ਡਾ. ਜਸਵਿੰਦਰ ਸਿੰਘ ਬਰਾੜ
ਸ਼ਾਇਦ ਸਾਰੇ ਅਮਲੇ-ਫੈਲੇ ਨੂੰ ਇਸ ਗੱਲ ਦਾ ਅੰਦਰੋ-ਅੰਦਰੀ ਪਤਾ ਹੀ ਹੈ ਕਿ ਕਿਸਾਨ ਮਜਬੂਰ ਤੇ ਬੇਵੱਸ ਹੋ ਕੇ ਹੀ ਪਰਾਲੀ ਨੂੰ ਸਾੜ ਰਹੇ ਹਨ। ਇਸ ਤਰ੍ਹਾਂ ਦੇ ਵਰਤਾਰੇ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਜਾਂ ਪਰਾਲੀ ਸਾੜਨ ਨਾਲ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਭਾਵੇਂ ਅਗਲੇ 100 ਸਾਲ ਤੱਕ ਵੀ ਇਸ ਤਰ੍ਹਾਂ ਕਰੀ ਜਾਈਏ।
ਕੌਮੀ ਰਾਜਧਾਨੀ ਖੇਤਰ ਸਮੇਤ ਦੇਸ਼ ’ਚ ਹਵਾ ਪ੍ਰਦੂਸ਼ਣ ਬਹੁਤ ਖ਼ਤਰਨਾਕ ਪੱਧਰ ’ਤੇ ਪੁੱਜ ਗਿਆ ਹੈ। ਇਸ ਦੇ ਹਰ ਸਾਲ ਲਗਾਤਾਰ ਵਧਣ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਅਤੇ ਰੋਕਥਾਮ ਕਰਨੀ ਅਤੀ ਜ਼ਰੂਰੀ ਹੈ। ਜੇ ਕੇਂਦਰ ਤੇ ਸੂਬਾ ਸਰਕਾਰਾਂ ਸਮੇਤ ਨਿਆਂਪਾਲਿਕਾ ਤੇ ਕਾਰਜਪਾਲਿਕਾ ਨੇ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝਿਆ ਤਾਂ ਉਹ ਸਮਾਂ ਦੂਰ ਨਹੀਂ ਹੋਵੇਗਾ ਜਦੋਂ ਜਲ ਤੇ ਵਾਯੂ ਦੋਨੋ ਮਨੁੱਖੀ ਜੀਵਨ ਦੇ ਅਨੁਕੂਲ ਨਹੀਂ ਰਹਿਣਗੇ। ਜਿੱਥੇ ਬਾਕੀ ਸਰੋਤਾਂ ਤੋਂ ਵੱਡੇ ਪੱਧਰ ’ਤੇ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ, ਉੱਥੇ ਹੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਵੀ ਯਕੀਨੀ ਬਣਾਉਣ ਦੀ ਲੋੜ ਹੈ। ਮੌਜੂਦਾ ਸਾਰਾ ਸਿਸਟਮ ਮਹਿਜ਼ ਦਿਨ ਸਮੇਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਵਿਚ ਹੈ ਪਰ ਦੇਰ ਸ਼ਾਮ ਜਾਂ ਰਾਤ ਸਮੇਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਲਾ ਕੋਈ ਨਹੀਂ ਨਜ਼ਰ ਆ ਰਿਹਾ।
ਸ਼ਾਇਦ ਸਾਰੇ ਅਮਲੇ-ਫੈਲੇ ਨੂੰ ਇਸ ਗੱਲ ਦਾ ਅੰਦਰੋ-ਅੰਦਰੀ ਪਤਾ ਹੀ ਹੈ ਕਿ ਕਿਸਾਨ ਮਜਬੂਰ ਤੇ ਬੇਵੱਸ ਹੋ ਕੇ ਹੀ ਪਰਾਲੀ ਨੂੰ ਸਾੜ ਰਹੇ ਹਨ। ਇਸ ਤਰ੍ਹਾਂ ਦੇ ਵਰਤਾਰੇ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਜਾਂ ਪਰਾਲੀ ਸਾੜਨ ਨਾਲ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਭਾਵੇਂ ਅਗਲੇ 100 ਸਾਲ ਤੱਕ ਵੀ ਇਸ ਤਰ੍ਹਾਂ ਕਰੀ ਜਾਈਏ। ਸਰਬਉੱਚ ਅਦਾਲਤ ਤੋਂ ਡਰਦਿਆਂ ਨੇ ਦਿਨੇ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਕੁਝ ਹੱਦ ਤੱਕ ਰੋਕ ਲਿਆ ਹੈ ਪਰ ਸ਼ਾਮ ਹੁੰਦਿਆਂ ਹੀ ਦਿਸਣੋਂ ਬੰਦ ਹੋ ਜਾਣਾ ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਸ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਨਾਲ ਸੁਚੱਜਾ ਪਰਾਲੀ ਪ੍ਰਬੰਧਨ ਕਦੇ ਵੀ ਸੰਭਵ ਨਹੀਂ ਹੋ ਸਕੇਗਾ। ਮੌਜੂਦਾ ਗੰਭੀਰ ਸਥਿਤੀਆਂ ਅਤੇ ਘੱਟ ਕਾਰਗਰ ਖੇਤੀ ਸੰਦਾਂ ਦੀ ਮੌਜੂਦਗੀ ਵਿਚ ਮਜਬੂਰਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਦਿਸਦਾ।
ਸਥਿਤੀ ਇੱਥੇ ਤੱਕ ਪਹੁੰਚ ਗਈ ਕਿ ਆਰਥਿਕ ਪੱਖੋਂ ਕਮਜ਼ੋਰ ਹੋਏ ਕਿਸਾਨ ਨੂੰ ਭਾਵੇਂ ਪਰਾਲੀ ’ਚ ਖ਼ਦ ਸੜਨਾ ਪਵੇ, ਉਸ ਨੇ ਆਪਣੇ ਸਿਰ ’ਤੇ ਆਈ ਹਾੜ੍ਹੀ ਸੀਜ਼ਨ ਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰਨ ਨੂੰ ਤਰਜੀਹ ਦੇਣੀ ਹੈ। ਤਾਂ ਹੀ ਕਿਸਾਨ ਪਰਾਲੀ ਨੂੰ ਰਾਤੋ-ਰਾਤ ਸਮੇਟ ਕੇ ਦਿਨ ਚੜ੍ਹਦਿਆਂ ਜ਼ਮੀਨ ਨੂੰ ਵਾਹ ਕੇ ਮੁੱਦਾ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਕਿਸਾਨ ਨੂੰ ਆਪਣੇ ਸਿਰ ਕਰਜ਼ੇ ਅਤੇ ਜ਼ਮੀਨ ਦੇ ਦੇਣ ਵਾਲੇ ਠੇਕੇ ਦਾ ਬੋਝ ਦਿਨ-ਰਾਤ ਸਤਾਉਂਦਾ ਹੈ। ਹੁਣ ਤਾਂ ਸਥਿਤੀ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ। ਜਦੋਂ ਰਾਤਾਂ ਸਮੇਂ ਠੰਢ ਅਤੇ ਮੀਂਹ ਵਰਗੀ ਤ੍ਰੇਲ ਪਰਾਲੀ ਨੂੰ ਅੱਗ ਲੱਗਣ ਉਪਰੰਤ ਕੇਵਲ ਜ਼ਹਿਰੀਲਾ ਧੂੰਆਂ ਹੀ ਧੂੰਆਂ ਪੈਦਾ ਕਰਦੀ ਹੈ ਜੋ ਕਿ ਹੋਰ ਵੀ ਖ਼ਤਰਨਾਕ ਹੈ। ਇਸ ਸਮੇਂ ਗਿੱਲੀ ਪਰਾਲੀ ਵਿਚ ਕੋਈ ਵੀ ਖੇਤੀ ਮਸ਼ੀਨਰੀ ਕਾਰਗਰ ਸਾਬਿਤ ਨਹੀਂ ਹੋ ਰਹੀ। ਵਿਚਾਰੇ ਕਿਸਾਨ ਕਰਨ ਤਾਂ ਕੀ ਕਰਨ ਜਦੋਂ ਉਨ੍ਹਾਂ ਦੀ ਇਸ ਸੰਕਟ ਮੌਕੇ ਬਾਂਹ ਫੜਨ ਵਾਲਾ ਕੋਈ ਨਹੀਂ ਦਿਸਦਾ। ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੀਆਂ ਮਸ਼ੀਨਾਂ ਵੀ ਵੱਡੇ ਟਰੈਕਟਰਾਂ ਨਾਲ ਚੱਲਦੀਆਂ ਹਨ ਪਰ ਹੁਣ ਠੰਢ ਅਤੇ ਤ੍ਰੇਲ ਵਿਚ ਇਹ ਮਸ਼ੀਨਾਂ ਵੀ ਬਹੁਤੀਆਂ ਕਾਰਗਰ ਸਾਬਿਤ ਨਹੀਂ ਹੋ ਰਹੀਆਂ। ਸਬਸਿਡੀ ਵਾਲੀ ਵੱਡੀ ਮਸ਼ੀਨਰੀ ਆਮ ਛੋਟੇ ਕਿਸਾਨਾਂ ਕੋਲ ਨਹੀਂ ਹੈ। ਥੋੜ੍ਹੇ ਜਿਹੇ ਵੱਡੇ ਕਿਸਾਨਾਂ ਕੋਲ ਵੱਡੀ ਮਸ਼ੀਨਰੀ ਤੇ ਵੱਡੇ ਟਰੈਕਟਰ ਹਨ। ਇਸ ਖੇਤੀ ਮਸ਼ੀਨਰੀ ਨਾਲ ਉਨ੍ਹਾਂ ਦਾ ਆਪਣਾ ਹੀ ਮਸਾਂ ਸਰਦਾ ਹੈ।
ਉਹ ਆਪਣੇ ਖੇਤਾਂ ਵਿਚ ਹੀ ਕਣਕ ਜਾਂ ਹੋਰ ਫ਼ਸਲਾਂ ਦੀ ਬਿਜਾਈ ਨੂੰ ਤਰਜੀਹ ਦਿੰਦੇ ਹਨ। ਸਹਿਕਾਰੀ ਸਭਾਵਾਂ ਵਿਚ ਵੀ ਕਰਮਚਾਰੀਆਂ ਤੇ ਖੇਤੀ ਮਸ਼ੀਨਰੀ ਦੀ ਘਾਟ ਹੈ ਅਤੇ ਸਾਰੀਆਂ ਸਭਾਵਾਂ ਵੱਡੀ ਮਸ਼ੀਨਰੀ ਤੇ ਵੱਡੇ ਟਰੈਕਟਰ ਖ਼ਰੀਦਣ ਦੀ ਸਮਰੱਥਾ ਨਹੀਂ ਰੱਖਦੀਆਂ। ਪਰ ਕਰਜ਼ੇ ਵਿਚ ਜਕੜੇ ਕਿਸਾਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੈ। ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਤੱਕ ਜੋ ਮਸ਼ੀਨਰੀ ਦਿੱਤੀ ਗਈ ਹੈ ਉਹ ਝੋਨੇ ਦੇ ਰਕਬੇ ਮੁਤਾਬਕ ਪੂਰੀ ਨਹੀਂ ਹੈ।
ਜਿਸ ਵਿਚ ਐਕਸ ਸਿਟੂ ਕਰਨ ਲਈ ਬੇਲਰ ਅਤੇ ਇੰਨ ਸਿਟੂ ਕਰਨ ਲਈ ਵੱਖ-ਵੱਖ ਫਰਮਾਂ ਵੱਲੋਂ ਤਿਆਰ ਕੀਤੇ ਖੇਤੀ ਸੰਦ ਜਿਵੇਂ ਕਿ ਜ਼ੀਰੋ ਡ੍ਰਿੱਲ, ਰੋਟਾਵੇਟਰ, ਐੱਮਬੀ ਪਲਾਓ, ਹੈਪੀਸੀਡਰ, ਸੁਪਰ ਸੀਡਰ, ਸਮਰਾਟ ਸੀਡਰ, ਸਰਫੇਸ ਸੀਡਰ ਆਦਿ ਸ਼ਾਮਲ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਪਰਾਲੀ ਦੀ ਖਪਤ ਬਹੁਤ ਘੱਟ ਹੈ ਕਿਉਂਕਿ ਅਜੇ ਪਰਾਲੀ ਖਪਤ ਕਰਨ ਵਾਲੀਆਂ ਫੈਕਟਰੀਆਂ ਵੀ ਨਹੀਂ ਹਨ। ਪਿਛਲੇ ਸਾਲ ਦੀ ਪਰਾਲੀ ਅਜੇ ਤੱਕ ਵਰਤੀ ਨਹੀਂ ਗਈ। ਪਿਛਲੇ ਪੰਜ ਸਾਲਾਂ ਤੋਂ ਇਹ ਮਸ਼ੀਨਾਂ ਲਗਾਤਾਰ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਜਾਪਦਾ ਹੈ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ, ਕਦੇ ਵੀ ਰੁਕਣ ਦਾ ਨਾਮ ਨਹੀਂ ਲਵੇਗਾ ਕਿਉਂਕਿ ਪੰਜ ਸਾਲ ਪਹਿਲਾਂ ਦਿੱਤੀਆ ਮਸ਼ੀਨਾਂ ਕੰਡਮ ਹੋ ਰਹੀਆਂ ਹਨ ਤੇ ਨਵੀਆਂ ਮਸ਼ੀਨਾਂ ਲੈਣ ਲਈ ਕਿਸਾਨ ਫਿਰ ਤੋਂ ਮਜਬੂਰ ਹੋਣਗੇ ਅਤੇ ਕੇਂਦਰ ਜਾਂ ਪੰਜਾਬ ਸਰਕਾਰ ਦੇ ਮੂੰਹ ਵੱਲ ਦੇਖਣਗੇ ਕਿ ਦੁਬਾਰਾ ਸਬਸਿਡੀ ’ਤੇ ਨਵੀਂ ਤਕਨੀਕ ਦੀ ਮਸ਼ੀਨਰੀ ਮਿਲੇ ਤੇ ਫਿਰ ਨਵੀਆਂ ਮਸ਼ੀਨਾਂ ਖ਼ਰੀਦੀਆਂ ਜਾਣਗੀਆਂ।
ਕੁਝ ਮੁਨਾਫ਼ਾਖੋਰ ਲੋਕ ਇਸੇ ਤਾਕ ਵਿਚ ਹੀ ਹਨ ਕਿ ਇਹ ਸਿਸਟਮ ਲਗਾਤਾਰ ਇਸੇ ਤਰ੍ਹਾਂ ਚਾਲੂ ਰਹੇ। ਨਾ ਪਰਾਲੀ ਮੁੱਕੇ, ਨਾ ਅੱਗ ਖ਼ਤਮ ਹੋਵੇ ਤੇ ਨਾ ਹੀ ਇਹ ਮਸ਼ੀਨਾਂ ਦੀ ਖ਼ਰੀਦੋ-ਫ਼ਰੋਖ਼ਤ ਵਿਚ ਖੜੋਤ ਆਵੇ। ਸੋ, ਹਵਾ ਪ੍ਰਦੂਸ਼ਣ ਦੀ ਇਸ ਵੱਡੀ ਤੇ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਉੱਚ ਪੱਧਰੀ ਕਮੇਟੀਆਂ ਦਾ ਗਠਨ ਕਰ ਕੇ ਉਨ੍ਹਾਂ ਵਿਚ ਕਿਸਾਨਾਂ, ਸਾਇੰਸਦਾਨਾਂ, ਕੇਂਦਰ, ਰਾਜ ਸਰਕਾਰਾਂ ਤੇ ਨਿਆਂਪਾਲਿਕਾ, ਸ਼ੈਲਰ ਮਾਲਕਾਂ, ਖੇਤੀ ਮਾਹਿਰਾਂ ਤੇ ਹੋਰ ਸੁਹਿਰਦ ਮੈਂਬਰਾਂ ਨੂੰ ਲਿਆ ਜਾਵੇ ਤੇ ਉਨ੍ਹਾਂ ਵੱਲੋਂ ਹਰੇਕ ਪਹਿਲੂ ਨੂੰ ਵਿਗਿਆਨਕ ਤਰੀਕੇ ਨਾਲ ਪਰਾਲੀ ਦੇ ਮੁੱਦੇ ’ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰਨ ਉਪਰੰਤ ਇਕ ਸਾਰਥਕ ਤੇ ਕਾਰਗਰ ਸਾਬਿਤ ਹੋਣ ਵਾਲੇ ਕਿਸਾਨ ਹਿਤੂ ਫ਼ੈਸਲਾਕੁਨ ਕਦਮ ’ਤੇ ਪਹੁੰਚਣਾ ਸਮੇਂ ਦੀ ਮੁੱਖ ਲੋੜ ਹੈ। ਮੌਜੂਦਾ ਨਾਜ਼ੁਕ ਹਾਲਾਤ ਵਿਚ ਹੁਣੇ ਤੋਂ ਹੀ ਅਗਲੇ ਸਾਲ ਦੀ ਵਿਓਂਤਬੰਦੀ ਕਰਨੀ ਜ਼ਰੂਰੀ ਹੈ। ਪਰਾਲੀ ਤੇ ਫ਼ਸਲਾਂ ਦੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ ਲਈ ਸੰਜੀਦਾ ਉਪਰਾਲੇ ਕੀਤੇ ਜਾਣ।
ਫ਼ਸਲੀ ਵਿਭਿੰਨਤਾ ਵੱਲ ਵਧਣਾ ਕਾਰਗਰ ਸਾਬਿਤ ਹੋਵੇਗਾ। ਝੋਨੇ ਦੀਆਂ ਘੱਟ ਸਮੇਂ ’ਚ ਪੱਕਣ ਤੇ ਘੱਟ ਪਰਾਲੀ ਪੈਦਾ ਕਰਨ ਤੇ ਚੰਗਾ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਕਟਾਈ ਦਾ ਕੰਮ ਮੁਕੰਮਲ ਕਰ ਕੇ ਤਕਰੀਬਨ ਇਕ ਮਹੀਨੇ ਦਾ ਸਮਾਂ ਕਣਕ, ਆਲੂ ਜਾਂ ਹੋਰ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਖੇਤਾਂ ਨੂੰ ਤਿਆਰ ਕਰਨ ਲਈ ਸਮਾਂ ਮਿਲ ਸਕੇ। ਪਰਾਲੀ ਡੀ-ਕੰਪੋਜ਼ਰ, ਕਾਰਗਰ ਤਕਨੀਕ ਦੀ ਮਸ਼ੀਨਰੀ ਅਤੇ ਝੋਨੇ ਤੋਂ ਇਲਾਵਾ ਸਰਕਾਰੀ ਤੌਰ ’ਤੇ ਹੋਰ ਫ਼ਸਲਾਂ ਦਾ ਵੀ ਲਾਹੇਵੰਦ ਭਾਅ ਅਤੇ ਮੰਡੀਕਰਨ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਝੋਨੇ ਦੀਆਂ ਲੰਬੇ ਸਮੇਂ ਤੇ ਵੱਧ ਪਰਾਲੀ ਵਾਲੀਆਂ ਕਿਸਮਾਂ ’ਤੇ ਪੂਰਨ ਪਾਬੰਦੀ ਲਗਾਉਣੀ ਜ਼ਰੂਰੀ ਹੈ। ਕਿਸਾਨਾਂ ਜਾਂ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਨਾਲ ਪਰਾਲੀ ਦਾ ਨਿਪਟਾਰਾ ਨਹੀਂ ਹੋਵੇਗਾ। ਪਾਣੀ ਤੇ ਪਰਾਲੀ ਦੀ ਸਮੱਸਿਆ ਹੱਲ ਕਰਨ ਲਈ ਝੋਨੇ ਦੀ ਥਾਂ ਦੂਸਰੀਆਂ ਫ਼ਸਲਾਂ ਨੂੰ ਉਤਸ਼ਾਹਤ ਕਰਨਾ ਪਵੇਗਾ।
-(ਸਟੇਟ ਐਵਾਰਡੀ ਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ, ਪੰਜਾਬ)।
-ਮੋਬਾਈਲ : 94176-20311
Credit : https://www.punjabijagran.com/editorial/general-air-pollution-in-the-country-including-the-national-capital-region-has-reached-very-dangerous-levels-9425198.html
test