09 ਸਤੰਬਰ, 2024 – ਚੰਡੀਗੜ੍ਹ : ਪੰਜਾਬ ਵਿੱਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ 2500 ਤੋਂ ਵੱਧ ਡਾਕਟਰ ਹੜਤਾਲ ’ਤੇ ਹੋਣ ਕਰ ਕੇ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ’ਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਡਾਕਟਰਾਂ ਦੀਆਂ ਮੰਗਾਂ ਵਿੱਚ ਕਰੀਅਰ ਪ੍ਰੋਗਰੈਸ਼ਨ ਸਕੀਮ ਬਹਾਲ ਕਰਨੀ ਤੇ ਸੁਰੱਖਿਆ ਮਾਪਦੰਡ ਯਕੀਨੀ ਬਣਾਉਣੇ ਸ਼ਾਮਲ ਸਨ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਤੇ ਆਈਸੀਯੂ ’ਤੇ ਇਸ ਹੜਤਾਲ ਦਾ ਅਸਰ ਨਹੀਂ ਪਵੇਗਾ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਅਣਮਿੱਥੇ ਸਮੇਂ ਦੀ ਇਸ ਹੜਤਾਲ ਦੇ ਦਿੱਤੇ ਸੱਦੇ ਤਹਿਤ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ ਤਿੰਨ ਘੰਟੇ ਲਈ ਓਪੀਡੀ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹੜਤਾਲ ਵਿੱਚ ਥੋੜੀ ਤਬਦੀਲੀ ਕਰਦਿਆਂ 9 ਤੋਂ 11 ਸਤੰਬਰ ਤੱਕ ਓਪੀਡੀ ਸੇਵਾਵਾਂ ਸਵੇਰੇ 8 ਤੋਂ 11 ਵਜੇ ਤੱਕ ਬੰਦ ਰੱਖੀਆਂ ਜਾਣਗੀਆਂ ਜੋ ਕਿ 11 ਵਜੇ ਤੋਂ 2 ਵਜੇ ਤੱਕ ਚੱਲਣਗੀਆਂ। ਇਨ੍ਹਾਂ ਤਿੰਨ ਦਿਨਾਂ ਵਿੱਚ ਸਿਰਫ਼ ਸਿਜ਼ੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਡਰਾਈਵਿੰਗ ਲਾਇਸੈਂਸ ਤੇ ਹਥਿਆਰਾਂ ਦੇ ਲਾਇਸੈਂਸ ਲਈ ਮੈਡੀਕਲ, ਜਨਰਲ ਮੈਡੀਕਲ ਅਤੇ ਭਰਤੀ ਸਬੰਧੀ ਮੈਡੀਕਲ ਤੇ ਡੋਪ ਟੈਸਟ ਆਦਿ ਨਹੀਂ ਕੀਤੇ ਜਾਣਗੇ। ਇਸ ਦੇ ਨਾਲ ਹੀ ਕੋਈ ਵੀਆਈਪੀ ਡਿਊਟੀ ਵੀ ਨਹੀਂ ਕੀਤੀ ਜਾਵੇਗੀ।
ਡਾ. ਸਰੀਨ ਨੇ ਦੱਸਿਆ ਕਿ ਹਾਲਾਂਕਿ ਡਾਕਟਰਾਂ ਵੱਲੋਂ ਪਹਿਲੇ ਪੜਾਅ ਵਿੱਚ ਸਭ ਕੁਝ ਬੰਦ ਕਰਨ ਦੀ ਤਿਆਰੀ ਕੀਤੀ ਗਈ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਨਿਟ ਸਬ-ਕਮੇਟੀ ਵਜੋਂ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਦੀ 11 ਸਤੰਬਰ ਦੀ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਰੋਧ ਥੋੜਾ ਘਟਾਇਆ ਹੈ। ਜਥੇਬੰਦੀ ਨੇ ਸਾਫ ਕੀਤਾ ਹੈ ਕਿ ਜੇਕਰ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਅਤੇ ਤਰੱਕੀਆਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ 12 ਸਤੰਬਰ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ। ਉਸ ਪੜਾਅ ਵਿੱਚ 12 ਤੋਂ 15 ਸਤੰਬਰ ਤੱਕ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰ ਰਹਿਣਗੀਆਂ। ਫਿਰ ਵੀ ਮੰਗਾਂ ਪੂਰੀਆਂ ਨਾ ਹੋਣ ’ਤੇ ਤੀਜੇ ਪੜਾਅ ਵਿੱਚ 16 ਸਤੰਬਰ ਤੋਂ ਬਾਅਦ ਮੈਡੀਕੋ-ਲੀਗਲ ਕੇਸ ਮੁਅੱਤਲ ਕਰ ਦਿੱਤੇ ਜਾਣਗੇ।
Courtesy : Punjabi Tribune
test