27 ਅਗਸਤ, 2024 – ਟੱਲੇਵਾਲ : ਸ਼ਹਿਰ ਦੀ ਧਾਰਮਿਕ ਸੰਸਥਾ ਗੀਤਾ ਭਵਨ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੀਤਾ ਭਵਨ ਟਰੱਸਟ ਦੇ ਮੈਂਬਰ ਬਸੰਤ ਕੁਮਾਰ ਗੋਇਲ ਅਤੇ ਰਾਜਿੰਦਰ ਗਾਰਗੀ ਨੇ ਦੱਸਿਆ ਕਿ ਸਦਰ ਬਾਜ਼ਾਰ ਦੇ ਛੱਤਾ ਖ਼ੂਹ ਵਿਖੇ ਹਾਂਡੀ ਤੋੜ ਪ੍ਰੋਗਰਾਮ ਕਰਵਾਇਆ ਗਿਆ। ਬੱਚਿਆਂ ਵੱਲੋਂ ਰਾਸ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ-ਵੱਖ ਆਜ਼ਾਦ ਹਿੰਦ ਡਰਾਮੈਟਿਕ ਕਲੱਬ, ਡੇਰਾ ਮਹੰਤ ਜਾਨਕੀ ਦਾਸ, ਮੀਰਾ ਮੰਦਰ, ਭਗਤ ਮੋਹਨ ਲਾਲ ਸੇਵਾ ਸਮਿਤੀ, ਪੰਚਾਇਤੀ ਮੰਦਰ ਵੱਲੋਂ ਪ੍ਰਭਾਤ ਫ਼ੇਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕ੍ਰਿਸ਼ਨ ਭਗਤ ਵੱਖ ਵੱਖ ਭਜਨਾਂ ਉਪਰ ਖ਼ੂਬ ਨੱਚੇ। ਉਥੇ ਦੇਰ ਸ਼ਾਮ ਗੀਤਾ ਭਵਨ ਮੰਦਰ ਵਿਖੇ ਵੱ-ਵੱਖ ਝਾਕੀਆਂ ਦੇ ਪ੍ਰੋਗਰਾਮ ਕਰਵਾਏ ਗਏ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਦੇਰ ਰਾਤ ਤੱਕ ਭਗਵਾਨ ਸ੍ਰੀ ਕਿ੍ਰਸ਼ਨ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਵਿਮਲ ਸ਼ਰਮਾ, ਸੁਰਿੰਦਰ ਬਿੱਟੂ, ਤ੍ਰਿਲੋਕ ਦਾਦੂ, ਕਪਿਲ ਗਰਗ, ਮੁਕੇਸ਼ ਕੁਮਾਰ, ਅਸ਼ੋਕ ਗੋਇਲ, ਗਿਰਧਾਰੀ ਲਾਲ, ਸ੍ਰੀ ਰਾਧਾ ਸੰਕੀਰਤਨ ਮੰਡਲ ਦੇ ਪ੍ਰਧਾਨ ਅਸ਼ੋਕ ਕੁਮਾਰ ਬਾਂਸਲ, ਸ੍ਰੀ ਬਾਂਕੇ ਬਿਹਾਰੀ ਸੰਕੀਰਤਨ ਮੰਡਲ ਦੇ ਦੇਵੇਂਦਰ ਚੌਹਾਨ, ਨਿਤਿਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸ੍ਰੀ ਗੀਤਾ ਭਵਨ ਸ਼ਹਿਣਾ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਨੂੰ ਉਚੇਚੇ ਤੌਰ ’ਤੇ ਸਜਾਇਆ ਗਿਆ। ਸਵੇਰੇ ਤੋਂ ਹੀ ਮੰਦਰਾਂ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਭੀੜ ਸੀ। ਕ੍ਰਿਸ਼ਨ ਅਸ਼ਟਮੀ ਨੂੰ ਲੈ ਕੇ ਝਾਕੀਆ ਵੀ ਕੱਢੀਆਂ ਗਈਆ। ਲਾਗਲੇ ਪਿੰਡ ਉਗੋਂਕੇ, ਚੀਮਾ, ਜੋਧਪੁਰ, ਬੱਲੋਕੇ ’ਚ ਵੀ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸੇ ਤਰ੍ਹਾਂ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਪ੍ਰਿੰਸੀਪਲ ਅਨੁਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਅਭੈ ਓਸਵਾਲ ਟਾਊਨਸ਼ਿਪ ਵਿੱਚ ਧਾਰਮਿਕ ਸਮਾਗਮ
ਬਰਨਾਲਾ (ਪ੍ਰਸ਼ੋਤਮ ਬੱਲੀ): ਸਥਾਨਕ ਰਾਏਕੋਟ-ਲੁਧਿਆਣਾ ਰੋਡ ਸਥਿਤ ਇਲਾਕੇ ਦੇ ਅਲਟਰਾ ਮਾਡਰਨ ਰਿਹਾਇਸ਼ੀ ਤੇ ਕਰਮਸ਼ੀਅਲ ਪ੍ਰਾਜੈਕਟ ‘ਅਭੈ ਓਸਵਾਲ ਟਾਊਨਸ਼ਿਪ’ ਵਿੱਚ ਕ੍ਰਿਸ਼ਨਾ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ, ਸੰਸਥਾਵਾਂ ਤੇ ਪਲਾਟ ਹੋਲਡਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਪੰਡਿਤ ਸ਼ਿਵ ਕੁਮਾਰ ਗੌੜ ਨੇ ਪੂਜਾ ਅਰਚਨਾ ਤੇ ਧਾਰਮਿਕ ਰਹੁ ਰੀਤਾਂ ਅਨੁਸਾਰ ਕੀਤੀ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਸਿੱਧ ਭਜਨ ਗਾਇਕ ਕਰਨ ਕੁਮਾਰ ਨੇ ਆਪਣੇ ਧਾਰਮਿਕ ਭਜਨਾਂ ਨਾਲ ਮੰਤਰਮੁਗਧ ਕੀਤਾ। ਟਾਊਨਸ਼ਿਪ ਵਾਇਸ ਪ੍ਰੈਜ਼ੀਡੈਂਟ (ਸੇਲਜ਼)ਅਨਿਲ ਖੰਨਾ ਨੇ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਦੀ ਜਿੱਥੇ ਸਭਨਾਂ ਨੂੰ ਵਧਾਈ ਦਿੱਤੀ ਉੱਥੇ ਕੰਪਨੀ ਦੀਆਂ ਭਵਿੱਖੀ ਸੇਲ ਯੋਜਨਾ ਦਾ ਵੀ ਐਲਾਨ ਕੀਤਾ ਦੱਸਿਆ ਕਿ 100 ਨਵੇਂ ਪਲਾਟਸ ਦੀ ਵਿਕਰੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਕੰਪਨੀ ਵਿੱਤੀ ਅਧਿਕਾਰੀ ਨਰਿੰਦਰ ਸ਼ਰਮਾ, ਪ੍ਰਬੰਧਕੀ ਹੈੱਡ ਬਲਵਿੰਦਰ ਸ਼ਰਮਾ, ਸਾਬਕਾ ਡਾਇਰੈਕਟਰ ਬੀਐੱਨ ਗੁਪਤਾ ਹਾਜ਼ਰ ਸਨ।
ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ੋਭਾ ਯਾਤਰਾ ਸਜਾਈ
ਮਾਨਸਾ (ਜੋਗਿੰਦਰ ਸਿੰਘ ਮਾਨ): ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਇਕ ਸ਼ੋਭਾ ਯਾਤਰਾ ਸਜਾਈ ਗਈ, ਜੋ ਕਿ ਲਕਸ਼ਮੀ ਨਰਾਇਣ ਮੰਦਰ ਤੋਂ ਸ਼ੁਰੂ ਹੋਈ। ਇਸ ਮੌਕੇ ਜੋਤੀ ਪ੍ਰਚੰਡ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਕੁਮਾਰ ਅਰੋੜਾ, ਨਾਰੀਅਲ ਦੀ ਰਸਮ ਤਰਸੇਮ ਚੰਦ ਕੱਪੜੇ ਵਾਲੇ, ਸੋਭਾ ਯਾਤਰਾ ਦੀ ਰਵਾਨਗੀ ਵਿਧਾਇਕ ਡਾ. ਵਿਜੈ ਸਿੰਗਲਾ ਤੇ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਝੰਡੀ ਦੇਣ ਦੀ ਰਸਮ ਡਾ. ਮਾਨਵ ਜਿੰਦਲ ਨੇ ਕਰਦਿਆ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਨਾਲ ਸੱਭਿਆਚਾਰ ਸਾਂਝ ਮਜ਼ਬੂਤ ਰਹਿੰਦੀ ਹੈ। ਸਭਾ ਦੇ ਆਹੁਦੇਦਾਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Courtesy : Punjabi Tribune
test