25 ਜਨਵਰੀ, 2023 – ਤਰਨ ਤਾਰਨ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਕੰਮ ਕਰਦੇ ਫਾਰਮਾਸਿਸਟਾਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰਨ ਦੇ ਜਾਰੀ ਕੀਤੇ ਹੁਕਮਾਂ ਖਿਲਾਫ਼ ਅੱਜ ਇਥੇ ਮੁਜ਼ਾਹਰਾ ਕੀਤਾ| ਵਿਖਾਵਾਕਾਰਿਆਂ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਨ ਉਪਰੰਤ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਿਸ਼ੀ ਪਾਲ ਸਿੰਘ ਨੂੰ ਦਿੱਤਾ| ਰੂਰਲ ਫਾਰਮਾਸਿਸਟ ਅਫਸਰ ਐਸੋਸੀਏਸ਼ਨ ਪੰਜਾਬ ਦੇ ਝੰਡੇ ਹੇਠ ਦਿੱਤੇ ਧਰਨੇ ਵਿਚ ਸ਼ਾਮਲ ਫਾਰਮਾਸਿਸਟਾਂ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕਲੇਰ ਤੋਂ ਇਲਾਵਾ ਸੁਖਜਿੰਦਰ ਸਿੰਘ, ਨਜਵੋਤ ਕੌਰ, ਮੁਨੀਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ|
ਬੁਲਾਰਿਆਂ ਕਿਹਾ ਕਿ ਉਹ ਸੂਬੇ ਅੰਦਰ 2006 ਤੋਂ ਅੱਜ ਤੱਕ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। ਆਗੂਆਂ ਨੇ ਸਰਕਾਰ ਵੱਲੋਂ ਨੌਕਰੀ ਵਾਲੀ ਮੌਜੂਦਾ ਥਾਂ ਤੋਂ ਫਾਰਮਸਿਸਟਾਂ ਨੂੰ ਉਨ੍ਹਾਂ ਦੀ ਸਹਿਮਤੀ ਬਿਨਾਂ ਹੀ ਦੂਰ ਦੁਰੇਡੇ ਦੇ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰਨ ਦੇ ਜਾਰੀ ਕੀਤੇ ਜਾ ਰਹੇ ਹੁਕਮਾਂ ਨੂੰ ਧੱਕੇਸ਼ਾਹੀ ਕਰਾਰ ਦਿੱਤਾ| ਉਨ੍ਹਾਂ ਨੇ ਬਦਲੀਆਂ ਦੇ ਹੁਕਮ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪੂਰਾ ਤਨਖਾਹ ਸਮੇਲ ਦੇਣ ਦੀ ਮੰਗ ਕੀਤੀ| ਆਗੂਆਂ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਦੇ ਰਹਿਣ ਦੀ ਵੀ ਚਿਤਾਵਨੀ ਦਿੱਤੀ ਹੈ|
ਗੜ੍ਹਾ ਵਾਸੀਆਂ ਨੇ ਰੋਸ ਮਾਰਚ ਕਰਕੇ ਸਰਕਾਰ ਦਾ ਪੁਤਲਾ ਫੂਕਿਆ
ਜਲੰਧਰ : ਇੱਥੋਂ ਦੇ ਗੜ੍ਹਾ ਵਾਸੀਆਂ ਨੇ ਅੱਜ ਇਲਾਕੇ ਦੀ ਇੱਕੋ-ਇੱਕ ਸਰਕਾਰੀ ਸਿਹਤ ਸੰਸਥਾ ‘ਅਰਬਨ ਪ੍ਰਾਇਮਰੀ ਹੈਲਥ ਸੈਂਟਰ’ ਦੇ ਖਾਤਮੇ ਦੀਆਂ ਕਥਿਤ ਸਰਕਾਰੀ ਚਾਲਾਂ ਵਿਰੁਧ ਰੋਸ ਵਿਖਾਵਾ ਕੀਤਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਰੋਸ ਮੁਹਾਜ਼ਰੇ ਦੀ ਅਗਵਾਈ ਕੌਂਸਲਰ ਪ੍ਰਭ ਦਿਆਲ ਭਗਤ ਅਤੇ ਸਾਬਕਾ ਕੌਂਸਲਰਾਂ ਕਮਲਾ ਕਾਲਾ ਤੇ ਕ੍ਰਿਪਾਲ ਪਾਲੀ ਨੇ ਕੀਤੀ। ਸ਼ਹਿਰ ਦੀਆਂ ਗਲੀਆਂ-ਬਾਜ਼ਾਰਾਂ `ਚ ਰੋਹ ਭਰਿਆ ਮੁਜ਼ਾਹਰਾ ਕਰਨ ਪਿੱਛੋਂ ਹੈਲਥ ਸੈਂਟਰ ਦੀ ਬਿਲਡਿੰਗ ਸਾਹਮਣੇ ਜ਼ੋਰਦਾਰ ਰੋਸ ਰੈਲੀ ਕਰਕੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਬਿਜਲੀ ਕਾਮਿਆਂ ਦੀ ਜਥੇਬੰਦੀ ਟੀਐੱਸਯੂ ਦੇ ਆਗੂ ਕੁਲਦੀਪ ਸਿੰਘ ਖੰਨਾ, ਪੈਨਸ਼ਨਰਜ ਐਸੋਸੀਏਸ਼ਨ ਦੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ ਨੇ ਇਲਾਕਾ ਵਾਸੀਆਂ ਦੀ ਵਾਜਬ ਮੰਗ ਅਤੇ ਹੱਕੀ ਘੋਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ। ਸੂਬਾਈ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਲਾਕਾ ਨਿਵਾਸੀਆਂ ਵੱਲੋਂ ਜਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਗਏ ਮੰਗ ਪੱਤਰ ਵਿਚਲੀਆਂ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ, ਲੋੜੀਂਦਾ ਅਮਲਾ ਨਿਯੁਕਤ ਕਰਨ ਅਤੇ ਅਤਿ ਆਧੁਨਿਕ ਮਸ਼ੀਨਾਂ ਸਥਾਪਤ ਕਰਨ ਆਦਿ ਮੰਗਾਂ ਮੰਨਣ ਦਾ ਫੌਰੀ ਐਲਾਨ ਕਰੇ `ਆਮ ਆਦਮੀ ਮੁਹੱਲਾ ਕਲੀਨਿਕ` ਖੋਲ੍ਹਣ ਦੇ ਨਾਂ `ਤੇ ਚੰਗੇ-ਭਲੇ ਚਲਦੇ ਹੈਲਥ ਸੈਂਟਰ ਤੋਂ ਲੋਕਾਂ ਨੂੰ ਵਾਂਝੇ ਕਰਨ ਦੇ ਕੋਝੇ ਇਰਾਦਿਆਂ ਤੋਂ ਬਾਜ ਆਵੇ।
Courtesy : Punjabi Tribune
test