ਜਸਵਿੰਦਰ ਸਿੰਘ ਰੁਪਾਲ
ਇਨ੍ਹਾਂ ਦੀ ਭਾਸ਼ਾ ਵਿਚ ਮਰਾਠੀ ਸ਼ਬਦਾਂ ਦੀ ਭਰਮਾਰ ਹੈ ਪਰ ਫਿਰ ਵੀ ਇਹ ਜਨ ਸਾਧਾਰਨ ਦੀ ਬੋਲੀ ਵਿਚਲੇ ਸ਼ਬਦ ਹੀ ਹਨ ਜਿਨ੍ਹਾਂ ਨੂੰ ਪਾਠਕ ਸਹਿਜੇ ਹੀ ਸਮਝ ਸਕਦਾ ਹੈ। ਭਗਤ ਨਾਮਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਇਸ ਤਰ੍ਹਾਂ ਹਨ।
ਭਗਤੀ ਲਹਿਰ ਦੇ ਮੋਢੀ ਸੰਤਾਂ ਵਿਚ ਮੰਨੇ ਗਏ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿਚ 26 ਅਕਤੂਬਰ 1270 ਈਸਵੀ ਨੂੰ ਹੋਇਆ ਸੀ। ਆਪ ਦੇ ਮਾਤਾ ਜੀ ਦਾ ਨਾਮ ਗੋਨਾਬਾਈ ਅਤੇ ਪਿਤਾ ਦਾ ਨਾਂ ਦਾਮਾਸ਼ੇਟੀ ਸੀ। ਆਪ ਦਾ ਪਰਿਵਾਰ ਭਗਵਾਨ ਵਿਠੱਲ ਦਾ ਭਗਤ ਸੀ। ਨਾਮਦੇਵ ਜੀ ਦਾ ਵਿਆਹ ਗੋਬਿੰਦਸੇਟੀ ਦੀ ਪੁੱਤਰੀ ਰਾਜਬਾਈ ਨਾਲ ਹੋਇਆ ਜਿਸ ਤੋਂ ਉਨ੍ਹਾਂ ਦੇ ਚਾਰ ਪੁੱਤਰਾਂ ਅਤੇ ਇਕ ਪੁੱਤਰੀ ਦਾ ਜਨਮ ਹੋਇਆ ਜਿਨ੍ਹਾਂ ’ਚ ਪੁੱਤਰਾਂ ਦੇ ਨਾਂ ਨਾਰਾਇਣ, ਮਹਾਦੇਵ, ਗੋਬਿੰਦ ਅਤੇ ਵਿੱਠਲ ਤੇ ਪੁੱਤਰੀ ਦਾ ਨਾਂ ਲਿੰਬਾ ਬਾਈ ਸੀ।
ਭਗਤ ਜੀ ਨੇ ਕੱਪੜੇ ਰੰਗਣ ਅਤੇ ਸਿਊਣ ਦਾ ਪਿਤਾ-ਪੁਰਖੀ ਕੰਮ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੀਤਾ। ਨਾਮਦੇਵ ਨਾਮ ਦੇ ਪੰਜ ਸੰਤ ਕਵੀ ਹੋਏ ਹਨ ਪਰ ਅਸੀਂ ਆਪਣਾ ਧਿਆਨ ਸਿਰਫ ਉਸ ਨਾਮਦੇਵ ਵੱਲ ਲਾਵਾਂਗੇ ਜੋ ਨਿਰਗੁਣ ਬ੍ਰਹਮ ਦਾ ਉਪਾਸ਼ਕ ਹੈ, ਪੱਥਰ ਪੂਜਕ ਨਹੀਂ ਅਤੇ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਮਰਾਠੀ ਭਾਸ਼ਾ ਵਿਚ ਭਗਤ ਨਾਮਦੇਵ ਦੀਆਂ ਇਨ੍ਹਾਂ ਰਚਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ-ਨਾਮਦੇਵ ਦੀ ਸਾਖੀ। ਸੋਰਠਿ ਰਾਗੁ ਦਾ ਪਦਾ। ਭਗਤ ਨਾਮਦੇਵ ਦਾ ਪਦਾ। ਗੁਰੂ ਗ੍ਰੰਥ ਸਾਹਿਬ ’ਚ ਭਗਤ ਨਾਮਦੇਵ ਦੇ 18 ਰਾਗਾਂ ਵਿਚ ਕੁੱਲ 61 ਸ਼ਬਦ ਦਰਜ ਹਨ।
ਇਨ੍ਹਾਂ ਦੀ ਭਾਸ਼ਾ ਵਿਚ ਮਰਾਠੀ ਸ਼ਬਦਾਂ ਦੀ ਭਰਮਾਰ ਹੈ ਪਰ ਫਿਰ ਵੀ ਇਹ ਜਨ ਸਾਧਾਰਨ ਦੀ ਬੋਲੀ ਵਿਚਲੇ ਸ਼ਬਦ ਹੀ ਹਨ ਜਿਨ੍ਹਾਂ ਨੂੰ ਪਾਠਕ ਸਹਿਜੇ ਹੀ ਸਮਝ ਸਕਦਾ ਹੈ। ਭਗਤ ਨਾਮਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਇਸ ਤਰ੍ਹਾਂ ਹਨ। ਭਗਤ ਨਾਮਦੇਵ ਇਕ ਨਿਰਗੁਣ ਪਰਮਾਤਮਾ ਦੇ ਉਪਾਸ਼ਕ ਸਨ, ਭਾਵੇ ਉਨ੍ਹਾਂ ਨਾਲ ਜੁੜੀਆਂ ਸਾਖੀਆਂ ਤੇ ਉਨ੍ਹਾਂ ਦੀ ਲਿਖਤ ਦੇ ਗ਼ਲਤ ਅਰਥ ਲੈਣ ਵਾਲੇ ਉਨ੍ਹਾਂ ਨੂੰ ਸਰਗੁਣ ਪ੍ਰਭੂ ਦੇ ਪੁਜਾਰੀ ਵੀ ਕਹਿੰਦੇ ਹਨ। ਭਗਤ ਜੀ ਦਾ ਪ੍ਰਭੂ ਕਿਸੇ ਮੰਦਰ ਜਾਂ ਮਸੀਤ ਵਿਚ ਨਹੀਂ ਰਹਿੰਦਾ, ਉਹ ਤਾਂ ਹਰ ਥਾਂ ਵਿਆਪਕ ਪ੍ਰਭੂ ਦੀ ਗੱਲ ਕਰਦੇ ਹਨ।
ਭਗਤ ਨਾਮਦੇਵ ਉਸ ਨਿਰਾਕਾਰ ਪ੍ਰਭੂ ਦੀ ਬੇਅੰਤਤਾ ਦਰਸਾਉਂਦੇ ਹੋਏ ਆਖਦੇ ਹਨ ਕਿ ਉਸ ਦਾ ਭੇਤ ਪਾਉਣਾ ਸੰਭਵ ਨਹੀਂ ਹੈ, ਸਭ ਆਪੋ-ਆਪਣੇ ਅੰਦਾਜ਼ੇ ਹੀ ਲਗਾ ਰਹੇ ਹਨ ਤੇ ਬਹਿਸ ਕਰ ਰਹੇ ਹਨ।ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ। ਜਲ ਕੀ ਮਾਛੁਲੀ ਚਰੈ ਖਜੂਰਿ। ਕਾਂਇ ਰੇ ਬਕਬਾਦਿ ਲਾਇਓ। ਜਿਨ ਹਰਿ ਪਾਇਓ ਤਿਨਹਿ ਛੁਪਾਇਓ।( ਪੰਨਾ ੭੧੮, ਟੋਡੀ ਬਾਣੀ ਭਗਤਾਂ ਕੀ)। ਭਗਤ ਨਾਮਦੇਵ ਪ੍ਰਭੂ ਦੀ ਪ੍ਰਾਪਤੀ ਲਈ ਉਸ ਦਾ ਸਿਮਰਨ ਕੀਤਾ ਜਾਣਾ ਜ਼ਰੂਰੀ ਸਮਝਦੇ ਹਨ। ਇਸ ਸਿਮਰਨ ਵਿਚ ਹੀ ਉਹ ਪ੍ਰਭੂ ਦੇ ਮਿਲਾਪ ਨੂੰ ਚਿਤਵਦੇ ਹਨ। ਨਾਮਦੇਇ ਸਿਮਰਨੁ ਕਰ ਜਾਨਾ॥ ਜਗਜੀਵਨ ਸਿਉ ਜੀਉ ਸਮਾਨਾ॥(ਪੰਨਾ ੮੫੮, ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ)। ਉਨ੍ਹਾਂ ਲਈ ਪ੍ਰਭੂ ਦਾ ਨਾਮ ਉਸ ਤਰ੍ਹਾਂ ਹੈ ਜਿਵੇਂ ਅੰਨ੍ਹੇ ਲਈ ਲਾਠੀ ਇਕ ਸਹਾਰਾ ਬਣਦੀ ਹੈ। ਮੈ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥(ਪੰਨਾ ੭੨੭, ਨਾਮਦੇਵ ਜੀ)। ਭਗਤ ਜੀ ਨੀਵੀਂ ਆਖੀ ਜਾਂਦੀ ਜਾਤ ਨਾਲ ਸਬੰਧ ਰੱਖਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਅਖੌਤੀ ਉੱਚ ਜਾਤੀ ਵਾਲਿਆਂ ਦੇ ਵਿਰੋਧ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਨਾ ਪਿਆ। ਉਹ ਮੰਦਰ ਗਏ ਪਰ ਉਨ੍ਹਾਂ ਨੂੰ ਮੰਦਰ ਵਿੱਚੋਂ ਕੱਢ ਦਿੱਤਾ ਗਿਆ। ਉਹ ਮੰਦਰ ਦੇ ਪਿਛਵਾੜੇ ਜਾ ਕੇ ਹੀ ਭਗਤੀ ਕਰਨ ਲੱਗ ਪਏ। ਸਾਰੇ ਸ਼ਰਧਾਲੂ ਵੀ ਉੱਥੇ ਚਲੇ ਗਏ।
ਹਸਤ ਖੇਲਤ ਤੇਰੇ ਦੇਹੁਰੇ ਆਇਆ॥ ਭਗਤਿ ਕਰਤ ਨਾਮਾ ਪਕਰਿ ਉਠਾਇਆ॥ ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ॥ ਲੈ ਕਮਲੀ ਚਲਿਓ ਪਲਟਾਇ॥ ਦੇਹੁਰੈ ਪਾਛੈ ਬੈਠਾ ਜਾਇ॥ (ਪੰਨਾ ੧੧੬੪, ਭੈਰਉ ਬਾਣੀ ਨਾਮਦੇਵ ਜੀ ਕੀ)। ਭਗਤ ਜੀ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਦੇ ਪੂਰਨ ਵਿਰੋਧ ਵਿਚ ਸਨ, ਭਾਵੇ ਉਨ੍ਹਾਂ ਨਾਲ ਜੋੜੀਆਂ ਜਾਂਦੀਆਂ ਸਾਖੀਆਂ ਵਿਚ ਉਨ੍ਹਾਂ ਨੂੰ ਮੂਰਤੀ ਨੂੰ ਦੁੱਧ ਪਿਲਾਉਂਦੇ ਵੀ ਦਿਖਾਇਆ ਗਿਆ ਹੈ। ਪਰ ਉਨ੍ਹਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਜਿਸ ਤਰਕਸ਼ੀਲਤਾ ਨਾਲ ਉਹ ਮੂਰਤੀ ਪੂਜਾ ਨੂੰ ਰੱਦ ਕਰਦੇ ਹਨ, ਉਸ ’ਤੇ ਮਨ ਵਿਸਮਾਦ ਵਿਚ ਆ ਜਾਂਦਾ ਹੈ।
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਉਹ ਦੇਉ ਤਾ ਉਹ ਭੀ ਦੇਵਾ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਪੰਨਾ ੫੨੫, ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧)।
ਉਸ ਸਮੇਂ ਜੋ ਕਰਮ ਕਾਂਡ ਪ੍ਰਚਲਿਤ ਸਨ, ਭਗਤ ਨਾਮਦੇਵ ਜੀ ਉਨ੍ਹਾਂ ਸਾਰਿਆਂ ਨੂੰ ਮੁੱਢੋਂ ਹੀ ਰੱਦ ਕਰਦੇ ਹੋਏ ਆਖਦੇ ਹਨ ਕਿ ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਵੀ ਨਹੀਂ। ਬਾਨਾਰਸੀ ਤਪੁ ਕਰੈ ਉਲਟਿ ਤੀਰਥੁ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮੁ ਸਰਿ ਤਊ ਨ ਪੀਜੈ॥ (ਪੰਨਾ ੯੭੩, ਰਾਮਕਲੀ ਘਰੁ ੨)।
ਭਗਤ ਜੀ ਨਿਰਗੁਣ ਪ੍ਰਭੂ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦੇਵੀ-ਦੇਵਤੇ ਦੀ ਤੁਸੀਂ ਪੂਜਾ ਕਰੋਗੇ, ਉਸੇ ਵਰਗੇ ਹੀ ਹੋ ਜਾਵੋਗੇ।
ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ਹਉ ਤਉ ਏਕੁ ਰਮਈਆ ਲੈਹਉ॥ ਆਨਿ ਦੇਵ ਬਦਲਾਵਨਿ ਦੈਹਉ॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੇ ਨਾਰਿ ਹੋਇ ਅਉਤਰੈ॥ (ਪੰਨਾ ੮੭੪, ਗੋਂਡ)
ਭਗਤ ਨਾਮਦੇਵ ਜੀ ਦਾ ਵਿਚਾਰ ਹੈ ਕਿ ਇਨਸਾਨ ਨੂੰ ਆਪਣੇ ਹਿਰਦੇ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ। ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਕਾਰਾਂ ਨੂੰ ਦੂਰ ਕਰ ਕੇ ਇਕ ਸੱਚੇ-ਸੁੱਚੇ ਕਿਰਦਾਰ ਵਾਲੀ ਜ਼ਿੰਦਗੀ ਜਿਊਣੀ ਚਾਹੀਦੀ ਏ।
ਘਰਿ ਕੀ ਨਾਰਿ ਤਿਆਗੈ ਅੰਧਾ। ਪਰ ਨਾਰੀ ਸਿਉ ਘਾਲੈ ਧੰਧਾ।(ਪੰਨਾ ੧੧੬੪,ਭੈਰਉ ਨਾਮਦੇਉ ਜੀਉ ਘਰੁ ੨)। ਉਹ ਹੰਕਾਰ ਛੱਡਣ ਲਈ ਆਖਦੇ ਹਨ-ਹਮਰੋ ਕਰਤਾ ਰਾਮੁ ਸਨੇਹੀ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਹਿ ਝੂਠੀ ਦੇਹੀ॥(ਪੰਨਾ ੬੯੨, ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ)।
ਗੁਰੂ ਗ੍ਰੰਥ ਸਾਹਿਬ ਵਿਚ ਹੀ ਹੋਰ ਬਾਣੀਕਾਰਾਂ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਹੋਰ ਭਗਤਾਂ ਦੇ ਨਾਲ ਬਹੁਤ ਸਤਿਕਾਰ ਨਾਲ ਕੀਤਾ ਹੈ। ਉਨ੍ਹਾਂ ਨੂੰ ਪ੍ਰਭੂ ਦੇ ਰੰਗ ਵਿਚ ਰੱਤਿਆ ਦੱਸਿਆ ਹੈ ਅਤੇ ਸਮਦ੍ਰਿਸ਼ਟੀ ਰੱਖਣ ਵਾਲੇ ਆਖਿਆ ਹੈ। ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦੇ ਆਖ਼ਰੀ 18 ਸਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਗੁਜ਼ਾਰੇ ਅਤੇ ਇੱਥੇ ਹੀ 3 ਜੁਲਾਈ 1350 ਈਸਵੀ ਨੂੰ 80 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਘੁਮਾਣ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਉਨ੍ਹਾਂ ਦੀ ਯਾਦ ਵਿਚ ਬਣਿਆ ਹੈ ਜਿਸ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ। ਹਰ ਸਾਲ 2 ਮਾਘ ਨੂੰ ਇੱਥੇ ਭਾਰੀ ਮੇਲਾ ਵੀ ਲੱਗਦਾ ਹੈ।
-ਵ੍ਹਟਸਐਪ: 98147-15796
Credit : https://www.punjabijagran.com/editorial/general-bhagat-namdev-spent-his-last-18-years-in-ghuman-9421846.html
test