26 ਨਵੰਬਰ, 2024 – ਐੱਸਏਐੱਸ ਨਗਰ (ਮੁਹਾਲੀ) : ਪੰਜਾਬ ਵਿੱਚ ਲੰਮੇ ਸਮੇਂ ਤੋਂ ਜੁਆਇਨਿੰਗ ਦੀ ਮੰਗ ਕਰ ਰਹੇ ਈਟੀਟੀ ਕਾਡਰ 5994 ਯੂਨੀਅਨ ਅਤੇ 2364 ਯੂਨੀਅਨ ਨੇ ਅੱਜ ਸਾਂਝੇ ਤੌਰ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਅਤੇ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਬੇਰੁਜ਼ਗਾਰ ਅਧਿਆਪਕ ਅੱਜ ਸਵੇਰੇ 10 ਵਜੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਬਾਹਰ ਪਹੁੰਚਣੇ ਸ਼ੁਰੂ ਹੋਏ ਅਤੇ ਦੁਪਹਿਰ ਤੱਕ ਵੱਡਾ ਇਕੱਠ ਹੋ ਗਿਆ। ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੀਆਂ ਮੰਗਾਂ ਬਾਰੇ ਵਿਚਾਰ-ਚਰਚਾ ਕੀਤੀ। ਰੋਸ ਮਾਰਚ ਕਰਦੇ ਹੋਏ ਡੀਪੀਆਈ ਦਫ਼ਤਰ ਪਹੁੰਚੇ ਪਰ ਸੁਰੱਖਿਆ ਗਾਰਡਾਂ ਨੇ ਪਹਿਲਾਂ ਹੀ ਸਿੱਖਿਆ ਭਵਨ ਦਾ ਮੇਨ ਗੇਟ ਬੰਦ ਕਰ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਰੋਕਾਂ ਦੇ ਬਾਵਜੂਦ ਗੇਟ ਅਤੇ ਕੰਧਾਂ ਤੋਂ ਟੱਪਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਈਟੀਟੀ ਕਾਡਰ ਦੀਆਂ ਦੋਵੇਂ ਯੂਨੀਅਨਾਂ ਦੇ ਆਗੂਆਂ ਬਲਿਹਾਰ ਸਿੰਘ, ਹਰਜੀਤ ਬੁਢਲਾਡਾ, ਬੰਟੀ ਕੰਬੋਜ, ਗੁਰਸੰਗਤ ਬੁਢਲਾਡਾ, ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਮਨਪ੍ਰੀਤ ਮਾਨਸਾ ਅਤੇ ਹਰੀਸ਼ ਕੰਬੋਜ ਨੇ ਦੱਸਿਆ ਕਿ ਈਟੀਟੀ 5994 ਭਰਤੀ ’ਤੇ ਹਾਈ ਕੋਰਟ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਰੋਕ ਲੱਗੀ ਹੋਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਈਟੀਟੀ 2364 ਭਰਤੀ ਸਬੰਧੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ 25 ਜੁਲਾਈ 2024 ਅਤੇ 5994 ਭਰਤੀਆਂ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ 1 ਸਤੰਬਰ 2024 ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ।
ਡੀਐੱਸਪੀ ਨੇ ਮੋਹਰੀ ਆਗੂਆਂ ਦੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਵਾਈ
ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਨਿੱਜੀ ਦਖ਼ਲ ਦੇ ਕੇ ਦੋਵੇਂ ਯੂਨੀਅਨ ਦੇ ਮੋਹਰੀ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕਰਵਾਈ। ਮੰਤਰੀ ਨੇ ਉਨ੍ਹਾਂ ਨੂੰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਮੁਜ਼ਾਹਰਾ ਖ਼ਤਮ ਕਰਨ ਦਾ ਐਲਾਨ ਕੀਤਾ।
ਪੰਜਾਬੀ ਟ੍ਰਿਬਯੂਨ
test