ਦਰਬਾਰਾ ਸਿੰਘ ਕਾਹਲੋਂ
ਸੋਮਵਾਰ 6 ਜਨਵਰੀ 2025 ਨੂੰ ਜਦੋਂ ਕੈਨੇਡਾ ਦੇ ਸੰਨ 2015 ਤੋਂ ਚਲੇ ਆ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਨਿਵਾਸ ਰਾਈਡੀਓੂ ਕਾਟੇਜ ਮੂਹਰੇ ਪੱਤਰਕਾਰਾਂ ਸਨਮੁੱਖ ਲਿਬਰਲ ਪਾਰਟੀ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦਾ ਚਿਹਰਾ ਇਸ ਦਾ ਮਲਾਲ ਭਲੀਭਾਂਤ ਦਰਸਾ ਰਿਹਾ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣੇ ਰਹਿਣ ਦੀ ਪ੍ਰਬਲ ਇੱਛਾ ਰੱਖਦੇ ਸਨ ਪਰ ਪਾਰਟੀ ਅੰਦਰ ਖ਼ਾਨਾਜੰਗੀ ਦੇ ਮੱਦੇਨਜ਼ਰ ਸਮਝਿਆ ਕਿ ਐਸਾ ਸੰਭਵ ਨਹੀਂ। ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਨਵੇਂ ਪਾਰਟੀ ਆਗੂ ਦੀ ਚੋਣ ਕਰਨ ਲਈ ਜ਼ਰੂਰੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ। ਨਵੇਂ ਪਾਰਟੀ ਆਗੂ ਚੁਣੇ ਜਾਣ ਤੱਕ ਉਹ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਕੈਨੇਡਾ ਅੰਦਰ ਹਕੀਕਤ ਇਹ ਹੈ ਕਿ ਇਸ ਆਗੂ ਨੇ ਪਿਛਲੇ 9 ਸਾਲਾਂ ਵਿਚ ਲੋਕਾਂ ਨੂੰ ਲੋਕ ਲੁਭਾਊ ਨੀਤੀਆਂ ਰਾਹੀਂ ਦੇਸ਼ ਦੀ ਆਰਥਿਕਤਾ ਬਰਬਾਦ ਕਰ ਕੇ ਰੱਖ ਦਿੱਤੀ। ਨਸ਼ੀਲੇ ਪਦਾਰਥਾਂ ਦੀ ਤਸਕਰੀ, ਟੈਲੀਫੋਨਿਕ ਸਪਲਾਈ, ਅਪਰਾਧੀ ਅੱਤਵਾਦੀਆਂ ਨੂੰ ਦੇਸ਼ ਅੰਦਰ ਸੁਰੱਖਿਆ ਤੇ ਨਾਗਰਿਕਤਾ ਪ੍ਰਦਾਨ ਕਰਨਾ, ਗ਼ਲਤ ਢੰਗ ਨਾਲ ਕਈ ਮਿਲੀਅਨ ਪਰਵਾਸੀਆਂ ਦੀ ਦੇਸ਼ ਵਿਚ ਆਮਦ, ਦੇਸ਼ ਦੀ ਆਰਥਿਕਤਾ ਤੇ ਅਮਨ-ਕਾਨੂੰਨ ਦਾ ਗਲੇ ਦੀ ਹੱਡੀ ਬਣਨਾ, ਘਰਾਂ ਦੀ ਘਾਟ, ਅਸਮਾਨੀ ਚੜ੍ਹੀਆਂ ਕੀਮਤਾਂ ਕਰਕੇ ਲੋਕਾਂ ਦਾ ਝੁੱਗੀ-ਝੌਪੜੀ ਵਿਚ ਵਾਸ ਕਰਨ ਲਈ ਮਜਬੂਰ ਹੋਣਾ ਟਰੂਡੋ ਦੇ ਪਤਨ ਦੇ ਮੁੱਖ ਕਾਰਨ ਬਣੇ। ਇਹੀ ਨਹੀਂ, ਸਥਾਨਕ ਲੋਕਾਂ ਦੇ ਨਸਲਘਾਤ ਲਈ ਗਠਿਤ ‘ਸੱਚ ਤੇ ਸੁਲ੍ਹਾ ਕਮਿਸ਼ਨ’ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨਾ, ਜੋ ਦੇਸ਼, ਜਨਤਾ ਤੇ ਆਰਥਿਕਤਾ ਵਿਰੋਧੀ ਨੀਤੀਆਂ ਸੰਨ 2015 ’ਚ ਸੱਤਾ ਪ੍ਰਾਪਤੀ ਵੇਲੇ ਘੜੀਆਂ ਸਨ, ਲੋਕ ਲੁਭਾਊ ਨੁਕਤਾ-ਨਜ਼ਰ ਪੱਖੋਂ ਉਹ ਲਗਾਤਾਰ ਸੰਨ 2019 ਤੇ 2021 ਤੋਂ ਲੈ ਕੇ ਹੁਣ ਤੱਕ ਚਾਲੂ ਰੱਖਣਾ ਵੀ ਟਰੂਡੋ ਲਈ ਮੁਸੀਬਤ ਬਣੀਆਂ।
ਵਾਅਦੇ ਤਾਂ ਵੱਡੇ-ਵੱਡੇ ਕੀਤੇ ਜਿਵੇਂ ਕਿ ਬਜਟ ਘਾਟਾ 16 ਬਿਲੀਅਨ ਡਾਲਰ ਤੱਕ ਸੀਮਤ ਰੱਖਣ ਦਾ ਦਮਗਜਾ ਮਾਰਿਆ ਪਰ ਹਕੀਕਤ ’ਚ ਇਹ ਬਜਟ ਘਾਟਾ ਅੱਜ 62 ਬਿਲੀਅਨ ਡਾਲਰ ਦਾ ਅੰਕੜਾ ਛੂਹ ਰਿਹਾ ਹੈ। ਚੋਣ ਸੁਧਾਰਾਂ ਦੀ ਗੱਲ ਅਸਤੀਫ਼ਾ ਐਲਾਨਣ ਵੇਲੇ ਕਰ ਰਿਹਾ ਸੀ, ਕੀ ਪਿਛਲੇ 9 ਸਾਲ ’ਚ ਬਿੱਲੀ ਛਿੱਕ ਗਈ ਸੀ? ਕਦੇ ਕੈਨੇਡਾ ਵਿਸ਼ਵ ਦਾ ਪ੍ਰਤੀ ਜੀਅ ਆਮਦਨ, ਰੁਜ਼ਗਾਰ, ਵਧੀਆ ਜਨਤਕ ਸਹੂਲਤਾਂ, ਸਿਹਤ, ਸੜਕ, ਰਹਿਣ-ਸਹਿਣ, ਅਮਨ-ਕਾਨੂੰਨ, ਚੱਜ ਅਚਾਰ ਪੱਖੋਂ ਵਧੀਆ ਦੇਸ਼ ਸੀ। ਇਸੇ ਕਰਕੇ ਵੱਖ-ਵੱਖ ਦੇਸ਼ਾਂ ਤੋਂ ਪਰਵਾਸੀ ਇਸ ਵੱਲ ਖਿੱਚੇ ਤੁਰੇ ਆਉਂਦੇ ਸਨ। ਪਰ ਅੱਜ ਇਹ ਆਮ ਆਦਮੀ ਲਈ ਦੋਜ਼ਖ਼ ਬਣਿਆ ਪਿਆ ਹੈ। ਗੈਂਗਸਟਰਵਾਦ, ਅਪਰਾਧ, ਫ਼ਿਰਕੂ ਨਫ਼ਰਤ, ਚੋਰੀਆਂ-ਡਾਕੇ, ਸ਼ਹਿਰਾਂ ’ਚ ਅਮਨ-ਕਾਨੂੰਨ ਦਾ ਜਲੂਸ ਨਿਕਲਿਆ ਪਿਆ ਹੈ। ਨਸਲਵਾਦੀ ਨਫ਼ਰਤ ਡਰਾਉਣਾ ਰੂਪ ਧਾਰਨ ਕਰ ਰਹੀ ਹੈ। ਪਰਿਵਾਰਾਂ ਨੂੰ ਕਈ ਸਾਲ ਡਾਕਟਰ ਉਪਲਬਧ ਨਹੀਂ ਹੁੰਦੇ।
ਸਰਜਰੀਆਂ ਸਾਲਾਂਬੱਧੀ ਲਟਕਾਈਆਂ ਜਾਂਦੀਆਂ ਹਨ। ਬੇਰੁਜ਼ਗਾਰੀ ਵਧ ਰਹੀ ਹੈ ਜਿਸ ਦੀ ਅਜੋਕੀ ਦਰ 6.8 ਪ੍ਰਤੀਸ਼ਤ ਹੈ। ਸਥਾਨਕ ਲੋਕ ਪਰਵਾਸੀਆਂ ਨੂੰ ਕੈਰੀ ਨਜ਼ਰ ਨਾਲ ਵੇਖ ਰਹੇ ਹਨ ਤੇ ਟਰੂਡੋ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ। ਸਥਾਨਕ ਸਟੋਰਾਂ, ਟਰਾਂਸਪੋਰਟ, ਆਈਟੀ ਸੈਕਟਰ, ਫੂਡ ਪਲਾਜ਼ਿਆਂ, ਸਪਲਾਈ ਤੇ ਡਲਿਵਰੀ ਖੇਤਰਾਂ ਵਿਚ ਪਰਵਾਸੀ ਕਾਬਜ਼ ਹੋਣ ਕਰਕੇ ਸਥਾਨਕ ਲੋਕ ਬੇਰੁਜ਼ਗਾਰੀ ਅਤੇ ਗੁਰਬਤ ਭਰਿਆ ਜੀਵਨ ਬਸਰ ਕਰਨ ਲਈ ਮਜਬੂਰ ਹਨ। ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲਜ਼ ਦਾ ਕਹਿਣਾ ਹੈ ਕਿ ਜਿਸ ਆਰਥਿਕ ਮੰਦੀ ਨਾਲ ਕੈਨੇਡਾ ਇਸ ਵੇਲੇ ਜੂਝ ਰਿਹਾ ਹੈ, ਇਸ ਦਾ ਕਾਰਨ ਇਹ ਹੈ ਕਿ ਇਸ ਦੀ ਲਗਾਤਾਰ ਪ੍ਰਤੀ ਜੀਅ ਜੀਡੀਪੀ 6ਵੇਂ ਕੁਆਰਟਰ ਵਿਚ ਘੱਟ ਰਹੀ ਹੈ। ਨੀਤੀਗਤ ਫੈਡਰਲ ਖ਼ਰਚਿਆਂ ਵਿਚ ਵਾਧੇ ਕਰਕੇ ਲੋਕਾਂ ਦਾ ਨਿੱਤ ਪ੍ਰਤੀ ਰਹਿਣ-ਸਹਿਣ 30 ਪ੍ਰਤੀਸ਼ਤ ਮਹਿੰਗਾ ਹੋਣ ਕਰਕੇ ਚੀਕਾਂ ਨਿਕਲ ਰਹੀਆਂ ਹਨ। ਫੈਡਰਲ ਸੇਵਾਵਾਂ ਵਿਚ ਬੇਕਾਰ 26 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਫੈਡਰਲ ਕਰਜ਼ਾ 1.4 ਟ੍ਰਿਲੀਅਨ ਡਾਲਰ ਭਾਵ ਪ੍ਰਤੀ ਕੈਨੇਡੀਅਨ ਸਿਰ 32000 ਡਾਲਰ ਚੜ੍ਹ ਚੁੱਕਾ ਹੈ। ਚਾਲੂ ਸਾਲ ’ਚ ਇਸ ਦਾ ਭੁਗਤਾਨ 46 ਬਿਲੀਅਨ ਕਰਨਾ ਦਰਕਾਰ ਹੈ। ਸਰਕਾਰੀ ਫਜ਼ੂਲ੍ਯਖ਼ਰਚੀ ਦੀ ਹੱਦ ਹੋ ਗਈ ਹੈ। ਕੈਨੇਡੀਅਨ ਲੂਨੀ ਅਮਰੀਕੀ ਡਾਲਰ ਦੇ 71 ਸੈਂਟ ਦੇ ਬਰਾਬਰ ਘਟ ਕੇ ਰਹਿ ਗਈ ਹੈ।
ਕਾਰਬਨ ਟੈਕਸ, ਗਰੀਨ ਬਿਜਲੀ ਰੈਗੂਲੇਸ਼ਨ, ਤੇਲ ਤੇ ਗੈਸ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੇ ਆਮ ਆਦਮੀ ਦੀ ਬਾਂਅ-ਬਾਂਅ ਕਰਾ ਰੱਖੀ ਹੈ। ਅਮਰੀਕਾ ਦੇ ਚੁਣੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਕੈਨੇਡਾ ਨੂੰ ਦਬਕਾ ਮਾਰਿਆ ਕਿ ਜਾਂ ਤਾਂ ਇਹ ਅਮਰੀਕਾ-ਕੈਨੇਡਾ ਸਰਹੱਦ ’ਤੇ ਗ਼ੈਰ-ਕਾਨੂੰਨੀ ਪਰਵਾਸ (ਸੰਨ 2024 ਵਿਚ ਕੈਨੇਡਾ ਵਿੱਚੋਂ 19500 ਲੋਕ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਘੁਸੇ), ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੇ, ਨਹੀਂ ਤਾਂ ਅਮਰੀਕੀ ਦਰਾਮਦ ’ਤੇ 25 ਪ੍ਰਤੀਸ਼ਤ ਟੈਰਿਫ ਲਈ ਤਿਆਰ ਰਹੇ। ਟਰੂਡੋ ਡਰਦਾ ਹੋਇਆ ਉਸ ਦੇ ਮਾਰ-ਆ-ਲਾਗੋ ਫਲੋਰੀਡਾ ਵਿਖੇ ਘਰ ਗਿਆ ਤੇ ਲੇਲੜੀ ਕੱਢੀ ਕਿ ਇਸ ਨਾਲ ਕੈਨੇਡੀਅਨ ਆਰਥਿਕਤਾ ਬਰਬਾਦ ਹੋ ਜਾਵੇਗੀ। ਤਾਂ ਜਵਾਬ ਸੀ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਜਾਵੇ। ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਧ ਬੇਇੱਜ਼ਤੀ ਹੋਰ ਕੀ ਹੋ ਸਕਦੀ ਹੈ। ਅਮਰੀਕਾ-ਕੈਨੇਡਾ ਦਾ ਵਪਾਰ ਵਿਸ਼ਵ ਵਿਚ ਸਭ ਤੋਂ ਵੱਧ ਹੁੰਦਾ ਹੈ। ਸੰਨ 2023 ’ਚ ਇਹ 926 ਬਿਲੀਅਨ ਡਾਲਰ ਸੀ ਭਾਵ ਰੋਜ਼ਾਨਾ 2.5 ਬਿਲੀਅਨ ਡਾਲਰ। ਹੁਣ ਤਾਂ ਇਕ ਟ੍ਰਿਲੀਅਨ ਤੋਂ ਵੀ ਵਧ ਚੁੱਕਾ ਹੈ। ਕਿਊਬੈਕ ਬਲਾਕ ਦਾ ਆਗੂ ਫਰਾਂਕੋ ਬਲਾਂਚੇ ਚਾਹੁੰਦਾ ਸੀ ਕਿ ਪੀਐੱਮ ਪਾਰਲੀਮੈਂਟ ਭੰਗ ਕਰੇ, ਨਵੀਆਂ ਚੋਣਾਂ ਕਰਾਈਆਂ ਜਾਣ ਤੇ ਨਵਾਂ ਪ੍ਰਧਾਨ ਮੰਤਰੀ ਸਭ ਨਾਲ ਮਿਲ ਕੇ ਟਰੰਪ ਦੀ ਹਮਲਾਵਰ ਆਰਥਿਕ ਨੀਤੀ ਦਾ ਮੁਕਾਬਲਾ ਕਰੇ। ਫੈਡਰਲ ਸਰਕਾਰ ਦੇ ਸਾਰੇ ਫ਼ੈਸਲੇ ਪ੍ਰਧਾਨ ਮੰਤਰੀ ਟਰੂਡੋ, ਉਸ ਦੇ ਅਫ਼ਸਰਸ਼ਾਹ ਕਰਦੇ ਸਨ। ਕੈਬਨਿਟ ਮੰਤਰੀ ਤਾਂ ਦਫ਼ਤਰ ’ਚ ਬੈਠ ਕੇ ਮੱਖੀਆਂ ਹੀ ਮਾਰਦੇ ਸਨ।
ਉਸ ਦੇ ਏਕਾਧਿਕਾਰ ਤੋਂ ਪਾਰਟੀ ਆਗੂ, ਕੈਬਨਿਟ ਮੰਤਰੀ, ਲੋਕ ਮਾਰੂ ਆਰਥਿਕ ਨੀਤੀਆਂ ਤੋਂ ਕੈਨੇਡਾ ਦੇ ਲੋਕ ਬਹੁਤ ਔਖੇ ਸਨ। ਉਸ ਦੀ ਪੀਐੱਮ ਸ਼ਿਪ ਦੇ ਕੱਫਣ ਵਿਚ ਕਿੱਲ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ 16 ਦਸੰਬਰ 2024 ਨੂੰ ਕੈਬਨਿਟ ਤੋਂ ਅਸਤੀਫ਼ਾ ਸਾਬਿਤ ਹੋਇਆ। ਇਹੀ ਨਹੀਂ, 153 ਲਿਬਰਲ ਸਾਂਸਦਾਂ ਵਿੱਚੋਂ ਓਂਟਾਰੀਓ, ਐਟਲਾਂਟਿਕ ਤੇ ਕਿਊਬੈਕ ਸਬੰਧੀ 131 ਨੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ। ਬੁੱਧਵਾਰ 8 ਜਨਵਰੀ ਨੂੰ ਸਾਂਸਦਾਂ ਨਾਲ ਮੀਟਿੰਗ ਤੋਂ ਪਹਿਲਾਂ ਹੀ ਉਸ ਨੇ ਤਿਆਗ ਪੱਤਰ ਦੇਣ ਦੀ ਚਲਾਕੀ ਕੀਤੀ। ਜਵਾਬਦੇਹੀ ਤੇ ਅਵਿਸ਼ਵਾਸ ਪ੍ਰਸਤਾਵ ਤੋਂ ਬਚਣ ਲਈ ਉਸ ਨੇ ਗਵਰਨਰ ਜਨਰਲ ਮੇਰੀ ਸਾਇਮੋ ਨੂੰ ਮਿਲ ਕੇ 24 ਮਾਰਚ ਤੱਕ ਸੰਸਦ ਮੁਲਤਵੀ ਕਰਵਾ ਲਈ। ਪਰ ਇਹ ਸੰਵਿਧਾਨਿਕ ਤੌਰ ’ਤੇ ਗਲਤ ਹੈ। ਸੰਨ 2019 ’ਚ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਨੇ ਤਤਕਾਲ ਰਾਣੀ ਨੂੰ ਤਿੰਨ ਹਫ਼ਤੇ ਸੰਸਦ ਮੁਲਤਵੀ ਕਰਨ ਲਈ ਕਿਹਾ ਸੀ ਜਿਸ ’ਤੇ ਯੂਕੇ ਦੀ ਸੁਪਰੀਮ ਕੋਰਟ ਨੇ 11 ਜੱਜਾਂ ਦੀ ਸਰਬਸੰਮਤੀ ਨਾਲ ਬਰੇਕ ਲਗਾ ਦਿੱਤੀ ਸੀ। ਅਜਿਹਾ ਹੀ ਕੈਨੇਡਾ ਵਿਚ ਹੋਣਾ ਚਾਹੀਦਾ ਹੈ। ਟਰੂਡੋ ਨਾਲ ਵਿਸ਼ਵ ਦੇ ਕਈ ਵੱਡੇ ਦੇਸ਼ਾਂ ਦੇ ਆਗੂ ਨਾਰਾਜ਼ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਉਸ ਵੱਲੋਂ ਦੋ-ਮੂੰਹਾਂ ਤੇ ਪਾਗਲ ਕਹਿਣ ’ਤੇ ਉਹ ਨਾਰਾਜ਼ ਸੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇ ਖ਼ਾਲਿਸਤਾਨੀਆਂ ਨਾਲ ਸਬੰਧਾਂ ਕਰਕੇ, ਜਰਮਨ ਚਾਂਸਲਰ ਸ਼ੋਲਜ਼ ਊਰਜਾ ਸੰਕਟ ’ਚ ਮਦਦ ਨਾ ਦੇਣ ਕਰਕੇ, ਮੈਕਸੀਕੋ ਦੀ ਸੇਨਾਬਾਊਨ ਵਪਾਰਕ ਵਿਤਕਰੇ ਕਰਕੇ, ਇਜ਼ਰਾਈਲੀ ਨੇਤਨਯਾਹੂ ਕੌਮਾਂਤਰੀ ਅਦਾਲਤ ਵੱਲੋਂ ਉਸ ’ਤੇ ਨਸਲਘਾਤ ਦੇ ਦੋਸ਼ਾਂ ਦੀ ਹਮਾਇਤ ਕਰਕੇ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਿੱਜੀ ਗੱਲਬਾਤ ਲੀਕ ਕਰਨ ਕਰਕੇ ਨਾਰਾਜ਼ ਸਨ। ਰੂਸੀ ਰਾਸ਼ਟਰਪਤੀ ਪੁਤਿਨ ਉਸ ਨੂੰ ਮੂਰਖ ਤੇ ਬਦਮਾਸ਼ ਕਹਿੰਦਾ ਹੈ। ਸਾਬਕਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਟਰਨਬਲ ਟ੍ਰਾਂਸਪੈਸੇਫਿਕ ਸਾਂਝੇ ਵਪਾਰ ਸਮਝੌਤੇ ਵੇਲੇ ਬੇਇੱਜ਼ਤ ਕਰਨ ਕਰ ਕੇ ਨਾਰਾਜ਼ ਸਨ।
69% ਕੈਨੇਡੀਅਨ ਚਾਹੁੰਦੇ ਸਨ ਕਿ ਉਹ ਚੱਲਦਾ ਬਣੇ ਤੇ 72% ਲੋਕ ਉਸ ਦੀ ਸਰਕਾਰ ਤੋਂ ਦੁਖੀ ਸਨ। ਉਸ ਦੀ ਲੋਕਪ੍ਰਿਅਤਾ ਵਾਟਰਗੇਟ ਸਕੈਂਡਲ ਤੋਂ ਬਾਅਦ ਰਾਸ਼ਟਰਪਤੀ ਰਿਚਰਡ ਨਿਕਸਨ ਤੋਂ ਵੀ ਭੈੜੀ ਹੋ ਗਈ ਸੀ। ਕੰਜ਼ਰਵੇਟਿਵਾਂ ਨੂੰ ਅੱਜ 44, ਐੱਨਡੀਪੀ ਨੂੰ 20 ਜਦਕਿ ਲਿਬਰਲਾਂ ਨੂੰ 16 ਪ੍ਰਤੀਸ਼ਤ ਕੈਨੇਡਅਨਾਂ ਦੀ ਹਮਾਇਤ ਹਾਸਲ ਹੈ। ਇਸ ਕਰਕੇ ਦਿਨ-ਬ-ਦਿਨ ਟਰੂਡੋ ’ਤੇ ਅਸਤੀਫ਼ੇ ਦਾ ਦਬਾਅ ਵਧ ਰਿਹਾ ਸੀ। ਸੋ, ਜਿਵੇਂ ਡੈਮੋਕ੍ਰੈਟਾਂ ਨੇ ਅਮਰੀਕਾ ਵਿਚ ਬਾਇਡਨ ਨੂੰ ਚੋਣ ਮੈਦਾਨ ਵਿੱਚੋਂ ਲਾਂਭੇ ਕੀਤਾ, ਉਵੇਂ ਹੀ ਲਿਬਰਲਾਂ ਨੇ ਟਰੂਡੋ ਨੂੰ। ਐੱਨਡੀਪੀ ਆਗੂ ਜਗਮੀਤ ਸਿੰਘ ਤੇ ਕਿਊਬੈਕ ਬਲਾਕ ਆਗੂ ਨੇ ਉਸ ਦੇ ਅਸਤੀਫ਼ੇ ਨੂੰ ਸਹੀ ਕਿਹਾ ਹੈ। ਕੰਜ਼ਰਵੇਟਿਵ ਆਗੂ ਪੈਰੇ ਪੌਲੀਵਰ ਦਾ ਕਹਿਣਾ ਹੈ ਕਿ ਟਰੂਡੋ ਤਾਂ ਦੂਰ ਦੀ ਗੱਲ, ਕੋਈ ਵੀ ਲਿਬਰਲ ਅਗਵਾਈ ਦੇ ਯੋਗ ਨਹੀਂ।
(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
ਸੰਪਰਕ : +12898292929
Credit : https://www.punjabijagran.com/editorial/general-we-left-your-path-with-great-shame-9443018.html
test