20 ਸਤੰਬਰ, 2024 – ਅੰਮ੍ਰਿਤਸਰ : ਅਟਾਰੀ ਕਸਬੇ ਦੇ ਇੱਕ ਵਪਾਰੀ ਅਤੇ ‘ਆਪ’ ਆਗੂ ਨੂੰ ਇੱਕ ਗੈਂਗਸਟਰ ਵੱਲੋਂ ਫਿਰੌਤੀ ਸਬੰਧੀ ਕਥਿਤ ਧਮਕੀ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਵਪਾਰੀ ਅਤੇ ਹੋਰ ਸਮਰਥਕਾਂ ਵੱਲੋਂ ਅਟਾਰੀ ਵਿੱਚ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।
ਪੀੜਤ ਵਿਅਕਤੀ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਫੋਨ ਕਰਨ ਵਾਲਾ ਵਿਅਕਤੀ ਆਪਣੀ ਪਛਾਣ ਚੋਪੜਾ ਨਾਂਅ ਦੇ ਵਿਅਕਤੀ ਵਜੋਂ ਦੱਸ ਰਿਹਾ ਹੈ ਅਤੇ ਉਸ ਕੋਲੋਂ 50 ਲੱਖ ਰੁਪਏ ਫਿਰੌਤੀ ਮੰਗ ਰਿਹਾ ਹੈ। ਉਸ ਨੂੰ ਬੀਤੀ ਰਾਤ ਵੀ ਫਿਰੌਤੀ ਸਬੰਧੀ ਫੋਨ ਆਇਆ ਹੈ, ਜਿਸ ਤੋਂ ਬਾਅਦ ਉਸ ਨੇ ਅਤੇ ਅਟਾਰੀ ਕਸਬੇ ਦੇ ਲੋਕਾਂ ਨੇ ਸੜਕ ’ਤੇ ਧਰਨਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਧਰਨੇ ਕਾਰਨ ਅੰਮ੍ਰਿਤਸਰ-ਅਟਾਰੀ ਆਵਾਜਾਈ ਵਿੱਚ ਵਿਘਨ ਪਿਆ। ਧਮਕੀਆਂ ਤੋਂ ਬਾਅਦ ਪੁਲੀਸ ਨੇ ਪੀੜਤ ਵਪਾਰੀ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।
ਥਾਣਾ ਘਰਿੰਡਾ ਦੇ ਐੱਸਐੱਚਓ ਕਰਮਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਹਿਲਾਂ ਹੀ ਕੇਸ ਦਰਜ ਕਰ ਕੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਚੁੱਕੀ ਹੈ। ਇਸ ਦੌਰਾਨ ਸਾਈਬਰ ਸੈੱਲ ਵੱਲੋਂ ਫੋਨ ਕਰਕੇ ਧਮਕੀਆਂ ਦੇਣ ਵਾਲਿਆਂ ਦਾ ਸੁਰਾਗ ਲੱਭਣ ਲਈ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
Courtesy : Punjabi Tribune
test