ਸਾਂਭ ਸੰਭਾਲ ਲਈ ਨਹੀਂ ਮਿਲ ਰਹੇ ਲੁੜੀਂਦੇ ਫੰਡ
22 ਸਤੰਬਰ, 2023 – ਬਠਿੰਡਾ: ਆਪਣੇ ਅੰਦਰ ਦੇਸ਼-ਦੁਨੀਆਂ ਦੇ ਇਤਿਹਾਸ ਨੂੰ ਸਮੋਈ ਬੈਠੇ ਬਠਿੰਡਾ ਦੇ ਕਿਲ੍ਹਾ ਮੁਬਾਰਕ ਰਜ਼ੀਆ ਕਿਲ੍ਹੇ ਦੀ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਰ ਨਾ ਲਏ ਜਾਣ ਕਾਰਨ ਇਸਦੇ ਵਜੂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਕਿਲ੍ਹੇ ਦਾ ਕਾਫ਼ੀ ਹਿੱਸਾ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਭਾਵੇਂ ਹੁਣ ਕਿਲ੍ਹੇ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਕਈ ਥਾਵਾਂ ਤੋਂ ਬਾਹਰੀ ਚਾਰ-ਦੀਵਾਰੀ ਤੇ ਬੁਰਜ ਢਹਿ ਢੇਰੀ ਹੋ ਰਹੇ ਹਨ। ਹਰ ਸਾਲ ਬਰਸਾਤਾਂ ਦੇ ਦਿਨਾਂ ’ਚ ਕਿਲੇ੍ਹ ਦਾ ਕੋਈ ਨਾ ਕੋਈ ਹਿੱਸਾ ਡਿੱਗ ਰਿਹਾ ਹੈ। ਧੋਬੀਘਾਟ ਵਾਲੇ ਪਾਸੇ ਤਾਂ ਹਾਲਾਤ ਹੋਰ ਵੀ ਮਾੜੇ ਹਨ। ਕਈ ਥਾਵਾਂ ਤੋਂ ਕਿਲੇ੍ਹ ਦਾ ਵੱਡਾ ਹਿੱਸਾ ਡਿੱਗ ਚੁੱਕਾ ਹੈ। ਲੋਕਾਂ ਦੀ ਉਮੀਦ ਅਨੁਸਾਰ ਕਿਲ੍ਹੇ ਨੂੰ ਬਚਾਉਣ ਲਈ ਕੰਮ ਨਹੀਂ ਹੋ ਰਿਹਾ।
ਰਾਣੀ ਮਹਿਲ (ਸੰਮਨ ਬੁਰਜ) ਦੇ ਨਾਮ ਨਾਲ ਜਾਣੇ ਜਾਂਦੇ ਇਸ ਬੁਰਜ ’ਚ ਮਹਿਲਾ ਸ਼ਾਸਕ ਰਜ਼ੀਆ ਸੁਲਤਾਨ ਕੈਦ ਰਹੀ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਚੁੱਕੀ ਹੈ। ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫੇਰੇ ਥੰਮ੍ਹਲੇ ਖੜ੍ਹੇ ਕਰ ਕੇ ਬਚਾਇਆ ਗਿਆ ਹੈ। 15 ਏਕੜ ’ਚ ਬਣੇ ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਜ਼ਿਆਦਾਤਰ ਬੁਰਜ ਡਿੱਗ ਚੁੱਕੇ ਹਨ ਅਤੇ ਬਹੁਤਿਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ।
ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦਾਬ ਨੇ 279 ਈਸਵੀ ਵਿਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ੍ਹ ਦਾ ਨਾਂ ਜੈਪਾਲਗੜ੍ਹ ਕਰ ਦਿੱਤਾ। ਮੱਧ-ਕਾਲ ਵਿਚ ਭੱਟੀ ਰਾਓ ਰਾਜਪੂਤ ਨੇ ਕਿਲ੍ਹੇ ਨੂੰ ਨਵੇਂ ਸਿਰਿਓਂ ਬਣਾਇਆ ਤੇ ਕਿਲ੍ਹੇ ਦਾ ਨਾਮ ਭੱਟੀਵਿੰਡਾ ਰੱਖਿਆ। ਇਸ ਕਰਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ।
22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿਚ ਚਰਨ ਪਾਏ ਸਨ। ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ। ਬੇਗ਼ਮ ਰਜ਼ੀਆ ਸੁਲਤਾਨਾ 1239 ਤੋਂ 1240 ਤਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਸੈਰ ਸਪਾਟਾ ਵਿਭਾਗ ਪੰਜਾਬ ਵੱਲੋਂ ਹੁਣ ਇਸ ਕਿਲੇ੍ਹ ਦਾ ਨਾਮ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ ਹੈ। ਕੇਂਦਰੀ ਪੁਰਾਤਤਵ ਵਿਭਾਗ ਦੁਆਰਾ ਕਿਲੇ੍ਹ ਦੀ ਮੁਰੰਮਤ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਇਸ ਕਿਲੇ੍ਹ ਦਾ ਪੁਰਾਣਾ ਰੰਗ ਰੂਪ ਮੱਧਮ ਪੈਣ ਲੱਗਾ ਹੈ। ਪੰਜਾਬ ਦੇ ਸਭ ਤੋਂ ਕਰੀਬ 1800 ਸਾਲ ਪੁਰਾਣੇ ਇਸ ਕਿਲ੍ਹੇ ’ਤੇ ਸਮਿਆਂ ਦੇ ਉਤਰਾਅ ਚੜ੍ਹਾਅ ਅੱਜ ਵੀ ਉੱਕਰੇ ਹੋਏ ਦੇਖੇ ਜਾ ਸਕਦੇ ਹਨ। ਕੇਂਦਰੀ ਪੁਰਾਤਤਵ ਵਿਭਾਗ ਵੱਲੋਂ ਕਿਲੇ੍ਹ ਨੂੰ ਆਧੁਨਿਕ ਰੂਪ ਤਾਂ ਦਿੱਤਾ ਜਾ ਰਿਹਾ ਹੈ, ਪ੍ਰੰਤੂ ਨਾਲੋਂ ਨਾਲ ਇਸ ਕਿਲੇ੍ਹ ਦੀ ਵਿਰਾਸਤੀ ਦਿੱਖ ’ਤੇ ਵੀ ਪੋਚਾ ਫੇਰਿਆ ਜਾਣ ਲੱਗਾ ਹੈ। ਕਿਲ੍ਹੇ ਦਾ ਮੁੱਖ ਗੇਟ ਨੂੰ ਥੰਮ੍ਹਾਂ ਦਾ ਸਹਾਰਾ ਦੇ ਕੇ ਖੜ੍ਹਾਇਆ ਗਿਆ ਹੈ। ਕੇਂਦਰੀ ਪੁਰਾਤਤਵ ਵਿਭਾਗ ਦੇ ਵੇਰਵੇ ਹਨ ਕਿ ਸਾਲ 2002 ਤੋਂ ਲੈ ਕੇ ਹੁਣ ਤੱਕ ਕਿਲ੍ਹਾ ਮੁਬਾਰਕ ਦੀ ਸਾਂਭ ਸੰਭਾਲ ’ਤੇ ਕਰੋੜਾਂ ਰੁਪਏ ਦੋਂ ਜ਼ਿਆਦਾ ਖ਼ਰਚ ਆ ਚੁੱਕੇ ਹਨ। ਮੌਜੂਦਾ ਸਰਕਾਰ ਲਈ ਇਹ ਚੁਣੌਤੀ ਹੈ ਕਿ ਕਿਲ੍ਹੇ ਨੂੰ ਕਿਵੇਂ ਬਚਾਇਆ ਜਾਵੇ ਤੇ ਨਵੀਂ ਪੀੜ੍ਹੀ ਲਈ ਕਿਲੇ ਦੀ ਪੁਰਾਣੀ ਦਿੱਖ ਵੀ ਕਾਇਮ ਰਹੇ।
ਨਿਗਰਾਨੀ ਲਈ ਬਣੇ ਚਾਰ ਬੁਰਜ ਹੋਏ ਅਲੋਪ
ਕਿਲ੍ਹੇ ਵਿਚ ਨਿਗਰਾਣੀ ਲਈ ਬਣੇ ਚਾਰ ਬੁਰਜ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ। ਇਨ੍ਹਾਂ ਬੁਰਜਾਂ ’ਤੇ ਹਰ ਸਮੇਂ ਪਹਿਰੇਦਾਰ ਪਹਿਰਾ ਦਿੰਦੇ ਸਨ ਜੋ ਕਿਲ੍ਹੇ ਤੋਂ ਬਾਹਰ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਸਨ। ਕਿਲ੍ਹਾ ਬਹੁਤ ਉੱਚਾ ਹੋਣ ਕਾਰਨ ਬਾਹਰੀ ਹਲਚਲ ਦਾ ਸਭ ਤੋਂ ਪਹਿਲਾਂ ਪਤਾ ਬੁਰਜ ’ਤੇ ਬੈਠੇ ਪਹਿਰੇਦਾਰਾਂ ਨੂੰ ਹੀ ਲੱਗਦਾ ਸੀ। ਬਾਹਰੀ ਰਾਜਿਆਂ ਦੇ ਹਮਲਿਆਂ ਦੀ ਭਿਣਕ ਲਈ ਇਹ ਬੁਰਜ ਬਣਾਏ ਗਏ ਸਨ ਪਰ ਸਮੇਂ ਦੇ ਵਹਾਅ ਨਾਲ ਇਨ੍ਹਾਂ ਬੁਰਜਾ ਦਾ ਖੁਰਾ ਖੋਜ ਹੀ ਨਹੀਂ ਰਿਹਾ।
ਹੁਣ ਬਣਿਆ ਰਜ਼ੀਆ ਕਿਲ੍ਹਾ
ਬੇਗ਼ਮ ਰਜ਼ੀਆ ਸੁਲਤਾਨਾ 1239 ਤੋਂ 1240 ਤਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਦਿੱਲੀ ਦੇ ਤਖ਼ਤ ’ਤੇ ਬੈਠਣ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨਾ ਦੀ ਬਠਿੰਡਾ ਵਿਚ ਰਾਣੀ ਮਹਿਲ ਇਕਲੌਤੀ ਯਾਦਗਾਰ ਹੈ। ਰਜ਼ੀਆ ਸੁਲਤਾਨ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲੇ੍ਹ ਵਿਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲ੍ਹੇ ਵਿਚਲੇ ਰਾਣੀ ਮਹਿਲ ਵਿਚ ਕੈਦ ਰਹੀ ਸੀ। ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨਾ ਰਾਣੀ ਮਹਿਲ ਦੀ ਖਿੜਕੀ ਵਿਚ ਬੈਠ ਕੇ ਸ਼ਾਮ ਵੇਲੇ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਮੌਜੂਦਾ ਸਮੇਂ ਇਹ ਕਿਲ੍ਹਾ ਮੁਬਾਰਕ ਵਜੋਂ ਮਸ਼ਹੂਰ ਹੈ ਪਰ ਰਜ਼ੀਆ ਸੁਲਤਾਨਾ ਦੀ ਇਕਲੌਤੀ ਯਾਦਗਾਰ ਹੋਣ ਕਾਰਨ ਸੈਰ ਸਪਾਟਾ ਵਿਭਾਗ ਵੱਲੋਂ ਹੁਣ ਇਸ ਕਿਲ੍ਹੇ ਦਾ ਨਾਮ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ ਹੈ। ਭਾਵੇਂ ਸੈਰ ਸਪਾਟਾ ਵਿਭਾਗ ਨੇ ਕਾਗ਼ਜ਼ਾਂ ਵਿਚ ਕਿਲ੍ਹੇ ਦਾ ਨਾਮ ਰਜ਼ੀਆ ਕਿਲ੍ਹਾ ਰੱਖ ਦਿੱਤਾ ਹੈ ਪਰ ਲੋਕ ਅਜੇ ਵੀ ਇਸ ਨੂੰ ਕਿਲ੍ਹਾ ਮੁਬਾਰਕ ਵਜੋਂ ਸੰਬੋਧਨ ਕਰਦੇ ਹਨ।
ਮੁਰੰਮਤ ਦੇ ਕੰਮ ’ਤੇ ਲੱਗ ਚੁੱਕੇ ਨੇ ਕਰੋੜਾਂ ਰੁਪਏ
ਪੁਰਤਤਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਲ੍ਹਾ ਮੁਬਾਰਕ ਦੀ ਸਾਂਭ ਸੰਭਾਲ ਲਈ ਅਜੇ ਵੀ ਕਰੋੜਾਂ ਰੁਪਏ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਲ੍ਹੇ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਹਿੱਸੇ ਦੀ ਦੀਵਾਰ ਤੇ ਦਰਵਾਜ਼ਿਆਂ ਦੇ ਨਵੀਨੀਕਰਨ ਅਤੇ ਪੁਰਾਣੇ ਗੁਰੂ ਘਰ ਵਾਲੇ ਪਾਸੇ ਮੁਰੰਮਤ ਕੀਤੀ ਗਈ ਹੈ, ਜਿਸ ’ਤੇ ਹੁਣ ਤਕ ਕਰੋੜਾਂ ਰੁਪਏ ਖ਼ਰਚ ਆ ਚੁੱਕੇ ਹਨ। ਰਾਣੀ ਮਹਿਲ ਦੇ ਨਵੀਨੀਕਰਨ ਲਗਪਗ ਹੋ ਚੁੱਕਾ ਹੈ। ਸ਼ਨਿਚਰਵਾਰ ਤੇ ਐਤਵਾਰ ਨੂੰ ਕਰੀਬ ਤਿੰਨ ਕੁ ਹਜ਼ਾਰ ਦੇ ਕਰੀਬ ਲੋਕ ਕਿਲ੍ਹਾ ਵੇਖਣ ਲਈ ਆਉਦੇ ਹਨ।
ਸਾਲ ਘਟਨਾ
90-110 -ਰਾਜਾ ਦਾਬ ਨੇ ਬਣਾਇਆ
179 – ਬਠਿੰਡਾ ਸਹਿਰ ਨੂੰ ਭੱਟੀ ਰਾਓ ਨੇ ਵਸਾਇਆ
1004 – ਸੁਲਤਾਨ ਮੁਹੰਮਦ ਗਜ਼ਨੀ ਨੇ ਕਬਜ਼ਾ ਕੀਤਾ
1045 – ਪੀਰ ਹਾਜੀ ਰਤਨ ਇੱਥੇ ਆਏ
1189 – ਸੁਲਤਾਨ ਮੁਹੰਮਦ ਗੌਰੀ ਨੇ ਕਬਜ਼ਾ ਕੀਤਾ
1191 – ਬਾਦਸ਼ਾਹ ਪ੍ਰਿਥਵੀ ਰਾਜ ਚੌਹਾਨ ਨੇ ਕਬਜ਼ਾ ਕੀਤਾ
1240 – ਰਜ਼ੀਆ ਸੁਲਤਾਨਾ ਨੂੰ ਨਜ਼ਰਬੰਦ ਕੀਤਾ ਗਿਆ
1515 – ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ
1665 – ਗੁਰੂ ਤੇਗ ਬਹਾਦੁਰ ਜੀ ਨੇ ਚਰਨ ਪਾਏ
1706 – ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ
1835-40 – ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਦਾ ਨਿਰਮਾਣ ਕਰਵਾਇਆ।
Courtesy : Punjabi Jagran
test