਬੀ ਗੀਤ, ਸੰਗੀਤ ਅਤੇ ਸੱਭਿਆਚਾਰ ਦੀ ਰੂਹ ਅੱਜ ਵੀ ਸੁਰਿੰਦਰ ਕੌਰ ਦੇ ਗੀਤਾਂ ’ਚ ਧੜਕਦੀ ਹੈ।
Credit : https://www.punjabijagran.com/entertainment/pollywood-punjabs-cuckoo-surinder-kaur-and-even-today-his-songs-are-a-guide-9427882.html
test